‘ਮੀ ਟੂ’ ਦਾ ਮਤਲਬ ਕੀ ਹੈ

Friday, Oct 19, 2018 - 06:48 AM (IST)

ਤਾਂ ਨਰਿੰਦਰ ਮੋਦੀ ਦੇ ਉਸ ਮੰਤਰੀ ਦਾ ਅਸਤੀਫਾ ਹੋ ਗਿਆ, ਜਿਸ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਸੀ। ਜੋ ਕੰਮ ਜਦੋਂ ਅਤੇ ਜਿਸ ਤਰ੍ਹਾਂ ਹੋਣਾ ਚਾਹੀਦਾ ਹੈ, ਉਹ ਉਦੋਂ ਹੀ ਅਤੇ ਉਸੇ ਤਰ੍ਹਾਂ ਨਹੀਂ ਹੁੰਦਾ ਤਾਂ ਉਹ ਅਰਥਹੀਣ ਵੀ ਹੋ ਜਾਂਦਾ ਹੈ। ਵਿਦੇਸ਼ ਰਾਜ ਮੰਤਰੀ ਐੱਮ. ਜੇ. ਅਕਬਰ ਦਾ ਮਾਮਲਾ ਜਦੋਂ ਫੁੱਟਿਆ, ਉਦੋਂ ਉਸ ਨੂੰ ਚਾਲਬਾਜ਼ੀਆਂ ’ਚ ਲਪੇਟ ਕੇ ਜਿਸ ਤਰ੍ਹਾਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤਰ੍ਹਾਂ ਅਕਬਰ ਦੇ ਵਿਦੇਸ਼ ’ਚ ਹੋਣ ਨੂੰ ਬਹਾਨਾ ਬਣਾਇਆ ਗਿਆ ਅਤੇ ਦੇਰ ਨਾਲ ਵਤਨ ਪਰਤਦਿਆਂ ਹੀ ਜਿਸ ਤਰ੍ਹਾਂ ਅਤੇ ਜਿਹੜੇ ਤੇਵਰਾਂ ਨਾਲ ਅਕਬਰ ਨੇ ਕਦੇ ਆਪਣੀਆਂ ਸਹਿ-ਮੁਲਾਜ਼ਮ ਰਹੀਆਂ ਔਰਤਾਂ ’ਤੇ (ਦੋਸ਼ ਲਾਉਣ ਵਾਲੀਆਂ) ਹਮਲਾ ਕੀਤਾ, ਜ਼ਰਾ ਕੋਈ ਦੱਸੇ ਕਿ ਉਸ ਨਾਲ ਕਿਸੇ ਨੂੰ ਕੀ ਮਿਲਿਆ?
ਕੀ ਪ੍ਰਧਾਨ ਮੰਤਰੀ ਦੇ ਨਿੱਜੀ ਅਤੇ ਸਰਕਾਰੀ ਅਕਸ ’ਚ ਰੱਤੀ ਭਰ ਵੀ ਨੈਤਿਕ ਵਾਧਾ ਹੋਇਆ। ਕੀ ਅਕਬਰ ਦਾ ਆਪਣਾ ਅਕਸ ਥੋੜ੍ਹਾ ਜਿੰਨਾ ਵੀ ਸਾਫ ਹੋਇਆ? ਕੀ ਸੱਤਾ ਦੇ ਉੱਚੇ ਆਸਣਾਂ ’ਤੇ ਸੰਯੋਗ ਨਾਲ ਪਹੁੰਚੇ ਲੋਕਾਂ ਨੂੰ ਇਹ ਸਾਰਾ ਕਾਂਡ ਸਾਵਧਾਨ ਕਰ ਸਕਿਆ? ਕੀ ਕਿਸੇ ’ਚ ਵੀ ਪਛਤਾਵੇ ਦੀ ਭਾਵਨਾ ਆਈ? ਕਿਸੇ ਪੱਧਰ ’ਤੇ ਕੀ ਕੋਈ ਜਾਗਿਆ?
ਅਸੀਂ ਇਸੇ ਤਸਵੀਰ ਦਾ ਰੁਖ਼ ਜ਼ਰਾ ਬਦਲ ਕੇ ਦੇਖੀਏ। ਜਿਵੇਂ ਹੀ ਅਕਬਰ ’ਤੇ ਇਹ ਦੋਸ਼ ਲੱਗਾ, ਵਿਦੇਸ਼ ਤੋਂ ਹੀ ਅਕਬਰ ਨੇ ਕਿਹਾ ਹੁੰਦਾ ਕਿ ਮੈਂ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਭੇਜਦਾ ਹਾਂ (ਕਿਉਂਕਿ ਉਹ ਜਾਣਦੇ ਸਨ ਅਤੇ ਜਾਣਦੇ ਹਨ ਕਿ ਜੋ ਕੁਝ ਕਿਹਾ ਜਾ ਰਿਹਾ ਹੈ, ਉਹ 100 ਫੀਸਦੀ ਸਹੀ ਹੈ, ਬੇਸ਼ੱਕ ਉਹ ਉਸ ਨੂੰ ਉਦੋਂ ਵੀ ਤੇ ਹੁਣ ਵੀ ਗਲਤ ਨਾ ਮੰਨਦੇ ਹੋਣ) ਅਤੇ ਪ੍ਰਧਾਨ ਮੰਤਰੀ ਕਹਿੰਦੇ ਕਿ ਅਕਬਰ ਭਾਰਤ ਦੇ ਕੂਟਨੀਤਿਕ ਨੁਮਾਇੰਦੇ ਬਣ ਕੇ ਵਿਦੇਸ਼ ਗਏ ਹੋਏ ਹਨ, ਇਸ ਲਈ ਅਸੀਂ ਉਨ੍ਹਾਂ ਨੂੰ ਫੌਰੀ ਪ੍ਰਭਾਵ ਨਾਲ ਬਰਖਾਸਤ ਨਹੀਂ ਕਰਦੇ ਪਰ ਭਾਰਤ ਪਹੁੰਚਦਿਆਂ ਹੀ ਉਹ ਮੰਤਰੀ ਨਹੀਂ ਰਹਿਣਗੇ ਤਾਂ ਕੀ ਸੰਦੇਸ਼ ਜਾਂਦਾ? ਅਚਾਨਕ ਹੀ ਸੰਬੰਧਾਂ ਦਾ ਇਹ ਜੋ ਬਦਬੂਦਾਰ ਪਰਨਾਲਾ ਵਹਾ ਦਿੱਤਾ ਗਿਆ ਹੈ, ਉਹ ਸਹਿਮ ਜਾਂਦਾ, ਦੂਜੇ ਸਾਰੇ ਬੇਪਰਦਾ ਅਪਰਾਧੀ ਸਿਰ ਝੁਕਾ ਕੇ ਪਿੱਛੇ ਹਟ ਜਾਂਦੇ ਅਤੇ ‘ਮੀ ਟੂ’ ਦੀ ਤਾਕਤ ਕਾਇਮ ਹੋ ਜਾਂਦੀ।  
‘ਮੀ ਟੂ’ ਹੁਣ ਸ਼ਬਦ ਨਹੀਂ ਹੈ, ਇਕ ਨਵਾਂ ਸਹਿਚਾਰੀ ਭਾਵ ਸਾਡੇ ਜ਼ਮਾਨੇ ’ਚ ਦਾਖਲ ਹੋਇਆ ਹੈ। ਇਸ ਦਾ ਮਤਲਬ ਇਹੋ ਨਹੀਂ ਹੈ ਕਿ ਕੁੜੀਆਂ ਅੱਗੇ ਆ ਕੇ ਦੱਸਣ ਕਿ ਕਦੋਂ, ਕਿੱਥੇ, ਕਿਵੇਂ ਅਤੇ ਕਿਸ ਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ? ‘ਮੀ ਟੂ’ ਦਾ ਮਤਲਬ ਇਹ ਵੀ ਹੈ ਕਿ ਅਸੀਂ ਮਰਦ ਅੱਗੇ ਆ ਕੇ ਕਹੀਏ ਕਿ ਆਪਣੀ ਨਾਸਮਝੀ ’ਚ, ਤਾਕਤ ਦੇ ਜਨੂੰਨ ’ਚ, ਕੁੜੀਆਂ ਦਾ ਸਹੀ ਮਤਲਬ ਨਾ ਸਮਝਣ ਅਤੇ ਮਰਦ ਹੋਣ ਦਾ ਗਲਤ ਅਰਥ ਸਮਝਣ ਕਾਰਨ ਅੱਜ ਜਾਂ ਕੱਲ ਜਾਂ 20 ਸਾਲ ਪਹਿਲਾਂ ਮੈਂ ਅਜਿਹੀ ਹਰਕਤ ਕੀਤੀ ਸੀ, ਜਿਸ ਦੀ ਮੁਆਫੀ ਮੰਗਣ ਤੇ ਸਜ਼ਾ ਭੁਗਤਣ ਲਈ ਮੈਂ ਸਾਹਮਣੇ ਆਉਂਦਾ ਹਾਂ। ਇਹ ਹੋਇਆ ‘ਮੀ ਟੂ’ ਦਾ ਪੂਰਾ ਸੱਭਿਆਚਾਰਕ ਮਤਲਬ। 
ਇਹ ਕਿਉਂਕਿ ਪੱਛਮ ਤੋਂ ਚੱਲ ਕੇ ਸਾਡੇ ਇਥੇ ਆਇਆ ਹੈ, ਇਸ ਲਈ ਇਸ ਨੂੰ ਇੰਨਾ ਸਪਾਟ ਬਣਾ ਦਿੱਤਾ ਗਿਆ  ਹੈ। ਇਸ ਨੂੰ ਮਰਦਾਂ ਦੀ ਪਹਿਲ ਨਾਲ ਭਰਪੂਰ ਕਰ ਕੇ ਅਸੀਂ ਪੱਛਮ ਨੂੰ ਵਾਪਸ ਭੇਜੀਏ ਤਾਂ ਉਨ੍ਹਾਂ ਨੂੰ ਭਾਰਤੀ ਸੰਦਰਭ ਦੀ ਸਮਝ ਆਵੇਗੀ। 
ਅਸੀਂ ਸਮਝਣਾ ਇਹ ਹੈ ਕਿ ਗਲਤ ਕੀ ਹੈ? ਕੀ ਔਰਤ-ਮਰਦ ਵਿਚਾਲੇ ਖਿੱਚ ਹੋਣਾ ਗਲਤ ਹੈ? ਕੀ ਕਿਸੇ ਲਈ ਦਿਲ ’ਚ ਪਿਆਰ  ਪੈਦਾ ਹੋਣਾ ਗਲਤ ਹੈ? ਕੀ ਇਸ ਖਿੱਚ ਵਿਚ ‘ਫਿਸਲ ਜਾਣਾ’ ਸੁਭਾਵਿਕ ਨਹੀਂ ਹੈ? ਫਿਸਲਣ ਕਿਸ ਵਲੋਂ ਹੋਈ, ਇਹ ਫਿਸਲਣ ਵਾਲਿਆਂ ਦਾ ਆਪਸੀ ਮਾਮਲਾ ਹੈ ਪਰ ਸਾਡੇ ਲਈ ਇਹ ਜਾਣਨਾ ਕਾਫੀ ਹੋਣਾ ਚਾਹੀਦਾ ਹੈ ਕਿ ਫਿਸਲਣ ਹੋਈ ਪਰ ਫਿਸਲਣ ਵਾਲੇ ਨੂੰ ਹੱਥ ਵਧਾ ਕੇ ਚੁੱਕਦੇ ਹਨ, ਨਾ ਕਿ ਖੱਡੇ ’ਚ ਧੱਕਦੇ ਹਨ। 
ਜੋ ਖੱਡੇ ’ਚ ਧੱਕੇ, ਉਹ ਸਮਾਜ ਨਹੀਂ, ਵਿਵੇਕਹੀਣ ਭੀੜ ਹੈ। ਦੋ ਬਾਲਗ ਔਰਤ-ਮਰਦ ਜਾਂ ਦੋ ਬਾਲਗ ਔਰਤਾਂ ਜਾਂ ਮਰਦ ਆਪਸੀ ਸਹਿਮਤੀ ਨਾਲ ਨਿੱਜੀ ਜੀਵਨ ’ਚ ਜੋ ਵੀ ਰਿਸ਼ਤਾ ਰੱਖਦੇ, ਚਲਾਉਂਦੇ ਹਨ, ਉਸ ’ਚ ਦਖਲ ਦੇਣ ਦਾ ਕਿਸੇ ਨੂੰ ਵੀ ਹੱਕ ਨਹੀਂ। ਧਾਰਾ-497 ਨੂੰ ਖਤਮ ਕਰਦਿਆਂ ਅਦਾਲਤ ਨੇ ਵੀ ਤਾਂ ਇਹੋ ਕਿਹਾ ਹੈ।
ਇਹ ਸਾਰੀ ਗੱਲ ਉਦੋਂ ਪਲਟ ਜਾਂਦੀ ਹੈ ਜਦੋਂ ਇਸ ’ਚ ਜ਼ਬਰਦਸਤੀ ਦਾ ਤੱਤ ਜੁੜ ਜਾਂਦਾ ਹੈ। ਫਿਰ ਉਹ ਜ਼ਬਰਦਸਤੀ ਤਖਤ ਦੀ ਹੋਵੇ ਜਾਂ ਤਿਜੌਰੀ ਦੀ ਜਾਂ ਤਲਵਾਰ ਦੀ। ਨਾਨਾ ਪਾਟੇਕਰ ਜਾਂ ਅਜਿਹੇ ਹੋਰਨਾਂ ਲੋਕਾਂ ਨੂੰ ਲੱਗਦਾ ਹੈ ਕਿ ਉਹ ਹਰਮਨਪਿਆਰਤਾ ਨਾਲ ਮਿਲੀ ਆਪਣੀ ਤਾਕਤ ਨੂੰ ਤਲਵਾਰ ਬਣਾ ਲੈਣ ਤੇ ਫਿਰ ਜੋ ਚਾਹੁਣ, ਕਰਨ। ਫਿਲਮੀ ਦੁਨੀਆ ਤਾਂ ਟਿਕੀ ਹੀ ਇਸੇ ਖੋਖਲੀ ਤਾਕਤ ਦੇ ਸਹਾਰੇ ਹੈ। 
ਆਪਸੀ ਸਹਿਮਤੀ ਅਤੇ ਇਕਰਾਰ ਨਾਲ ਗੁਜ਼ਾਰੀ ਜਾ ਰਹੀ ਜ਼ਿੰਦਗੀ ’ਚ ਕੁਝ ਵੀ ਅਨੈਤਿਕ ਨਹੀਂ ਹੁੰਦਾ। ਜੇ ਉਸ ’ਚ ਕੁਝ ਵੀ ਅਨੈਤਿਕ ਜਾਂ ਅਸੱਭਿਅਕ ਜਾਂ ਅਣਮਨੁੱਖੀ ਹੋਇਆ ਤਾਂ ਉਹ ਕਿਸੇ ਨੂੰ ਵੀ ਕਦੇ ਵੀ ਹੇਠਾਂ ਡੇਗਦਾ ਹੋਇਆ, ਅਪਮਾਨਿਤ ਕਰਦਾ ਹੋਇਆ ਲੱਗੇਗਾ  ਤੇ ਉਸੇ ਦਿਨ ਉਸ ਰਿਸ਼ਤੇ ਦਾ ਅੰਤ ਹੋ ਜਾਵੇਗਾ। ‘ਮੀ ਟੂ’ ਜੇ ਔਰਤ ਤੇ ਮਰਦ ’ਚ ਇੰਨੀ ਸਮਝ ਜਗਾਉਂਦਾ ਹੋਵੇ ਤਾਂ ਸਾਰੇ ਅਕਬਰਾਂ ਨੂੰ ‘ਸ਼ਹੀਦ’ ਦਾ ਦਰਜਾ ਦੇ ਦੇਵਾਂਗੇ।                       
 


Related News