ਕੀ ਕਿਸੇ ਸੂਬੇ ਲਈ ਆਪਣਾ ਅਧਿਕਾਰਤ ਝੰਡਾ ਤੈਅ ਕਰਨਾ ਉਚਿਤ ਹੈ

07/24/2017 5:44:19 AM

ਉਂਝ ਤਾਂ ਮੈਂ ਗੁਜਰਾਤੀ ਹਾਂ ਪਰ ਕਾਫੀ ਲੰਮੇ ਸਮੇਂ ਤੋਂ ਕਰਨਾਟਕ ਵਿਚ ਰਹਿੰਦਾ ਹਾਂ। ਦੋਹਾਂ ਸੂਬਿਆਂ ਦੀ ਆਪਣੀ-ਆਪਣੀ ਵਿਸ਼ੇਸ਼ ਪਛਾਣ ਹੈ। ਮੇਰੇ ਮਾਤਾ-ਪਿਤਾ ਸੂਰਤ ਵਿਚ ਰਹਿੰਦੇ ਸਨ, ਜੋ 1700 ਈ. ਦੇ ਲਗਭਗ ਇਕ ਕੌਮਾਂਤਰੀ ਬੰਦਰਗਾਹ ਹੁੰਦੀ ਸੀ। ਇਹ ਅਨੇਕਾਂ ਰਾਸ਼ਟਰੀਅਤਾਵਾਂ, ਜਾਤੀਆਂ ਅਤੇ ਫਿਰਕਿਆਂ ਦੀ ਇਕ ਰੌਚਕ ਖਿਚੜੀ ਵਰਗਾ ਹੈ। ਜੋ ਲੋਕ ਸਦੀਆਂ ਪਹਿਲਾਂ ਘੁੰਮਦੇ-ਫਿਰਦੇ ਇਹ ਸ਼ਹਿਰ ਦੇਖਣ ਆਏ, ਉਹ ਇਥੇ ਹੀ ਵੱਸ ਗਏ। ਭਾਰਤ ਦਾ ਇਹੀ ਇਕੋ-ਇਕ ਸ਼ਹਿਰ ਹੈ, ਜਿਥੇ ਅਨੇਕਾਂ ਸਵਦੇਸ਼ੀ ਵਪਾਰੀ ਜਾਤੀਆਂ ਨਿਵਾਸ ਕਰਦੀਆਂ ਹਨ-ਜਿਵੇਂ ਜੈਨ, ਬਾਣੀਆ, ਸ਼ੀਆ ਬੋਹਰਾ, ਸੁੰਨੀ ਬੋਹਰਾ, ਮੈਮਨ, ਖੋਜਾ, ਪਾਰਸੀ ਅਤੇ 1970 ਤੋਂ ਬਾਅਦ ਅਗਰਵਾਲ ਅਤੇ ਓਸਵਾਲ ਵੀ ਹਜ਼ਾਰਾਂ ਦੀ ਗਿਣਤੀ ਵਿਚ ਇਥੇ ਰਹਿੰਦੇ ਹਨ। 
ਬੀਤੀਆਂ ਸਦੀਆਂ ਵਿਚ ਤਾਂ ਇਥੇ ਵਿਦੇਸ਼ੀ ਰਿਹਾ ਕਰਦੇ ਸਨ ਅਤੇ ਇਥੇ ਹੀ ਵਪਾਰ ਵੀ ਕਰਦੇ ਸਨ। ਇਥੋਂ ਤਕ ਕਿ ਮਹਾਨ ਲੇਖਕ ਲਿਓ ਟਾਲਸਟਾਏ ਨੇ ਇਸ ਸ਼ਹਿਰ 'ਤੇ ਇਕ ਲਘੂ ਕਹਾਣੀ ਵੀ ਲਿਖੀ ਸੀ—'ਸੂਰਤ ਕਾ ਕੌਫੀ ਹਾਊਸ'। ਇਸ ਕਹਾਣੀ ਵਿਚ ਸੂਰਤ ਦੇ ਇਕ ਕੈਫੇ ਵਿਚ ਇਕ ਪਰਸ਼ੀਅਨ (ਈਰਾਨੀ), ਇਕ ਅਫਰੀਕੀ, ਇਕ ਭਾਰਤੀ, ਇਕ ਇਟਾਲਵੀ, ਇਕ ਯਹੂਦੀ, ਇਕ ਚੀਨੀ, ਇਕ ਤੁਰਕ ਅਤੇ ਇਕ ਅੰਗਰੇਜ਼ ਪ੍ਰਮਾਤਮਾ ਬਾਰੇ ਚਰਚਾ ਕਰਦੇ ਹਨ। 150 ਸਾਲ ਪਹਿਲਾਂ ਟਾਲਸਟਾਏ ਨੇ ਜੋ ਗੱਲਾਂ ਲਿਖੀਆਂ ਸਨ, ਅੱਜ ਦੇ ਸੂਰਤ ਵਿਚ ਨਾ ਤਾਂ ਉਨ੍ਹਾਂ ਗੱਲਾਂ ਦੀ ਕਲਪਨਾ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਇੰਨੇ ਅਲੱਗ-ਅਲੱਗ ਕਿਸਮਾਂ ਦੇ ਲੋਕਾਂ ਦੇ ਮਿਲ ਕੇ ਬੈਠਣ ਦੀ। ਅਸਲ ਵਿਚ ਤਾਂ 1800 ਦੇ ਸੂਰਤ ਵਿਚ ਵੀ ਅਜਿਹੀ ਕਹਾਣੀ ਦੀ ਕਲਪਨਾ ਕਰਨਾ ਮੁਸ਼ਕਿਲ ਸੀ ਕਿਉਂਕਿ ਉਦੋਂ ਤਕ ਤਾਪਤੀ ਨਦੀ ਵਿਚ ਇੰਨੀ ਗਾਰ ਜਮ੍ਹਾ ਹੋ ਚੁੱਕੀ ਸੀ ਕਿ ਵੱਡੇ ਬੇੜੇ ਸੂਰਤ ਬੰਦਰਗਾਹ ਵਿਚ ਦਾਖਲ ਹੀ ਨਹੀਂ ਹੋ ਸਕਦੇ ਸਨ। ਇਹ ਕਮੀ ਪੂਰੀ ਕਰਨ ਲਈ ਭਾਰਤ ਦੇ ਪੱਛਮੀ ਕੰਢੇ 'ਤੇ ਨਵੀਂ ਬੰਦਰਗਾਹ ਮੁੰਬਈ ਵਿਚ ਵਿਕਸਿਤ ਹੋਈ ਸੀ। ਅੱਜ ਮੁੰਬਈ ਦੇ ਕਿਸੇ ਰੈਸਟੋਰੈਂਟ ਵਿਚ ਤਾਂ ਅਚਾਨਕ ਅਨੇਕ ਰਾਸ਼ਟਰੀਅਤਾਵਾਂ ਦੇ ਲੋਕਾਂ ਦੇ ਮਿਲ ਕੇ ਬੈਠਣ ਦੀ ਸੰਭਾਵਨਾ ਦੀ ਕਲਪਨਾ ਕੀਤੀ ਜਾ ਸਕਦੀ ਹੈ। 
ਸੂਰਤ ਦੀ ਤੁਲਨਾ ਵਿਚ ਬੈਂਗਲੁਰੂ ਜ਼ਿਆਦਾ ਨਵਾਂ ਸ਼ਹਿਰ ਹੈ ਪਰ ਇਸ ਦਾ ਇਤਿਹਾਸ ਬਹੁਤ ਖੁਸ਼ਹਾਲ ਹੈ। ਇਹ ਸ਼ਹਿਰ ਆਪਣੇ ਆਪ ਵਿਚ ਇਕ ਕੌਮਾਂਤਰੀ ਬ੍ਰਾਂਡ ਬਣ ਚੁੱਕਾ ਹੈ। ਜਦੋਂ ਵੀ ਮੈਂ ਯੂਰਪ ਜਾਂ ਅਫਰੀਕਾ ਜਾਂ ਦੱਖਣੀ-ਪੂਰਬੀ ਏਸ਼ੀਆ ਜਾਂ ਵਿਸ਼ਵ ਦੇ ਹੋਰਨਾਂ ਦੇਸ਼ਾਂ ਦੀ ਯਾਤਰਾ 'ਤੇ ਜਾਂਦਾ ਹਾਂ ਤਾਂ ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਕਿਸ ਥਾਂ ਨਾਲ ਸੰਬੰਧ ਰੱਖਦਾ ਹਾਂ, ਤਾਂ ਸਿਰਫ ਇੰਨਾ ਕਹਿਣਾ ਹੀ ਕਾਫੀ ਹੈ ਕਿ ਮੈਂ ਬੈਂਗਲੁਰੂ ਤੋਂ ਹਾਂ। ਉਹ ਸਮਝ ਜਾਂਦੇ ਹਨ ਕਿਉਂਕਿ ਬੈਂਗਲੁਰੂ ਵਿਚ ਸੂਚਨਾ ਟੈਕਨਾਲੋਜੀ ਦਾ ਬਹੁਤ ਉੱਚ ਕੁਆਲਿਟੀ ਦਾ ਕੰਮ ਹੁੰਦਾ ਹੈ। ਉਂਝ ਅਰਥ ਵਿਵਸਥਾ ਅਤੇ ਰੋਜ਼ਗਾਰ ਪੈਦਾ ਕਰਨ ਦੇ ਦਾਇਰੇ ਤੋਂ ਬਾਹਰ ਵੀ ਇਸ ਸ਼ਹਿਰ ਦੇ ਕਈ ਹੋਰ ਜਲਵੇ ਹਨ। 
ਬੈਂਗਲੁਰੂ ਵਿਚ ਅਨੇਕਾਂ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਹਨ, ਇਥੋਂ ਤਕ ਕਿ ਸਾਡੇ ਘਰ ਵਿਚ ਸਫਾਈ ਕਰਨ ਵਾਲੀ ਅਨਪੜ੍ਹ ਹੋਣ ਦੇ ਬਾਵਜੂਦ ਕੰਨੜ, ਤੇਲਗੂ, ਤਾਮਿਲ ਅਤੇ ਹਿੰਦੀ ਚਾਰੋਂ ਹੀ ਭਾਸ਼ਾਵਾਂ ਧਾਰਾਪ੍ਰਵਾਹ  ਬੋਲਦੀ ਹੈ ਅਤੇ ਮਲਿਆਲਮ ਭਾਸ਼ਾ ਨੂੰ ਸਮਝ ਲੈਂਦੀ ਹੈ। ਮੈਂ ਨਹੀਂ ਮੰਨਦਾ ਕਿ ਉੱਤਰ ਭਾਰਤ ਦੇ ਸ਼ਹਿਰਾਂ ਵਿਚ ਪੜ੍ਹੇ-ਲਿਖੇ ਲੋਕਾਂ ਵਿਚ ਵੀ ਅਜਿਹੀ ਅਨੇਕਤਾ ਦੇਖਣ ਨੂੰ ਮਿਲਦੀ ਹੋਵੇਗੀ। ਅਸੀਂ ਬੈਂਗਲੁਰੂ ਵਾਸੀ ਇਸ ਖੂਬੀ 'ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ। 
ਬੇਸ਼ੱਕ ਇਥੇ ਕੰਨੜ ਭਾਸ਼ਾ ਨੂੰ ਪ੍ਰਮੁੱਖਤਾ ਦੇਣ ਦੀ ਗੱਲ ਹੁੰਦੀ ਹੈ (ਅਤੇ ਮੈਂ ਇਸ ਦੀ ਹਮਾਇਤ ਕਰਦਾ ਹਾਂ), ਤਾਂ ਵੀ ਦੂਜੀਆਂ ਭਾਸ਼ਾਵਾਂ ਦੇ ਪ੍ਰਤੀ ਇਸ ਸ਼ਹਿਰ ਵਿਚ ਸਹਿਣਸ਼ੀਲਤਾ ਮੌਜੂਦ ਹੈ ਅਤੇ ਇਹ ਕਾਫੀ ਹੱਦ ਤਕ ਇਕ ਅਨੋਖੀ ਗੱਲ ਹੈ ਜੇਕਰ ਅਸੀਂ ਆਪਣੇ ਸੂਬੇ ਤੇ ਸ਼ਹਿਰ ਦੇ ਅਨੋਖੇਪਣ 'ਤੇ ਮਾਣ ਕਰਦੇ ਹਾਂ ਅਤੇ ਇਸ ਗੱਲ ਦਾ ਜਸ਼ਨ ਮਨਾਉਂਦੇ ਹਾਂ, ਤਾਂ ਇਸ ਵਿਚ ਕੁਝ ਵੀ ਗਲਤ ਨਹੀਂ ਹੈ। 
ਮੈਂ ਇਹ ਗੱਲ ਇਸ ਲਈ ਲਿਖ ਰਿਹਾ ਹਾਂ ਕਿ ਹਾਲ ਹੀ ਵਿਚ ਕੰਨੜ ਝੰਡੇ ਨੂੰ ਲੈ ਕੇ ਵਾਦ-ਵਿਵਾਦ ਭੜਕਿਆ ਸੀ। ਮੁੱਖ ਮੰਤਰੀ ਨੇ ਇਕ ਕਮੇਟੀ ਨੂੰ ਇਸ ਵਿਸ਼ੇ 'ਚ ਪੜਤਾਲ ਕਰਨ ਲਈ ਕਿਹਾ ਹੈ ਕਿ ਕੀ ਕਿਸੇ ਸੂਬੇ ਲਈ ਆਪਣਾ ਅਧਿਕਾਰਤ ਝੰਡਾ ਤੈਅ ਕਰਨਾ ਵਾਜਿਬ ਹੈ? 
ਉਂਝ ਅਜਿਹਾ ਝੰਡਾ ਪਹਿਲਾਂ ਹੀ ਮੌਜੂਦ ਹੈ, ਜੋ ਕਿ ਪੀਲੇ ਅਤੇ ਲਾਲ ਰੰਗ ਦਾ ਹੈ ਅਤੇ ਸਾਰੇ ਕਰਨਾਟਕ ਵਾਸੀਆਂ ਨੂੰ (ਗੁਜਰਾਤੀ ਕੰਨੜਾਂ ਸਮੇਤ) ਇਹ ਗੱਲ ਸਭ ਨੂੰ ਮਨਜ਼ੂਰ ਹੈ। ਪ੍ਰਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਵੀ ਮਨਜ਼ੂਰੀ ਇਸ ਨੂੰ ਹਾਸਿਲ ਹੈ ਅਤੇ ਇਹ ਕਿਸੇ ਨੂੰ ਵੀ ਬੁਰਾ ਨਹੀਂ ਲਗਦਾ। ਭਗਵੇ ਝੰਡੇ ਦੇ ਉਲਟ ਕੰਨੜ ਝੰਡਾ ਕਿਸੇ ਇਕ ਧਾਰਮਿਕ ਫਿਰਕੇ ਦਾ ਪ੍ਰਤੀਕ ਨਹੀਂ ਹੈ। 
ਜੇਕਰ ਕਰਨਾਟਕ ਆਪਣੀ ਖੁਸ਼ਹਾਲੀ ਅਤੇ ਮਾਣਮੱਤੀ ਵਿਰਾਸਤ ਦੇ ਪ੍ਰਤੀਕ ਦੇ ਰੂਪ ਵਿਚ ਇਸ ਝੰਡੇ ਨੂੰ ਵਰਤਦਾ ਹੈ ਤਾਂ ਇਸ ਨਾਲ ਕਿਸੇ ਨੂੰ ਬਿਲਕੁਲ ਹੀ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਪ੍ਰਦੇਸ਼ਿਕ  ਝੰਡੇ ਦੀ ਧਾਰਨਾ ਦਾ ਵਿਰੋਧ ਸੌੜੀ ਮਾਨਸਿਕਤਾ ਵਾਲੇ ਕਥਿਤ ਰਾਸ਼ਟਰਵਾਦੀਆਂ ਵਲੋਂ ਕੀਤਾ ਜਾ ਰਿਹਾ ਹੈ, ਜੋ ਕਿ ਹਿੰਦੀ-ਹਿੰਦੂ-ਹਿੰਦੋਸਤਾਨ ਦੀ ਕਲਪਨਾ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਅਜਿਹੇ ਲੋਕ ਭਾਰਤ ਨੂੰ ਇਕ ਭਾਸ਼ਾ ਅਤੇ ਇਕ ਰਾਸ਼ਟਰ ਵਾਲਾ ਦੇਸ਼ ਸਮਝਣ ਦੀ ਗਲਤੀ ਕਰ ਰਹੇ ਹਨ। 
ਕਾਫੀ ਹੱਦ ਤਕ ਇਹ ਮੁੱਦਾ ਕਾਂਗਰਸ ਨੂੰ ਬੁਰਾ-ਭਲਾ ਕਹਿਣ ਲਈ ਹੀ ਵਰਤਿਆ ਜਾ ਰਿਹਾ ਹੈ ਪਰ ਮੇਰਾ ਖਿਆਲ ਹੈ ਕਿ ਮੁੱਖ ਮੰਤਰੀ ਸਿੱਧਰਮੱਈਆ ਆਪਣੀਆਂ ਸੰਵਿਧਾਨਿਕ ਹੱਦਾਂ ਤੋਂ ਬਾਹਰ ਨਹੀਂ ਜਾ ਰਹੇ। ਉਨ੍ਹਾਂ ਨੇ ਕਾਫੀ ਸਪੱਸ਼ਟ ਰੂਪ ਵਿਚ ਕਹਿ ਦਿੱਤਾ ਹੈ ਕਿ ਪ੍ਰਦੇਸ਼ਿਕ ਝੰਡਾ ਰਾਸ਼ਟਰੀ ਝੰਡੇ ਤੋਂ ਨੀਵਾਂ ਹੀ ਰਹਿੰਦਾ ਹੈ। ਅਜਿਹਾ ਕਹਿ ਕੇ ਉਹ ਉਨ੍ਹਾਂ ਲੋਕਾਂ ਨੂੰ ਜੁਆਬ-ਰਹਿਤ ਅਤੇ ਮੁੱਦਾ-ਰਹਿਤ ਕਰ ਰਹੇ ਹਨ, ਜੋ ਇਹ ਸੋਚਦੇ ਹਨ ਕਿ ਇਹ ਕਿਸੇ ਵੱਖਵਾਦੀ ਅੰਦੋਲਨ ਦੀ ਦਿਸ਼ਾ ਵੱਲ ਪਹਿਲਾ ਕਦਮ ਹੈ। ਸੰਵਿਧਾਨਿਕ ਤੌਰ 'ਤੇ ਮੁੱਖ ਮੰਤਰੀ ਬਿਲਕੁਲ ਸਹੀ ਹੈ ਅਤੇ ਮੈਨੂੰ ਇਹੋ ਉਮੀਦ ਹੈ ਕਿ ਉਨ੍ਹਾਂ ਦੀ ਕਮੇਟੀ ਵੀ ਉਨ੍ਹਾਂ ਨੂੰ ਅਜਿਹੀ ਹੀ ਸਲਾਹ ਦੇਵੇਗੀ। ਭਾਰਤੀ ਸੰਵਿਧਾਨ ਦੀ ਪਹਿਲੀ ਲਾਈਨ ਵਿਚ ਹੀ ਦਰਜ ਹੈ : ''ਇੰਡੀਆ, ਭਾਵ ਭਾਰਤ ਵੱਖ-ਵੱਖ ਸੂਬਿਆਂ ਦੀ ਸੰਗਠਿਤ ਇਕਾਈ ਹੈ।'' ਭਾਵ ਕਿ ਅਸੀਂ ਵੱਖ-ਵੱਖ ਸੂਬਿਆਂ ਦੀ ਹੋਂਦ ਨੂੰ ਸਵੀਕਾਰ ਕਰਦੇ ਹੋਏ ਹੀ ਅਗਲਾ ਕਦਮ ਚੁੱਕ ਰਹੇ ਹਾਂ। 
ਜੇਕਰ ਅਸੀਂ ਆਪਣੇ ਚਾਰੋਂ ਪਾਸੇ ਨਜ਼ਰ ਦੌੜਾਈਏ ਤਾਂ ਅਸੀਂ ਵੱਖ-ਵੱਖ ਕਿਸਮ ਦੀਆਂ ਉਪ-ਰਾਸ਼ਟਰਵਾਦ ਦੀਆਂ ਵੰਨਗੀਆਂ ਦੇਖਦੇ ਹਾਂ, ਜਿਨ੍ਹਾਂ ਦੇ ਆਪਣੇ-ਆਪਣੇ ਝੰਡੇ ਹਨ। ਸਾਡੇ ਕੋਲ ਚੇਨਈ ਸੁਪਰਕਿੰਗਜ਼ ਵਰਗੀਆਂ ਵਿਸ਼ੇਸ਼ ਸ਼ਹਿਰ ਨਾਲ ਜੁੜੀਆਂ ਜਾਂ ਕਿੰਗਜ਼ ਇਲੈਵਨ ਪੰਜਾਬ ਵਰਗੀਆਂ ਇਕ ਸੂਬੇ ਵਿਸ਼ੇਸ਼ ਨਾਲ ਜੁੜੀਆਂ ਆਈ. ਪੀ. ਐੱਲ. ਟੀਮਾਂ ਹਨ ਅਤੇ ਇਹ ਵੀ ਉਪ-ਰਾਸ਼ਟਰਵਾਦ ਦਾ ਹੀ ਇਕ ਵੱਖਰਾ ਰੂਪ ਹੈ। ਇਨ੍ਹਾਂ ਸਾਰੀਆਂ ਟੀਮਾਂ ਦੇ ਆਪਣੇ-ਆਪਣੇ ਝੰਡੇ ਹਨ ਅਤੇ ਇਸ ਨਾਲ ਕਿਸੇ ਨੂੰ ਕੋਈ ਸਮੱਸਿਆ ਦਰਪੇਸ਼ ਨਹੀਂ ਆਈ ਅਤੇ ਨਾ ਹੀ ਸਿਆਸੀ ਪਾਰਟੀਆਂ ਦੇ ਆਪਣੇ-ਆਪਣੇ ਝੰਡਿਆਂ ਨਾਲ ਕੋਈ ਪ੍ਰੇਸ਼ਾਨੀ ਹੈ। 
ਦੂਜੀ ਗੱਲ ਇਹ ਹੈ ਕਿ ਜੇਕਰ ਅਸੀਂ ਆਪਣੇ ਵਰਗੇ ਹੋਰਨਾਂ ਦੇਸ਼ਾਂ 'ਤੇ ਨਜ਼ਰ ਦੌੜਾਈਏ ਤਾਂ ਪ੍ਰਦੇਸ਼ਿਕ ਪਛਾਣ ਦੀ ਕਲਪਨਾ ਕਾਫੀ ਵਿਆਪਕ ਹੈ। ਸਾਰੇ ਅਮਰੀਕੀ ਪ੍ਰਦੇਸ਼ਾਂ ਦੇ ਆਪੋ-ਆਪਣੇ ਝੰਡੇ ਹਨ ਅਤੇ ਅਜਿਹਾ ਦੋਸ਼ ਕਦੇ ਵੀ ਸੁਣਨ ਵਿਚ ਨਹੀਂ ਆਇਆ ਕਿ ਇਹ ਵਿਵਸਥਾ ਕਿਸੇ ਤਰ੍ਹਾਂ ਉਨ੍ਹਾਂ ਦੀ ਰਾਸ਼ਟਰੀ ਪਛਾਣ ਦੇ ਉਲਟ ਜਾਂਦੀ ਹੈ। 
ਸਾਡੇ ਦੇਸ਼ ਦੇ ਸਾਰੇ ਸੂਬਿਆਂ ਦਾ ਆਪੋ-ਆਪਣਾ ਅਨੋਖਾ ਇਤਿਹਾਸ ਹੈ ਅਤੇ ਇਸੇ ਕਾਰਨ ਉਨ੍ਹਾਂ ਦੀ ਵਿਸ਼ੇਸ਼ ਪਛਾਣ ਹੈ। ਇਨ੍ਹਾਂ ਵਿਸ਼ੇਸ਼ ਪਛਾਣਾਂ ਨੂੰ ਆਪਣੇ ਪ੍ਰਗਟਾਵੇ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਇਹ ਪਛਾਣਾਂ ਕਿਸੇ ਵੀ ਤਰ੍ਹਾਂ ਸਾਡੇ ਸੰਵਿਧਾਨ ਨਾਲ ਟਕਰਾਉਂਦੀਆਂ ਨਹੀਂ ਹਨ ਅਤੇ ਇਸੇ ਲਈ ਇਨ੍ਹਾਂ ਦਾ ਦਮਨ ਕਰਨ ਦਾ ਕੋਈ ਕਾਰਨ ਮੌਜੂਦ ਨਹੀਂ।


Related News