ਤਕਨਾਲੋਜੀ ਤੇ ਤਕਨੀਕੀ ਵਿਕਾਸ ਨਾਲ ਭਾਰਤ ਆਤਮਨਿਰਭਰਤਾ ਵੱਲ

05/12/2022 5:07:54 PM

ਅੱਜ ਦੇ ਯੁੱਗ ’ਚ ਕੋਈ ਵੀ ਦੇਸ਼ ਤਕਨਾਲੋਜੀ ਤੇ ਨਵੀਂ ਤਕਨੀਕ ਦੇ ਦਮ ’ਤੇ ਖੇਤੀਬਾੜੀ, ਜੰਗੀ, ਆਰਥਿਕ ਤੇ ਸਿੱਖਿਆ ਦੇ ਖੇਤਰ ’ਚ ਵਿਕਾਸ ਕਰ ਸਕਦਾ ਹੈ। ਮੌਜੂਦਾ ਸਮੇਂ ’ਚ ਭਾਰਤ ਹਰ ਖੇਤਰ ’ਚ ਤਕਨਾਲੋਜੀ ਤੇ ਤਕਨੀਕ ਦੇ ਨਵੇਂ ਮੋਡ ਨੂੰ ਅਪਣਾਉਂਦੇ ਹੋਏ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਰਾਸ਼ਟਰੀ ਤਕਨਾਲੋਜੀ ਦਿਵਸ ਜੋ ਅਸੀਂ ਹਰ ਸਾਲ 11 ਮਈ ਨੂੰ ਮਨਾਉਂਦੇ ਹਾਂ, ਸਾਨੂੰ ਵਿਸ਼ਵ ਪੱਧਰੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਕਨੀਕੀ ਤੌਰ ’ਤੇ ਮਜ਼ਬੂਤ ਹੋਣ ਦੇ ਸਾਡੇ ਸਮੂਹਿਕ ਫਰਜ਼ਾਂ ਤੇ ਜ਼ਿੰਮੇਵਾਰੀਆਂ ਦੀ ਯਾਦ ਦਿਵਾਉਂਦਾ ਹੈ। ਇਸ ਦਿਨ ਭਾਰਤ ਨੇ ਰਾਜਸਥਾਨ ਦੇ ਪੋਖਰਨ ’ਚ ‘ਆਪ੍ਰੇਸ਼ਨ ਸ਼ਕਤੀ’ ਤਹਿਤ ਸਫਲਤਾਪੂਰਵਕ 3 ਪ੍ਰਮਾਣੂ ਪ੍ਰੀਖਣ ਕਰ ਕੇ ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ਾਂ ਦੇ ਸਮੂਹ ’ਚ ਸ਼ਾਮਲ ਹੋਣ ’ਚ ਸਫਲਤਾ ਹਾਸਲ ਕੀਤੀ। ਇਹ ਵਿਗਿਆਨ ਤੇ ਤਕਨਾਲੋਜੀ ਤੇ ਜੰਗ ਦੇ ਖੇਤਰ ’ਚ ਆਤਮਨਿਰਭਰ ਭਾਰਤ ਬਣਨ ਦੀਆਂ ਕੋਸ਼ਿਸ਼ਾਂ ’ਚ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ। ਅੱਜ ਭਾਰਤ ਹਰ ਖੇਤਰ ’ਚ ਤਕਨੀਕੀ ਤਰੱਕੀ ਦਾ ਲਾਭ ਉਠਾਉਣ ’ਚ ਕੋਈ ਕਸਰ ਨਹੀਂ ਛੱਡ ਰਿਹਾ। ਸਿਹਤ ਤੋਂ ਲੈ ਕੇ ਸਿੱਖਿਆ ਤੱਕ, ਰੱਖਿਆ ਤੋਂ ਲੈ ਕੇ ਖੇਤੀਬਾੜੀ ਦੇ ਖੇਤਰ ’ਚ ਸ਼ਾਨਦਾਰ ਤਰੱਕੀ ਕੀਤੀ ਹੈ। ਤਕਨਾਲੋਜੀ ਵਿਕਾਸ ਨਾਲ ਵੱਧ ਰੋਜ਼ਗਾਰ ਤਾਂ ਪੈਦਾ ਹੋ ਹੀ ਰਹੇ ਹਨ, ਨਾਲ ਹੀ ਉਤਪਾਦਨ ਤੇ ਬਰਾਮਦ ਦੇ ਖੇਤਰ ’ਚ ਵਾਧਾ ਹੋਇਆ ਹੈ। ਲੋਕਾਂ ਦੀ ਜ਼ਿੰਦਗੀ ਆਸਾਨ ਬਣਾਉਣ ’ਚ ਵੀ ਮਦਦ ਮਿਲੀ ਹੈ। ਅੱਜ ਦੇਸ਼ ’ਚ ਮਨੁੱਖੀ ਲੋੜਾਂ ਅਨੁਸਾਰ ਤਕਨੀਕੀ ਵਿਕਾਸ ਹੋ ਰਿਹਾ ਹੈ। ਰੱਖਿਆ ਖੇਤਰ ’ਚ ਸਾਡੀ ਸੂਚਨਾ ਤਕਨਾਲੋਜੀ (ਆਈ. ਟੀ.) ਦਾ ਰੋਡਮੈਪ ਨਾ ਸਿਰਫ ਉੱਨਤ ਦੇਸ਼ਾਂ ਵੱਲੋਂ ਵਰਤੋਂ ਕੀਤੀਆਂ ਜਾ ਰਹੀਆਂ ਸਮਕਾਲੀਨ ਤਕਨੀਕਾਂ ਦੇ ਸਗੋਂ ਸਾਡੀਆਂ ਜੰਗੀ ਲੋੜਾਂ ਦੇ ਅਨੁਸਾਰ ਵੀ ਹੈ।

ਰੱਖਿਆ ਲਈ ਆਈ. ਟੀ. ਖੇਤਰ ’ਚ ਚੱਲ ਰਹੇ ਭਵਿੱਖ ਦੇ ਤ੍ਰਿ-ਸੇਵਾ ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈ. ਸੀ. ਟੀ.) ਪ੍ਰਾਜੈਕਟ ਸ਼ਾਮਲ ਹਨ ਜੋ ਨੈੱਟਵਰਕ ਕੇਂਦਰਿਤ ਸੰਚਾਲਨ, ਸੂਚਨਾ ਸੁਰੱਖਿਆ, ਯੋਜਨਾ, ਸਟੋਰ ਪ੍ਰਬੰਧਨ ਅਤੇ ਆਮ ਪ੍ਰਸ਼ਾਸਨ ਸੁਸ਼ਾਸਨ ਵਰਗੇ ਖੇਤਰਾਂ ’ਚ ਉਪਯੋਗੀ ਹਨ। ਉੱਨਤ ਇਲੈਕਟ੍ਰਾਨਿਕ ਜੰਗ ਪ੍ਰਣਾਲੀ ‘ਸ਼ਕਤੀ’ ਨੂੰ ਰੱਖਿਆ ਇਲੈਕਟ੍ਰਾਨਿਕਸ ਖੋਜ ਪ੍ਰਯੋਗਸ਼ਾਲਾ (ਡੀ. ਐੱਲ. ਆਰ. ਐੱਲ.) ਹੈਦਰਾਬਾਦ ਵੱਲੋਂ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਸੀ, ਜਿਸ ਨੂੰ ਪਿਛਲੇ ਸਾਲ ਭਾਰਤੀ ਸਮੁੰਦਰੀ ਫੌਜ ਨੂੰ ਸੌਂਪਿਆ ਗਿਆ ਸੀ। ਸਵਦੇਸ਼ੀ ਜਹਾਜ਼ ਢੋਣ ਵਾਲੇ ਬੇੜੇ ਵਿਕ੍ਰਾਂਤ ਨੇ ਪਿਛਲੇ ਸਾਲ ਆਪਣੀ ਪਹਿਲੀ ਸਮੁੰਦਰੀ ਯਾਤਰਾ ਸਫਲਤਾਪੂਰਵਕ ਪੂਰੀ ਕੀਤੀ। ਤਕਨਾਲੋਜੀ ’ਚ ਇਹ ਤਰੱਕੀ ਆਤਮਨਿਰਭਰ ਭਾਰਤ ਦੀ ਦਿਸ਼ਾ ’ਚ ਦੇਸ਼ਵਾਸੀਆਂ ਦੇ ਸੰਕਲਪ ਤੇ ਫਰਜ਼ ਨੂੰ ਦੁਹਰਾਉਂਦੀ ਹੈ।

ਇਹ ਖੁਸ਼ੀ ਦੀ ਗੱਲ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀਬੱਧ ਹਨ। ਇਸੇ ਮਕਸਦ ਨੂੰ ਸਾਹਮਣੇ ਰੱਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਤਿਆਰ ਕੀਤੀ ਗਈ ਰਾਸ਼ਟਰੀ ਸਿੱਖਿਆ ਨੀਤੀ-2020 ’ਚ ਸੂਚਨਾ ਤੇ ਤਕਨਾਲੋਜੀ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਭਾਰਤੀ ਵਿਗਿਆਨ ਤੇ ਤਕਨਾਲੋਜੀ ਮੰਤਰਾਲਾ ਵੱਲੋਂ ਹਰ ਸਾਲ ਹੋਣਹਾਰ ਤਕਨੀਸ਼ੀਅਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਕ ਸਮੁੱਚੇ ਅਰਥਚਾਲਕ ਵਾਤਾਵਰਣੀ ਤੰਤਰ ਦਾ ਨਿਰਮਾਣ ਕਰਨ ਤੇ ਇਹ ਯਕੀਨੀ ਬਣਾਉਣ ਲਈ ਕਿ ਦੇਸ਼ ’ਚ ਇਲੈਕਟ੍ਰਾਨਿਕ ਵਿਨਿਰਮਾਣ ਅਤੇ ਨਵਾਚਾਰ ਵਾਤਾਵਰਣੀ ਤੰਤਰ ਨੂੰ ਉਤਪ੍ਰੇਰਕ ਕੀਤਾ ਜਾ ਰਿਹਾ ਹੈ, ਕੇਂਦਰ ਸਰਕਾਰ ਨੇ ਅਰਥਚਾਲਕ ਤੇ ਪ੍ਰਦਰਸ਼ਨ ਨਿਰਮਾਣ ਦੇ ਵਿਕਾਸ ਲਈ ਕੁਲ 76000 ਕਰੋੜ ਰੁਪਏ ਦੇ ‘ਸੈਮੀਕਾਨ ਇੰਡੀਆ’ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਹੈ। ਤਕਨਾਲੋਜੀ ਸਾਡੀ ਕਲਪਨਾ ਤੋਂ ਵੀ ਤੇਜ਼ੀ ਨਾਲ ਬਦਲ ਰਹੀ ਹੈ, ਇਸ ਲਈ ਸਾਡੇ ਖੋਜੀਆਂ, ਵਿਗਿਆਨੀਆਂ ਤੇ ਮਾਹਿਰਾਂ ਲਈ ਜ਼ਰੂਰੀ ਹੈ ਕਿ ਉਹ ਹਰ ਖੇਤਰ ’ਚ ਪਹਿਲਾਂ ਅਭਿਆਸ ਕਰਨ ਤੇ ਉਸੇ ਅਨੁਸਾਰ ਯੋਜਨਾ ਬਣਾਉਣ। ਅਸੀਂ ਸਾਰੇ ਕੋਵਿਨ ਨੂੰ ਜਾਣਦੇ ਹਾਂ, ਇਕ ਡਿਜੀਟਲ ਪਲੇਟਫਾਰਮ ਜਿਸ ਨੇ ਕੋਵਿਡ-19 ਵਿਰੁੱਧ ਲੜਾਈ ਨੂੰ ਸੌਖਾ ਬਣਾ ਦਿੱਤਾ। ਇਸੇ ਤਰ੍ਹਾਂ ਅਰੋਗਿਆ ਸੇਤੂ ਐਪ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ ’ਚ ਇਕ ਪ੍ਰਭਾਵੀ ਹਥਿਆਰ ਦੇ ਰੂਪ ’ਚ ਕੰਮ ਕੀਤਾ।

ਅੱਜ ਅਸੀਂ ਖੇਤੀਬਾੜੀ ਸਮੇਤ ਹੋਰਨਾਂ ਖੇਤਰਾਂ ’ਚ ਤਕਨਾਲੋਜੀ ਦੀ ਵਰਤੋਂ ਨਾਲ ਹੀ ਅੱਗੇ ਵਧ ਸਕਦੇ ਹਾਂ। ਇਸ ਲਈ ਤਕਨਾਲੋਜੀ ਤੰਤਰ ਨੂੰ ਸਰਲ, ਸੁਲੱਭ ਤੇ ਸਸਤਾ ਬਣਾਉਣ ’ਤੇ ਧਿਆਨ ਦੇਣਾ ਹੋਵੇਗਾ। ਕੀਟਨਾਸ਼ਕ ਤੇ ਪੋਸ਼ਕ ਤੱਤਾਂ ਦੀ ਵਰਤੋਂ ’ਚ ਡ੍ਰੋਨ ਦੀ ਬੜੀ ਵੱਡੀ ਵਰਤੋਂ ਹੁੰਦੀ ਹੈ ਪਰ ਕੀ ਸਾਰੇ ਕਿਸਾਨ ਡ੍ਰੋਨ ਖਰੀਦ ਸਕਦੇ ਹਨ? ਸ਼ਾਇਦ ਨਹੀਂ। ਖੋਜੀਆਂ ਤੇ ਵਿਗਿਆਨੀਆਂ ਨੂੰ ਸਸਤੇ ਡ੍ਰੋਨ ਤੇ ਰੋਬੋਟ ਬਣਾਉਣ ’ਤੇ ਕੰਮ ਕਰਨਾ ਹੋਵੇਗਾ। ਇਸੇ ਤਰ੍ਹਾਂ ਅਸੀਂ ਆਰਟੀਫੀਸ਼ੀਅਲ ਇੰਟੈਂਲੀਜੈਂਸੀ, ਮਸ਼ੀਨ ਲਰਨਿੰਗ, ਰੋਬੋਟਿਕ ਪ੍ਰੋਸੈੱਸ ਆਟੋਮੇਸ਼ਨ, ਏਜ ਕੰਪਿਊਟਿੰਗ ਅਤੇ ਕਵਾਂਟਮ ਕੰਪਿਊਟਿੰਗ, ਵਰਚੁਅਲ ਰਿਐਲਿਟੀ ਆਗਮੈਂਟੇਡ ਰਿਐਲਿਟੀ, ਬਲਾਕਚੇਨਸ ਇੰਟਰਨੈੱਟ ਆਫ ਥਿੰਗਸ ਅਤੇ ਸਾਈਬਰ ਸਕਿਓਰਿਟੀ ਆਦਿ ਵਰਗੀਆਂ ਤਕਨੀਕਾਂ ਨੂੰ ਵਿਆਪਕ ਵਰਤੋਂ ’ਚ ਲਿਆਉਣ ਲਈ ਤੇ ਕਾਰਜ ਯੋਜਨਾਵਾਂ ਦੇ ਸੰਦਰਭ ’ਚ ਅਸੀਂ ਕਿੰਨੇ ਤਿਆਰ ਹਾਂ? ਸਾਨੂੰ ਨਵੀਆਂ ਤਕਨੀਕਾਂ ਦੀ ਵਰਤੋਂ ’ਚ ਤੇਜ਼ੀ ਨਾਲ ਅਤੇ ਚੰਗੀ ਤਰ੍ਹਾਂ ਤਿਆਰ ਹੋਣ ਦੀ ਲੋੜ ਹੈ। ਸਾਨੂੰ ਹਮੇਸ਼ਾ ਇਹ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਦੁਨੀਆ ’ਚ ਸਰਵਸ੍ਰੇਸ਼ਠ ਨਾਲ ਮੁਕਾਬਲੇਬਾਜ਼ੀ ਕਰਨੀ ਹੈ।

ਮੇਰਾ ਦ੍ਰਿੜ੍ਹ ਮਤ ਹੈ ਕਿ ਅਸੀਂ ਆਪਣੀਆਂ ਸਰਵੋਤਮ ਕੋਸ਼ਿਸ਼ਾਂ ਨਾਲ ਹੀ ‘ਡਿਜੀਟਲ ਇੰਡੀਆ’ ਦੇ ਸੁਪਨੇ ਨੂੰ ਪੂਰਾ ਕਰ ਸਕਾਂਗੇ, ਸਾਡੇ ਵਿਦਿਆਰਥੀਆਂ, ਖੋਜੀਆਂ ਤੇ ਵਿਗਿਆਨੀਆਂ ਨੂੰ ਨਵੀਆਂ ਤਕਨੀਕਾਂ ’ਚ ਸਮਰੱਥ ਹੋਣ ’ਚ ਇਕ ਵੱਡੀ ਤੇ ਸਰਗਰਮ ਭੂਮਿਕਾ ਨਿਭਾਉਣੀ ਹੋਵੇਗੀ। ਅੱਜ ਰਵਾਇਤੀ ਰੁਝਾਨ ਦਾ ਯੁੱਗ ਖਤਮ ਹੋ ਗਿਆ ਹੈ। ਹੁਣ ਲੀਕ ਤੋਂ ਹਟ ਕੇ ਸੋਚਣ ਦਾ ਯੁੱਗ ਹੈ। ਇਹ ਵਿਨਿਰਮਾਣ ਤੇ ਉਦਮਿਤਾ ਦਾ ਯੁੱਗ ਹੈ। ਸਾਡੇ ਨੌਜਵਾਨਾਂ ’ਚ ਪ੍ਰਦਰਸ਼ਨ ਤੇ ਸੁਧਾਰ ਦੇ ਸੰਚਾਲਕ ਬਣਨ ਦੀ ਸਮਰੱਥਾ ਅਤੇ ਦ੍ਰਿੜ੍ਹ ਸੰਕਲਪ ਹੈ। ਜਿਵੇਂ ਕਿ ਸਵਾਮੀ ਵਿਵੇਕਾਨੰਦ ਨੇ ਕਿਹਾ ਸੀ-ਉੱਠੋ, ਜਾਗੋ ਅਤੇ ਉਦੋਂ ਤੱਕ ਨਾ ਰੁਕੋ ਜਦੋਂ ਤੱਕ ਟੀਚਾ ਹਾਸਲ ਨਾ ਹੋ ਜਾਵੇ। ਇਸੇ ਦ੍ਰਿੜ੍ਹ ਨਿਸ਼ਚੈ ਨਾਲ ਦੇਸ਼ ਅੱਗੇ ਵਧੇਗਾ ਅਤੇ ਆਤਮਨਿਰਭਰ ਬਣੇਗਾ।

ਬੰਡਾਰੂ ਦੱਤਾਤ੍ਰੇਅ (ਮਾਣਯੋਗ ਰਾਜਪਾਲ, ਹਰਿਆਣਾ)


Anuradha

Content Editor

Related News