ਅਪਰਾਧੀ ਬਣੇ ਨੇਤਾ, ਪਾਰਟੀਆਂ ਦੇ ਰਹੀ ਸੁਪਾਰੀ
Wednesday, Oct 21, 2020 - 03:43 AM (IST)

ਪੂਨਮ ਆਈ. ਕੌਸ਼ਿਸ਼
ਅਸੀਂ ਛੋਟੇ-ਮੋਟੇ ਚੋਰਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੰਦੇ ਹਾਂ ਅਤੇ ਵੱਡੇ ਅਪਰਾਧੀਅਾਂ ਨੂੰ ਜਨਤਕ ਅਹੁਦਿਅਾਂ ਲਈ ਚੁਣ ਲੈਂਦੇ ਹਾਂ। ਇਹ ਤੱਥ ਭਾਰਤ ਦੀ ਕੌੜੀ ਸੱਚਾਈ ਨੂੰ ਉਜਾਗਰ ਕਰਦਾ ਹੈ। ਇਕ ਸੰਸਦ ਮੈਂਬਰ ਅਤੇ ਵਿਧਾਇਕ ਦਾ ਬਿੱਲਾ ਮਾਫੀਆ ਡੌਨਾਂ, ਕਾਤਿਲਾਂ ਅਤੇ ਅਪਰਾਧੀਅਾਂ ਲਈ ਇਕ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਇਸ ਸਿਆਸੀ ਮੌਸਮ ’ਚ ਅਪਰਾਧੀਅਾਂ ਦਾ ਬੋਲਬਾਲਾ ਹੈ। ਸਿਆਸੀ ਪਾਰਟੀਅਾਂ ਵਿਧਾਨ ਸਭਾ ਚੋਣਾਂ ਲਈ ਅਪਰਾਧੀਅਾਂ ਨੂੰ ਟਿਕਟਾਂ ਦੇ ਰਹੀਅਾਂ ਹਨ। ਅਪਰਾਧੀਅਾਂ ਤੋਂ ਨੇਤਾ ਬਣੇ ਲੋਕ ਬੁਲੇਟ ਪਰੂਫ ਜੈਕੇਟ ਮਤਲਬ ਐੱਮ. ਐੱਲ. ਏ. ਬਣਨ ਦੀ ਹੋੜ ’ਚ ਹਨ। ਅਪਰਾਧੀ ਬਣੇ ਨੇਤਾ ਅਤੇ ਜੋ ਜੀਤਾ ਵਹੀ ਸਿਕੰਦਰ ਦੇ ਇਸ ਨਵੇਂ ਯੁੱਗ ’ਚ ਤੁਹਾਡਾ ਸਵਾਗਤ ਹੈ।
ਅਜਿਹੇ ਮਾਹੌਲ ’ਚ ਜਿਥੇ ਨਿਸ਼ਾਨਾ ਮਹੱਤਵਪੂਰਨ ਬਣ ਜਾਂਦਾ ਹੈ ਨਾ ਕਿ ਨਿਸ਼ਾਨਚੀ ਅਤੇ ਜੇਤੂਅਾਂ ਦਾ ਬੋਲਬਾਲਾ ਰਹਿੰਦਾ ਹੈ, ਬਾਹੂਬਲੀਅਾਂ, ਹੱਤਿਆਰਿਅਾਂ, ਗੈਂਗਸਟਰਾਂ ਦੀ ਹਰੇਕ ਪਾਰਟੀ ’ਚ ਕਾਫੀ ਮੰਗ ਹੈ ਪਰ ਲੱਗਦਾ ਹੈ ਚੋਣ ਸਿਆਸਤ ’ਚ ਈਮਾਨਦਾਰੀ ਤੋਂ ਜ਼ਿਆਦਾ ਅਪਰਾਧੀਅਾਂ ਦਾ ਮਹੱਤਵ ਹੈ ਅਤੇ ਇਹ ਚੋਣਾਂ ਵੀ ਕੋਈ ਵੱਖ ਨਹੀਂ ਹਨ। ਬਿਹਾਰ ਵਿਧਾਨ ਸਭਾ ਦੇ ਪਹਿਲੇ ਪੜਾਅ ਦੀਅਾਂ ਚੋਣਾਂ ’ਚ 1066 ਉਮੀਦਵਾਰਾਂ ’ਚੋਂ 319 ਦਾ ਅਪਰਾਧਿਕ ਪਿਛੋਕੜ ਹੈ। ਇਸ ਸੂਚੀ ’ਚ ਗਯਾ ’ਚ ਸਭ ਤੋਂ ਵੱਧ 49 ਉਮੀਦਵਾਰ, ਉਸ ਤੋਂ ਬਾਅਦ ਭੋਜਪੁਰ ’ਚ 39, ਰੋਹਤਾਸ ’ਚ 37 ਅਤੇ ਬਕਸਰ ’ਚ 33 ਉਮੀਦਵਾਰਾਂ ਦਾ ਅਪਰਾਧਿਕ ਪਿਛੋਕੜ ਹੈ। ਉਸ ਤੋਂ ਬਾਅਦ ਪਟਨਾ, ਜਹਾਨਾਬਾਦ, ਔਰੰਗਾਬਾਦ, ਜਮੁਈ ਆਦਿ ਦਾ ਨੰਬਰ ਆਉਂਦਾ ਹੈ।
ਮੋਕਾਮਾ ਦੇ ਮੌਜੂਦਾ ਵਿਧਾਇਕ ਛੋਟੇ ਸਰਕਾਰ ਭਾਵ ਸਿੰਘ ਜੇਲ ’ਚ ਬੰਦ ਹਨ। ਉਨ੍ਹਾਂ ਨੇ ਜੇਲ ਤੋਂ ਬਾਹਰ ਆ ਕੇ ਰਾਜਦ ਦੀ ਟਿਕਟ ’ਤੇ ਆਪਣਾ ਨਾਮਜ਼ਦਗੀ ਪੱਤਰ ਭਰਿਆ ਹੈ। ਉਨ੍ਹਾਂ ਨੇ ਆਪਣੇ ਚੋਣ ਐਫੀਡੇਵਿਟ ’ਚ ਐਲਾਨ ਕੀਤਾ ਹੈ ਕਿ ਉਨ੍ਹਾਂ ਵਿਰੁੱਧ ਹੱਤਿਆ ਦੇ 7 ਮਾਮਲਿਅਾਂ ਸਮੇਤ 38 ਗੰਭੀਰ ਅਪਰਾਧਿਕ ਮਾਮਲੇ ਹਨ। ਸਿਆਸੀ ਪਾਰਟੀਅਾਂ ਨੇ ਅਦਾਲਤਾਂ ਦੇ ਵੱਖ-ਵੱਖ ਫੈਸਲਿਅਾਂ ਦੇ ਬਾਵਜੂਦ ਅਪਰਾਧੀਅਾਂ ਨੂੰ ਟਿਕਟ ਦਿੱਤੀ ਹੈ। ਇਸ ਸਾਲ ਫਰਵਰੀ ’ਚ ਸੁਪਰੀਮ ਕੋਰਟ ਨੇ ਪਾਰਟੀਅਾਂ ਅਤੇ ਉਮੀਦਵਾਰਾਂ ਲਈ ਇਹ ਜ਼ਰੂਰੀ ਕਰ ਦਿੱਤਾ ਸੀ ਕਿ ਉਹ ਆਪਣੇ ਅਪਰਾਧਕ ਪਿਛੋਕੜ ਦਾ ਬਿਊਰਾ ਦੇਣ ਅਤੇ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਇਨ੍ਹਾਂ ਉਮੀਦਵਾਰਾਂ ਦੇ ਕਾਨੂੰਨ ਵਿਰੁੱਧ ਕੰਮਾਂ ਦਾ ਬਿਊਰਾ ਪ੍ਰਕਾਸ਼ਿਤ ਕਰਨ ਅਤੇ ਉਨ੍ਹਾਂ ਦੀ ਨਾਮਜ਼ਦਗੀ ਦਾ ਕਾਰਨ ਸਪੱਸ਼ਟ ਕਰਨ ਤਾਂ ਕਿ ਵੋਟਰ ਇਸ ਸੂਚਨਾ ਦੇ ਆਧਾਰ ’ਤੇ ਆਪਣੀ ਵੋਟ ਦੀ ਵਰਤੋਂ ਕਰ ਸਕਣ। ਇਸ ਦਾ ਮਕਸਦ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਰਨ ਤੋਂ ਰੋਕਣਾ ਸੀ ਪਰ ਇਸ ਦਾ ਕੋਈ ਅਸਰ ਨਹੀਂ ਪਿਆ। ਕਈ ਉਮੀਦਵਾਰਾਂ ਨੇ ਆਪਣੇ ਨੇੜਲੇ ਰਿਸ਼ਤੇਦਾਰਾਂ ਨੂੰ ਟਿਕਟ ਦਿਵਾ ਕੇ ਇਨ੍ਹਾਂ ਨਿਯਮਾਂ ਦੀਅਾਂ ਧੱਜੀਅਾਂ ਉਡਾਈਅਾਂ। ਹੱਤਿਆ ਅਤੇ ਜਬਰ-ਜ਼ਨਾਹ ਦੇ ਮਾਮਲਿਅਾਂ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਤਿੰਨ ਮਾਫੀਅਾ ਡੌਨਾਂ ਦੀਅਾਂ ਪਤਨੀਅਾਂ ਨੂੰ ਰਾਜਦ ਨੇ ਟਿਕਟ ਦਿੱਤੀ। ਜਦ (ਯੂ) ਅਤੇ ਲੋਜਪਾ ਨੇ ਅਜਿਹੇ ਦੋ-ਦੋ ਮਾਫੀਅਾਂ ਡੌਨਾਂ ਦੀਅਾਂ ਪਤਨੀਅਾਂ ਨੂੰ ਟਿਕਟ ਦਿੱਤੀ।
ਸੱਤਾ ਨੰਬਰਾਂ ਦੀ ਖੇਡ ਬਣ ਗਈ ਹੈ, ਇਸ ਲਈ ਸਿਆਸੀ ਪਾਰਟੀਅਾਂ ਮਾਫੀਅਾ ਡੌਨਾਂ ਨੂੰ ਟਿਕਟਾਂ ਦਿੰਦੀਅਾਂ ਹਨ ਕਿਉਂਕਿ ਉਹ ਬੰਦੂਕ ਦੀ ਨੋਕ ਅਤੇ ਨਾਜਾਇਜ਼ ਪੈਸੇ ਕਾਰਨ ਆਪਣੇ ਬਾਹੂਬਲ ਨੂੰ ਵੋਟ ’ਚ ਬਦਲ ਦਿੰਦੇ ਹਨ ਅਤੇ ਸਾਫ ਅਕਸ ਵਾਲੇ ਉਮੀਦਵਾਰਾਂ ਦੇ ਮੁਕਾਬਲੇ ਜ਼ਿਆਦਾ ਜੇਤੂ ਹੁੰਦੇ ਹਨ। ਇਹ ਲੈਣ-ਦੇਣ ਦੀ ਖੇਡ ਹੁੰਦੀ ਹੈ। ਪਾਰਟੀਅਾਂ ਨੂੰ ਅਜਿਹੇ ਉਮੀਦਵਾਰਾਂ ਤੋਂ ਚੋਣ ਲੜਨ ਲਈ ਪੈਸਾ ਮਿਲਦਾ ਹੈ। ਜਿਨ੍ਹਾਂ ਇਲਾਕਿਅਾਂ ’ਚ ਚੋਣ ਅਨਿਸ਼ਚਿਤਤਾ ਹੁੰਦੀ ਹੈ ਅਤੇ ਅਨਪੜ੍ਹਤਾ ਜ਼ਿਆਦਾ ਹੈ, ਉਥੇ ਉਨ੍ਹਾਂ ਨੂੰ ਰਣਨੀਤਿਕ ਲਾਭ ਮਿਲਦਾ ਹੈ ਪਰ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਸਾਫ ਨੇਤਾ ਦੇ ਮੁਕਾਬਲੇ ’ਚ ਜ਼ਿਆਦਾ ਧਮਕਾ ਸਕਦੇ ਹਨ। ਮਾਫੀਆ ਡੌਨ ਸਮਾਜ ’ਚ ਸਨਮਾਨ ਹਾਸਲ ਕਰਨ ਲਈ ਜ਼ਿਆਦਾ ਰਕਮ ਲਗਾਉਂਦੇ ਹਨ ਅਤੇ ਆਪਣੀ ਸਿਆਸੀ ਤਾਕਤ ਦੀ ਵਰਤੋਂ ਕਰਦੇ ਹੋਏ ਜਬਰੀ ਵਸੂਲੀ ਜਾਰੀ ਰੱਖਦੇ ਹਨ। ਉਹ ਅਸਰਦਾਰ ਬਣਦੇ ਹਨ ਅਤੇ ਇਹ ਤੈਅ ਕਰਦੇ ਹਨ ਕਿ ਉਨ੍ਹਾਂ ਵਿਰੁੱਧ ਦਰਜ ਮਾਮਲੇ ਹਟਾਏ ਜਾਣ।
ਇਸ ’ਚ ਇਕ ਸੋਚਣ ਵਾਲਾ ਸਵਾਲ ਉੱਠਦਾ ਹੈ ਕਿ ਕੀ ਵੋਟਰ ਅਸਲ ’ਚ ਈਮਾਨਦਾਰ ਸਿਆਸੀ ਨੇਤਾ ਅਤੇ ਸਵੱਛ ਸਰਕਾਰ ਚਾਹੁੰਦੇ ਹਨ। ਇਕ ਸੱਚਾ ਵਿਅਕਤੀ ਵਿਵਸਥਾ ਨਾਲ ਮੁਕਾਬਲਾ ਕਰ ਕੇ ਉਸ ’ਚ ਸੁਧਾਰ ਕਰਨਾ ਚਾਹੁੰਦਾ ਹੈ ਪਰ ਵੋਟਰ ਅਜਿਹੇ ਲੋਕਾਂ ਨੂੰ ਪਸੰਦ ਕਰਦੇ ਹਨ ਜੋ ਆਪਣੇ ਬਾਹੂਬਲ ਦਾ ਪ੍ਰਦਰਸ਼ਨ ਕਰਦੇ ਹਨ, ਜੋ ਵੋਟਰਾਂ ਨੂੰ ਕਾਬੂ ’ਚ ਰੱਖਣ ਲਈ ਉਨ੍ਹਾਂ ਨੂੰ ਧਮਕਾਉਂਦੇ ਹਨ, ਉਨ੍ਹਾਂ ਨੂੰ ਸਰਪ੍ਰਸਤੀ ਦਿੰਦੇ ਹਨ, ਰਾਸ਼ਨ ਅਤੇ ਸਰਕਾਰੀ ਨੌਕਰੀ ਦਿੰਦੇ ਹਨ ਅਤੇ ਉਸ ਦੇ ਬਦਲੇ ’ਚ ਉਨ੍ਹਾਂ ਨੂੰ ਵੋਟਾਂ ਮਿਲਦੀਅਾਂ ਹਨ ਅਤੇ ਇਸੇ ਕਾਰਨ ਅੱਜ ਅਪਰਾਧੀ ਕੌਮੀ ਅਤੇ ਸੂਬਾ ਪੱਧਰ ’ਤੇ ਈਮਾਨਦਾਰ ਉਮੀਦਵਾਰਾਂ ਨੂੰ ਚੋਣ ਮੈਦਾਨ ਤੋਂ ਬਾਹਰ ਧੱਕ ਰਹੇ ਹਨ।
ਇਕ ਹਾਲੀਆ ਰਿਪੋਰਟ ਅਨੁਸਾਰ ਸਾਫ ਅਕਸ ਦੇ 24.7 ਫੀਸਦੀ ਉਮੀਦਵਾਰਾਂ ਦੇ ਮੁਕਾਬਲੇ ’ਚ ਅਪਰਾਧਿਕ ਪਿਛੋਕੜ ਦੇ 45.5 ਫੀਸਦੀ ਉਮੀਦਵਾਰ ਜੇਤੂ ਹੋਏ ਹਨ ਅਤੇ ਇਸੇ ਤਰ੍ਹਾਂ ਉਹ ਖੁਦ ’ਚ ਕਾਨੂੰਨ ਅਤੇ ਸਰਵਸ਼ਕਤੀਮਾਨ ਬਣ ਗਏ ਹਨ। ਇਸ ਪ੍ਰਣਾਲੀ ਨੇ ਲੋਕਤੰਤਰ ਨੂੰ ਮਾਫੀਆ ਬੌਸ, ਗੋਲੀਅਾਂ ਦੇ ਬੌਸ ਅਤੇ ਬੈਲੇਟ ਬਾਕਸ ਤਕ ਸੀਮਿਤ ਕਰ ਦਿੱਤਾ ਹੈ ਅਤੇ ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਭਾਰਤ ’ਚ ਮੱਧ ਵਰਗ ਵੀ ਅਪਰਾਧਿਕ ਪਿਛੋਕੜ ਦੇ ਉਮੀਦਵਾਰਾਂ ਨੂੰ ਚੁਣਨ ਤੋਂ ਪ੍ਰਹੇਜ਼ ਨਹੀਂ ਕਰਦਾ ਅਤੇ ਅਜਿਹੇ ਉਮੀਦਵਾਰ ਉਨ੍ਹਾਂ ਦੇ ਸਰਪ੍ਰਸਤ ਬਣ ਜਾਂਦੇ ਹਨ ਅਤੇ ਉਨ੍ਹਾਂ ਦੇ ਕੰਮ ਕਰਦੇ ਹਨ। ਨਤੀਜੇ ਵਜੋਂ ਸਾਡੇ ਜਨਸੇਵਕ ਅੱਜ ਆਪਣੇ ਅੰਡਰ ਵਰਲਡ ਦੇ ਸਰਪ੍ਰਸਤਾਂ ਦੀ ਧੁਨ ’ਤੇ ਨੱਚਦੇ ਹਨ ਅਤੇ ਇਸ ਦੀ ਕੀਮਤ ਜਨਤਾ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਚੰਗੇ ਪ੍ਰਸ਼ਾਸਨ ਨੂੰ ਚੁਕਾਉਣੀ ਪੈਂਦੀ ਹੈ।
ਇਕ ਸਾਬਕਾ ਮੁੱਖ ਮੰਤਰੀ ਤੋਂ ਜਦ ਇਹ ਪੁੱਛਿਆ ਗਿਆ ਕਿ ਉਨ੍ਹਾਂ ਦੇ ਮੰਤਰੀ ਮੰਡਲ ’ਚ 22 ਮੰਤਰੀ ਅਪਰਾਧਿਕ ਪਿਛੋਕੜ ਦੇ ਹਨ ਤਾਂ ਉਨ੍ਹਾਂ ਨੇ ਕਿਹਾ, ‘‘ਮੈਨੂੰ ਆਪਣੇ ਮੰਤਰੀਅਾਂ ਦੇ ਅਤੀਤ ਦੀ ਕੋਈ ਪ੍ਰਵਾਹ ਨਹੀਂ ਹੈ। ਸਰਕਾਰ ’ਚ ਸ਼ਾਮਲ ਹੋਣ ਤੋਂ ਬਾਅਦ ਉਹ ਹੁਣ ਅਪਰਾਧਾਂ ’ਚ ਸ਼ਾਮਲ ਨਹੀਂ ਹਨ ਅਤੇ ਉਹ ਅਪਰਾਧਿਕ ਗਤੀਵਿਧੀਅਾਂ ਨੂੰ ਰੋਕਣ ’ਚ ਸਹਾਇਤਾ ਕਰਨ ਲਈ ਤਿਆਰ ਹਨ। ਤੁਸੀਂ ਜਨਤਾ ਤੋਂ ਪੁੱਛੋ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਕਿਉਂ ਚੁਣਿਆ ਹੈ।’’ ਤੁਸੀਂ ਇਸ ਮੁੱਖ ਮੰਤਰੀ ਦੇ ਇਸ ਤਰਕ ਦਾ ਕੀ ਉੱਤਰ ਦਿਓਗੇ? ਸਾਡੇ ਅਪਰਾਧੀਅਾਂ ਤੋਂ ਸਿਆਸੀ ਨੇਤਾ ਬਣੇ ਸਾਡੇ ਵਿਧਾਇਕਾਂ ਨੂੰ ਇਕ ਜੇਤੂ ਟਰਾਫੀ ਦੇ ਰੂਪ ’ਚ ਪੇਸ਼ ਕੀਤਾ ਜਾਂਦਾ ਹੈ। ਇਸ ਦੇ ਚੱਲਦੇ ਅੱਜ ਸੂਬਾ ਮਾਫੀਆ ਡੌਨਾਂ, ਉਨ੍ਹਾਂ ਦੀ ਫੌਜ, ਉਨ੍ਹਾਂ ਦੀਅਾਂ ਹਥਿਆਰਬੰਦ ਬ੍ਰਿਗੇਡਾਂ ਲਈ ਜੰਗੀ ਸਥਾਨ ਬਣ ਗਿਆ ਹੈ ਅਤੇ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਰਦਾ ਹੈ ਕਿ ਉਹ ਅੱਜ ਸਮਾਜ ਅਤੇ ਦੇਸ਼ ਲਈ ਸਭ ਤੋਂ ਵੱਡਾ ਖਤਰਾ ਬਣ ਗਏ ਹਨ।
ਸਾਡੇ ਸਿਆਸੀ ਨੇਤਾਵਾਂ ਨੂੰ ਆਪਣੀਅਾਂ ਪੇਸ਼ਕਦਮੀਅਾਂ ’ਤੇ ਮੁੜ ਵਿਚਾਰ ਕਰਨਾ ਪਵੇਗਾ ਅਤੇ ਅਜਿਹਾ ਕਾਨੂੰਨ ਬਣਾਉਣਾ ਪਵੇਗਾ ਜਿਸ ਨਾਲ ਅਪਰਾਧੀਅਾਂ ਅਤੇ ਮਾਫੀਅਾ ਡੌਨਾਂ ਦੇ ਸਿਆਸਤ ’ਚ ਦਾਖਲੇ ’ਤੇ ਪਾਬੰਦੀ ਲਾਈ ਜਾ ਸਕੇ। ਕੀ ਸਾਡੇ ਨੇਤਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿਆਸਤ ਦੀ ਪਵਿੱਤਰਤਾ ਨੂੰ ਬਣਾਈ ਰੱਖਣਗੇ। ਹੁਣ ਸਾਡਾ ਦੇਸ਼ ਛੋਟੇ ਲੋਕਾਂ ਦੀ ਵੱਡੀ ਛਾਂ ਨੂੰ ਸਹਿਣ ਨਹੀਂ ਕਰ ਸਕਦਾ ਕਿਉਂਕਿ ਦੇਸ਼ ਨੂੰ ਸਭ ਤੋਂ ਵੱਡੀ ਕੀਮਤ ਰਾਜਨੇਤਾ ਦੀ ਚੁਕਾਣੀ ਪੈਂਦੀ ਹੈ।