''ਸਰਾਇਕੀ'' ਭਾਸ਼ਾ ਨੂੰ ਮਿਲੇ ਸੰਵਿਧਾਨਕ ਮਾਨਤਾ

Tuesday, Jul 24, 2018 - 04:36 AM (IST)

''ਸਰਾਇਕੀ'' ਭਾਸ਼ਾ ਨੂੰ ਮਿਲੇ ਸੰਵਿਧਾਨਕ ਮਾਨਤਾ

ਸਰਾਇਕੀ ਖੇਤਰ 40,000 ਸਾਲ ਪਹਿਲਾਂ ਤੋਂ ਹੀ ਸਿੰਧੂ ਘਾਟੀ ਸੱਭਿਅਤਾ ਦਾ ਇਕ ਅੰਗ ਰਿਹਾ ਹੈ। ਇਸ ਖੇਤਰ ਨੇ ਪੱਛਮ ਤੋਂ ਆਏ ਆਰੀਅਨਾਂ, ਯਹੂਦੀਆਂ ਆਦਿ ਧਾੜਵੀਆਂ ਦੇ ਹਮਲੇ ਆਪਣੇ ਪਿੰਡੇ 'ਤੇ ਹੰਢਾਏ। ਕਈ ਸਦੀਆਂ ਤਕ ਪਾਰਸੀਆਂ ਦਾ ਸਰਾਇਕੀ ਲੋਕਾਂ ਉਤੇ ਕਾਫੀ ਪ੍ਰਭਾਵ ਰਿਹਾ, ਇਹੋ ਕਾਰਨ ਹੈ ਕਿ ਪਾਰਸੀ ਕਲਾ, ਸਾਹਿਤ ਅਤੇ ਸ਼ਿਲਪ ਕਲਾ ਅੱਜ ਵੀ ਉਨ੍ਹਾਂ ਦੇ ਸੱਭਿਆਚਾਰ ਵਿਚ ਸਪੱਸ਼ਟ ਵਿਖਾਈ ਦਿੰਦੀ ਹੈ। 
ਜਦੋਂ ਮੁਸਲਮਾਨਾਂ ਨੇ ਇਸ ਖੇਤਰ 'ਤੇ ਕਬਜ਼ਾ ਕੀਤਾ, ਇਸਲਾਮ ਦਾ ਕਾਫੀ ਪ੍ਰਚਾਰ ਹੋਇਆ ਤੇ ਇਹ ਖੇਤਰ ਇਕ ਮਹੱਤਵਪੂਰਨ ਇਸਲਾਮੀ ਕੇਂਦਰ ਬਣ ਗਿਆ। 1947 ਦੀ ਵੰਡ ਵੇਲੇ ਪਾਕਿਸਤਾਨ ਦੇ ਪੱਛਮੀ ਖੇਤਰ ਦੀ 60-75% ਆਬਾਦੀ ਸਰਾਇਕੀ ਬੋਲਣ ਵਾਲਿਆਂ ਦੀ ਸੀ। ਪੂਰਬੀ ਪੰਜਾਬ ਵਿਚ ਲੱਗਭਗ 45% ਮੁਸਲਿਮ ਆਬਾਦੀ ਸੀ ਅਤੇ ਲੱਗਭਗ ਸਾਰੇ ਹੀ ਪਾਕਿਸਤਾਨ ਅਤੇ ਭਾਰਤ ਦੇ ਦੂਜੇ ਖੇਤਰਾਂ ਵੱਲ ਕੂਚ ਕਰ ਗਏ।
ਪਾਕਿਸਤਾਨ ਵਿਚ ਇਸ ਵੇਲੇ ਮੁਲਤਾਨ, ਬਹਾਵਲਪੁਰ, ਡੇਰਾ ਗਾਜ਼ੀ ਖਾਨ, ਸਰਗੋਧਾ ਡਵੀਜ਼ਨ, ਝੰਗ ਦੇ ਸਾਰੇ ਜ਼ਿਲਿਆਂ (ਇਹ ਸਾਰੇ ਖੇਤਰ ਪੰਜਾਬ ਵਿਚ ਹਨ) ਅਤੇ ਡੇਰਾ ਇਸਮਾਈਲ ਖਾਂ ਵਿਚ ਸਰਾਇਕੀ ਬੋਲਣ ਵਾਲਿਆਂ ਦੀ ਬਹੁਗਿਣਤੀ ਹੈ। ਪੁਰਾਤਨ ਸਮੇਂ ਵਿਚ ਇਹ ਸਾਰੇ ਇਲਾਕੇ ਮੁਲਤਾਨ ਦੇ ਪ੍ਰਬੰਧਕੀ ਖੇਤਰ 'ਚ ਪੈਂਦੇ ਸਨ। 
ਸਰਾਇਕੀ ਮੂਲ ਤੌਰ 'ਤੇ ਇਕ ਇੰਡੋ-ਆਰੀਅਨ ਭਾਸ਼ਾ ਹੈ, ਜਿਹੜੀ ਮੁੱਖ ਤੌਰ 'ਤੇ ਪੰਜਾਬ ਦੇ ਦੱਖਣ-ਪੱਛਮੀ ਹਿੱਸੇ 'ਚ ਬੋਲੀ ਜਾਂਦੀ ਸੀ। ਮੁਲਤਾਨੀ, ਰਿਆਸਤੀ, ਬਹਾਵਲਪੁਰੀ, ਥੱਲੀ ਇਸ ਦੀਆਂ ਉਪ-ਬੋਲੀਆਂ ਹਨ। ਸਿੰਧ ਵਿਚ ਵੀ ਬੋਲੀ ਜਾਣ ਵਾਲੀ ਸਿੰਧੀ ਭਾਸ਼ਾ ਦੀਆਂ ਤਿੰਨ ਉਪ-ਬੋਲੀਆਂ 'ਚੋਂ ਸਰਾਇਕੀ ਇਕ ਉਪ-ਬੋਲੀ ਹੈ। 
ਲਿੱਪੀ : ਉਨ੍ਹਾਂ ਦਿਨਾਂ ਵਿਚ ਪੰਜਾਬੀ, ਹਿੰਦੀ, ਸਿੰਧੀ, ਸਰਾਇਕੀ, ਬਲੂਚੀ, ਕਸ਼ਮੀਰੀ, ਪਸ਼ਤੋ ਅਤੇ ਪੋਠੋਹਾਰੀ ਨੂੰ 'ਲੰਡਿਆਂ' ਵਿਚ ਲਿਖਿਆ ਜਾਂਦਾ ਸੀ। ਅਜਿਹਾ ਉਦੋਂ ਸਿੱਖਿਆ ਸਾਧਨ ਜ਼ਿਆਦਾ ਨਾ ਹੋਣ, ਸਕੂਲਾਂ ਅਤੇ ਮਦਰੱਸਿਆਂ ਵਿਚ ਰਵਾਇਤੀ ਸਿੱਖਿਆ ਦਾ ਪ੍ਰਚਾਰ-ਪ੍ਰਸਾਰ ਘੱਟ ਹੋਣ ਕਾਰਨ ਲੋਕ ਆਪਣਾ ਕੰਮ ਚਲਾਉਣ, ਕਾਰੋਬਾਰ, ਹਿਸਾਬ-ਕਿਤਾਬ ਲਈ ਬਹੀਆਂ ਆਦਿ ਤਿਆਰ ਕਰਨ ਲਈ ਇਸ 'ਲੰਡਾ ਲਿੱਪੀ' ਦਾ ਇਸਤੇਮਾਲ ਕਰਦੇ ਸਨ। 
'ਲੰਡਾ' ਇਕ ਪੰਜਾਬੀ ਸ਼ਬਦ ਹੈ, ਜਿਸ ਦਾ ਅਰਥ ਹੈ 'ਬਿਨਾਂ ਪੂਛ ਦੇ'। ਉੱਤਰੀ ਭਾਰਤ ਵਿਚ ਇਸ ਦਾ ਪ੍ਰਚਲਨ ਕਾਫੀ ਸੀ। ਇਸ ਲਿੱਪੀ ਵਿਚ ਲਗਾਂ-ਮਾਤਰਾਵਾਂ ਨਹੀਂ ਹੁੰਦੀਆਂ। ਕਾਰੋਬਾਰ 'ਚ ਇਹ ਪ੍ਰਮੁੱਖ ਲਿੱਪੀ ਵਜੋਂ ਵਰਤੀ ਜਾਂਦੀ ਸੀ। ਸਾਹਿਤ ਜਾਂ ਸਿੱਖਿਆ ਦੇ ਖੇਤਰ, ਸਕੂਲਾਂ ਆਦਿ ਵਿਚ ਆਮ ਤੌਰ 'ਤੇ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ। 
'ਲੰਡਾ' ਲਿੱਪੀ ਮੂਲ ਤੌਰ 'ਤੇ ਦਸਵੀਂ ਸਦੀ ਵਿਚ ਸ਼ਾਰਦਾ ਲਿੱਪੀ ਤੋਂ ਵਿਕਸਿਤ ਹੋਈ, ਜਿਸ ਦੀ ਮੁੱਖ ਤੌਰ 'ਤੇ ਵਰਤੋਂ ਭਾਰਤ ਦੇ ਉੱਤਰੀ ਅਤੇ ਉੱਤਰ-ਪੱਛਮੀ ਇਲਾਕਿਆਂ, ਜਿਵੇਂ ਕਿ ਪੰਜਾਬ, ਸਿੰਧ, ਕਸ਼ਮੀਰ, ਬਲੂਚਿਸਤਾਨ ਅਤੇ ਸਰਹੱਦੀ ਖੇਤਰ 'ਚ ਕੀਤੀ ਜਾਂਦੀ ਸੀ। 
ਖੋਜਕੀ ਲੰਡੇ, ਲਾਹੌਰੀ ਲੰਡੇ, ਮਹਾਜਨੀ ਲੰਡੇ, ਮਾਰਵਾੜੀ ਲੰਡੇ ਇਸ ਦੀਆਂ ਕੁਝ ਪ੍ਰਚੱਲਿਤ ਕਿਸਮਾਂ ਹਨ। ਪੁਰਾਤਨ ਕਾਲ ਵਿਚ ਸਿੰਧੀ ਭਾਸ਼ਾ ਲਈ ਵਰਤੀ ਜਾਂਦੀ ਖ਼ੁਦਾਬਾਦੀ ਲਿੱਪੀ ਦੀ ਉਤਪਤੀ ਵੀ ਲੰਡਾ ਲਿੱਪੀ 'ਚੋਂ ਹੀ ਹੋਈ ਹੈ। 
ਕਾਰੋਬਾਰੀਆਂ ਲਈ ਵਰਤੀ ਜਾਣ ਵਾਲੀ 'ਲੰਡਾ' ਲਿੱਪੀ ਦੀ ਸਭ ਤੋਂ ਅਹਿਮ ਗੱਲ ਇਹ  ਸੀ ਕਿ ਇਸ ਦੇ ਅੱਖਰਾਂ ਦੀ ਬਣਤਰ ਹਰ ਇਲਾਕੇ ਵਿਚ ਵੱਖਰੀ ਹੁੰਦੀ ਸੀ, ਮਿਆਰੀ ਜਾਂ ਟਕਸਾਲੀ ਲਿੱਪੀ ਦਾ ਇਕ ਨਮੂਨਾ ਨਾਲ ਦਿੱਤੇ ਚਿੱਤਰ ਅਨੁਸਾਰ ਹੈ।
ਆਪਣਾ ਹਿਸਾਬ-ਕਿਤਾਬ ਇਕ-ਦੂਜੇ ਤੋਂ ਗੁਪਤ ਰੱਖਣ ਲਈ ਲੰਡਿਆਂ ਦੀ ਮਹੱਤਤਾ ਵਧ ਗਈ ਸੀ। ਅੱਜਕਲ ਵੀ ਕਈ ਦੁਕਾਨਦਾਰ ਇਨ੍ਹਾਂ ਲੰਡਿਆਂ ਵਿਚ ਆਪਣੀਆਂ ਬਹੀਆਂ ਬਣਾਉਂਦੇ ਹਨ। ਇਨਕਮ ਟੈਕਸ ਵਿਭਾਗ ਵਾਲਿਆਂ ਨੇ ਵੀ ਲੰਡਿਆਂ ਦਾ ਗਿਆਨ ਰੱਖਣ ਵਾਲੇ ਕਈ ਵਿਅਕਤੀ ਨਿਯੁਕਤ ਕੀਤੇ ਹੋਏ ਹਨ। 
ਇਸ ਵੇਲੇ ਪਾਕਿਸਤਾਨ ਵਿਚ ਸਰਾਇਕਿਸਤਾਨ ਨਾਂ ਦਾ ਇਕ ਨਵਾਂ ਸੂਬਾ ਬਣਾਉਣ ਦੀ ਮੰਗ ਜ਼ੋਰ ਫੜ ਰਹੀ ਹੈ, ਜਿਸ ਵਿਚ ਸਰਾਇਕੀ ਬੋਲਣ ਵਾਲਿਆਂ ਦੀ ਬਹੁਗਿਣਤੀ ਹੈ। ਇਹ ਇਲਾਕੇ ਹਨ ਪੰਜਾਬ ਸੂਬੇ ਦੇ ਦੱਖਣੀ ਅਤੇ ਪੱਛਮੀ ਭਾਗ। ਇਸ ਵਿਚ ਮੁਲਤਾਨ, ਬਹਾਵਲਪੁਰ, ਡੇਰਾ ਗਾਜ਼ੀ ਖਾਨ, ਸਰਗੋਧਾ ਡਵੀਜ਼ਨਾਂ, ਝੰਗ ਦਾ ਜ਼ਿਲਾ ਅਤੇ ਡੇਰਾ ਇਸਮਾਈਲ ਖਾਂ ਆਉਂਦੇ ਹਨ।
ਸਰਾਇਕੀ ਮੂਲ ਦੇ ਭਾਰਤੀ ਲੱਗਭਗ ਸਾਰੇ ਭਾਰਤ 'ਚ ਫੈਲੇ ਹੋਏ ਹਨ। ਰਾਜਪੁਰਾ ਟਾਊਨਸ਼ਿਪ, ਤ੍ਰਿਪੜੀ ਟਾਊਨਸ਼ਿਪ (ਪਟਿਆਲਾ) ਪਾਕਿਸਤਾਨ ਛੱਡ ਕੇ ਆਏ ਬਹਾਵਲਪੁਰ ਬਰਾਦਰੀ ਦੇ ਪਰਿਵਾਰਾਂ ਲਈ ਵਿਸ਼ੇਸ਼ ਤੌਰ 'ਤੇ ਵਸਾਏ ਗਏ ਸਨ। 
ਆਪਣੀ ਲਗਨ, ਮਿਹਨਤ, ਈਮਾਨਦਾਰੀ ਅਤੇ ਭਾਈਚਾਰਕ ਸਾਂਝ ਕਾਰਨ ਇਨ੍ਹਾਂ ਨੇ ਆਪਣੀ ਜ਼ਿੰਦਗੀ ਜ਼ੀਰੋ ਤੋਂ ਸ਼ੁਰੂ ਕਰ ਕੇ ਸਮਾਜ ਵਿਚ ਇਕ ਸਨਮਾਨਯੋਗ ਥਾਂ ਬਣਾਈ ਹੈ। 
ਹਾਈਕੋਰਟ ਦੇ ਜਸਟਿਸ, ਉੱਚ ਪ੍ਰਸ਼ਾਸਕੀ ਅਫਸਰ, ਵਕੀਲ, ਡਾਕਟਰ, ਇੰਜੀਨੀਅਰ, ਸਫਲ ਕਾਰੋਬਾਰੀਆਂ ਤੋਂ ਇਲਾਵਾ ਰਾਜਨੀਤੀ ਦੇ ਖੇਤਰ ਵਿਚ ਵੀ ਕੇਂਦਰ ਸਰਕਾਰ, ਸੂਬਾ ਸਰਕਾਰਾਂ ਵਿਚ ਮੁੱਖ ਮੰਤਰੀ, ਮੰਤਰੀ, ਰਾਜਪਾਲ, ਐੱਮ. ਪੀ., ਐੱਮ. ਐੱਲ. ਏ. ਦੇ ਅਹੁਦਿਆਂ 'ਤੇ ਬਿਰਾਜਮਾਨ ਹੋ ਕੇ ਆਪਣੀ ਈਮਾਨਦਾਰੀ ਅਤੇ ਮਿਹਨਤ ਦਾ ਸਿੱਕਾ ਜਮਾਇਆ ਹੈ। 
ਭਾਰਤੀ ਬਹਾਵਲਪੁਰ ਮਹਾਸੰਘ (ਰਜਿ.) ਕੌਮੀ ਪੱਧਰ ਦੀ ਇਕ ਸੰਸਥਾ ਹੈ, ਜਿਸ ਦਾ ਮੁੱਖ ਮਕਸਦ ਬਰਾਦਰੀ ਨੂੰ ਇਕ ਮਾਲਾ ਵਿਚ ਪਿਰੋਣਾ ਹੈ। ਮਹਾਸੰਘ ਦੇ ਸਮਾਜ ਭਲਾਈ ਦੇ ਹੋਰ ਕਾਰਜਾਂ ਤੋਂ ਇਲਾਵਾ ਇਕ ਯਤਨ ਸਰਾਇਕੀ ਭਾਸ਼ਾ ਨੂੰ ਸਰਕਾਰੀ ਪੱਧਰ 'ਤੇ ਮਾਨਤਾ ਦਿਵਾਉਣਾ ਹੈ, ਜਿਸ ਦੇ ਲਈ ਬਰਾਦਰੀ ਦੇ ਜਗਦੀਸ਼ ਮੁਖੀ (ਮਾਣਯੋਗ ਰਾਜਪਾਲ, ਆਸਾਮ) ਦੇ ਯਤਨਾਂ ਨਾਲ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇਸ 'ਤੇ ਵਿਚਾਰ ਕਰਨ ਲਈ ਸਬੰਧਤ ਵਿਭਾਗਾਂ ਨੂੰ ਲਿਖਤੀ ਤੌਰ 'ਤੇ ਚਿੱਠੀਆਂ ਭੇਜ ਦਿੱਤੀਆਂ ਹਨ ਤਾਂ ਜੋ ਭਾਰਤ ਵਿਚ ਵਸਦੇ ਲੱਗਭਗ 30 ਕਰੋੜ ਸਰਾਇਕੀ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਹੋ ਸਕੇ।   (mlhasi੍ਰa੪੬@gmail.com)


Related News