ਪਹਿਲਵਾਨਾਂ ਦੀ ਲੜਾਈ ’ਚ ਕਈ ਸਵਾਲਾਂ ਦਾ ਜਵਾਬ ਮਿਲਣਾ ਬਾਕੀ

Monday, Jun 12, 2023 - 07:01 PM (IST)

ਪਹਿਲਵਾਨਾਂ ਦੀ ਲੜਾਈ ’ਚ ਕਈ ਸਵਾਲਾਂ ਦਾ ਜਵਾਬ ਮਿਲਣਾ ਬਾਕੀ

ਭਾਰਤੀ ਕੁਸ਼ਤੀ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਵਿਰੁੱਧ ਪਹਿਲਵਾਨਾਂ ਦੀ ਲੜਾਈ ਅਜੀਬ ਸਥਿਤੀ ’ਚ ਪਹੁੰਚ ਗਈ ਨਜ਼ਰ ਆਉਂਦੀ ਹੈ। ਜਿਸ ਨਾਬਾਲਿਗ ਪਹਿਲਵਾਨ ਨਾਲ ਸੈਕਸ ਸ਼ੋਸ਼ਣ ਅਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ’ਤੇ ਪਹਿਲਵਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਸੀ ਉਹ ਹੁਣ ਕਮਜ਼ੋਰ ਪੈ ਗਿਆ ਹੈ। ਨਾਬਾਲਿਗਾ ਵੱਲੋਂ ਹੀ ਬ੍ਰਿਜਭੂਸ਼ਣ ਸ਼ਰਨ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਈ ਗਈ ਸੀ।

ਹੁਣ ਉਕਤ ਨਾਬਾਲਿਗ ਪਹਿਲਵਾਨ ਦੇ ਪਿਤਾ ਨੇ ਕਿਹਾ ਹੈ ਕਿ ਉਸ ਨੇ ਗੁੱਸੇ ’ਚ ਆ ਕੇ ਬੇਟੀ ਰਾਹੀਂ ਐੱਫ. ਆਈ. ਆਰ. ਦਰਜ ਕਰਵਾਈ ਸੀ ਅਤੇ ਉਹ ਹੁਣ ਉਸ ਨੂੰ ਵਾਪਸ ਲੈ ਰਹੇ ਹਨ। ਉਹੀ ਹੁਣ ਤੱਕ ਨਾਬਾਲਿਗ ਕਹੀ ਜਾਣ ਵਾਲੀ ਪਹਿਲਵਾਨ ਬੇਟੀ ਵੱਲੋਂ ਸਾਰੇ ਬਿਆਨ ਦਿੰਦਾ ਸੀ। ਇਹੀ ਨਹੀਂ ਉਸ ਕੁੜੀ ਦੇ ਨਾਬਾਲਿਗ ਹੋਣ ਦਾ ਦਾਅਵਾ ਵੀ ਸ਼ੱਕ ਦੇ ਘੇਰੇ ’ਚ ਆ ਗਿਆ ਹੈ। ਇਸ ਦੇ ਬਾਵਜੂਦ ਅੰਦੋਲਨ ਕਰ ਰਹੇ ਪਹਿਲਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ।

ਬ੍ਰਿਜਭੂਸ਼ਣ ਦੀ ਗ੍ਰਿਫਤਾਰੀ ਨਾ ਹੋਣ ’ਤੇ ਮੁੜ ਤੋਂ ਅੰਦੋਲਨ ਦੀ ਚਿਤਾਵਨੀ ਦਿੱਤੀ ਗਈ ਹੈ। ਕੁੜੀ ਦੇ ਪਿਤਾ ਦੇ ਬਿਆਨ ਪਿੱਛੋਂ ਨਿਯਮਾਂ ਮੁਤਾਬਕ ਅੰਦੋਲਨ ਪੂਰੀ ਤਰ੍ਹਾਂ ਖਤਮ ਹੋ ਜਾਣਾ ਚਾਹੀਦਾ ਹੈ। ਜੇ ਕੁਝ ਲੋਕ ਇਸ ਅੰਦੋਲਨ ਨੂੰ ਬਣਾਈ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹ ਕੁੜੀ ਦੇ ਪਿਤਾ ਦੀਆਂ ਗੱਲਾਂ ਨਾਲ ਕਿਉਂ ਸਹਿਮਤ ਨਹੀਂ ਹਨ। ਪਹਿਲਵਾਨ ਕਹਿ ਰਹੇ ਹਨ ਕਿ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸਤੰਬਰ-ਅਕਤੂਬਰ ’ਚ ਆਯੋਜਿਤ ਹੋਣ ਵਾਲੀਆਂ ਏਸ਼ੀਆਈ ਖੇਡਾਂ ’ਚ ਹਿੱਸਾ ਨਹੀਂ ਲੈਣਗੇ। ਇਹ ਬੇਮਿਸਾਲ ਸਥਿਤੀ ਹੈ।

ਇਸ ਮਾਮਲੇ ਦੀ ਅੱਜ ਦੀ ਸਥਿਤੀ ਕੀ ਹੈ? ਹੁਣ ਤੱਕ ਕੁੜੀ ਨਾਲ ਸੈਕਸ ਸ਼ੋਸ਼ਣ ਦੇ ਦੋਸ਼ਾਂ ’ਤੇ ਲਗਾਤਾਰ ਬਿਆਨ ਦੇਣ ਵਾਲੇ ਉਸ ਦੇ ਪਿਤਾ ਨੇ ਕਿਹਾ ਕਿ ਮੈਨੂੰ ਬਹੁਤ ਗੁੱਸਾ ਆ ਗਿਆ ਸੀ। ਮੈਂ ਬਦਲਾ ਲੈਣ ਦਾ ਫੈਸਲਾ ਕੀਤਾ ਸੀ। ਹੁਣ ਅਦਾਲਤ ਨੂੰ ਸੱਚਾਈ ਦਾ ਪਤਾ ਹੋਣਾ ਚਾਹੀਦਾ ਹੈ। ਧਿਆਨ ਰੱਖੋ, ਉਸ ਦਾ ਪਿਤਾ ਪਹਿਲਵਾਨਾਂ ਨਾਲ ਧਰਨੇ ’ਤੇ ਵੀ ਬੈਠਾ ਸੀ ਅਤੇ ਲਗਾਤਾਰ ਬਿਆਨ ਦੇ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਬੇਟੀ ਡਿਪ੍ਰੈਸ਼ਨ ’ਚ ਹੈ। ਅਪ੍ਰੈਲ 2022 ’ਚ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਮੇਰੀ ਬੇਟੀ ਨਾਲ ਗਲਤ ਹਰਕਤ ਕੀਤੀ ਸੀ।

ਹੁਣ ਉਸ ਦਾ ਬਿਆਨ ਹੈ ਕਿ ਸਰਕਾਰ ਨੇ ਪਿਛਲੇ ਸਾਲ ਮੇਰੀ ਬੇਟੀ ਦੀ ਹਾਰ (ਏਸ਼ੀਆਈ ਅੰਡਰ-17 ਚੈਂਪੀਅਨਸ਼ਿਪ ਦੇ ਟ੍ਰਾਇਲ ’ਚ) ਦੀ ਨਿਰਪੱਖ ਜਾਂਚ ਦਾ ਵਾਅਦਾ ਕੀਤਾ ਹੈ, ਇਸ ਲਈ ਮੇਰਾ ਵੀ ਇਹ ਫਰਜ਼ ਹੈ ਕਿ ਮੈਂ ਆਪਣੀ ਗਲਤੀ ਸੁਧਾਰਾਂ। ਰਾਂਚੀ ’ਚ ਨੈਸ਼ਨਲ ਚੈਂਪੀਅਨਸ਼ਿਪ ’ਚ ਉਸ ਦੀ ਬੇਟੀ ਜਿੱਤ ਨਹੀਂ ਸਕੀ ਸੀ। 2019 ’ਚ ਚੀਨ ਦੇ ਤਾਈਚੁੰਗ ’ਚ ਏਸ਼ੀਆ ਅੰਡਰ-15 ’ਚ ਉਸ ਦੀ ਬੇਟੀ ਨੇ ਗੋਲਡ ਮੈਡਲ ਜਿੱਤਿਆ ਸੀ। ਉਸ ਤੋਂ ਬਾਅਦ ਉਸ ਨੂੰ ਉਮੀਦ ਸੀ ਕਿ ਬੇਟੀ ਅੱਗੋਂ ਵੀ ਅਜਿਹਾ ਕਰੇਗੀ ਪਰ ਉਹ ਨਹੀਂ ਕਰ ਸਕੀ।

ਜਿਸ ਲੜਕੀ ਨੂੰ ਨਾਬਾਲਿਗ ਦੱਸਿਆ ਜਾ ਰਿਹਾ ਸੀ ਜੇ ਉਹ ਅਪ੍ਰੈਲ 2022 ’ਚ ਬਾਲਿਗ ਸੀ ਜਿਵੇਂ ਕਿ ਉਸ ਦੇ ਦਾਦਾ-ਦਾਦੀ ਕਹਿ ਰਹੇ ਹਨ ਤਾਂ ਇਹ ਇਕ ਵੱਖਰਾ ਕਾਨੂੰਨੀ ਮਾਮਲਾ ਬਣਦਾ ਹੈ। ਕੁੜੀ ਦੇ ਦਾਦਾ-ਦਾਦੀ ਮੁਤਾਬਕ ਉਸ ਦਾ ਜਨਮ 22 ਫਰਵਰੀ, 2004 ਨੂੰ ਰੋਹਤਕ ’ਚ ਕਮਲੇਸ਼ ਫੋਗਾਟ ਨਰਸਿੰਗ ਹੋਮ ’ਚ ਹੋਇਆ ਸੀ।

ਇਸ ਪੱਖ ਨੂੰ ਤੁਰੰਤ ਛੱਡ ਦਿੰਦੇ ਹਾਂ, ਫਿਰ ਵੀ ਇਸ ਅੰਦੋਲਨ ਨੂੰ ਲੈ ਕੇ ਕਈ ਸਵਾਲ ਪੈਦਾ ਹੁੰਦੇ ਹਨ ਜਿਨ੍ਹਾਂ ਦਾ ਜਵਾਬ ਲੱਭਿਆ ਜਾਣਾ ਚਾਹੀਦਾ ਹੈ। 5 ਜੂਨ ਨੂੰ ਜਦੋਂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੇ ਆਪਣੀ ਰੇਲਵੇ ਦੀ ਨੌਕਰੀ ਜੁਆਇਨ ਕਰ ਲਈ ਤਾਂ ਅਜਿਹਾ ਲੱਗਾ ਕਿ ਅੰਦੋਲਨ ਹੁਣ ਖਤਮ ਹੋ ਜਾਵੇਗਾ ਪਰ ਸਾਕਸ਼ੀ ਮਲਿਕ ਦਾ ਤੁਰੰਤ ਬਿਆਨ ਆ ਗਿਆ ਕਿ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।

ਅਸਲ ’ਚ 4 ਜੂਨ ਨੂੰ ਪਹਿਲਵਾਨਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਸੀ। ਉਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਆਪਣੀ ਨੌਕਰੀ ਜੁਆਇਨ ਕੀਤੀ ਸੀ। ਉਸ ਤੋਂ ਅਗਲੇ ਦਿਨ ਕਿਸਾਨਾਂ ਅਤੇ ਖਾਪ ਪੰਚਾਇਤਾਂ ਨੇ ਵੀ ਐਲਾਨ ਕੀਤਾ ਕਿ 9 ਜੂਨ ਨੂੰ ਜੰਤਰ-ਮੰਤਰ ਵਿਖੇ ਨਿਰਧਾਰਿਤ ਪ੍ਰਦਰਸ਼ਨ ਉਹ ਮੁਲਤਵੀ ਕਰ ਰਹੇ ਹਨ। 7 ਜੂਨ ਨੂੰ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨਾਲ ਲੰਬੀ ਗੱਲਬਾਤ ਕੀਤੀ। ਉਸ ਤੋਂ ਬਾਅਦ 8 ਜੂਨ ਨੂੰ ਨਾਬਾਲਿਗਾ ਦੇ ਪਿਤਾ ਨੇ ਸੈਕਸ ਸ਼ੋਸ਼ਣ ਦੇ ਦੋਸ਼ ਵਾਪਸ ਲੈ ਲਏ। ਉਸ ਨੇ ਇਸ ਨੂੰ ਵਿਤਕਰੇ ਦਾ ਮਾਮਲਾ ਦੱਸ ਦਿੱਤਾ।

ਸਾਡੇ ਦੇਸ਼ ਲਈ ਮੈਡਲ ਜਿੱਤਣ ਵਾਲੇ ਖਿਡਾਰੀ ਜੇ ਇਹ ਕਹਿੰਦੇ ਹੋਏ ਧਰਨੇ ’ਤੇ ਬੈਠ ਜਾਣ ਕਿ ਉਨ੍ਹਾਂ ਦੀ ਫੈੱਡਰੇਸ਼ਨ ਦੇ ਮੁਖੀ ਨੇ ਕੁੜੀਆਂ ਨਾਲ ਸੈਕਸ ਸ਼ੋਸ਼ਣ ਕੀਤਾ ਹੈ ਤਾਂ ਕੋਈ ਵੀ ਇਸ ’ਤੇ ਬੇਭਰੋਸਗੀ ਨਹੀਂ ਕਰ ਸਕਦਾ। 3 ਦਿਨ ਬਾਅਦ ਭਾਵ 21 ਜਨਵਰੀ ਨੂੰ ਹੀ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਇਨ੍ਹਾਂ ਪਹਿਲਵਾਨਾਂ ਨਾਲ ਮੁਲਾਕਾਤ ਕਰਕੇ ਇਕ ਕਮੇਟੀ ਬਣਾਈ। ਉਸ ਤੋਂ ਬਾਅਦ ਲੱਗਾ ਕਿ ਅੰਦੋਲਨ ਖਤਮ ਹੋ ਗਿਆ ਹੈ ਪਰ 23 ਅਪ੍ਰੈਲ ਨੂੰ ਪਹਿਲਵਾਨ ਮੁੜ ਜੰਤਰ-ਮੰਤਰ ਵਿਖੇ ਪੁੱਜੇ ਅਤੇ ਐਲਾਨ ਕੀਤਾ ਕਿ ਜਦੋਂ ਤੱਕ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਿਸੇ ਕਮੇਟੀ ’ਤੇ ਭਰੋਸਾ ਨਹੀਂ। ਹਾਲਾਂਕਿ ਕਮੇਟੀ ਦੀ ਰਿਪੋਰਟ ਜਨਤਕ ਨਹੀਂ ਹੋਈ ਪਰ ਅਜਿਹਾ ਲੱਗਦਾ ਹੈ ਕਿ ਇਸ ’ਚ ਪਹਿਲਵਾਨਾਂ ਦੇ ਦੋਸ਼ਾਂ ਦੀ ਪੁਸ਼ਟੀ ਨਹੀਂ ਹੋਈ। ਮਾਮਲਾ ਸੁਪਰੀਮ ਕੋਰਟ ’ਚ ਵੀ ਗਿਆ ਅਤੇ 28 ਅਪ੍ਰੈਲ ਨੂੰ ਅਦਾਲਤ ਦੇ ਹੁਕਮਾਂ ’ਤੇ ਦਿੱਲੀ ਪੁਲਸ ਨੇ ਬ੍ਰਿਜਭੂਸ਼ਣ ’ਤੇ ਛੇੜਛਾੜ ਦੀਆਂ 12 ਐੱਫ. ਆਈ. ਆਰਜ਼ ਦਰਜ ਕੀਤੀਆਂ। ਸੁਪਰੀਮ ਕੋਰਟ ਨੇ ਅੱਗੋਂ ਇਸ ’ਤੇ ਸੁਣਵਾਈ ਨੂੰ ਇਨਕਾਰ ਕਰ ਦਿੱਤਾ। ਇਸ ਦੇ ਬਾਵਜੂਦ ਪਹਿਲਵਾਨ ਧਰਨੇ ਨੂੰ ਖਤਮ ਕਰਨ ਲਈ ਤਿਆਰ ਨਹੀਂ ਹੋਏ। ਉਸ ਸਮੇਂ ਤੱਕ ਹੌਲੀ-ਹੌਲੀ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਅਤੇ ਆਗੂਆਂ ਦਾ ਸਰਕਾਰ ਵਿਰੋਧੀ ਬਿਆਨ ਅਤੇ ਧਰਨੇ ਵਾਲੀ ਥਾਂ ’ਤੇ ਪਹੁੰਚਣਾ ਸ਼ੁਰੂ ਹੋ ਚੁੱਕਾ ਸੀ।

ਆਮ ਤੌਰ ’ਤੇ ਕੋਈ ਸਰਕਾਰ ਅਜਿਹੇ ਨੇਤਾ ਨੂੰ ਬਚਾਉਣ ਦਾ ਖਤਰਾ ਮੁੱਲ ਨਹੀਂ ਲਵੇਗੀ ਜਿਸ ’ਤੇ ਇੰਨੀਆਂ ਚੋਟੀ ਦੀਆਂ ਖਿਡਾਰਨਾਂ ਨੇ ਸੈਕਸ ਸ਼ੋਸ਼ਣ ਦੇ ਦੋਸ਼ ਲਾਏ ਹੋਣ। ਸਪੱਸ਼ਟ ਹੈ ਕਿ ਸਰਕਾਰ ਕੋਲ ਇਸ ਦੇ ਉਲਟ ਕੋਈ ਸੂਚਨਾ ਆਈ ਹੋਵੇਗੀ। ਯਕੀਨੀ ਹੀ ਆਉਣ ਵਾਲੇ ਸਮੇਂ ’ਚ ਇਹ ਵੀ ਸਪੱਸ਼ਟ ਹੋਵੇਗਾ ਕਿ ਖੇਡ ਮੰਤਰੀ ਦੇ ਐਲਾਨ ਮੁਤਾਬਕ ਗਠਿਤ ਕਮੇਟੀ ਨੇ ਆਪਣੀ ਜਾਂਚ ਦੌਰਾਨ ਕੀ ਵੇਖਿਆ?

ਖੇਡ ਫੈੱਡਰੇਸ਼ਨ ’ਚ ਪ੍ਰਸ਼ਾਸਨ ਵਿਰੁੱਧ ਅਸੰਤੋਸ਼ ਆਮ ਗੱਲ ਹੈ। ਇਸ ਵਿਰੁੱਧ ਆਵਾਜ਼ਾਂ ਵੀ ਉੱਠਦੀਆਂ ਹਨ। ਕੁਸ਼ਤੀ ਫੈੱਡਰੇਸ਼ਨ ਇਸ ਤੋਂ ਵੱਖ ਨਹੀਂ ਹੋ ਸਕਦੀ ਪਰ ਇਸ ਤਰ੍ਹਾਂ ਖਿਡਾਰੀ ਧਰਨੇ ’ਤੇ ਆਉਣ ਅਤੇ ਅੰਦੋਲਨ ਨੂੰ ਆਖਰੀ ਹੱਦ ਤੱਕ ਲਿਜਾਣ, ਅਜਿਹਾ ਪਹਿਲਾਂ ਕਦੀ ਨਹੀਂ ਹੋਇਆ। ਜਦੋਂ ਐੱਫ. ਆਈ. ਆਰ. ਦਰਜ ਹੋ ਗਈ, ਮਾਮਲਾ ਅਦਾਲਤ ’ਚ ਪਹੁੰਚ ਗਿਆ ਤਾਂ ਯਕੀਨੀ ਹੀ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ। ਇਸ ਹੱਦ ਤੱਕ ਪਹਿਲਵਾਨ ਕਿਉਂ ਗਏ ਅਤੇ ਅਜੇ ਵੀ ਮੰਨ ਨਹੀਂ ਰਹੇ ਤਾਂ ਕਿਉਂ? ਇਸ ਦਾ ਜਵਾਬ ਮਿਲਣਾ ਚਾਹੀਦਾ ਹੈ। ਸਪੱਸ਼ਟ ਹੈ ਕਿ ਇਸ ਪੂਰੇ ਅੰਦੋਲਨ ’ਚ ਕੁਝ ਅਜਿਹਾ ਹੈ ਜੋ ਸਾਡੇ ਸਾਹਮਣੇ ਨਹੀਂ ਆ ਰਿਹਾ।

ਅਵਧੇਸ਼ ਕੁਮਾਰ


author

Rakesh

Content Editor

Related News