ਕਿੰਨਰ ਸ਼ਬਨਮ ਮੌਸੀ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਫਿਰ ਲੜਨ ਦੀ ਤਿਆਰੀ ’ਚ

Thursday, Oct 25, 2018 - 06:05 AM (IST)

ਮਹੀਨੇ ਮੱਧ ਪ੍ਰਦੇਸ਼ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਿੰਨਰਾਂ (ਖੁਸਰਿਆਂ) ਨੇ ਆਪਣੇ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਲੜਨ ਲਈ ਅੱਗੇ ਆਉਣ।  ਜ਼ਿਕਰਯੋਗ  ਹੈ  ਕਿ  ਮੱਧ ਪ੍ਰਦੇਸ਼  ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿਥੇ 1998 ’ਚ ਸੁਹਾਗਪੁਰ ਸੀਟ ਤੋਂ ਜਿੱਤ ਕੇ ਸ਼ਬਨਮ ਮੌਸੀ ਨਾਮੀ ਕਿੰਨਰ ਵਿਧਾਨ ਸਭਾ ’ਚ ਪਹੁੰਚੀ ਸੀ। 
ਕਿੰਨਰ ਅਖਾੜੇ ਦੀ ਮਹਾਮੰਡਲੇਸ਼ਵਰ ਲਕਸ਼ਮੀ ਨਾਰਾਇਣ  ਤ੍ਰਿਪਾਠੀ ਨੇ ਇਥੇ ਇਕ ਪ੍ਰੈੱਸ ਮਿਲਣੀ ’ਚ ਬੋਲਦਿਆਂ ਕਿਹਾ ਕਿ ‘‘ਜੇ ਕੋਈ ਸਾਡੇ ਭਾਈਚਾਰੇ ’ਚੋਂ ਚੋਣਾਂ ਲੜਨਾ ਚਾਹੁੰਦਾ ਹੈ ਤਾਂ ਕਿੰਨਰ ਅਖਾੜਾ ਉਨ੍ਹਾਂ ਦਾ ਸਮਰਥਨ ਕਰਨ ਲਈ ਬਿਲਕੁਲ ਤਿਆਰ ਹੈ।’’ 
28 ਨਵੰਬਰ ਨੂੰ ਹੋਣ ਜਾ ਰਹੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿੰਨਰ ਅਖਾੜੇ ਨੇ, ਜੋ ਕਿੰਨਰਾਂ ਦੀ ਸਭ ਤੋਂ ਵੱਡੀ ਬਾਡੀ ਹੈ, ਚੋਣਾਂ ਲਈ ਆਪਣੇ ਭਾਈਚਾਰੇ ਦੇ ਮੈਂਬਰਾਂ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਥੋਂ ਕਿੰਨਰ ਪਹਿਲਾਂ ਵੀ ਚੋਣਾਂ ਜਿੱਤਦੇ ਰਹੇ ਹਨ। 
ਲਗਭਗ 20 ਸਾਲ ਪਹਿਲਾਂ ਸ਼ਬਨਮ ਮੌਸੀ ਨੇ ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਐੈੱਮ. ਐੈੱਲ. ਏ. ਬਣ ਕੇ ਇਤਿਹਾਸ ਰਚਿਆ ਸੀ। ਸੰਨ 1998 ’ਚ ਸ਼ਬਨਮ ਮੌਸੀ ਅਨੂਪਪੁਰ ਜ਼ਿਲੇ ਦੀ ਸੁਹਾਗਪੁਰ ਸੀਟ ਤੋਂ ਅਸੈਂਬਲੀ ਚੋਣ ਜਿੱਤੀ ਸੀ ਅਤੇ 320 ਮੈਂਬਰੀ ਰਾਜ ਵਿਧਾਨ ਸਭਾ ’ਚ ਇਕ ਆਜ਼ਾਦ ਐੈੱਮ. ਐੈੱਲ. ਏ. ਵਜੋੋਂ ਆਪਣੀ ਹਾਜ਼ਰੀ ਦਰਜ ਕਰਵਾਈ ਸੀ। ਉਨ੍ਹਾਂ ਦੀ ਜਿੱਤ ਨੇ ਹੋਰਨਾਂ ਕਿੰਨਰਾਂ ਲਈ ਵੀ ਰਾਹ ਪੱਧਰਾ ਕਰ ਦਿੱਤਾ ਸੀ ਤੇ ਕਮਲਾ ਜਾਨ ਨਾਮੀ ਕਿੰਨਰ ਜਬਲਪੁਰ ਨੇੜਲੇ ਕਸਬੇ ਕਟਨੀ ਦੀ ਮੇਅਰ ਬਣੀ ਸੀ। 
ਹੁਣ ਸ਼ਬਨਮ ਮੌਸੀ ਫਿਰ ਵਾਪਸੀ ਕਰਨ ਲਈ ਤਿਆਰ ਹੈ ਤੇ ਅਨੂਪਪੁਰ ਦੇ ਕਬਾਇਲੀ ਪ੍ਰਭਾਵ ਵਾਲੇ ਖੇਤਰ ’ਚ ਕੋਟਮਾ (ਅਣਰਾਖਵੀਂ ਸੀਟ) ਤੋਂ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ। ਹੁਣੇ ਜਿਹੇ ਸ਼ਬਨਮ ਮੌਸੀ ਸੂਬਾਈ ਕਾਂਗਰਸ ਦੇ ਭੋਪਾਲ ’ਚ ਸਥਿਤ ਹੈੱਡਕੁਆਰਟਰ ਗਈ ਸੀ ਤਾਂ ਕਿ ਕਾਂਗਰਸ ਦੀ ਮੈਂਬਰ ਬਣ ਸਕੇ ਪਰ ਉਹ ਨਹੀਂ ਬਣ ਸਕੀ।
ਜ਼ਿਕਰਯੋਗ ਹੈ ਕਿ ਦਸੰਬਰ 2009 ’ਚ ਕਮਲਾ ਬੂਆ ਨਾਮੀ ਕਿੰਨਰ ਸਾਗਰ ਮਿਊਂਸੀਪਲ ਕਾਰਪੋਰੇਸ਼ਨ ਦੇ ਮੇਅਰ ਦੀ ਚੋਣ ਜਿੱਤੀ ਸੀ। ਉਦੋਂ ਉਸ ਨੇ ਭਾਜਪਾ ਉਮੀਦਵਾਰ ਸੁਮਨ ਅਹੀਰਵਾਰ ਨੂੰ ਹਰਾਇਆ ਸੀ ਪਰ ਕਮਲਾ ਜਾਨ ਤੇ ਕਮਲਾ ਬੂਆ ਦੋਹਾਂ ਦੀ ਟੈਕਨੀਕਲ ਆਧਾਰ ’ਤੇ ਨਿਯੁਕਤੀ ਨਹੀਂ ਹੋ ਸਕੀ ਸੀ। 
2 ਸਾਲ ਪਹਿਲਾਂ ਕਿੰਨਰਾਂ ਨੇ ਦੇਸ਼ ਦੇ ਸਭ ਤੋਂ ਵੱਡੇ ਹਿੰਦੂ ਮੇਲੇ, ਜੋ ‘ਸਿੰਘਸਥ ਕੁੰਭ ਮੇਲਾ-2016’ ਦੇ ਨਾਂ ਨਾਲ ਜਾਣਿਆ ਗਿਆ, ਵਿਚ ਆਪਣੀ ਹਾਜ਼ਰੀ ਦਰਜ ਕਰਵਾਈ ਸੀ। ਇਹ ਮੇਲਾ ਉੱਜੈਨ ਦੇ ਇਕ ਪ੍ਰਾਚੀਨ ਜ਼ਿਲੇ ’ਚ ਲੱਗਾ ਸੀ।  ਪਿਛਲੇ 5 ਸਾਲਾਂ ਤਕ ਮੱਧ ਪ੍ਰਦੇਸ਼ ’ਚ ਟ੍ਰਾਂਸਜੈਂਡਰ ਵੋਟਰਾਂ ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ ਤੇ ਇਹ 300 ਨੂੰ ਟੱਪ ਗਈ ਹੈ।
 ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਤੀਜੇ ਲਿੰਗ ਦੇ 970 ਵੋਟਰ ਰਜਿਸਟਰਡ ਹੋਏ ਸਨ ਤੇ ਹੁਣੇ ਜਿਹੇ ਤਾਜ਼ਾ ਛਪ ਕੇ ਆਈ ਵੋਟਰ ਸੂਚੀ ’ਚ ਇਹ ਗਿਣਤੀ 1286 ਹੈ।
ਸੂਬੇ ਦੇ ਮੁੱਖ ਚੋਣ ਅਧਿਕਾਰੀ ਵੀ. ਐੈੱਲ. ਕਾਂਤਾਰਾਓ ਅਨੁਸਾਰ ਤੀਜੇ ਲਿੰਗ ਦੀ ਕੈਟਾਗਰੀ ’ਚ ਕੁਲ 1410 ਵਿਅਕਤੀਆਂ ਦੇ ਨਾਂ ਦਰਜ ਹਨ। ਲਕਸ਼ਮੀ ਨਾਰਾਇਣ ਤ੍ਰਿਪਾਠੀ ਦਾ ਦੋਸ਼ ਹੈ ਕਿ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕਿੰਨਰ ਭਾਈਚਾਰੇ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ’ਚ ਸਫਲ ਨਹੀਂ ਹੋ ਸਕੇ। 2016 ’ਚ ਉਨ੍ਹਾਂ ਨੇ ਟ੍ਰਾਂਸਜੈਂਡਰ ਭਾਈਚਾਰੇ ਲਈ ਮਹਾਮੰਡਲ ਦਾ ਗਠਨ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਆਪਣੇ ਇਸ ਵਾਅਦੇ ਨੂੰ ਪੂਰਾ ਨਹੀਂ ਕਰ ਸਕੇ।


Related News