ਚੋਣਾਂ ਤੋਂ ਬਾਅਦ ਸਬਕ ਸਿਖ ਜਾਣਗੇ ਇਮਰਾਨ ਖਾਨ
Monday, Jul 16, 2018 - 06:40 AM (IST)

ਪਾਕਿਸਤਾਨ ਨੂੰ ਆਪਣੇ ਸੰਕਟਮੋਚਕ ਤੇਜ਼ ਗੇਂਦਬਾਜ਼ ਇਮਰਾਨ ਖਾਨ ਦੀ ਉਡੀਕ ਹੈ, ਜਿਸ ਦੇ ਇਸ ਮਹੀਨੇ ਦੇ ਅਖੀਰ ਵਿਚ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਦੀ ਪੂਰੀ ਸੰਭਾਵਨਾ ਹੈ। ਉਹ ਫੌਜ ਅਤੇ ਨੌਕਰਸ਼ਾਹੀ ਦੀ ਪਸੰਦ ਦੇ ਉਮੀਦਵਾਰ ਹਨ, ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ। ਉਨ੍ਹਾਂ ਦੀ ਚੋਣ ਪਾਕਿਸਤਾਨ ਦੇ ਮੀਡੀਆ ਦੇ ਨਾਲ-ਨਾਲ ਅਦਾਰੇ ਨੇ ਸਾਂਝੇ ਤੌਰ 'ਤੇ ਕੀਤੀ ਹੈ। ਇਸ ਦਿਸ਼ਾ ਵਿਚ ਅੰਤਿਮ ਕਦਮ ਲੋਕਪ੍ਰਿਯ ਪੰਜਾਬੀ ਨੇਤਾ (ਕਸ਼ਮੀਰੀ ਮੂਲ ਦੇ) ਨਵਾਜ਼ ਸ਼ਰੀਫ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਜੇਲ ਵਿਚ ਬੰਦ ਕਰਨ ਦੇ ਨਾਲ ਚੁੱਕਿਆ ਗਿਆ ਹੈ। ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ ਤਾਕਤ ਖੈਬਰ-ਪਖਤੂਨਖਵਾ ਖੇਤਰ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿਚ ਹੈ, ਜਿਥੇ ਸ਼ਰੀਫ ਦੀ ਪਾਰਟੀ ਵੀ ਮਜ਼ਬੂਤ ਹੈ। ਜੇਕਰ ਸ਼ਰੀਫ ਸੱਤਾ ਤੋਂ ਬਾਹਰ ਨਾ ਹੁੰਦੇ ਤਾਂ ਇਮਰਾਨ ਦੇ ਲਈ ਲੋਕਤੰਤਰਿਕ ਢੰਗ ਨਾਲ ਸਫਲ ਹੋਣਾ ਸੰਭਵ ਨਾ ਹੁੰਦਾ। ਸ਼ਰੀਫ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਪਨਾਮਾ ਪੇਪਰਜ਼ ਵਲੋਂ ਖੁਲਾਸਾ ਕੀਤੇ ਜਾਣ ਤੋਂ ਬਾਅਦ ਦੋਸ਼ੀ ਪਾਏ ਗਏ ਹਨ। ਸ਼ਰੀਫ ਦੇ ਬਾਹਰ ਹੋਣ ਨਾਲ ਖਾਨ ਲਈ ਰਸਤਾ ਹੁਣ ਖੁੱਲ੍ਹਾ ਹੈ।
ਖਾਨ ਨੂੰ ਪਸੰਦ ਦੇ ਉਮੀਦਵਾਰ ਦੇ ਤੌਰ 'ਤੇ ਕਿਉਂ ਦੇਖਿਆ ਜਾ ਰਿਹਾ ਹੈ? ਇਹ ਦੱਸਣਾ ਆਸਾਨ ਹੈ। ਇਸ ਦਾ ਵਰਣਨ ਕਰਦੇ ਹੋਏ ਆਪਣੇ ਭਾਸ਼ਣਾਂ ਵਿਚ ਉਹ ਫੌਜ ਦਾ ਜ਼ਿਕਰ ਨਹੀਂ ਕਰਦੇ। ਉਹ ਸਿਰਫ ਪਾਕਿਸਤਾਨ ਦੇ ਰਾਜਨੇਤਾਵਾਂ ਅਤੇ ਪਿਛਲੇ ਨੇਤਾਵਾਂ ਦੇ ਭ੍ਰਿਸ਼ਟਾਚਾਰ ਬਾਰੇ ਗੱਲ ਕਰਦੇ ਹਨ ਅਤੇ ਇਸ ਦੇ ਨਾਲ ਹੀ ਅਮਰੀਕਾ ਅਤੇ ਪਾਕਿਸਤਾਨੀ ਜੰਗਾਂ ਦੀ ਚਰਚਾ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਅਨੁਸਾਰ ਦੇਸ਼ ਨੂੰ ਪੱਛੜਿਆ ਬਣਾਈ ਰੱਖਿਆ ਹੈ। ਖਾਨ ਬਾਰੇ ਇਕ ਹੋਰ ਗੱਲ ਉਨ੍ਹਾਂ ਵਲੋਂ ਧਰਮ ਨੂੰ ਗਲੇ ਲਾਉਣਾ ਅਤੇ ਆਧੁਨਿਕ ਰਾਸ਼ਟਰ ਵਿਚ ਇਸਲਾਮ ਦੀ ਭੂਮਿਕਾ ਨਾਲ ਸਹਿਜ ਮਹਿਸੂਸ ਕਰਨਾ ਹੈ। ਇਹ ਉਨ੍ਹਾਂ ਨੂੰ ਇਸ ਵਿਚਾਰ ਦੇ ਅਨੁਕੂਲ ਬਣਾਉਂਦਾ ਹੈ ਕਿ ਜੇਕਰ ਉਹ ਚੋਣ ਜਿੱਤਦੇ ਹਨ ਤਾਂ ਪਾਕਿਸਤਾਨ ਨੂੰ ਅਖੀਰ ਇਕ ਆਦਰਸ਼ ਸਰਕਾਰ ਮਿਲ ਜਾਵੇਗੀ।
ਬਦਕਿਸਮਤੀ ਨਾਲ ਇਹ ਇਕ ਕਲਪਨਾ ਹੈ। ਜੇਕਰ ਖਾਨ ਜਿੱਤਦੇ ਹਨ ਤਾਂ ਉਹ ਹੋਰਨਾਂ ਪਾਕਿਸਤਾਨੀ ਨੇਤਾਵਾਂ ਦੇ ਰਸਤੇ 'ਤੇ ਚੱਲਣਗੇ ਕਿਉਂਕਿ ਉਹ ਇਕ ਅਜਿਹੇ ਢਾਂਚੇ ਦਾ ਹਿੱਸਾ ਹਨ, ਜਿਸ ਨੂੰ ਕੋਈ ਪਛਾਣ ਨਹੀਂ ਮਿਲਦੀ।
ਹੁਣ ਇਹ ਹੈਰਾਨੀਜਨਕ ਹੈ ਪਰ ਸ਼ਰੀਫ ਕਿਸੇ ਸਮੇਂ ਠੀਕ ਅਜਿਹੀ ਹੀ ਸਥਿਤੀ 'ਚ ਸਨ, ਜਿਸ 'ਚ ਹੁਣ ਖਾਨ ਹਨ। 1980 ਦੇ ਦਹਾਕੇ ਵਿਚ ਉਨ੍ਹਾਂ ਨੂੰ ਰਾਸ਼ਟਰਪਤੀ ਜ਼ਿਆ-ਉਲ-ਹੱਕ ਨੇ ਆਗਾਮੀ ਸਿਆਸਤਦਾਨ ਦੇ ਤੌਰ 'ਤੇ ਚੁਣਿਆ ਸੀ। ਜ਼ਿਆ ਦੇ ਦਿਹਾਂਤ ਅਤੇ ਬੇਨਜ਼ੀਰ ਭੁੱਟੋ ਦੇ ਅਗਿਆਤਵਾਸ ਤੋਂ ਪਰਤਣ ਤੋਂ ਬਾਅਦ ਫੌਜ ਨੇ ਸ਼ਰੀਫ ਦੀ ਵਰਤੋਂ ਬੇਨਜ਼ੀਰ ਭੁੱਟੋ ਦੀ 'ਉਦਾਰ' ਪ੍ਰਵਿਰਤੀ ਨਾਲ ਨਜਿੱਠਣ ਲਈ ਕੀਤੀ, ਜਿਸ ਦੇ ਸਿੱਟੇ ਵਜੋਂ ਤ੍ਰਿਸ਼ੰਕੂ ਸੰਸਦ ਹੋਂਦ 'ਚ ਆਈ।
ਬੇਨਜ਼ੀਰ ਭੁੱਟੋ ਨੂੰ ਅਹਿਸਾਸ ਹੋ ਗਿਆ ਕਿ ਉਹ ਫੌਜ ਦੇ ਸਮਰਥਨ ਤੋਂ ਬਿਨਾਂ ਸ਼ਾਸਨ ਨਹੀਂ ਕਰ ਸਕਦੀ ਅਤੇ ਉਨ੍ਹਾਂ ਨੇ ਕਸ਼ਮੀਰ ਵਿਚ ਉਸ ਦੀ ਜੇਹਾਦ ਦੀ ਨੀਤੀ ਦੇ ਅੱਗੇ ਸਮਰਪਣ ਕਰ ਦਿੱਤਾ, ਜਿਸ ਨਾਲ ਕੰਟਰੋਲ ਰੇਖਾ ਦੇ ਦੋਵੇਂ ਪਾਸੇ ਦੁੱਖ ਪੁੱਜਾ ਪਰ ਉਹ ਆਜ਼ਾਦ ਦਿਮਾਗ ਦੀ ਸੀ ਤੇ ਆਉਣ ਵਾਲੇ ਸਮੇਂ ਵਿਚ ਉਹ ਪਾਕਿਸਤਾਨ ਵਿਚ ਆਮ ਹਾਲਾਤ ਬਹਾਲ ਕਰਨਾ ਚਾਹੁੰਦੀ ਸੀ, ਜੋ ਫੌਜ ਦੀਆਂ ਕੱਟੜ ਮਾਨਤਾਵਾਂ ਤੋਂ ਉਨ੍ਹਾਂ ਨੂੰ ਦੂਰ ਲੈ ਜਾਂਦੀ। ਪਾਕਿਸਤਾਨ ਦੀ ਬਦਕਿਸਮਤੀ ਨਾਲ ਉਨ੍ਹਾਂ ਨੇ ਇਸ ਆਜ਼ਾਦੀ ਦੀ ਕੀਮਤ ਆਪਣੀ ਜਾਨ ਨਾਲ ਚੁਕਾਈ।
ਸ਼ਰੀਫ ਨੂੰ ਵੀ ਸਮੇਂ 'ਤੇ ਅਜਿਹਾ ਹੀ ਅਹਿਸਾਸ ਹੋ ਗਿਆ ਸੀ। ਉਨ੍ਹਾਂ ਨੇ ਇਕ ਅਜਿਹੇ ਨੇਤਾ ਦੇ ਤੌਰ 'ਤੇ ਸ਼ੁਰੂਆਤ ਕੀਤੀ, ਜੋ ਫੌਜ ਦੇ ਨਾਲ ਮਿਲ ਕੇ ਚੱਲਣਾ ਚਾਹੁੰਦਾ ਸੀ। ਆਪਣੇ ਕਾਰਜਕਾਲ ਦੇ ਆਖਰੀ ਦਹਾਕੇ ਅਤੇ ਜ਼ਿਆਦਾ ਸਮੇਂ ਦੌਰਾਨ ਉਨ੍ਹਾਂ ਨੇ ਭਾਰਤ ਨਾਲ ਹਾਲਾਤ ਆਮ ਬਣਾਉਣ ਦਾ ਯਤਨ ਕੀਤਾ। ਇਹ ਇਕ ਅਜਿਹੀ ਗੱਲ ਸੀ, ਜੋ ਫੌਜ ਨੂੰ ਦੰਦ-ਰਹਿਤ ਕਰ ਦਿੰਦੀ ਅਤੇ ਇਸੇ ਲਈ ਇਸ ਗੱਲ ਦਾ ਫੌਜ ਨੇ ਵਿਰੋਧ ਕੀਤਾ ਪਰ ਭਾਰਤ ਦੇ ਨਾਲ ਹਾਲਾਤ ਆਮ ਬਣਾਏ ਬਿਨਾਂ (ਭਾਵ ਇਕ-ਦੂਜੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਲਸ਼ਕਰ-ਏ-ਤੋਇਬਾ ਵਰਗੇ ਹਥਿਆਰਬੰਦ ਸਮੂਹਾਂ 'ਤੇ ਦੋਸ਼ ਲਾਉਣਾ ਅਤੇ ਵੱਖ-ਵੱਖ ਝਗੜਿਆਂ ਨੂੰ ਖਤਮ ਕਰਨਾ)। ਪਾਕਿਸਤਾਨ ਲਈ ਇਕ ਆਧੁਨਿਕ ਤੇ ਕਾਰਜਸ਼ੀਲ ਰਾਸ਼ਟਰ ਬਣਨ ਲਈ ਕੋਈ ਹੋਰ ਰਸਤਾ ਨਹੀਂ ਹੈ।
ਇਹ ਅਹਿਸਾਸ ਆਮ ਤੌਰ 'ਤੇ ਸਖਤ ਭਾਸ਼ਾ ਬੋਲਣ ਵਾਲੇ ਪਾਕਿਸਤਾਨੀਆਂ ਵਿਚ ਉਦੋਂ ਆਉਂਦਾ ਹੈ, ਜਦੋਂ ਉਹ ਸੱਤਾ ਵਿਚ ਆਉਂਦੇ ਹਨ ਅਤੇ ਦੁਨੀਆ ਦੀ ਸੱਚਾਈ ਉਨ੍ਹਾਂ ਦੇ ਸਾਹਮਣੇ ਹੁੰਦੀ ਹੈ। ਇਥੋਂ ਤਕ ਕਿ ਜਨਰਲ ਮੁਸ਼ੱਰਫ, ਜਿਨ੍ਹਾਂ ਨੇ ਆਪਣਾ ਨਾਂ ਕਾਰਗਿਲ ਵਿਚ 'ਐਡਵੈਂਚਰ' ਰਾਹੀਂ ਬਣਾਇਆ (ਜਿਸ ਨੂੰ ਦੱਖਣੀ ਏਸ਼ੀਆਈ ਵਿਦਵਾਨ ਸਟੀਫਨ ਕੋਹੇਨ ਨੇ ਇਕ ਜੁਗਤ ਭਰੀ ਜਿੱਤ ਪਰ ਰਣਨੀਤਕ ਤੌਰ 'ਤੇ ਇਕ ਵੱਡੀ ਭੁੱਲ ਦੱਸਿਆ), ਅਖੀਰ ਵਿਚ ਭਾਰਤ ਨਾਲ ਸ਼ਾਂਤੀ ਚਾਹੁੰਦੇ ਸਨ।
1980 ਦੇ ਦਹਾਕੇ ਤੋਂ ਪਹਿਲਾਂ ਪਾਕਿਸਤਾਨ ਦੇ ਉਦਾਰਕਰਤਾ ਸਨ ਜ਼ੁਲਿਫਕਾਰ ਅਲੀ ਭੁੱਟੋ, ਜੋ ਆਪਣੀ ਲਾਪਰਵਾਹੀ ਕਾਰਨ ਇਕ ਰਾਸ਼ਟਰੀ ਨਾਇਕ ਬਣੇ। ਇਕ ਨੌਜਵਾਨ ਮੰਤਰੀ ਦੇ ਨਾਤੇ ਭੁੱਟੋ ਨੇ ਰਾਸ਼ਟਰਪਤੀ ਜਨਰਲ ਅਯੂਬ ਖਾਨ ਨੂੰ ਭਾਰਤ ਨਾਲ ਜੰਗ ਕਰਨ ਲਈ ਉਕਸਾਇਆ। ਫਿਰ ਉਨ੍ਹਾਂ ਨੇ ਆਪਣੇ ਸਰਪ੍ਰਸਤ ਦੀ ਪਿੱਠ ਵਿਚ ਇਹ ਕਹਿ ਕੇ ਛੁਰਾ ਮਾਰਿਆ ਕਿ ਵਿਸ਼ਵ ਵਲੋਂ ਦੋਹਾਂ ਦੇਸ਼ਾਂ ਨੂੰ ਤਾਸ਼ਕੰਦ ਵਿਚ ਸ਼ਾਂਤੀ ਲਈ ਮਜਬੂਰ ਕਰਨ ਤੋਂ ਬਾਅਦ ਅਯੂਬ ਨੇ ਪਾਕਿਸਤਾਨ ਨਾਲ ਧੋਖਾ ਕੀਤਾ।
ਇਸ ਨੇ ਉਨ੍ਹਾਂ ਨੂੰ ਅਦਾਰੇ ਦੇ ਵਿਚਾਲੇ ਲੋਕਪ੍ਰਿਯ ਬਣਾ ਦਿੱਤਾ ਤੇ ਉਹ ਸੱਤਾ ਵਿਚ ਆ ਗਏ। ਕਿਸੇ ਵੀ ਚੀਜ਼ ਨੂੰ ਨਾ ਬਦਲ ਸਕਣ ਵਿਚ ਉਨ੍ਹਾਂ ਦੀ ਅਸਫਲਤਾ ਦੀ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਕੀਮਤ ਚੁਕਾਉਣੀ ਪਈ ਤੇ ਕੁਝ ਸਾਲਾਂ ਬਾਅਦ ਫੌਜ ਨੇ ਉਨ੍ਹਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ। ਇਹੀ ਚੱਕਰ ਖ਼ੁਦ ਨੂੰ ਦੁਹਰਾਉਂਦਾ ਰਹਿੰਦਾ ਹੈ ਅਤੇ ਨੇਤਾ ਫੌਜ ਦੇ ਭਾਰਤ ਵਿਰੋਧੀ ਰਵੱਈਏ ਦੇ ਨਾਲ ਸੱਤਾ 'ਚ ਆਉਂਦੇ ਹਨ। ਉਦੋਂ ਉਦਾਰਕ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਦੇ ਹੱਥ ਵਿਚ ਜੋ ਔਜ਼ਾਰ ਹੈ, ਉਹ ਨਾ ਸਿਰਫ ਨਾਕਾਫੀ ਹੈ, ਸਗੋਂ ਕੰਮ ਦੇ ਲਈ ਪੂਰੀ ਤਰ੍ਹਾਂ ਗਲਤ ਵੀ ਹੈ। ਜ਼ਿਆਦਾ ਸੰਘਰਸ਼ ਅਤੇ ਜ਼ਿਆਦਾ ਹਮਲਾਵਰ ਰਵੱਈਆ ਇਕ ਅਜਿਹੇ ਰਾਸ਼ਟਰ ਦੀ ਮਦਦ ਨਹੀਂ ਕਰ ਸਕਦਾ, ਜਿਸ ਦੀਆਂ ਮੁੱਢਲੀਆਂ ਸਮੱਸਿਆਵਾਂ ਗਰੀਬੀ ਅਤੇ ਪ੍ਰਸ਼ਾਸਨਿਕ ਮੁੱਦਿਆਂ ਨੂੰ ਸੁਲਝਾਉਣ ਦੀ ਅਸਮਰੱਥਾ ਹੈ।
ਅਸਲ 'ਚ ਇਕ ਅਜਿਹਾ ਰਾਸ਼ਟਰ ਬਣਾਉਣ ਦੀ ਜ਼ਰੂਰਤ ਹੈ, ਜੋ ਘੱਟ ਜੰਗੀ ਤੇ ਖਾਹਿਸ਼ਾਂ ਦੇ ਮਾਮਲੇ ਵਿਚ ਵਧੇਰੇ ਹਲੀਮੀ ਵਾਲਾ ਹੋਵੇ, ਜਿਵੇਂ ਕਿ ਭਾਰਤ ਨਾਲ ਸਬੰਧ ਆਮ ਬਣਾਉਣਾ ਅਤੇ ਧਰਮ ਲਈ ਰਾਸ਼ਟਰ ਦੇ ਪ੍ਰੇਮ ਨੂੰ ਘੱਟ ਕਰਨਾ। ਇਸ ਦੇ ਲਈ ਕ੍ਰਿਸ਼ਮੇ ਦੀ ਨਹੀਂ, ਵਿਵਹਾਰਿਕਵਾਦ ਦੀ ਲੋੜ ਹੋਵੇਗੀ। ਇਹ ਅਹਿਸਾਸ ਦਾ ਪਲ ਹੈ, ਜੋ ਪਾਕਿਸਤਾਨੀ ਨੇਤਾ ਨੂੰ ਫੌਜ ਦੇ ਨਾਲ ਸੰਘਰਸ਼ 'ਚ ਲੈ ਆਉਂਦਾ ਹੈ।
ਅਯੂਬ ਅਤੇ ਮੁਸ਼ੱਰਫ ਵਰਗੇ ਫੌਜੀ ਸ਼ਾਸਕਾਂ ਨੂੰ ਇਸ ਦਾ ਪਤਾ ਲੱਗ ਗਿਆ ਸੀ, ਜਿਵੇਂ ਕਿ ਬੇਨਜ਼ੀਰ, ਉਸ ਦੇ ਪਿਤਾ ਭੁੱਟੋ ਅਤੇ ਨਵਾਜ਼ ਸ਼ਰੀਫ ਵਰਗੇ ਸਿਆਸਤਦਾਨਾਂ ਨੇ ਕੀਤਾ। ਇਮਰਾਨ ਖਾਨ ਵੀ ਸਮੇਂ ਸਿਰ ਸਬਕ ਸਿੱਖ ਜਾਣਗੇ।