ਭਾਰਤ ''ਚ ਖੂਨਦਾਨ ਅਤੇ ਅੰਗਦਾਨ ਪ੍ਰਤੀ ਉਦਾਸੀਨਤਾ
Wednesday, Aug 15, 2018 - 06:34 AM (IST)

ਲੱਗਭਗ 132 ਕਰੋੜ ਲੋਕਾਂ ਦੀ ਆਬਾਦੀ ਵਾਲੇ ਸਾਡੇ ਦੇਸ਼ ਭਾਰਤ ਵਿਚ ਹਰ ਸਾਲ ਲੱਖਾਂ ਮੌਤਾਂ ਸਮੇਂ ਸਿਰ ਖੂਨ ਜਾਂ ਬਦਲੇ ਜਾਣ ਲਈ ਮਨੁੱਖੀ ਅੰਗ ਨਾ ਮਿਲਣ ਦੀ ਵਜ੍ਹਾ ਕਰਕੇ ਹੁੰਦੀਆਂ ਹਨ। ਦੇਸ਼ 'ਚ ਹਰ ਸਾਲ ਲੱਗਭਗ 1.5 ਲੱਖ ਲੋਕ ਵੱਖ-ਵੱਖ ਹਾਦਸਿਆਂ ਵਿਚ ਮਾਰੇ ਜਾਂਦੇ ਹਨ ਅਤੇ ਅਜਿਹੇ ਲੋਕਾਂ ਵਿਚ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜਿਨ੍ਹਾਂ ਦੇ ਕਈ ਅੰਗ ਬਿਲਕੁਲ ਠੀਕ ਕੰਮ ਕਰ ਰਹੇ ਹੁੰਦੇ ਹਨ ਅਤੇ ਟਰਾਂਸਪਲਾਂਟ ਕੀਤੇ ਜਾ ਸਕਦੇ ਹਨ।
ਬੀਮਾਰੀ ਤੋਂ ਇਲਾਵਾ ਵੀ ਜੋ ਮੌਤਾਂ ਹਰ ਸਾਲ ਹੁੰਦੀਆਂ ਹਨ, ਉਨ੍ਹਾਂ 'ਚੋਂ ਵੱਡੀ ਗਿਣਤੀ ਵਿਚ ਅਜਿਹੇ ਲੋਕ ਹੁੰਦੇ ਹਨ, ਜਿਨ੍ਹਾਂ ਦੇ ਕਈ ਅੰਗ ਟਰਾਂਸਪਲਾਂਟ ਕਰਨ ਲਾਇਕ ਹੁੰਦੇ ਹਨ ਪਰ ਸਾਡੇ ਦੇਸ਼ ਵਿਚ ਕਿਸੇ ਦੀ ਮੌਤ ਤੋਂ ਬਾਅਦ ਉਸ ਦੇ ਅੰਗ ਦਾਨ ਕਰਨ ਦਾ ਅੰਕੜਾ ਕਾਫੀ ਘੱਟ ਹੈ। ਪੜ੍ਹੇ-ਲਿਖੇ ਲੋਕਾਂ ਵਿਚ ਵੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਦੇ ਅੰਗ ਦਾਨ ਕਰਨ ਪ੍ਰਤੀ ਝਿਜਕ ਦੇਖਣ ਨੂੰ ਮਿਲਦੀ ਹੈ। ਫਿਰ ਘੱਟ ਪੜ੍ਹੇ-ਲਿਖੇ ਲੋਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ।
ਭਾਰਤ ਵਿਚ ਲੱਗਭਗ 80 ਲੱਖ ਲੋਕ ਕਾਰਨੀਅਲ ਅੰਨ੍ਹੇਪਣ ਤੋਂ ਪੀੜਤ ਹਨ, ਭਾਵ ਜਿਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਕਾਰਨੀਆ ਟਰਾਂਸਪਲਾਂਟ ਕਰਨ ਨਾਲ ਵਾਪਿਸ ਆ ਸਕਦੀ ਹੈ। ਸਾਡੇ ਦੇਸ਼ ਵਿਚ ਹਰ ਸਾਲ ਲੱਗਭਗ 1 ਕਰੋੜ ਲੋਕਾਂ ਦੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਮੌਤ ਹੋ ਜਾਂਦੀ ਹੈ ਤੇ ਇਨ੍ਹਾਂ 'ਚੋਂ ਲੱਖਾਂ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੀਆਂ ਅੱਖਾਂ ਮੌਤ ਦੇ ਸਮੇਂ ਪੂਰੀ ਤਰ੍ਹਾਂ ਟਰਾਂਸਪਲਾਂਟ ਦੇ ਕਾਬਿਲ ਹੁੰਦੀਆਂ ਹਨ।
ਤਾਜ਼ਾ ਤਕਨੀਕ ਨਾਲ ਇਕ ਕਾਰਨੀਆ ਨਾਲ ਇਕ ਤੋਂ ਜ਼ਿਆਦਾ ਅੱਖਾਂ ਦੀ ਰੌਸ਼ਨੀ ਲਿਆਂਦੀ ਜਾ ਸਕਦੀ ਹੈ। ਅੰਕੜਿਆਂ ਦੇ ਹਿਸਾਬ ਨਾਲ ਤਾਂ ਕਾਰਨੀਅਲ ਅੰਨ੍ਹੇਪਣ ਦੇ ਮਾਮਲੇ ਹਰ ਸਾਲ ਘਟਣੇ ਚਾਹੀਦੇ ਹਨ ਪਰ ਜਾਗਰੂਕਤਾ ਦੀ ਘਾਟ ਕਾਰਨ ਇਹ ਵਧਦੇ ਜਾ ਰਹੇ ਹਨ।
ਇਸੇ ਤਰ੍ਹਾਂ ਹਰ ਸਾਲ ਭਾਰਤ ਵਿਚ ਲੱਗਭਗ 60,000 ਲੋਕਾਂ ਨੂੰ ਲਿਵਰ ਟਰਾਂਸਪਲਾਂਟ ਦੀ ਲੋੜ ਹੁੰਦੀ ਹੈ, ਜੋ ਜ਼ਿੰਦਾ ਇਨਸਾਨ ਦੇ ਲਿਵਰ ਦੇ ਹਿੱਸੇ ਨਾਲ ਵੀ ਪੂਰੀ ਹੋ ਸਕਦੀ ਹੈ ਪਰ ਅਸਲ 'ਚ ਲੱਗਭਗ 1500 ਲਿਵਰ ਹੀ ਟਰਾਂਸਪਲਾਂਟ ਹੁੰਦੇ ਹਨ। ਲੱਗਭਗ 2 ਲੱਖ ਲੋਕਾਂ ਨੂੰ ਕਿਡਨੀ ਟਰਾਂਸਪਲਾਂਟ ਦੀ ਲੋੜ ਹੁੰਦੀ ਹੈ ਪਰ ਸਿਰਫ 5000 ਦੀ ਹੀ ਕਿਡਨੀ ਟਰਾਂਸਪਲਾਂਟ ਹੁੰਦੀ ਹੈ। ਇਸੇ ਤਰ੍ਹਾਂ ਹਰ ਸਾਲ ਲੱਗਭਗ 5000 ਲੋਕਾਂ ਨੂੰ ਦਿਲ ਟਰਾਂਸਪਲਾਂਟ ਕਰਨ ਦੀ ਲੋੜ ਹੁੰਦੀ ਹੈ ਪਰ ਅਸਲ ਵਿਚ ਸਿਰਫ 100 ਕੁ ਦਿਲ ਹੀ ਟਰਾਂਸਪਲਾਂਟ ਹੁੰਦੇ ਹਨ।
ਮਨੁੱਖੀ ਅੰਗ ਟਰਾਂਸਪਲਾਂਟ ਕਰਨ ਲਈ ਪੂਰੇ ਦੇਸ਼ ਵਿਚ ਚੰਗੀਆਂ ਬੁਨਿਆਦੀ ਸਹੂਲਤਾਂ ਵਾਲੇ ਹਸਪਤਾਲਾਂ ਦੀ ਬੇਹੱਦ ਘਾਟ ਹੈ। ਸਰਕਾਰ ਵਲੋਂ ਵੀ ਇਸ ਖੇਤਰ ਵਿਚ ਕੋਈ ਖਾਸ ਪਹਿਲ ਨਹੀਂ ਹੋਈ ਹੈ। ਇਕ ਵਿਅਕਤੀ ਦਾ ਬ੍ਰੇਨ ਡੈੱਡ ਹੋਣ 'ਤੇ ਅਤੇ ਅੰਗ ਟਰਾਂਸਪਲਾਂਟ ਲਈ ਮਰੀਜ਼ ਦੇ ਦੂਜੇ ਹਸਪਤਾਲ ਜਾਂ ਸ਼ਹਿਰ ਵਿਚ ਹੋਣ 'ਤੇ ਸਿਰਫ 4-5 ਘੰਟਿਆਂ ਅੰਦਰ ਅੰਗ ਟਰਾਂਸਪਲਾਂਟ ਕਰਨਾ ਹੁੰਦਾ ਹੈ।
ਇਸ ਲਈ ਅਜਿਹੇ ਸਮੇਂ 'ਤੇ 'ਗ੍ਰੀਨ ਕੋਰੀਡੋਰ' ਭਾਵ ਸਾਰਾ ਟਰੈਫਿਕ ਰੋਕ ਕੇ ਅੰਗ ਲਿਜਾਣ ਵਾਲੀ ਐਂਬੂਲੈਂਸ ਨੂੰ ਜਗ੍ਹਾ ਦੇਣ ਦਾ ਕਾਨੂੰਨ ਬਣਾਉਣਾ ਬੇਹੱਦ ਜ਼ਰੂਰੀ ਹੈ। ਹਰੇਕ ਸ਼ਹਿਰ ਵਿਚ ਸਰਕਾਰ ਵਲੋਂ ਚੰਗੇ ਹਸਪਤਾਲਾਂ ਦਾ ਨਿਰੀਖਣ ਕਰ ਕੇ ਉਨ੍ਹਾਂ ਨੂੰ ਅੰਗ ਟਰਾਂਸਪਲਾਂਟ ਕਰਨ ਦੇ ਲਾਇਸੈਂਸ ਦੇਣ ਦੀ ਪ੍ਰਕਿਰਿਆ ਸਰਲ ਬਣਾਉਣੀ ਪਵੇਗੀ, ਛੋਟੀਆਂ ਥਾਵਾਂ 'ਤੇ ਸਰਕਾਰੀ ਹਸਪਤਾਲਾਂ ਵਿਚ ਲੋੜ ਪੈਣ 'ਤੇ ਅੰਗ ਟਰਾਂਸਪਲਾਂਟ ਲਈ ਜ਼ਰੂਰੀ ਬੁਨਿਆਦੀ ਢਾਂਚਾ ਤਿਆਰ ਕਰਨਾ ਪਵੇਗਾ।
ਗੰਭੀਰ ਤੌਰ 'ਤੇ ਬੀਮਾਰ ਮਰੀਜ਼ ਦੇ ਪਰਿਵਾਰ ਵਾਲੇ ਅੰਗ ਦਾਨ ਕਰਨ ਤੋਂ ਇਸ ਲਈ ਵੀ ਡਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹਾ ਸੰਕਲਪ ਕਰਨ 'ਤੇ ਹਸਪਤਾਲ ਵਾਲੇ ਮਰੀਜ਼ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਨਹੀਂ ਕਰਨਗੇ।
ਇਸੇ ਲਈ ਹਰ ਸ਼ਹਿਰ ਵਿਚ ਅਜਿਹੇ ਆਜ਼ਾਦ ਮਾਹਿਰ ਹੋਣੇ ਚਾਹੀਦੇ ਹਨ, ਜੋ ਹਸਪਤਾਲ ਵਲੋਂ ਸੰਪਰਕ ਕਰਨ 'ਤੇ ਤੁਰੰਤ ਪਹੁੰਚ ਕੇ ਮਰੀਜ਼ ਨੂੰ ਸਮੇਂ ਸਿਰ 'ਬ੍ਰੇਨ ਡੈੱਡ' ਐਲਾਨ ਸਕਣ ਅਤੇ ਮ੍ਰਿਤ ਵਿਅਕਤੀ ਦੇ ਅੰਗ ਦਾਨ ਕਰਨ ਲਈ ਰਿਸ਼ਤੇਦਾਰਾਂ ਦੇ ਰਾਜ਼ੀ ਹੋਣ 'ਤੇ ਸਰਕਾਰ ਨੂੰ ਉਨ੍ਹਾਂ ਦੇ ਹਸਪਤਾਲ ਦੇ ਮੈਡੀਕਲ ਖਰਚੇ ਦੇ ਬਿੱਲ ਵਿਚ ਛੋਟ ਜਾਂ ਪੂਰੀ ਰਕਮ ਉਤਸ਼ਾਹ ਵਜੋਂ ਦੇਣ 'ਤੇ ਵੀ ਵਿਚਾਰ ਕਰਨਾ ਹੋਵੇਗਾ।
ਕਈ ਦੇਸ਼ਾਂ ਵਿਚ ਅੰਗ ਪ੍ਰਾਪਤ ਕਰਨ ਵਾਲਾ ਹੀ ਅੰਗ ਦਾਨ ਕਰਨ ਵਾਲੇ ਦਾ ਸਾਰਾ ਮੈਡੀਕਲ ਖਰਚਾ ਚੁੱਕਦਾ ਹੈ। ਕਈ ਦੇਸ਼ਾਂ ਵਿਚ ਇਕ ਵਾਰ ਅੰਗ ਸਰੀਰ 'ਚੋਂ ਬਾਹਰ ਕੱਢਣ ਤੋਂ ਬਾਅਦ ਉਹ ਜਨਤਕ ਜਾਇਦਾਦ ਬਣ ਜਾਂਦਾ ਹੈ ਅਤੇ ਉਸ ਦੇਸ਼ ਦੀ ਸਰਕਾਰ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਸ ਨੂੰ ਬਿਨਾਂ ਦੇਰੀ ਲੋੜਵੰਦ ਤਕ ਪਹੁੰਚਾਇਆ ਜਾਵੇ। ਇਸਰਾਈਲ, ਸਿੰਗਾਪੁਰ ਤੇ ਚਿੱਲੀ ਵਰਗੇ ਦੇਸ਼ਾਂ (ਜਿਥੇ ਆਬਾਦੀ ਘੱਟ ਹੈ) ਅੰਗਦਾਨੀਆਂ ਦੀ ਗਿਣਤੀ ਹੋਰ ਵੀ ਘੱਟ ਹੈ ਪਰ ਉਥੋਂ ਦੀਆਂ ਸਰਕਾਰਾਂ ਨੇ ਅੰਗਦਾਨ ਨੂੰ ਉਤਸ਼ਾਹਿਤ ਕਰਨ ਲਈ ਕੁਝ ਨੀਤੀਆਂ ਬਣਾਈਆਂ ਹੋਈਆਂ ਹਨ। ਇਸਰਾਈਲ ਦੀ ਸੰਸਦ ਨੇ 2008 ਵਿਚ ਅੰਗ ਟਰਾਂਸਪਲਾਂਟ ਕਾਨੂੰਨ ਪਾਸ ਕੀਤਾ ਸੀ, ਜਿਸ ਦੇ ਤਹਿਤ ਜ਼ਿੰਦਾ ਅੰਗਦਾਨੀ ਨੂੰ 5 ਸਾਲਾਂ ਤਕ ਵਿੱਤੀ ਸਹਾਇਤਾ ਦੇਣ ਦੀ ਵਿਵਸਥਾ ਹੈ। ਇਸ ਨਾਲ ਮਿਲਦੇ-ਜੁਲਦੇ ਨਿਯਮ ਸਿੰਗਾਪੁਰ, ਆਸਟ੍ਰੇਲੀਆ, ਈਰਾਨ, ਕੈਨੇਡਾ, ਨਿਊਜ਼ੀਲੈਂਡ, ਆਇਰਲੈਂਡ ਅਤੇ ਸਾਊਦੀ ਅਰਬ ਵਿਚ ਵੀ ਹਨ।
ਇਸਰਾਈਲ ਅਤੇ ਸਿੰਗਾਪੁਰ ਵਿਚ ਜੇ ਕੋਈ ਨਾਗਰਿਕ ਜਾਂ ਉਸ ਦੇ ਪਰਿਵਾਰ ਵਾਲੇ ਲਿਖਤੀ ਤੌਰ 'ਤੇ ਮੌਤ ਤੋਂ ਬਾਅਦ ਅੰਗ ਦਾਨ ਕਰਨ ਦਾ ਸੰਕਲਪ ਲੈਂਦੇ ਹਨ, ਤਾਂ ਉਹ ਲੋੜ ਪੈਣ 'ਤੇ ਅੰਗ ਪ੍ਰਾਪਤ ਕਰਨ ਵਾਲੇ ਲਈ ਤਰਜੀਹੀ ਸੂਚੀ ਵਿਚ ਹੋਣਗੇ।
ਇਸ ਨੀਤੀ ਕਾਰਨ ਇਨ੍ਹਾਂ ਦੇਸ਼ਾਂ ਵਿਚ ਅੰਗਦਾਨ ਦੀ ਦਰ ਵਧੀ ਹੈ। ਈਰਾਨ ਵਿਚ ਇਕ ਸਮਾਜਿਕ ਸੰਸਥਾ ਹੈ 'ਡਾਟਪਾ' (ਡਾਇਲਸਿਸ ਐਂਡ ਟਰਾਂਸਪਲਾਂਟ ਪੇਸ਼ੈਂਟਸ ਐਸੋਸੀਏਸ਼ਨ) ਜੋ ਦੇਸ਼ ਦੇ ਕਾਨੂੰਨ ਤਹਿਤ ਕੰਮ ਕਰਦੀ ਹੈ। ਇਹ ਸੰਸਥਾ ਉਨ੍ਹਾਂ ਲੋਕਾਂ ਲਈ ਅੰਗਦਾਨੀ ਲੱਭਦੀ ਹੈ, ਜਿਨ੍ਹਾਂ ਨੂੰ ਕਿਤਿਓਂ ਵੀ ਅੰਗ ਮਿਲਣ ਦੀ ਉਮੀਦ ਨਹੀਂ ਹੁੰਦੀ। ਈਰਾਨ ਸਰਕਾਰ ਲੋੜਵੰਦਾਂ ਨੂੰ ਅੰਗ ਦਾਨ ਕਰਨ ਵਾਲਿਆਂ ਨੂੰ 1200 ਡਾਲਰ ਤੇ ਇਕ ਸਾਲ ਲਈ ਸਿਹਤ ਬੀਮੇ ਦਾ ਲਾਭ ਦਿੰਦੀ ਹੈ। ਅੰਗ ਪ੍ਰਾਪਤ ਕਰਨ ਵਾਲਾ ਵੀ ਆਪਣੇ ਵਲੋਂ ਅੰਗਦਾਨੀ ਨੂੰ 2300 ਤੋਂ 4500 ਡਾਲਰ ਤਕ ਦਿੰਦਾ ਹੈ। ਜੇ ਪ੍ਰਾਪਤਕਰਤਾ ਆਰਥਿਕ ਤੌਰ 'ਤੇ ਕਮਜ਼ੋਰ ਹੁੰਦਾ ਹੈ ਤਾਂ ਚੈਰੀਟੇਬਲ ਸੰਸਥਾਵਾਂ ਉਸ ਦੀ ਪੂਰੀ ਮਦਦ ਕਰਦੀਆਂ ਹਨ।
ਸਾਡੇ ਦੇਸ਼ ਵਿਚ ਅੰਗਦਾਨ ਦੇ ਜ਼ਰੀਏ ਲੋਕਾਂ ਦੀ ਜ਼ਿੰਦਗੀ ਬਚਾਉਣ ਦੀ ਦਿਸ਼ਾ ਵਿਚ ਵੱਡੀ ਪਹਿਲ ਕਰਨ ਲਈ ਟਰਾਂਸਪਲਾਂਟ ਵਾਸਤੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਅਤੇ ਡਾਟਾਬੇਸ ਤਿਆਰ ਕਰਨਾ ਪਵੇਗਾ ਤੇ ਸਾਰੇ ਦੇਸ਼ ਦੇ ਪ੍ਰਮੁੱਖ ਹਸਪਤਾਲਾਂ ਨੂੰ ਆਪਸ ਵਿਚ ਨੈੱਟਵਰਕ ਰਾਹੀਂ ਜੋੜਨਾ ਪਵੇਗਾ ਤਾਂ ਕਿ ਦਾਨੀ ਅਤੇ ਪ੍ਰਾਪਤਕਰਤਾ ਵਿਚਾਲੇ ਬਿਨਾਂ ਦੇਰੀ ਸੰਪਰਕ ਹੋ ਸਕੇ।
ਜਨ-ਜਾਗ੍ਰਿਤੀ ਮੁਹਿੰਮ ਦੇ ਤਹਿਤ ਕੇਂਦਰ ਤੇ ਸੂਬਾਈ ਸਰਕਾਰਾਂ ਨੂੰ ਵੱਡੇ ਪੱਧਰ 'ਤੇ ਖੂਨਦਾਨ ਅਤੇ ਅੰਗਦਾਨ ਨੂੰ ਉਤਸ਼ਾਹਿਤ ਕਰਨ ਲਈ ਪਿੰ੍ਰਟ ਅਤੇ ਇਲੈਕਟ੍ਰਾਨਿਕ ਮੀਡੀਆ 'ਤੇ ਮੁਹਿੰਮ ਚਲਾ ਕੇ ਆਮ ਲੋਕਾਂ ਦਾ ਧਿਆਨ ਇਸ ਪਾਸੇ ਖਿੱਚਣਾ ਪਵੇਗਾ। ਨੌਜਵਾਨਾਂ ਨੂੰ ਇਸ ਮੁਹਿੰਮ ਨਾਲ ਜੋੜਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ।
ਵੱਡੇ ਸ਼ਹਿਰਾਂ ਵਿਚ ਕਈ ਵਾਰ ਇਹ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਉਸ ਦੀ ਦੇਹ ਅੰਗਦਾਨ ਵਜੋਂ ਦੇਣਾ ਤਾਂ ਚਾਹੁੰਦੇ ਹਨ ਪਰ ਸਹੂਲਤਾਂ ਦੀ ਘਾਟ ਕਾਰਨ ਹਸਪਤਾਲਾਂ ਵਲੋਂ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ।
ਹਸਪਤਾਲਾਂ ਨੂੰ ਵੀ ਹਰ ਵੇਲੇ ਤਿਆਰ ਰਹਿਣਾ ਪਵੇਗਾ ਤਾਂ ਕਿ ਜਦੋਂ ਕੋਈ ਬ੍ਰੇਡ ਡੈੱਡ ਮਰੀਜ਼ ਦਾ ਕੇਸ ਹੋਵੇ ਤਾਂ ਉਸ ਦੇ ਅੰਗ ਤੁਰੰਤ ਟਰਾਂਸਪਲਾਂਟ ਹੋਣ ਦੀ ਤਿਆਰੀ ਰੱਖੀ ਜਾਵੇ। ਲੋਕਾਂ ਦੀ ਇਹ ਧਾਰਨਾ ਵੀ ਦੂਰ ਕਰਨੀ ਪਵੇਗੀ ਕਿ ਮ੍ਰਿਤ ਵਿਅਕਤੀ ਦੇ ਅੰਗ ਸਰੀਰ 'ਚੋਂ ਕੱਢਣਾ ਧਰਮ ਅਤੇ ਕੁਦਰਤ ਦੇ ਵਿਰੁੱਧ ਹੈ। ਉਨ੍ਹਾਂ ਨੂੰ ਇਹ ਸਮਝਾਉਣਾ ਪਵੇਗਾ ਕਿ ਖੂਨਦਾਨ ਅਤੇ ਅੰਗਦਾਨ ਤੋਂ ਵੱਡਾ ਮਨੁੱਖਤਾ 'ਤੇ ਕੋਈ ਹੋਰ ਉਪਕਾਰ ਨਹੀਂ ਹੈ।