ਇਨਸਾਫ ਦਾ ਪਹੀਆ ਹੌਲੀ-ਹੌਲੀ ਚਲਦੈ ਪਰ...

02/19/2017 7:43:01 AM

ਤਾਮਿਲਨਾਡੂ ਲੱਗਭਗ ਸਾਰੇ ਮਨੁੱਖੀ ਵਿਕਾਸ ਸੂਚਕਅੰਕਾਂ ਮੁਤਾਬਿਕ ਬਿਹਾਰ ਨਾਲੋਂ ਮੀਲਾਂ ਅੱਗੇ ਹੈ। ਚਾਹੇ ਉਹ ਸਾਖਰਤਾ ਹੋਵੇ, ਮੌਤ ਦਰ ਜਾਂ ਫਿਰ ਉਦਯੋਗੀਕਰਨ ਦਾ ਵਿਸਤਾਰ—ਇਹ ਨਿਰਵਿਵਾਦ ਤੌਰ ''ਤੇ ਦੇਸ਼ ਦੇ ਮੋਹਰੀ ਸੂਬਿਆਂ ''ਚੋਂ ਇਕ ਹੈ। ਇਸ ਮਾਮਲੇ ''ਚ ਸੰਯੁਕਤ ਰਾਸ਼ਟਰ ਮਨੁੱਖੀ ਵਿਕਾਸ ਸੂਚਕਅੰਕ ਅਨੁਸਾਰ ਬਿਹਾਰ ਸਭ ਤੋਂ ਹੇਠਲੇ ਦਰਜੇ ਦੇ ਨੇੜੇ ਹੈ।
ਫਿਰ ਵੀ ਜਦੋਂ ਸਿਆਸਤ ਦੀ ਗੱਲ ਆਉਂਦੀ ਹੈ, ਜਿਵੇਂ ਕਿ ਸੂਬੇ ''ਚ ਹਾਲ ਹੀ ਦੀਆਂ ਘਟਨਾਵਾਂ ਤੋਂ ਪਤਾ ਲੱਗਾ ਹੈ, ਤਾਮਿਲਨਾਡੂ ਬਿਹਾਰ ਨਾਲੋਂ ਘੱਟੋ-ਘੱਟ 20 ਸਾਲ ਪਿੱਛੇ ਹੈ। ਇਕ ਸਾਧਾਰਨ ਜਾਂ ਇੰਝ ਕਹੋ ਕਿ ਅਨਾੜੀ ਗ੍ਰਹਿਣੀ ਰਾਬੜੀ ਦੇਵੀ ਨੇ ਖ਼ੁਦ ਨੂੰ ਸੂਬੇ ਦੇ ਲੋਕਾਂ ਉਤੇ ਠੋਸਿਆ ਜਾਣਾ ਮਹਿਸੂਸ ਕੀਤਾ ਸੀ, ਜਦੋਂ ਚਾਰਾ ਘਪਲੇ ਵਿਚ ਦੋਸ਼ੀ ਸਿੱਧ ਹੋਣ ਤੋਂ ਬਾਅਦ ਉਨ੍ਹਾਂ ਦੇ ਪਤੀ ਲਾਲੂ ਯਾਦਵ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ।
20 ਸਾਲਾਂ ਬਾਅਦ ਤਾਮਿਲਨਾਡੂ ਦੇ ਮਾਮਲੇ ਵਿਚ ਸਵ. ਮੁੱਖ ਮੰਤਰੀ ਜੈਲਲਿਤਾ ਦੀ ਬਹੁਤ ਪੁਰਾਣੀ ਸਹੇਲੀ ਸ਼ਸ਼ੀਕਲਾ ਨੇ ਖ਼ੁਦ ਨੂੰ ਉਨ੍ਹਾਂ ਦੀ ਉੱਤਰਾਧਿਕਾਰੀ ਐਲਾਨ ਦਿੱਤਾ ਤੇ ਸੂਬੇ ਦੀ ਕਮਾਨ ਸੰਭਾਲਣ ਲਈ ਤਿਆਰ ਸੀ, ਜਦੋਂ ਸੁਪਰੀਮ ਕੋਰਟ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿਚ ਚਿਰਾਂ ਤੋਂ ਲਟਕਦਾ ਫੈਸਲਾ ਸੁਣਾ ਦਿੱਤਾ।
ਸ਼ਸ਼ੀਕਲਾ ਅੱਜ ਦੂਰ ਬੈਂਗਲੁਰੂ ਦੀ ਜੇਲ ਵਿਚ ਆਪਣਾ ਸਮਾਂ ਬਿਤਾ ਰਹੀ ਹੈ। ਜਿਥੋਂ ਤਕ ਪਲਾਨੀਸਾਮੀ ਦੀ ਗੱਲ ਹੈ, ਜਿਨ੍ਹਾਂ ਨੇ ਪਨੀਰਸੇਲਵਮ ਦੀ ਚੁਣੌਤੀ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ, ਉਹ ਸ਼ਸ਼ੀਕਲਾ ਦੀ ਕਠਪੁਤਲੀ ਬਣ ਕੇ ਉਨ੍ਹਾਂ ਦੀਆਂ ਹਦਾਇਤਾਂ ਮੁਤਾਬਿਕ ਕੰਮ ਕਰਨਗੇ।
ਇਹ ਸਹੂਲਤਮਈ ਵਿਵਸਥਾ ਪਹਿਲਾਂ ਬਿਹਾਰ ''ਚ ਅਜ਼ਮਾਈ ਗਈ ਸੀ। ਵਿਧਾਇਕਾਂ ਦਾ ਸ਼ਸ਼ੀਕਲਾ ਦੇ ''ਗੂੰਗੇ-ਬੋਲ਼ੇ ਦਾਸਾਂ'' ਵਰਗਾ ਰਵੱਈਆ ਸਿਆਸਤ ਨੂੰ ਧਨ ਬਲ ਤੇ ਬਾਹੂ ਬਲ ਦੇ ਸ਼ਿਕੰਜੇ ਵਿਚ ਜਕੜੀ ਰੱਖਣ ਦਾ ਸਬੂਤ ਹੈ। ''ਮੰਨਾਰਗੁੜੀ ਮਾਫੀਆ'' ਦੀ ਬੌਸ ਹੋਣ ਦੇ ਨਾਤੇ ਸ਼ਸ਼ੀਕਲਾ ਨਟਰਾਜਨ ਜੈਲਲਿਤਾ ਵਲੋਂ ਇਕੱਠੀ ਕੀਤੀ ਗਈ ਗੈਰ-ਕਾਨੂੰਨੀ ਅਥਾਹ ਜਾਇਦਾਦ ਨੂੰ ਕੰਟਰੋਲ ਕਰਦੀ ਹੈ। ਅਸਲ ''ਚ ਸ਼ਸ਼ੀਕਲਾ ਨੇ ਕੁਝ ਹੀ ਸਮੇਂ ਵਿਚ ਆਪਣੇ ਚੁਣੇ ਉੱਤਰਾਧਿਕਾਰੀ ਦਿਨਾਕਰਨ, ਜਿਸ ਨੂੰ ਜੈਲਲਿਤਾ ਨੇ ਅੰਨਾ ਡੀ. ਐੱਮ. ਕੇ. ''ਚੋਂ ਬਾਹਰ ਕੱਢ ਦਿੱਤਾ ਸੀ, ਨੂੰ ਆਪਣੀ ਗੈਰ-ਮੌਜੂਦਗੀ ਵਿਚ ਪਾਰਟੀ ਦਾ ''ਬੌਸ'' ਨਿਯੁਕਤ ਕਰ ਦਿੱਤਾ ਹੈ। ਹੁਣ ਸੂਬੇ ਦੇ ਮੁੱਖ ਮੰਤਰੀ ਪਲਾਨੀਸਾਮੀ ਕਿਉਂਕਿ ਸ਼ਸ਼ੀਕਲਾ ਦੇ ਰਹਿਮੋ-ਕਰਮ ''ਤੇ ਹਨ ਤੇ ਬੈਂਗਲੁਰੂ ਜੇਲ ਦੀ ਕੈਦੀ ਨੰਬਰ 9234, ਜਦੋਂ ਦਿਨਾਕਰਨ ਦੇ ਪੱਖ ਵਿਚ ਤਬਦੀਲੀ ਚਾਹੇਗੀ, ਪਲਾਨੀਸਾਮੀ ਨੂੰ ਗੱਦੀ ਛੱਡਣੀ ਪਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਹੋਵੇਗਾ।
ਇਕ ਬਾਹਰਲੇ ਵਿਅਕਤੀ ਤੋਂ ਚੇਨਈ ਦਾ ਤਾਜ ਲੈ ਕੇ ਇਕ ਪਰਿਵਾਰਕ ਮੈਂਬਰ ਨੂੰ ਸੌਂਪਣਾ ਸ਼ਸ਼ੀਕਲਾ ਲਈ ਇਕ ਅਜਿਹਾ ਦਾਅ ਹੈ, ਜੋ ਹੁਣ ਬੈਂਗਲੁਰੂ ਦੀ ਸੈਂਟਰਲ ਜੇਲ ਦੇ ਇਕ ਛੋਟੇ ਜਿਹੇ ਸੈੱਲ ਵਿਚ ਬੰਦ ਹੋਣ ਦੇ ਬਾਵਜੂਦ ਇਕ ਤਰ੍ਹਾਂ ਨਾਲ ਤਾਮਿਲਨਾਡੂ ਦੀ ਸ਼ਾਸਿਕਾ ਹੈ।
ਇਕ ਲੋਕਤੰਤਰਿਕ ਪ੍ਰਣਾਲੀ ਵਿਚ ਗਲਤ ਲੋਕਾਂ ਪ੍ਰਤੀ ਨਰਮੀ ਦਿਖਾਉਣ ਦੇ ਨਾਲ-ਨਾਲ ਸਾਡੇ ਲੋਕਾਂ ਦੀ ਮਾਨਸਿਕਤਾ ਦਾ ਵੀ ਪਤਾ ਲੱਗਦਾ ਹੈ, ਜੋ ਕਥਿਤ ਜਨ-ਸੇਵਕਾਂ ਨੂੰ ਆਪਣੇ ''ਮਾਲਕ'' ਮੰਨਦੇ ਆ ਰਹੇ ਹਨ। ਸਾਡੀ ਮਾਨਸਿਕਤਾ ਹੀ ਸ਼ਾਇਦ ਕੁਝ ਅਜਿਹੀ ਬਣ ਗਈ ਹੈ ਕਿ ਅਸੀਂ ਗਲਤ ਲੋਕਾਂ ਦੀ ''ਪੂਜਾ'' ਕਰ ਰਹੇ ਹਾਂ। ਇਥੇ ''ਮਾਈ-ਬਾਪ'' ਵਾਲੀ ਸੱਭਿਅਤਾ ਰਾਸ਼ਟਰ ਦੀ ਸਮੂਹਿਕ ਮਾਨਸਿਕਤਾ ਬਣ ਗਈ ਹੈ, ਹਾਲਾਂਕਿ ਤਾਮਿਲਨਾਡੂ ਵਿਚ ਕੁਝ ਹੱਦ ਤਕ ਸਥਾਨਕ ਸਿਨੇਮਾ ਦਾ ਪ੍ਰਭਾਵ ਅਜਿਹਾ ਹੈ ਕਿ ਇਕ ਭਾਈਚਾਰੇ ਦਾ ਨੇਤਾ ਇੰਨਾ ਮਜ਼ਬੂਤ ਬਣ ਜਾਂਦਾ/ਜਾਂਦੀ ਹੈ ਕਿ ਉਸ ਨਾਲ ਇਕ ਦੇਵੀ ਜਾਂ ਦੇਵਤੇ ਵਰਗਾ ਸਲੂਕ ਕੀਤਾ ਜਾਂਦਾ ਹੈ।
ਪਲਾਨੀਸਾਮੀ ਦੇ ਸਹੁੰ-ਚੁੱਕ ਸਮਾਗਮ ਤੋਂ ਬਾਅਦ ਦੀਆਂ ਤਸਵੀਰਾਂ ਨੂੰ ਦੇਖੋ। ਜੈਲਲਿਤਾ ਦੀ ਸਮਾਧੀ ''ਤੇ ''ਲਾਜ਼ਮੀ ਤੌਰ ''ਤੇ'' ਜਾਣਾ ਇਕ ਨਵੇਂ ਸਿਲਸਿਲੇ ਦਾ ਖੁਲਾਸਾ ਕਰਦਾ ਹੈ। ਮੁੱਖ ਮੰਤਰੀ ਜੈਲਲਿਤਾ ਦੀ ਸਮਾਧੀ ''ਤੇ ਫੁੱਲ ਚੜ੍ਹਾਉਂਦੇ ਦਿਨਾਕਰਨ ਦੇ ਪਿੱਛੇ ਪਲਾਨੀਸਾਮੀ ਹੱਥ ਜੋੜ ਕੇ ਖੜ੍ਹੇ ਸਨ, ਜਦਕਿ ਦਿਨਾਕਰਨ ਨੂੰ ਜੈਲਲਿਤਾ ਨੇ ਪਾਰਟੀ ''ਚੋਂ ਬਾਹਰ ਕੱਢ ਦਿੱਤਾ ਸੀ। ਦਿਨਾਕਰਨ ਨਾ ਸਿਰਫ ਅੰਨਾ ਡੀ. ਐੱਮ. ਕੇ. ਵਿਚ ਵਾਪਿਸ ਪਰਤਿਆ, ਸਗੋਂ ਪਾਰਟੀ ਦਾ ਸੁਪਰੀਮ ਬੌਸ ਬਣ ਗਿਆ, ਜੋ ਆਪਣੀ ਭ੍ਰਿਸ਼ਟ ਅਤੇ ਸਜ਼ਾ-ਯਾਫਤਾ ਆਂਟੀ ਦੀ ਜਗ੍ਹਾ ਖੜ੍ਹਾ ਹੈ, ਜਿਹੜੀ ਹੁਣ ਜੇਲ ਵਿਚ ਹੈ। ਉਹ ਸ਼ਾਇਦ ਜੈਲਲਿਤਾ ਦੀ ਮੌਤ ਕਾਰਨ ਖਾਲੀ ਹੋਈ ਸੀਟ ਤੋਂ ਵਿਧਾਨ ਸਭਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰੇ।
ਬਿਨਾਂ ਸ਼ੱਕ ਇਕ ਸਮੇਂ ਤੁਸੀਂ ਦਲੀਲ ਦਿਓਗੇ ਕਿ ਇਨਸਾਫ ਦਾ ਪਹੀਆ ਪੀਸਦਾ ਬਾਰੀਕ ਹੈ ਪਰ ਨਾ ਸਿਰਫ ਹੌਲੀ-ਹੌਲੀ, ਸਗੋਂ ਇੰਨੇ ਚੋਣਵੇਂ ਢੰਗ ਨਾਲ ਕਿ ਹਰੇਕ ਸ਼ਸ਼ੀਕਲਾ ਜਾਂ ਚੌਟਾਲਾ ਨੂੰ ਭ੍ਰਿਸ਼ਟਾਚਾਰ ਲਈ ਜੇਲ ਵਿਚ ਸੁੱਟ ਦਿੱਤਾ ਜਾਂਦਾ ਹੈ ਪਰ ਇਥੇ ਕਈ ਹੋਰ ਨੇਤਾ ਵੀ ਹਨ, ਜਿਨ੍ਹਾਂ ਨੂੰ ਸਜ਼ਾ ਨਹੀਂ ਹੋਈ ਹੈ।
ਕੀ ਉਹ ਹੋਰਨਾਂ ਨਾਲੋਂ ਵੱਖਰੇ ਹਨ
ਤੁਸੀਂ ਚਾਹੇ ਮੰਨੋ ਜਾਂ ਨਾ, ਦਿੱਲੀ ''ਚ ''ਆਮ ਆਦਮੀ ਪਾਰਟੀ'' ਦੀ ਸਰਕਾਰ ਨੇ ਸੱਤਾ ''ਚ ਆਪਣੇ ਦੋ ਸਾਲਾਂ ਦੌਰਾਨ ਜੋ ਜ਼ਿਕਰਯੋਗ ਕੰਮ ਕੀਤਾ ਹੈ, ਉਹ ਇਹ ਕਿ ਉਸ ਦੇ ਮੰਤਰੀਆਂ ਨੇ ਦੁਨੀਆ ਦੇਖਣ ਲਈ ਟੈਕਸ ਦੇਣ ਵਾਲੇ ਲੋਕਾਂ ਦੇ ਧਨ ਦੀ ਪੂਰੀ ਵਰਤੋਂ (ਦੁਰਵਰਤੋਂ) ਕੀਤੀ ਹੈ। ''ਕੈਗ'' ਨੇ ''ਆਪ'' ਦੇ ਮੰਤਰੀਆਂ ਵਲੋਂ ਕੀਤੇ ਗਏ ਵਿਦੇਸ਼ੀ ਦੌਰਿਆਂ ''ਤੇ ਸਵਾਲ ਉਠਾਇਆ ਹੈ।
ਇਸ ਮਾਮਲੇ ''ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਜ਼ਿਆਦਾ ਦੋਸ਼ੀ ਹੋਰ ਕੋਈ ਨਹੀਂ ਹੈ। ਉਹ 18 ਮਹੀਨਿਆਂ ਦੌਰਾਨ ਏਥਨਜ਼, ਫਿਨਲੈਂਡ, ਸਾਓ ਪਾਓਲੋ, ਰੀਓ ਡੀ ਜੇਨੇਰੀਓ, ਬਰਲਿਨ, ਐਮਸਟਰਡਮ, ਪੈਰਿਸ ਆਦਿ ਥਾਵਾਂ ''ਤੇ ਗਏ। ਉਨ੍ਹਾਂ ਨੇ ਆਮ ਤੌਰ ''ਤੇ ਅਧਿਕਾਰਤ ਦੌਰਿਆਂ ਨੂੰ ਇਕ-ਦੋ ਦਿਨਾਂ ਲਈ ਵਧਾ ਲਿਆ ਤੇ ਬਾਅਦ ''ਚ ਨਿੱਜੀ ਦੱਸਿਆ।
ਪਿਛਲੇ ਸਾਲ ਸਤੰਬਰ ''ਚ ਉਨ੍ਹਾਂ ਨੂੰ ਲੈ ਕੇ ਵਿਵਾਦ ਉਦੋਂ ਹੋਰ ਵਧ ਗਿਆ, ਜਦੋਂ ਦਿੱਲੀ ''ਚ ਡੇਂਗੂ ਦੀ ਮਹਾਮਾਰੀ ਫੈਲ ਗਈ ਸੀ। ਉਦੋਂ ਉਨ੍ਹਾਂ ਨੂੰ ਦਿੱਲੀ ''ਚ ਹੋਣਾ ਚਾਹੀਦਾ ਸੀ ਪਰ ਉਨ੍ਹਾਂ ਨੇ ਵਿਦੇਸ਼ ਜਾਣ ਨੂੰ ਤਰਜੀਹ ਦਿੱਤੀ। ਇਸੇ ਤਰ੍ਹਾਂ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀ, ਜਿਨ੍ਹਾਂ ''ਚ ''ਆਪ'' ਦੇ ਵਿਧਾਇਕ ਵੀ ਸ਼ਾਮਿਲ ਹਨ, ਵਿਦੇਸ਼ੀ ਦੌਰਿਆਂ ''ਤੇ ਰਹੇ।
ਇਸ ''ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਪਰ ਕੀ ਉਨ੍ਹਾਂ ਨੇ ਇਹ ਦਾਅਵਾ ਨਹੀਂ ਕੀਤਾ ਸੀ ਕਿ ਉਹ ਹੋਰਨਾਂ ਨਾਲੋਂ ਵੱਖਰੇ ਹਨ?                                        (virendra੧੯੪੬@yahoo.co.in)


Related News