ਹੋਰਨਾਂ ਦੇਸ਼ਾਂ ਨਾਲ ਜੁੜਦੀਆਂ ਭਾਰਤੀ ਸੱਭਿਅਤਾ ਦੀਆਂ ਕੜੀਆਂ
Friday, Jul 20, 2018 - 06:50 AM (IST)

ਰਾਮ ਜਨਮ ਭੂਮੀ ਅਯੁੱਧਿਆ, ਜਿਸ ਦਾ ਨਾਂ ਲੈਣ 'ਤੇ ਹੀ ਭਾਰਤ ਦੇ ਕਰੋੜਾਂ ਲੋਕ ਸ਼ਰਧਾ ਦੇ ਸਾਗਰ ਵਿਚ ਡੁੱਬ ਜਾਂਦੇ ਹਨ, ਸ਼ਰਧਾਲੂਆਂ ਦੇ ਮਨ ਵਿਚ ਬਹਾਦੁਰੀ, ਮਰਿਆਦਾ ਤੇ ਸਵੈਮਾਣ ਰੂਪੀ ਤਰੰਗਾਂ ਦਾ ਸੰਚਾਰ ਹੋਣ ਲੱਗਦਾ ਹੈ, ਉਹ ਨਗਰ ਹੈ, ਜਿਸ ਦੀਆਂ ਸੱਭਿਆਚਾਰਕ ਜੜ੍ਹਾਂ ਸੈਂਕੜੇ ਸਾਲ ਪਹਿਲਾਂ ਤਕ ਦੁਨੀਆ ਵਿਚ ਕਿੱਥੋਂ ਤਕ ਫੈਲੀਆਂ ਸਨ, ਇਸ ਦਾ ਖੁਲਾਸਾ ਭਾਰਤ-ਦੱਖਣੀ ਕੋਰੀਆ ਦਰਮਿਆਨ ਹੁਣੇ ਜਿਹੇ ਹੋਏ ਇਕ ਸਮਝੌਤੇ ਤੋਂ ਹੋ ਜਾਂਦਾ ਹੈ।
ਪਿਛਲੇ ਦਿਨੀਂ ਭਾਰਤ-ਦੱਖਣੀ ਕੋਰੀਆ ਨੇ ਮਿਲ ਕੇ ਕੋਰੀਆਈ ਰਾਣੀ ਹੂ ਹਵਾਂਗ ਓਕ ਦੀ ਇਕ ਵਿਸ਼ਾਲ ਯਾਦਗਾਰ ਅਯੁੱਧਿਆ ਵਿਚ ਸਰਯੂ ਨਦੀ ਦੇ ਕੰਢੇ ਬਣਾਉਣ ਨੂੰ ਲੈ ਕੇ ਸਮਝੌਤੇ 'ਤੇ ਦਸਤਖਤ ਕੀਤੇ ਹਨ। ਇਸ ਸਮਝੌਤੇ ਦੀਆਂ ਜੜ੍ਹਾਂ 2000 ਸਾਲ ਪੁਰਾਣੀ ਉਸ ਇਤਿਹਾਸਿਕ ਘਟਨਾ ਵਿਚ ਮਿਲਦੀਆਂ ਹਨ, ਜਿਸ ਨੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਹੁਣ ਨਵੇਂ ਸਿਰਿਓਂ ਪਰਿਭਾਸ਼ਿਤ ਕਰਨ 'ਤੇ ਜ਼ੋਰ ਦਿੱਤਾ ਹੈ।
ਦੱਖਣੀ ਕੋਰੀਆ ਦੀ ਕੁਲ ਆਬਾਦੀ 5 ਕਰੋੜ ਤੋਂ ਜ਼ਿਆਦਾ ਹੈ, ਜਿਸ ਵਿਚ 60 ਲੱਖ ਲੋਕ ਖ਼ੁਦ ਨੂੰ ਉਸ ਕਾਰਕ ਗੋਤਰ ਦੇ ਜਾਨਸ਼ੀਨ ਮੰਨਦੇ ਹਨ, ਜਿਸ ਦੀ ਮਹਾਨ ਰਾਣੀ ਹੂ ਹਵਾਂਗ ਓਕ 'ਅਯੁਤਾ' (ਅਯੁੱਧਿਆ) ਦੀ ਰਾਜਕੁਮਾਰੀ ਸੀ। ਕਾਰਕ ਵੰਸ਼ ਦੇ ਰਾਜਕੁਮਾਰ ਕਿਮ ਸੁਰੋ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਹੂ ਦਾ ਨਾਂ ਸੂਰੀਰਤਨਾ ਸੀ।
13ਵੀਂ ਸਦੀ ਵਿਚ ਮੰਡਾਰਿਨ ਚੀਨੀ ਭਾਸ਼ਾ ਵਿਚ ਲਿਖੇ ਗਏ ਕੋਰੀਆਈ ਗ੍ਰੰਥ 'ਸਮਯੁਕਯੂਸਾ' ਵਿਚ ਕਿਹਾ ਗਿਆ ਹੈ ਕਿ ਈਸ਼ਵਰ ਨੇ ਅਯੁੱਧਿਆ ਦੀ ਰਾਜਕੁਮਾਰੀ ਦੇ ਪਿਤਾ ਨੂੰ ਸੁਪਨੇ ਵਿਚ ਆ ਕੇ ਨਿਰਦੇਸ਼ ਦਿੱਤਾ ਸੀ ਕਿ ਉਹ ਆਪਣੀ ਧੀ ਨੂੰ ਸੁਰੋ ਦੇ ਰਾਜਕੁਮਾਰ ਨਾਲ ਵਿਆਹ ਕਰਨ ਲਈ ਕਿਮਹਯੇ ਸ਼ਹਿਰ ਭੇਜਣ, ਜਿਸ ਤੋਂ ਬਾਅਦ ਉਹ 48 ਈਸਵੀ ਵਿਚ ਅਯੁੱਧਿਆ ਤੋਂ ਕੋਰੀਆ ਸਮੁੰਦਰੀ ਰਸਤੇ ਗਈ ਸੀ।
ਉਂਝ ਤਾਂ ਕੋਰੀਆਈ ਇਤਿਹਾਸ ਵਿਚ ਕਈ ਮਹਾਰਾਣੀਆਂ ਦਾ ਜ਼ਿਕਰ ਹੈ ਪਰ ਸੂਰੀਰਤਨਾ ਨੂੰ ਸਭ ਤੋਂ ਜ਼ਿਆਦਾ ਸਤਿਕਾਰਯੋਗ ਅਤੇ ਪਵਿੱਤਰ ਮੰਨਿਆ ਜਾਂਦਾ ਹੈ। ਇਸ ਵੰਸ਼ ਦੇ ਲੋਕਾਂ ਨੇ ਉਨ੍ਹਾਂ ਪੱਥਰਾਂ ਨੂੰ ਵੀ ਸੰਭਾਲ ਕੇ ਰੱਖਿਆ ਹੋਇਆ ਹੈ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਸੂਰੀਰਤਨਾ ਆਪਣੀ ਸਮੁੰਦਰ ਯਾਤਰਾ ਦੌਰਾਨ ਕਿਸ਼ਤੀ ਨੂੰ ਸੰਤੁਲਿਤ ਰੱਖਣ ਲਈ ਆਪਣੇ ਨਾਲ ਲਿਆਈ ਸੀ। ਇਕ ਦਾਅਵੇ ਅਨੁਸਾਰ ਕਿਮਹਯੇ ਸ਼ਹਿਰ ਵਿਚ ਉਨ੍ਹਾਂ ਦੀ ਕਬਰ 'ਤੇ ਲੱਗਾ ਪੱਥਰ ਵੀ ਅਯੁੱਧਿਆ ਦਾ ਹੈ।
2000 ਸਾਲ ਪਹਿਲਾਂ ਰਾਜਕੁਮਾਰੀ ਸੂਰੀਰਤਨਾ ਆਪਣੇ ਨਾਲ ਅਯੁੱਧਿਆ ਦੀ ਜਿਸ ਸੱਭਿਆਚਾਰਕ ਡੋਰ ਨੂੰ ਕੋਰੀਆ ਲੈ ਗਈ ਸੀ, ਉਸੇ ਨਾਲ ਬੱਝੇ ਵੱਡੀ ਗਿਣਤੀ ਵਿਚ ਲੋਕ ਆਪਣੀਆਂ ਜੜ੍ਹਾਂ ਦੀ ਭਾਲ ਵਿਚ ਹਰ ਸਾਲ ਅਯੁੱਧਿਆ ਆਉਂਦੇ ਹਨ।
ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਲੀ ਮਾਈਂਗ ਬਕ, ਕਿਮ ਡੇ ਜੁੰਗ, ਕਿਮ ਯੰਗ ਸੈਮ ਅਤੇ ਸਾਬਕਾ ਪ੍ਰਧਾਨ ਮੰਤਰੀ ਕਿਮ ਜੋਂਗ ਪਿਲ ਨੇ ਵੀ ਮੰਨਿਆ ਹੈ ਕਿ ਉਹ ਇਸੇ ਸ਼ਾਹੀ ਜੋੜੇ ਦੇ ਵੰਸ਼ 'ਚੋਂ ਹਨ। ਅਯੁੱਧਿਆ ਦੇ ਸਾਬਕਾ ਸ਼ਾਹੀ ਪਰਿਵਾਰ ਦੇ ਮੈਂਬਰ ਬਿਮਲੇਂਦਰ ਮੋਹਨਪ੍ਰਤਾਪ ਮਿਸ਼ਰ ਵੀ 1997 ਤੋਂ ਕਿਮਹਯੇ ਸ਼ਹਿਰ ਦੀ ਯਾਤਰਾ ਕਰ ਰਹੇ ਹਨ।
ਸ਼ੁਰੂ ਵਿਚ ਉਨ੍ਹਾਂ ਨੂੰ ਰਾਣੀ ਸੂਰੀਰਤਨਾ ਦੇ ਅਯੁੱਧਿਆ ਨਾਲ ਸਬੰਧਿਤ ਹੋਣ 'ਤੇ ਸ਼ੱਕ ਹੋਇਆ ਕਿਉਂਕਿ ਥਾਈਲੈਂਡ ਵਿਚ ਵੀ ਅਯੁੱਧਿਆ ਨਾਮੀ ਇਕ ਪ੍ਰਾਂਤ ਹੈ, ਜਿਸ ਨੂੰ 'ਅਯੁੱਥਿਆ' ਨਾਂ ਨਾਲ ਜਾਣਿਆ ਜਾਂਦਾ ਹੈ ਪਰ ਕੋਰੀਆਈ ਵਿਦਵਾਨ-ਇਤਿਹਾਸਕਾਰ ਅਖੀਰ ਤਕ ਆਪਣੇ ਅਧਿਐਨਾਂ ਦੇ ਦਮ 'ਤੇ ਆਸਵੰਦ ਨਜ਼ਰ ਆਏ ਕਿ ਕੋਰੀਆ ਦੀ ਮਹਾਨ ਰਾਣੀ 2000 ਸਾਲ ਪਹਿਲਾਂ ਭਗਵਾਨ ਸ਼੍ਰੀ ਰਾਮ ਦੀ ਨਗਰੀ ਅਯੁੱਧਿਆ ਦੀ ਹੀ ਰਾਜਕੁਮਾਰੀ ਸੀ।
ਭਾਰਤੀ ਸੱਭਿਆਚਾਰਕ ਵਿਰਾਸਤ ਕਿੰਨੀਆਂ ਕੜੀਆਂ ਵਿਚ ਬਿਖਰੀ ਹੋਈ ਹੈ, ਇਸ ਤੋਂ ਅਸੀਂ ਅਣਜਾਣ ਹੀ ਹਾਂ। ਸਮਾਂ ਆ ਗਿਆ ਹੈ ਕਿ ਉਨ੍ਹਾਂ ਕੜੀਆਂ ਨੂੰ ਜੋੜਿਆ ਜਾਵੇ। ਅੱਜ ਦੁਨੀਆ ਦੀ ਕੁਲ ਆਬਾਦੀ 7.6 ਅਰਬ ਹੈ, ਜਿਸ ਵਿਚ ਬੁੱਧ ਦੇ ਪੈਰੋਕਾਰਾਂ ਦੀ ਗਿਣਤੀ 7 ਫੀਸਦੀ, ਭਾਵ 52 ਕਰੋੜ ਹੈ ਅਤੇ ਇਨ੍ਹਾਂ 'ਚੋਂ ਅੱਧੇ ਬੋਧੀ ਚੀਨ ਵਿਚ ਵਸਦੇ ਹਨ।
ਕੀ ਇਹ ਸੱਚ ਨਹੀਂ ਕਿ ਬੁੱਧ ਮਤ ਪ੍ਰਾਚੀਨ ਭਾਰਤ ਤੋਂ ਸ਼ੁਰੂ ਹੋਇਆ ਸੀ ਤੇ ਇਸੇ ਧਰਤੀ ਤੋਂ ਭਗਵਾਨ ਗੌਤਮ ਬੁੱਧ ਨੇ ਦੁਨੀਆ ਨੂੰ ਸੰਦੇਸ਼ ਦਿੱਤਾ? ਭਗਵਾਨ ਬੁੱਧ ਦਾ ਜਨਮ ਸਥਾਨ ਲੁੰਬਿਨੀ (ਨੇਪਾਲ) ਹੈ ਅਤੇ ਚਾਰ ਪ੍ਰਮੁੱਖ ਬੁੱਧ ਤੀਰਥ ਅਸਥਾਨ—ਬੋਧਗਯਾ, ਸਾਰਨਾਥ, ਕੁਸ਼ੀਨਗਰ ਅਤੇ ਦੀਕਸ਼ਾਭੂਮੀ ਭਾਰਤ ਵਿਚ ਸਥਿਤ ਹਨ। ਬੁੱਧ ਦੇ ਪੈਰੋਕਾਰਾਂ ਦੀ ਗਿਣਤੀ ਭਾਰਤ ਵਿਚ ਚਾਹੇ ਇਕ ਕਰੋੜ ਦੇ ਲੱਗਭਗ ਹੋਵੇ ਪਰ ਕਰੋੜਾਂ ਹਿੰਦੂ ਭਗਵਾਨ ਬੁੱਧ ਨੂੰ ਭਗਵਾਨ ਵਿਸ਼ਨੂੰ ਦਾ ਅਵਤਾਰ ਮੰਨਦੇ ਹਨ ਤੇ ਉਨ੍ਹਾਂ ਪ੍ਰਤੀ ਸ਼ਰਧਾ ਦੀ ਭਾਵਨਾ ਰੱਖਦੇ ਹਨ।
ਅੱਜ ਅਸੀਂ ਭਾਰਤ ਦੇ ਜਿਸ ਨਕਸ਼ੇ ਨੂੰ ਦੇਖਦੇ ਹਾਂ, ਸੈਂਕੜੇ ਸਾਲ ਪਹਿਲਾਂ ਉਸ ਦਾ ਸੱਭਿਆਚਾਰਕ ਵਿਸਤਾਰ ਸਮੁੱਚੇ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਤਕ ਸੀ, ਜਿਸ 'ਤੇ ਰਾਮਾਇਣ ਅਤੇ ਹਿੰਦੂ ਸੱਭਿਅਤਾ ਦਾ ਅੱਜ ਵੀ ਡੂੰਘਾ ਅਸਰ ਹੈ।
ਕੁਝ ਸਾਲ ਪਹਿਲਾਂ ਮੈਨੂੰ ਕੰਬੋਡੀਆ ਵਿਚ ਭਗਵਾਨ ਵਿਸ਼ਨੂੰ ਦਾ 162 ਏਕੜ ਖੇਤਰ ਵਿਚ ਫੈਲਿਆ ਅੰਗਕੋਰਵਾਟ ਮੰਦਰ ਦੇਖਣ ਦਾ ਮੌਕਾ ਮਿਲਿਆ। ਉਥੋਂ ਦੇ ਜ਼ਿਆਦਾਤਰ ਵਾਸੀ ਬੋਧੀ ਹਨ, ਫਿਰ ਵੀ ਉਸ ਮੰਦਰ ਵਿਚ ਵੱਖ-ਵੱਖ ਜਗ੍ਹਾ ਪੂਜਾ ਕਰਦੇ ਦੇਖੇ ਜਾ ਸਕਦੇ ਹਨ। ਇਸੇ ਤਰ੍ਹਾਂ ਜਾਵਾ ਵਿਚ ਸਥਿਤ ਪ੍ਰਮਬਨਨ ਮੰਦਰ ਭਗਵਾਨ ਸ਼ਿਵ, ਵਿਸ਼ਨੂੰ ਅਤੇ ਬ੍ਰਹਮਾ ਜੀ ਨੂੰ ਸਮਰਪਿਤ ਹੈ। ਪ੍ਰਾਚੀਨ ਕਾਲ ਵਿਚ ਇਥੋਂ ਦੇ ਜ਼ਿਆਦਾਤਰ ਖੇਤਰਾਂ 'ਤੇ ਹਿੰਦੂ ਰਾਜਿਆਂ ਦਾ ਰਾਜ ਸੀ।
ਥਾਈਲੈਂਡ ਵਿਚ ਵੈਦਿਕ ਸੱਭਿਅਤਾ ਦਾ ਅਮਲੀ ਰੂਪ ਉਸ ਦੀ ਰਾਜਧਾਨੀ ਬੈਂਕਾਕ ਦੇ ਹਵਾਈ ਅੱਡੇ 'ਤੇ ਦੇਖਣ ਨੂੰ ਮਿਲਦਾ ਹੈ। ਇਸ ਦਾ ਅਧਿਕਾਰਤ ਨਾਂ 'ਸੁਵਰਣਭੂਮੀ ਅੰਤਰਰਾਸ਼ਟਰੀ ਹਵਾਈ ਅੱਡਾ' ਹੈ, ਜਿੱਥੇ ਹਿੰਦੂ ਗ੍ਰੰਥਾਂ ਵਿਚ ਦਰਜ 'ਸਾਗਰ ਮੰਥਨ' ਦੀ ਇਕ ਵੱਡੀ ਮੂਰਤੀ ਸਥਾਪਿਤ ਹੈ। ਸਦੀਆਂ ਤੋਂ ਥਾਈਲੈਂਡ ਦੇ ਸ਼ਾਹੀ ਪਰਿਵਾਰ 'ਤੇ ਹਿੰਦੂਤਵ ਦਾ ਪ੍ਰਭਾਵ ਰਿਹਾ ਹੈ।
ਉਥੋਂ ਦਾ ਕੌਮੀ ਗ੍ਰੰਥ 'ਰਾਮਾਇਣ' ਹੈ, ਜਿਸ ਨੂੰ ਥਾਈ ਭਾਸ਼ਾ ਵਿਚ 'ਰਾਮਕਿਯੇਨ' ਕਹਿੰਦੇ ਹਨ। ਇਸੇ 'ਤੇ ਆਧਾਰਿਤ ਨ੍ਰਿਤ-ਨਾਟਕ ਦਾ ਪ੍ਰਦਰਸ਼ਨ ਹਰ ਰੋਜ਼ ਹੁੰਦਾ ਹੈ, ਜੋ ਭਾਰਤ ਵਿਚ ਆਉਣ ਵਾਲੀ ਸਾਲਾਨਾ ਰਾਮ ਲੀਲਾ ਦਾ ਚੇਤਾ ਕਰਵਾਉਂਦਾ ਹੈ।
ਮਲੇਸ਼ੀਆ ਦੀ ਕੁੱਲ ਆਬਾਦੀ ਵਿਚ 60 ਫੀਸਦੀ ਤੋਂ ਜ਼ਿਆਦਾ ਮੁਸਲਮਾਨ ਹਨ ਅਤੇ ਇਥੋਂ ਦੇ ਮੂਲ ਜਾਤੀ ਸਮੂਹ 'ਭੂਮੀ ਪੁੱਤਰ' ਦੀ ਗਿਣਤੀ 70 ਫੀਸਦੀ ਹੈ। 'ਭੂਮੀ ਪੁੱਤਰ' ਸ਼ਬਦ ਸੰਸਕ੍ਰਿਤ ਭਾਸ਼ਾ ਤੋਂ ਲਿਆ ਗਿਆ ਹੈ। 7 ਫੀਸਦੀ ਹਿੰਦੂ ਆਬਾਦੀ ਹੋਣ ਦੇ ਬਾਵਜੂਦ ਉਥੇ ਮੰਤਰੀ ਅਹੁਦੇ ਦੀ ਸਹੁੰ ਚੁੱਕਦੇ ਸਮੇਂ ਸਭ ਤੋਂ ਪਹਿਲਾਂ 'ਉਰੂਸਾਨ ਸੇਰੀ ਪਾਦੁਕਾ ਬੇਗਿੰਦਾ', ਭਾਵ 'ਸ਼੍ਰੀ ਰਾਮ ਦੇ ਪਾਦੁਕਾ ਦੀ ਆਗਿਆ ਨਾਲ' ਕਿਹਾ ਜਾਂਦਾ ਹੈ।
ਮਲੇਸ਼ੀਆ ਦੇ ਉੱਤਰ-ਪੂਰਬੀ ਸੂਬਿਆਂ ਵਿਚ ਰਾਮਾਇਣ 'ਤੇ ਆਧਾਰਿਤ ਨ੍ਰਿਤ-ਨਾਟਕ ਦਾ ਮੰਚਨ ਹਰਮਨਪਿਆਰਾ ਹੈ। ਕੁਆਲਾਲੰਪੁਰ ਤੋਂ 13 ਕਿਲੋਮੀਟਰ ਦੂਰ 'ਬਟੂ' ਦੀ ਗੁਫਾ ਵਿਚ ਭਗਵਾਨ ਕਾਰਤੀਕੇਅ ਦੀ ਮੂਰਤੀ ਸਥਾਪਿਤ ਹੈ। ਰਾਮਲੀ ਇਬਰਾਹਿਮ ਅਤੇ ਚੰਦਰਭਾਨੂੰ ਦੋਵੇਂ ਹੀ ਭਰਤਨਾਟਿਅਮ ਦੇ ਪ੍ਰਸਿੱਧੀ ਪ੍ਰਾਪਤ ਮਲੇਸ਼ੀਆਈ ਕਲਾਕਾਰ ਹਨ, ਜੋ ਆਪਣੇ ਹਰੇਕ ਪ੍ਰੋਗਰਾਮ ਤੋਂ ਪਹਿਲਾਂ ਹਿੰਦੂ ਰਵਾਇਤਾਂ ਅਨੁਸਾਰ ਨਟਰਾਜ ਸ਼ਿਵ ਦੀ ਪੂਜਾ ਕਰਦੇ ਹਨ। ਇਸ ਦਾ ਕਈ ਕੱਟੜ ਇਸਲਾਮੀ ਸੰਗਠਨ ਵਿਰੋਧ ਵੀ ਕਰ ਚੁੱਕੇ ਹਨ। ਇਸ ਦੇਸ਼ ਦੀ ਨਵੀਂ ਰਾਜਧਾਨੀ ਦਾ ਨਾਂ 'ਪੁੱਤਰਜਯਾ' ਹੈ ਤੇ ਇਹ ਸ਼ਬਦ ਵੀ ਸੰਸਕ੍ਰਿਤ ਭਾਸ਼ਾ ਦਾ ਹੈ।
ਗਿਣਤੀ ਦੇ ਲਿਹਾਜ਼ ਨਾਲ ਇੰਡੋਨੇਸ਼ੀਆ ਅੱਜ ਦੁਨੀਆ ਦਾ ਸਭ ਤੋਂ ਵੱਡਾ ਇਸਲਾਮੀ ਬਹੁਲਤਾ ਵਾਲਾ ਰਾਸ਼ਟਰ ਹੈ ਪਰ ਇਸ ਨੂੰ ਆਪਣੀ ਪ੍ਰਾਚੀਨ ਹਿੰਦੂ ਪਛਾਣ 'ਤੇ ਮਾਣ ਹੈ। ਸਿਰਫ 2 ਫੀਸਦੀ ਹਿੰਦੂ ਆਬਾਦੀ ਹੋਣ ਦੇ ਬਾਵਜੂਦ ਇਥੇ ਹਜ਼ਾਰਾਂ ਛੋਟੇ-ਛੋਟੇ ਮੰਦਰ ਹਨ। ਭਾਰਤ ਵਾਂਗ ਇਥੇ ਵੀ ਰਾਮ, ਕ੍ਰਿਸ਼ਨ, ਸੀਤਾ, ਵਿਸ਼ਨੂੰ, ਲਕਸ਼ਮੀ, ਵੀਣਾ, ਸਾਵਿੱਤਰੀ, ਪਾਰਵਤੀ ਆਦਿ ਨਾਂ ਪ੍ਰਚੱਲਿਤ ਹਨ।
ਕਈ ਵੱਖ-ਵੱਖ ਥਾਵਾਂ ਦੇ ਨਾਂ ਸੰਸਕ੍ਰਿਤ ਭਾਸ਼ਾ ਵਿਚ ਰੱਖੇ ਗਏ ਹਨ। ਜ਼ਿਆਦਾਤਰ ਯੂਨੀਵਰਸਿਟੀਆਂ ਵਿਚ ਗਣੇਸ਼ ਅਤੇ ਮਾਂ ਸਰਸਵਤੀ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਸੰਸਦ ਭਵਨ ਦੇ ਠੀਕ ਸਾਹਮਣੇ 8 ਘੋੜਿਆਂ ਵਾਲੇ ਰੱਥ 'ਤੇ ਸਵਾਰ ਗੀਤਾ ਦਾ ਉਪਦੇਸ਼ ਦਿੰਦੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਵਿਸ਼ਾਲ ਮੂਰਤੀ ਲਗਾਈ ਗਈ ਹੈ।
ਜਕਾਰਤਾ ਵਿਚ 'ਅਰਜੁਨ ਵਿਆਹ' ਦੇ ਨਾਂ ਦੀ ਇਕ ਵਿਸ਼ਾਲ ਮੂਰਤੀ ਲੱਗੀ ਹੋਈ ਹੈ ਅਤੇ ਇਸ ਦੇਸ਼ ਦੀ ਕੁਝ ਕਰੰਸੀ 'ਤੇ ਭਗਵਾਨ ਗਣੇਸ਼ ਦੇ ਚਿੱਤਰ ਹਨ। ਭਗਵਾਨ ਵਿਸ਼ਨੂੰ ਦਾ ਵਾਹਨ ਕਹੇ ਜਾਣ ਵਾਲੇ ਗਰੁੜ ਦੇ ਨਾਂ 'ਤੇ ਇਥੇ ਕੌਮੀ ਏਅਰ ਲਾਈਨਜ਼ ਦਾ ਨਾਂ 'ਗਰੁੜ ਏਅਰਲਾਈਨਜ਼' ਰੱਖਿਆ ਗਿਆ ਹੈ। ਸ਼੍ਰੀ ਗਣੇਸ਼ ਜੀ, ਸ਼੍ਰੀ ਕ੍ਰਿਸ਼ਨ ਜੀ ਅਤੇ ਬਜਰੰਗਬਲੀ ਹਨੂੰਮਾਨ ਜੀ ਦੇ ਨਾਲ-ਨਾਲ ਇਥੇ ਪਾਂਡਵਾਂ ਦੇ ਨਾਂ 'ਤੇ ਡਾਕ ਟਿਕਟਾਂ ਵੀ ਜਾਰੀ ਹੋ ਚੁੱਕੀਆਂ ਹਨ। ਬਾਲੀ ਟਾਪੂ ਵਿਚ ਪ੍ਰਾਚੀਨ ਹਿੰਦੂ ਸੱਭਿਅਤਾ ਅੱਜ ਵੀ ਜੀਵਤ ਹੈ। ਇਸ ਟਾਪੂ ਦਾ ਨਾਂ ਵੈਦਿਕ ਕਾਲ ਵਿਚ ਰਾਜਾ ਬਾਲੀ ਦੇ ਨਾਂ 'ਤੇ ਰੱਖਿਆ ਗਿਆ ਹੈ।
ਵੀਅਤਨਾਮ 'ਤੇ ਵੀ ਭਾਰਤੀ ਸੱਭਿਅਤਾ ਦਾ ਡੂੰਘਾ ਪ੍ਰਭਾਵ ਹੈ। ਇਥੋਂ ਦੇ ਅਜਾਇਬਘਰ ਵਿਚ ਭਗਵਾਨ ਗਣੇਸ਼ ਜੀ ਦੀ ਮੂਰਤੀ ਸਥਾਪਿਤ ਹੈ ਅਤੇ ਦੇਸ਼ ਵਿਚ ਕਈ ਪ੍ਰਾਚੀਨ ਹਿੰਦੂ-ਬੁੱਧ ਮੰਦਰ ਹਨ। ਵੀਅਤਨਾਮੀ ਲੋਕ-ਗੀਤ, ਕਲਾ ਅਤੇ ਦਰਸ਼ਨ ਵਿਚ ਅੱਜ ਵੀ ਭਾਰਤੀ ਪ੍ਰਭਾਵ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਨੇਪਾਲ, ਤਿੱਬਤ, ਭੂਟਾਨ, ਮਿਆਂਮਾਰ ਅਤੇ ਸ਼੍ਰੀਲੰਕਾ ਵਿਚ ਸਪੱਸ਼ਟ ਤੌਰ 'ਤੇ ਭਾਰਤੀ ਸਭਿਅਤਾ ਦੀ ਛਾਪ ਨਜ਼ਰ ਆਉਂਦੀ ਹੈ।
ਪਰ ਤ੍ਰਾਸਦੀ ਹੈ ਕਿ ਭਾਰਤ ਦਾ ਇਕ ਵੱਡਾ ਹਿੱਸਾ ਆਪਣੀਆਂ ਇਨ੍ਹਾਂ ਹੀ ਸੱਭਿਆਚਾਰਕ ਤੇ ਪ੍ਰਾਚੀਨ ਜੜ੍ਹਾਂ ਤੋਂ ਅਣਜਾਣ ਹੈ। ਜਦੋਂ 712 ਈ. ਵਿਚ ਮੁਸਲਿਮ ਹਮਲਾਵਰ ਮੁਹੰਮਦ-ਬਿਨ-ਕਾਸਿਮ ਨੇ ਮਜ਼੍ਹਬੀ ਮੁਹਿੰਮ ਦੀ ਸ਼ੁਰੂਆਤ ਕੀਤੀ, ਉਦੋਂ ਉਸ ਤੋਂ ਬਾਅਦ ਭਾਰਤ ਆਏ ਕਈ ਇਸਲਾਮੀ ਹਮਲਾਵਰਾਂ ਨੇ ਲੁੱਟਮਾਰ ਤੋਂ ਬਾਅਦ ਸੈਂਕੜੇ ਮੰਦਰਾਂ ਨੂੰ ਤੋੜਿਆ, ਤਲਵਾਰ ਦੇ ਦਮ 'ਤੇ ਸਥਾਨਕ ਲੋਕਾਂ ਦਾ ਜ਼ਬਰਦਸਤੀ ਧਰਮ ਬਦਲਿਆ, ਜਿਸ ਨਾਲ ਭਾਰਤ ਦਾ ਸੱਭਿਆਚਾਰਕ ਨਕਸ਼ਾ ਸੁੰਗੜਨ ਲੱਗਾ ਤੇ ਸਮਾਂ ਪਾ ਕੇ ਅਫਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਦਾ ਨਕਸ਼ਾ ਸਾਹਮਣੇ ਆਇਆ।
ਅਸਲ ਵਿਚ ਇਸ ਜ਼ਖ਼ਮ ਨੂੰ ਕੈਂਸਰ ਰੂਪੀ ਫੋੜਾ 16ਵੀਂ ਸਦੀ ਵਿਚ ਪੁਰਤਗਾਲੀਆਂ ਨਾਲ ਆਏ ਰੋਮਨ ਕੈਥੋਲਿਕ ਚਰਚ ਤੇ ਅੰਗਰੇਜ਼ਾਂ ਨੇ ਬਣਾਇਆ। ਉਨ੍ਹਾਂ ਨੇ ਆਪਣੀ ਬਸਤੀਵਾਦੀ ਮਾਨਸਿਕਤਾ ਅਤੇ ਪਾਖੰਡਾਂ (ਸਾਹਿਤ ਸਮੇਤ) ਨਾਲ ਭਾਰਤੀ ਸੱਭਿਅਤਾ, ਰਵਾਇਤਾਂ ਤੇ ਇਸ ਦੀਆਂ ਕੜੀਆਂ ਨੂੰ ਤੋੜ ਕੇ ਸਮਾਜਿਕ ਬਰਾਬਰੀ ਦਾ ਘਾਣ ਕਰ ਦਿੱਤਾ। ਦੁੱਖ ਇਸ ਗੱਲ ਦਾ ਹੈ ਕਿ ਆਜ਼ਾਦੀ ਦੇ 7 ਦਹਾਕਿਆਂ ਬਾਅਦ ਅੱਜ ਵੀ ਉਹੀ ਮਾਨਸਿਕਤਾ ਚੱਲ ਰਹੀ ਹੈ।