ਜੈਅੰਤ ਅਡਵਾਨੀ ਦਾ ਮੋਦੀ ਨਾਲ ਕੀ ਹੈ ਸਿੱਧਾ ਕੁਨੈਕਸ਼ਨ

Sunday, Jul 08, 2018 - 07:15 AM (IST)

ਜੈਅੰਤ ਅਡਵਾਨੀ ਦਾ ਮੋਦੀ ਨਾਲ ਕੀ ਹੈ ਸਿੱਧਾ ਕੁਨੈਕਸ਼ਨ

ਸਿਆਸਤ ਤਾਂ ਜਿਵੇਂ ਉਨ੍ਹਾਂ ਦੀਆਂ ਰਗਾਂ ਵਿਚ ਉਬਾਲੇ ਖਾ ਰਹੀ ਹੋਵੇ, ਨਰਿੰਦਰ ਮੋਦੀ ਨੇ ਤਾਂ ਆਪਣੇ ਸਿਆਸੀ ਗੁਰੂ ਅਡਵਾਨੀ ਨੂੰ ਹੀ ਸਿਆਸਤ ਦਾ ਇਕ ਨਵਾਂ ਪਾਠ ਯਾਦ ਕਰਾ ਦਿੱਤਾ ਹੈ। 15 ਦਿਨ ਪਹਿਲਾਂ ਦੀ ਗੱਲ ਹੈ, ਅਡਵਾਨੀ ਦੇ ਪੁੱਤਰ ਜੈਅੰਤ ਅਡਵਾਨੀ ਦੇ ਮੋਬਾਇਲ ਦੀ ਘੰਟੀ ਨੇ ਰੌਲਾ ਪਾਉਣਾ ਸ਼ੁਰੂ ਕੀਤਾ। ਉਦੋਂ ਉਹ ਨੋਇਡਾ ਸਥਿਤ ਆਪਣੀ ਫੈਕਟਰੀ ਵਿਚ ਕਿਸੇ ਕੰਮ ਵਿਚ ਰੁੱਝੇ ਹੋਏ ਸਨ।
ਸੂਤਰ ਦੱਸਦੇ ਹਨ ਕਿ ਉਦੋਂ ਜੈਅੰਤ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ, ਜਦੋਂ ਉਨ੍ਹਾਂ ਨੂੰ ਇਲਮ ਹੋਇਆ ਕਿ ਲਾਈਨ ਦੇ ਦੂਜੇ ਪਾਸੇ ਕੋਈ ਹੋਰ ਨਹੀਂ, ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਕਹਿੰਦੇ ਹਨ, ਜੈਅੰਤ ਨਾਲ ਪ੍ਰਧਾਨ ਮੰਤਰੀ ਦੀ ਪਹਿਲਾਂ ਤੋਂ ਹੀ ਚੰਗੀ ਬਣਦੀ ਹੈ, ਸੋ ਬਿਨਾਂ ਕੋਈ ਭੂਮਿਕਾ ਬੰਨ੍ਹੇ ਮੋਦੀ ਨੇ ਤੁਰੰਤ ਪੁੱਛਿਆ—''ਤੁਸੀਂ ਘਰ ਕਦੋਂ ਪਹੁੰਚੋਗੇ? ਮੈਂ ਅੱਜ ਤੁਹਾਡੇ ਘਰ ਆ ਰਿਹਾ ਹਾਂ।'' ਜੈਅੰਤ ਨੇ ਹੈਰਾਨੀ ਨਾਲ ਕਿਹਾ, ''ਤੁਸੀਂ ਦੱਸੋ, ਕਦੋਂ ਆਉਣਾ ਚਾਹੋਗੇ, ਮੈਂ ਹੁਣੇ ਤੁਰੰਤ ਘਰ ਪਰਤ ਜਾਂਦਾ ਹਾਂ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਘਰ ਆਉਣਾ ਚਾਹੁੰਦੇ ਹਨ।'' ਉਦੋਂ ਮੋਦੀ ਨੇ ਕੁਝ ਗੰਭੀਰ ਹੁੰਦੇ ਹੋਏ ਕਿਹਾ, ''ਪ੍ਰਧਾਨ ਮੰਤਰੀ ਦੀ ਹੈਸੀਅਤ ਨਾਲ ਨਹੀਂ, ਇਕ ਦੋਸਤ ਦੀ ਹੈਸੀਅਤ ਨਾਲ ਤੁਹਾਡੇ ਘਰ ਆਉਣਾ ਚਾਹੁੰਦਾ ਹਾਂ।'' ਇਸ ਗੱਲ ਦੀ ਇਤਲਾਹ ਜੈਅੰਤ ਨੇ ਤੁਰੰਤ ਆਪਣੇ ਪਿਤਾ ਨੂੰ ਦਿੱਤੀ। 
ਇਸ ਖ਼ਬਰ 'ਤੇ ਇਕ ਵਾਰ ਤਾਂ ਅਡਵਾਨੀ ਵੀ ਹੈਰਾਨ ਹੋਏ ਪਰ ਬਦਲਦੀ ਸਿਆਸਤ ਨੂੰ ਸਮਝਣ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ, ਸੋ ਅਡਵਾਨੀ ਸਮਝ ਗਏ ਕਿ ਮੋਦੀ-ਸ਼ਾਹ ਕਿਉਂ ਉਨ੍ਹਾਂ ਕੋਲ ਆਉਣਾ ਚਾਹੁੰਦੇ ਹਨ। ਸ਼ਾਮ ਨੂੰ ਭਾਜਪਾ ਦੇ ਦੋਵੇਂ ਉੱਚ ਆਗੂ ਅਡਵਾਨੀ ਦੇ ਘਰ ਪਹੁੰਚੇ, ਪੁਰਾਣੇ ਗਿਲੇ-ਸ਼ਿਕਵੇ ਭੁਲਾ ਦੇਣ ਦੀ ਗੱਲ ਹੋਈ ਅਤੇ ਫਿਰ ਅਡਵਾਨੀ ਦੇ ਸਾਹਮਣੇ ਇਹ ਅਪੀਲ ਕੀਤੀ ਗਈ ਕਿ ਇਸ ਵਾਰ ਦੀਆਂ ਚੋਣਾਂ ਵਿਚ ਭਾਜਪਾ ਲਈ ਇਕ-ਇਕ ਸੀਟ ਦੀ ਗਿਣਤੀ ਮਹੱਤਵਪੂਰਨ ਹੈ। ਸੋ ਇਸ ਵਾਰ ਵੀ ਉਨ੍ਹਾਂ ਨੂੰ ਗਾਂਧੀਨਗਰ ਸੰਸਦੀ ਸੀਟ ਤੋਂ ਹੀ ਚੋਣ ਲੜਨੀ ਹੋਵੇਗੀ।
90 ਸਾਲਾ ਅਡਵਾਨੀ ਇਹ ਸੀਟ ਆਪਣੀ ਧੀ ਪ੍ਰਤਿਭਾ ਲਈ ਚਾਹੁੰਦੇ ਸਨ, ਜੈਅੰਤ ਦੀ ਨਜ਼ਰ ਵੀ ਇਸੇ ਸੀਟ 'ਤੇ ਹੈ ਅਤੇ ਮੋਦੀ-ਸ਼ਾਹ ਦੋਹਾਂ ਦੀਆਂ ਨਜ਼ਰਾਂ ਇਨ੍ਹਾਂ ਤਿੰਨਾਂ 'ਤੇ ਹਨ। ਇਸ ਪ੍ਰਸਤਾਵ 'ਤੇ ਅਡਵਾਨੀ ਕੁਝ ਬੋਲ ਨਹੀਂ ਸਕੇ ਪਰ ਇਸੇ ਦੌਰਾਨ ਉਨ੍ਹਾਂ ਦੇ ਦਿਲੋਂ ਆਵਾਜ਼ ਉੱਠੀ—'ਆਂਧੀਓਂ ਸੇ ਪਹਿਲੇ ਹਮਨੇ ਭੀ ਚਿਰਾਗ ਖੂਬ ਜਲਾਏ ਥੇ, ਬਸਤੀ ਕੀ ਰੌਨਕੇਂ ਭਲੇ ਹੀ ਆਜ ਅੰਧੇਰੋਂ ਮੇਂ ਗੁਮ ਹੋ ਗਈ ਹੋਂ।'
ਅਕਾਲੀ ਜਾਂ ਤ੍ਰਿਣਮੂਲ ਕਿਸ ਦਾ ਹੋਵੇਗਾ ਡਿਪਟੀ ਸਪੀਕਰ 
ਰਾਜ ਸਭਾ ਵਿਚ ਡਿਪਟੀ ਸਪੀਕਰ ਚੁਣੇ ਜਾਣ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਬਦਲਦੇ ਸਮੇਂ ਦੀਆਂ ਬਿੜ੍ਹਕਾਂ ਨੂੰ ਮਹਿਸੂਸ ਕਰਦੇ ਹੋਏ ਭਾਜਪਾ ਦੀ ਉੱਚ ਲੀਡਰਸ਼ਿਪ ਇਹ ਅਹੁਦਾ ਆਪਣੇ ਕਿਸੇ ਗੱਠਜੋੜ ਸਾਥੀ ਨੂੰ ਦੇ ਕੇ ਉਨ੍ਹਾਂ ਨੂੰ ਨਿਹਾਲ ਕਰਨਾ ਚਾਹੁੰਦੀ ਹੈ, ਜਿਸ ਨਾਲ ਭਾਜਪਾ ਦੇ ਗੱਠਜੋੜ ਸਾਥੀਆਂ ਵਿਚ ਇਹ ਸੰਦੇਸ਼ ਪਹੁੰਚਾਇਆ ਜਾ ਸਕੇ ਕਿ ਭਗਵਾ ਪਾਰਟੀ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ। ਅਜਿਹੇ ਵਿਚ ਇਕ ਨਾਂ ਸ਼੍ਰੋਮਣੀ ਅਕਾਲੀ ਦਲ ਦੇ ਨਰੇਸ਼ ਗੁਜਰਾਲ ਦਾ ਸਾਹਮਣੇ ਆਇਆ ਹੈ, ਭਾਜਪਾ ਗੁਜਰਾਲ ਦੇ ਨਾਂ 'ਤੇ ਇਕ ਆਮ ਸਹਿਮਤੀ ਬਣਾਉਣਾ ਚਾਹੁੰਦੀ ਹੈ। ਓਧਰ ਰਾਜ ਸਭਾ ਵਿਚ ਜਿਨ੍ਹਾਂ ਦਾ ਦਾਅਵਾ ਸਭ ਤੋਂ ਮਜ਼ਬੂਤ ਹੈ, ਉਹ ਰਾਹੁਲ ਗਾਂਧੀ ਵਿਰੋਧੀ ਏਕਤਾ ਦੇ ਨਵੇਂ ਸੁਰ ਨੂੰ ਮਜ਼ਬੂਤੀ ਦੇਣਾ ਚਾਹੁੰਦੇ ਹਨ। ਇਸ ਲਈ ਉਹ ਮਮਤਾ ਦੀ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਖੇਂਦੂ ਸ਼ੇਖਰ ਰਾਏ ਦਾ ਨਾਂ ਅੱਗੇ ਵਧਾ ਰਹੇ ਹਨ ਪਰ ਇਸ ਨਾਂ 'ਤੇ ਅਜੇ ਹੋਰਨਾਂ ਵਿਰੋਧੀ ਪਾਰਟੀਆਂ ਦੀ ਸਹਿਮਤੀ ਆਉਣੀ ਬਾਕੀ ਹੈ।
ਅੱਠਵੀਂ ਪਾਸ ਨੂੰ ਹਾਇਰ ਐਜੂਕੇਸ਼ਨ ਦਾ ਜ਼ਿੰਮਾ
ਕਰਨਾਟਕ ਸਰਕਾਰ ਦੇ ਹਾਇਰ ਐਜੂਕੇਸ਼ਨ ਮੰਤਰੀ ਜੀ. ਟੀ. ਦੇਵੇਗੌੜਾ ਥੋੜ੍ਹੀ ਪ੍ਰੇਸ਼ਾਨੀ ਵਿਚ ਹਨ। ਇਹ ਉਹੀ ਸ਼ਖ਼ਸ ਹਨ, ਜਿਨ੍ਹਾਂ ਨੇ ਚਾਮੁੰਡੇਸ਼ਵਰੀ ਤੋਂ ਤੱਤਕਾਲੀ ਮੁੱਖ ਮੰਤਰੀ ਸਿੱਧਰਮੱਈਆ ਨੂੰ ਇਸ ਵਿਧਾਨ ਸਭਾ ਚੋਣਾਂ ਵਿਚ ਧੂੜ ਚਟਾ ਦਿੱਤੀ ਸੀ। ਇਨਾਮ ਵਜੋਂ ਉਨ੍ਹਾਂ ਨੂੰ ਕੁਮਾਰਸਵਾਮੀ ਸਰਕਾਰ ਵਿਚ ਹਾਇਰ ਐਜੂਕੇਸ਼ਨ ਮੰਤਰੀ ਬਣਾ ਦਿੱਤਾ ਗਿਆ, ਜਦਕਿ ਜੀ. ਟੀ. ਸਿਰਫ ਅੱਠਵੀਂ ਪਾਸ ਹਨ ਅਤੇ ਉਨ੍ਹਾਂ ਨੂੰ ਵੀ ਹਾਇਰ ਐਜੂਕੇਸ਼ਨ ਲੈਣ ਵਿਚ ਝਿਜਕ ਹੋ ਰਹੀ ਸੀ, ਉਦੋਂ ਉਨ੍ਹਾਂ ਨੇ ਵੱਡੇ ਦੇਵੇਗੌੜਾ, ਭਾਵ ਕੁਮਾਰਸਵਾਮੀ ਦੇ ਪਿਤਾ ਨੂੰ ਮਿਲ ਕੇ ਆਪਣੇ ਲਈ ਪਾਵਰ ਜਾਂ ਲੋਕ ਨਿਰਮਾਣ ਮੰਤਰਾਲੇ ਦੀ ਮੰਗ ਕੀਤੀ ਸੀ ਪਰ ਇਸ ਪ੍ਰਸਤਾਵ 'ਤੇ ਕੁਮਾਰਸਵਾਮੀ ਨਹੀਂ ਮੰਨੇ। 
ਲਿਹਾਜ਼ਾ ਜਦੋਂ ਤੋਂ ਜੀ. ਟੀ. ਦੇਵੇਗੌੜਾ ਨੇ ਆਪਣਾ ਹਾਇਰ ਐਜੂਕੇਸ਼ਨ ਮੰਤਰਾਲਾ ਸੰਭਾਲਿਆ ਹੈ, ਆਪਣੀ ਖਰਾਬ ਅੰਗਰੇਜ਼ੀ ਲਈ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਨਿਸ਼ਾਨੇ 'ਤੇ ਹਨ, ਆਏ ਦਿਨ ਟ੍ਰੋਲ ਹੋ ਰਹੇ ਹਨ। ਪਿਛਲੇ ਦਿਨੀਂ ਅਮਰੀਕਾ ਤੋਂ ਆਏ ਇਕ ਵਿਦਿਆਰਥੀ ਵਫਦ ਨਾਲ ਉਨ੍ਹਾਂ ਨੇ ਖਾਲਸ ਕੰਨੜ ਵਿਚ ਗੱਲ ਕੀਤੀ, ਮੰਤਰਾਲੇ ਵਲੋਂ ਇਸ ਦੇ ਲਈ ਇਕ ਦੋ-ਭਾਸ਼ੀਆ ਵੀ ਰੱਖਿਆ ਗਿਆ ਸੀ, ਜੋ ਮੰਤਰੀ ਜੀ ਅਤੇ ਵਿਦਿਆਰਥੀ ਵਫਦ ਵਿਚਾਲੇ ਸੰਵਾਦ ਪੁਲ ਦਾ ਕੰਮ ਕਰ ਰਿਹਾ ਸੀ। ਮੁਨੱਵਰ ਰਾਣਾ ਦੇ ਲਫਜ਼ਾਂ ਵਿਚ ਕਹੀਏ ਤਾਂ ਫਿਰ ਗੱਲ ਇਸ ਤਰ੍ਹਾਂ ਨਿਕਲੇਗੀ—'ਆਈਨਾਖਾਨੇ ਮੇਂ ਰਹਿਨੇ ਕਾ ਯੇ ਇਨਾਮ ਮਿਲਾ, ਏਕ ਮੁੱਦਤ ਸੇ ਨਹੀਂ ਦੇਖਾ ਹੈ ਚਿਹਰਾ ਅਪਨਾ।'
ਯੇਦੀਯੁਰੱਪਾ ਨੂੰ ਸਰਕਾਰੀ ਜਹਾਜ਼ ਦਾ ਬਿੱਲ 
ਕਰਨਾਟਕ ਦੀ ਨਵੀਂ-ਨਵੀਂ ਕੁਮਾਰਸਵਾਮੀ ਸਰਕਾਰ ਨੇ ਭਰੋਸੇ ਦਾ ਵੋਟ ਹਾਸਲ ਕਰਨ ਤੋਂ ਖੁੰਝ ਗਏ ਭਾਜਪਾ ਦੇ ਪ੍ਰਮੁੱਖ ਨੇਤਾ ਯੇਦੀਯੁਰੱਪਾ ਨੂੰ ਸਰਕਾਰੀ ਜਹਾਜ਼ ਦੀ ਵਰਤੋਂ ਕਰਨ ਲਈ ਇਕ ਲੰਮਾ-ਚੌੜਾ ਬਿੱਲ ਫੜਾ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਹਾਲੀਆ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਜਿਵੇਂ ਹੀ ਸੂਬੇ ਦੇ ਗਵਰਨਰ ਨੇ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ, ਉਸ ਤੋਂ ਬਾਅਦ ਉਹ ਲਗਾਤਾਰ ਤਿੰਨ ਵਾਰ ਸੂਬਾਈ ਸਰਕਾਰ ਦੇ ਸਰਕਾਰੀ ਜਹਾਜ਼ ਰਾਹੀਂ ਆਪਣੇ ਗੁਰੂ ਦਾ ਆਸ਼ੀਰਵਾਦ ਹਾਸਲ ਕਰਨ ਲਈ ਉਨ੍ਹਾਂ ਦੇ ਮੱਠ ਤੋਂ ਹੋ ਕੇ ਆਏ। ਦਰਅਸਲ, ਉਦੋਂ ਤਕ ਯੇਦੀਯੁਰੱਪਾ ਨੂੰ ਪੂਰਾ ਭਰੋਸਾ ਸੀ ਕਿ ਗਵਰਨਰ ਨਾਲ ਆਪਣੇ ਮਿੱਠੇ ਸਬੰਧਾਂ ਕਾਰਨ ਭਰੋਸੇ ਦਾ ਵੋਟ ਹਾਸਲ ਕਰਨ ਵਿਚ ਕਾਮਯਾਬ ਹੋ ਜਾਣਗੇ ਪਰ ਕੋਰਟ ਦੇ ਦਖਲ ਤੋਂ ਬਾਅਦ ਪਾਸਾ ਪਲਟ ਗਿਆ ਅਤੇ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਗਿਆ। ਕਹਿੰਦੇ ਹਨ, ਜਦੋਂ ਇਸ ਤੋਂ ਬਾਅਦ ਕੁਮਾਰਸਵਾਮੀ ਨੂੰ ਕਰਨਾਟਕ ਦੀ ਗੱਦੀ ਮਿਲੀ ਤਾਂ ਉਨ੍ਹਾਂ ਨੇ ਯੇਦੀਯੁਰੱਪਾ ਦੇ ਪੁਰਾਣੇ ਹਿਸਾਬ-ਕਿਤਾਬ ਖੰਗਾਲਣੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਨੂੰ ਯੇਦੀਯੁਰੱਪਾ ਵਲੋਂ ਸਰਕਾਰੀ ਜਹਾਜ਼ ਦੀ ਇਸ ਦੁਰਵਰਤੋਂ ਦੀ ਜਾਣਕਾਰੀ ਹਾਸਲ ਹੋਈ ਤਾਂ ਉਨ੍ਹਾਂ ਨੇ ਫੌਰਨ ਆਪਣੇ ਅਧਿਕਾਰੀਆਂ ਨੂੰ ਕਹਿ ਕੇ ਸਰਕਾਰੀ ਜਹਾਜ਼ ਦੀ ਵਰਤੋਂ ਦਾ ਇਕ ਲੰਮਾ-ਚੌੜਾ ਬਿੱਲ ਯੇਦੀਯੁਰੱਪਾ ਨੂੰ ਫੜਾ ਦਿੱਤਾ ਹੈ।
ਸ਼ਾਹ ਨੂੰ ਪਿੰਡਾਂ ਅਤੇ ਗਰੀਬਾਂ ਦੀ ਯਾਦ ਆਈ 
ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਹੁਣ ਇਕ ਬਦਲੇ ਹਾਵ-ਭਾਵ ਨਾਲ ਮੀਡੀਆ ਵਾਲਿਆਂ ਨਾਲ ਰੂ-ਬ-ਰੂ ਹੋ ਰਹੇ ਹਨ। ਉਨ੍ਹਾਂ ਦੇ ਲਹਿਜ਼ੇ ਦੇ ਖੁਰਦਰੇਪਨ ਵਿਚ ਇਕ ਨਵੀਂ ਆਸਥਾ ਦੇ ਬੀਜ ਫੁੱਟਣ ਲੱਗੇ ਹਨ। ਇਕ ਸਮਾਂ ਸੀ, ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਕੁਝ ਮੂੰਹ-ਲੱਗੇ ਪੱਤਰਕਾਰ ਹੀ ਮਿਲ ਸਕਦੇ ਸਨ, ਮਨ ਦੀਆਂ ਗੱਲਾਂ ਕਰ ਸਕਦੇ ਸਨ। ਹੁਣ ਵਕਤ ਦਾ ਦਸਤੂਰ ਬਦਲਿਆ ਹੈ, ਉਨ੍ਹਾਂ ਦੇ ਦਿਲ ਅਤੇ ਦਫਤਰ ਦੇ ਦਰਵਾਜ਼ੇ ਕੁਝ ਮੀਡੀਆ ਵਾਲਿਆਂ ਲਈ ਖੁੱਲ੍ਹ ਗਏ ਹਨ। ਪੱਤਰਕਾਰਾਂ ਦਾ ਉਨ੍ਹਾਂ ਨੂੰ ਮਿਲਣਾ ਅਤੇ ਅਸਹਿਜ ਤੋਂ ਅਸਹਿਜ ਸਵਾਲ ਪੁੱਛਣਾ ਵੀ ਸਹਿਜ ਹੋ ਗਿਆ ਹੈ। ਉਨ੍ਹਾਂ ਦੇ ਦਫਤਰ ਤੋਂ ਪੱਤਰਕਾਰਾਂ ਨੂੰ ਚਾਹ ਦਾ ਸੱਦਾ ਭੇਜਿਆ ਜਾ ਰਿਹਾ ਹੈ, ਖੁਆਇਆ-ਪਿਆਇਆ ਜਾ ਰਿਹਾ ਹੈ। 
ਪਿਛਲੇ ਦਿਨੀਂ ਇਕ ਪ੍ਰੈੱਸ ਪਾਰਟੀ ਨਾਲ ਗੱਲਬਾਤ ਵਿਚ ਸ਼ਾਹ ਨੇ ਇਕ ਨਵਾਂ ਸ਼ੋਸ਼ਾ ਛੱਡਿਆ ਅਤੇ ਕਿਹਾ, ''ਸਰਕਾਰ ਨੂੰ ਗਰੀਬ ਦੇ ਕੋਲ ਜਾਣਾ ਚਾਹੀਦਾ ਹੈ, ਨਾ ਕਿ ਗਰੀਬ ਨੂੰ ਸਰਕਾਰ ਦੇ ਕੋਲ ਆਉਣਾ ਚਾਹੀਦਾ ਹੈ।'' ਸ਼ਾਹ ਦੀ ਇਸੇ ਭਾਵਨਾ ਦਾ ਇਸਤੇਮਾਲ ਕਰਦੇ ਹੋਏ ਮੋਦੀ ਸਰਕਾਰ ਨੇ ਪਹਿਲ ਕਰਦੇ ਹੋਏ ਆਪਣੇ 1200 ਤੋਂ ਵੱਧ ਕਾਬਿਲ ਅਧਿਕਾਰੀਆਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਿੰਡਾਂ 'ਚ ਰਾਤ ਗੁਜ਼ਾਰਨ ਅਤੇ ਉਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਲਈ ਭੇਜਿਆ ਹੈ। ਸ਼ਾਹ ਨੇ ਆਪਣੇ ਪਾਰਟੀ ਕੇਡਰ ਨੂੰ ਸੱਦਾ ਦਿੱਤਾ ਹੈ ਕਿ ਪਾਰਟੀ ਦਾ ਹਰ ਜ਼ਿੰਮੇਵਾਰ ਵਰਕਰ ਘੱਟੋ-ਘੱਟ 2 ਰਾਤਾਂ ਪਿੰਡਾਂ ਵਿਚ ਬਿਤਾਏਗਾ ਅਤੇ ਪਿੰਡ ਵਾਲਿਆਂ ਦੀਆਂ ਦੁੱਖ-ਤਕਲੀਫਾਂ ਤੋਂ ਪਾਰਟੀ ਹਾਈਕਮਾਨ ਨੂੰ ਜਾਣੂ ਕਰਵਾਏਗਾ।
ਉਮਾ, ਬਾਬਾ ਅਤੇ ਗੰਗਾ
ਯੋਗ ਗੁਰੂ ਤੋਂ ਬਿਜ਼ਨੈੱਸ ਗੁਰੂ ਦੇ ਨਵੇਂ ਅਵਤਾਰ ਵਿਚ ਆਉਣ ਵਾਲੇ ਬਾਬਾ ਰਾਮਦੇਵ ਜਦੋਂ ਪਿਛਲੇ ਦਿਨੀਂ ਲੰਡਨ ਪਹੁੰਚੇ ਅਤੇ ਉਥੋਂ ਦੇ ਇਕ ਟੀ. ਵੀ. ਸ਼ੋਅ ਵਿਚ ਸ਼ਾਮਲ ਹੋ ਕੇ ਮਨ ਦੀਆਂ ਗੱਲਾਂ ਕਰਨ ਲੱਗੇ ਤਾਂ ਗੱਲਾਂ ਹੀ ਗੱਲਾਂ ਵਿਚ ਉਨ੍ਹਾਂ ਨੇ 'ਨਮਾਮਿ ਗੰਗੇ' ਵਿਚ ਗੰਗਾ ਦੀ ਸਫਾਈ ਨੂੰ ਲੈ ਕੇ ਜਾਣੇ-ਅਣਜਾਣੇ ਇਸ ਮੰਤਰਾਲੇ ਦੀ ਸਾਬਕਾ ਮੰਤਰੀ ਉਮਾ ਭਾਰਤੀ 'ਤੇ ਤਿੱਖਾ ਹਮਲਾ ਬੋਲ ਦਿੱਤਾ। ਬਾਬਾ ਕਹਿ ਗਏ ਕਿ ਉਮਾ ਦੇ ਸਮੇਂ ਬਸ ਫਾਈਲਾਂ ਦੇ ਢੇਰ ਵਧਦੇ ਰਹੇ ਪਰ ਗੰਗਾ ਮੈਲੀ ਦੀ ਮੈਲੀ ਰਹੀ ਪਰ ਜਦੋਂ ਤੋਂ ਨਿਤਿਨ ਗਡਕਰੀ ਦੇ ਹੱਥਾਂ ਵਿਚ ਇਸ ਮੰਤਰਾਲੇ ਦੀ ਵਾਗਡੋਰ ਆਈ ਹੈ, 'ਨਮਾਮਿ ਗੰਗੇ' ਪ੍ਰੋਗਰਾਮ ਦਾ ਰੰਗ-ਰੂਪ ਬਦਲ ਰਿਹਾ ਹੈ।
ਜਦੋਂ ਇਸ ਇੰਟਰਵਿਊ ਦੀ ਭਿਣਕ ਉਮਾ ਭਾਰਤੀ ਨੂੰ ਲੱਗੀ ਤਾਂ ਉਹ ਛਟਪਟਾ ਗਈ। ਉਸ ਨੇ ਕਾਹਲੀ-ਕਾਹਲੀ ਵਿਚ ਇਕ ਲੰਮਾ-ਚੌੜਾ ਖ਼ਤ ਬਾਬਾ ਰਾਮਦੇਵ ਨੂੰ ਲਿਖਿਆ ਅਤੇ ਕਿਹਾ, ''ਤੁਸੀਂ ਮੇਰੇ ਸਵੈਭਿਮਾਨ ਨੂੰ ਨਾ ਲਲਕਾਰੋ, ਨਹੀਂ ਤਾਂ ਅੰਜਾਮ ਭੁਗਤਣ ਲਈ ਤਿਆਰ ਰਹੋ।''
ਪੱਤਰ ਮਿਲਦਿਆਂ ਹੀ ਬਾਬਾ ਦੇ ਹਾਵ-ਭਾਵ ਢਿੱਲੇ ਪੈ ਗਏ। ਉਨ੍ਹਾਂ ਨੇ ਫੌਰਨ ਇਕ ਟਵੀਟ ਕੀਤਾ ਅਤੇ ਉਮਾ ਨੂੰ ਆਪਣੀ ਵੱਡੀ ਭੈਣ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਆਪਣੀ ਭੈਣ ਦਾ ਦਿਲ ਦੁਖਾਉਣ ਦਾ ਕੋਈ ਇਰਾਦਾ ਨਹੀਂ ਸੀ। ਜੇਕਰ ਅਣਜਾਣੇ ਵਿਚ ਕੁਝ ਅਜਿਹਾ ਹੋਇਆ ਹੈ ਤਾਂ ਇਸ ਦਾ ਉਨ੍ਹਾਂ ਨੂੰ ਦੁੱਖ ਹੈ।'' ਤਾਂ ਫਿਰ ਇਹ ਗੱਲ ਇਥੇ ਹੀ ਖਤਮ ਹੋ ਗਈ।
ਕਰੋੜਾਂ ਦਾ ਮਾਲ ਮੁਫਤ 'ਚ 
ਏਅਰ ਇੰਡੀਆ ਨੂੰ ਵੇਚਣ ਦਾ ਸਰਕਾਰੀ ਯਤਨ ਵਿਚਾਲੇ ਹੀ ਲਟਕ ਗਿਆ ਲੱਗਦਾ ਹੈ। ਮੋਦੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਹੁਣ 2019 ਵਿਚ ਇਸ ਦੇ ਵਿਨਿਵੇਸ਼ ਦੇ ਯਤਨ ਹੋਣਗੇ। ਏਅਰ ਇੰਡੀਆ ਕੋਲ 4000 ਤੋਂ ਵੱਧ ਵਧੀਆ ਆਰਟ ਕਲੈਕਸ਼ਨਸ ਹਨ, ਜੋ ਸੰਸਕ੍ਰਿਤੀ ਮੰਤਰਾਲਾ ਬਤੌਰ ਤੋਹਫਾ ਮੁਫਤ ਲੈਣਾ ਚਾਹ ਰਿਹਾ ਸੀ। ਜਦੋਂ ਇਹ ਪ੍ਰਸਤਾਵ ਇਸ ਦੀ ਸੰਸਦੀ ਕਮੇਟੀ ਵਿਚ ਆਇਆ ਤਾਂ ਤ੍ਰਿਣਮੂਲ ਸੰਸਦ ਮੈਂਬਰ ਡੈਰੇਕ ਓ ਬ੍ਰਾਇਨ ਨੇ ਸਵਾਲ ਖੜ੍ਹੇ ਕਰ ਦਿੱਤੇ ਕਿ ਜਦੋਂ ਏਅਰ ਇੰਡੀਆ ਇੰਨੇ ਵੱਡੇ ਘਾਟੇ ਵਿਚ ਹੈ ਤਾਂ ਕਰੋੜਾਂ ਰੁਪਏ ਦੇ ਮੁੱਲ ਦੇ ਇਨ੍ਹਾਂ ਆਰਟ ਕਲੈਕਸ਼ਨਸ ਦੀ ਮਾਰਕੀਟ ਵਿਚ ਬੋਲੀ ਕਿਉਂ ਨਹੀਂ ਲਗਾਈ ਜਾ ਰਹੀ ਹੈ? ਬ੍ਰਾਇਨ ਨੇ ਇਸ ਬਾਰੇ ਬਾਕਾਇਦਾ ਇਕ ਨੋਟ ਵੀ ਤਿਆਰ ਕੀਤਾ ਹੈ। ਸੋ ਇਹ ਗਿਫਟ ਦਾ ਮਾਮਲਾ ਵੀ ਇਕ ਨਵੇਂ ਚੱਕਰ ਵਿਚ ਫਸ ਗਿਆ ਹੈ ਅਤੇ ਏਅਰ ਇੰਡੀਆ ਨੇ ਵੀ ਰਾਹਤ ਦਾ ਸਾਹ ਲਿਆ ਹੈ।


Related News