ਪੰਜਾਬ ਦੇ ਹੜ੍ਹ ਪੀੜਤਾਂ ਨੂੰ ਬੇਹੱਦ ਵੱਡੀ ਰਾਹਤ, ਹਸਪਤਾਲ ਤੋਂ CM ਮਾਨ ਨੇ ਕਰ ''ਤੇ ਵੱਡੇ ਐਲਾਨ (ਵੀਡੀਓ)
Monday, Sep 08, 2025 - 02:59 PM (IST)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਸਪਤਾਲ ਤੋਂ ਲਾਈਵ ਹੁੰਦਿਆਂ ਕੈਬਨਿਟ ਮੀਟਿੰਗ 'ਚ ਲਏ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀਆਂ ਦਰਿਆਵਾਂ ਦੇ ਕੰਢੇ ਜ਼ਮੀਨਾਂ ਹਨ, ਉਨ੍ਹਾਂ ਨੂੰ ਮਿੱਟੀ ਚੁੱਕਣ ਦੀ ਇਜਾਜ਼ਤ ਦੇ ਰਹੇ ਹਾਂ। ਕਿਸਾਨ ਆਪਣੀ ਇੱਛਾ ਮੁਤਾਬਕ ਮਿੱਟੀ ਵੇਚ ਵੀ ਸਕਦੇ ਹਨ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਬਰਬਾਦੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਪ੍ਰਤੀ ਏਕੜ 20 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ 'ਚ ਇਹ ਕਿਸੇ ਵੀ ਸੂਬੇ ਵਲੋਂ ਦਿੱਤਾ ਗਿਆ ਸਭ ਤੋਂ ਵੱਧ ਮੁਆਵਜ਼ਾ ਹੈ ਅਤੇ ਚੈੱਕ ਲੋਕਾਂ ਦੇ ਹੱਥਾਂ 'ਚ ਫੜ੍ਹਾਏ ਜਾਣਗੇ।
ਹੜ੍ਹਾਂ ਕਾਰਨ ਜਿਨ੍ਹਾਂ ਲੋਕਾਂ ਦੀ ਜਾਨ ਚਲੀ ਗਈ, 4 ਲੱਖ ਰੁਪਿਆ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜਿਨ੍ਹਾਂ ਪਰਿਵਾਰਾਂ ਦੇ ਘਰ ਢਹਿ ਗਏ ਅਤੇ ਪਾਣੀ 'ਚ ਰੁੜ੍ਹ ਗਏ ਹਨ, ਇਨ੍ਹਾਂ ਪਰਿਵਾਰਾਂ ਨੂੰ ਵੀ ਪੰਜਾਬ ਸਰਕਾਰ ਵਿੱਤੀ ਮਦਦ ਦੇਵੇਗੀ ਕਿਉਂਕਿ ਅਜੇ ਪਾਣੀ ਹੌਲੀ-ਹੌਲੀ ਉਤਰ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਵੀ ਨੁਕਸਾਨ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਹੜ੍ਹ ਪ੍ਰਭਾਵਿਤ ਕਿਸਾਨਾਂ ਨੇ ਕੋ-ਆਪਰੇਟਿਵ ਸੋਸਾਇਟੀਆਂ ਜਾਂ ਬੈਂਕਾਂ ਤੋਂ ਜਿਹੜੇ ਕਰਜ਼ੇ ਲਏ ਹੋਏ ਹਨ, ਕਰਜ਼ਾ ਚੁਕਾਉਣ ਦੀ ਲਿਮਟ 6 ਮਹੀਨਿਆਂ ਤੱਕ ਵਧਾ ਦਿੱਤੀ ਗਈ ਹੈ ਅਤੇ ਇਸ ਦੌਰਾਨ ਕੋਈ ਕਿਸ਼ਤ ਨਹੀਂ ਦੇਣੀ ਪਵੇਗੀ ਅਤੇ ਨਾ ਹੀ ਕੋਈ ਵਿਆਜ ਲੱਗੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪਸ਼ੂਆਂ ਅਤੇ ਜਾਨਵਰਾਂ ਦੀ ਮੌਤ ਹੋਣ 'ਤੇ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਪਸ਼ੂਆਂ ਦੀ ਮੌਤ ਕਾਰਨ ਕੋਈ ਬੀਮਾਰੀ ਨਾ ਫੈਲੇ, ਇਸ ਲਈ ਵੱਡੇ ਪੱਧਰ 'ਤੇ ਵੈਕਸੀਨੇਸ਼ਨ ਸ਼ੁਰੂ ਕਰਾਵਾਂਗੇ। ਹੜ੍ਹਾਂ ਤੋਂ ਬਾਅਦ ਲੋਕਾਂ 'ਚ ਵੀ ਬੀਮਾਰੀਆਂ ਨਾ ਫੈਲਣ, ਇਸ ਦੇ ਲਈ 1700 ਪਿੰਡਾਂ 'ਚ 300 ਦੇ ਕਰੀਬ ਸ਼ਹਿਰੀ ਵਾਰਡਾਂ ਨੂੰ ਫੌਗਿੰਗ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਹਰ ਪਿੰਡ 'ਚ ਡਾਕਟਰ ਆਉਣਗੇ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪਿੰਡਾਂ 'ਚ ਕੈਂਪ ਲਾਏ ਜਾਣਗੇ ਤਾਂ ਜੋ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8