ਇਮਰਾਨ ਖਾਨ : ''ਆਗ਼ਾਜ਼ ਤੋ ਅੱਛਾ ਹੈ, ਅੰਜਾਮ ਖ਼ੁਦਾ ਜਾਨੇ''

Thursday, Aug 02, 2018 - 05:53 AM (IST)

ਇਮਰਾਨ ਖਾਨ : ''ਆਗ਼ਾਜ਼ ਤੋ ਅੱਛਾ ਹੈ, ਅੰਜਾਮ ਖ਼ੁਦਾ ਜਾਨੇ''

ਪਾਕਿਸਤਾਨ ਦੇ ਸਿਆਸੀ ਇਤਿਹਾਸ ਦੀ ਚੋਣ ਜੰਗ 'ਚ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਨੂੰ ਕੌਮੀ ਅਸੈਂਬਲੀ 'ਚ 272 'ਚੋਂ 116 ਸੀਟਾਂ ਜਿੱਤ ਕੇ ਸੱਤਾ 'ਚ ਆਉਣ ਦਾ ਮੌਕਾ ਮਿਲਿਆ ਹੈ। ਜਿੱਤਣ ਤੋਂ ਬਾਅਦ ਆਪਣੀ ਪਹਿਲੀ ਇੰਟਰਵਿਊ 'ਚ ਇਮਰਾਨ ਖਾਨ ਨੇ ਭਵਿੱਖ ਦੀ ਸਿਆਸਤ 'ਤੇ ਆਪਣੇ ਵਿਚਾਰਾਂ ਨੂੰ ਬਹੁਤ ਹੀ ਹਾਂ-ਪੱਖੀ ਅਤੇ ਸਿਰਜਣਾਤਮਕ ਢੰਗ ਨਾਲ ਪੇਸ਼ ਕਰਦਿਆਂ ਕਿਹਾ ਹੈ ਕਿ : ''ਪਾਕਿਸਤਾਨ ਭਾਰਤ ਨਾਲ ਆਪਣੇ ਸਬੰਧਾਂ ਨੂੰ ਸੁਧਾਰਨਾ ਚਾਹੁੰਦਾ ਹੈ। ਜੇ ਭਾਰਤ ਇਕ ਕਦਮ ਅੱਗੇ ਵਧਾਏਗਾ ਤਾਂ ਅਸੀਂ ਦੋ ਕਦਮ ਅੱਗੇ ਵਧਾਉਣ ਲਈ ਤਿਆਰ ਹਾਂ। ਅਸੀਂ ਦਿਲੋਂ ਚਾਹੁੰਦੇ ਹਾਂ ਕਿ ਇਸ ਉਪ-ਮਹਾਦੀਪ 'ਚ ਸ਼ਾਂਤੀ ਬਣੀ ਰਹੇ। ਕਸ਼ਮੀਰ ਦੇ ਮਸਲੇ 'ਤੇ ਵੀ ਮਿਲ-ਬੈਠ ਕੇ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ੰਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ। ਅਮਰੀਕਾ ਨਾਲ ਵੀ ਆਪਣੇ ਸਬੰਧਾਂ ਨੂੰ ਸੁਧਾਰਾਂਗੇ, ਚੀਨ ਨਾਲ ਆਪਣੇ ਰਿਸ਼ਤੇ ਹੋਰ ਮਜ਼ਬੂਤ ਕਰਾਂਗੇ ਅਤੇ ਭਾਰਤ ਨਾਲ ਵੀ ਦੋਸਤਾਨਾ ਸਬੰਧ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ।''
ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ 'ਚ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੇ ਲਈ ਭਾਰਤ ਨੂੰ ਦੋਸ਼ ਦਿੱਤਾ ਜਾਂਦਾ ਹੈ ਤੇ ਜੇ ਭਾਰਤ 'ਚ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਭਾਰਤ ਪਾਕਿਸਤਾਨ 'ਤੇ ਦੋਸ਼ ਲਾਉਂਦਾ ਹੈ। ਇਮਰਾਨ ਨੇ ਕਿਹਾ ਕਿ ਦੂਸ਼ਣਬਾਜ਼ੀ ਦੀ ਇਸ ਨੀਤੀ 'ਚੋਂ ਸਾਨੂੰ ਬਾਹਰ ਨਿਕਲਣਾ ਪਵੇਗਾ। ਇਸ ਉਪ-ਮਹਾਦੀਪ 'ਚ ਸਭ ਤੋਂ ਵੱਡਾ ਮਸਲਾ ਗੁਰਬਤ ਭਾਵ ਗਰੀਬੀ ਦਾ ਹੈ, ਜਿਸ ਨੂੰ ਮਿਲ ਕੇ ਜੜ੍ਹੋਂ ਖਤਮ ਕਰਨਾ ਪਵੇਗਾ। ਅਸਲ 'ਚ ਇਹ ਦੋਹਾਂ ਦੇਸ਼ਾਂ ਦੀ ਸਮੱਸਿਆ ਹੈ। ਇਮਰਾਨ ਖਾਨ ਦੇ ਇਸ ਬਿਆਨ 'ਤੇ ਦੁਨੀਆ ਦੇ ਦੇਸ਼ਾਂ, ਖਾਸ ਕਰਕੇ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਈਰਾਨ ਲਈ ਇਕ ਆਸ ਦੀ ਕਿਰਨ ਜਾਗੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਮਰਾਨ ਖਾਨ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ''ਮੈਨੂੰ ਪੂਰੀ ਆਸ ਹੈ ਕਿ ਪਾਕਿਸਤਾਨ 'ਚ ਲੋਕਤੰਤਰ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋਣਗੀਆਂ, ਦੇਸ਼ ਦਾ ਵਿਕਾਸ ਹੋਵੇਗਾ ਤੇ ਇਸ ਉਪ-ਮਹਾਦੀਪ 'ਚ ਸ਼ਾਂਤੀ ਤੇ ਖੁਸ਼ਹਾਲੀ ਦੇ ਨਵੇਂ ਰਾਹ ਲੱਭੇ ਜਾਣਗੇ।''
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਨ੍ਹਾਂ ਨੂੰ ਚੋਣਾਂ 'ਚ ਸ਼ਾਨਦਾਰ ਜਿੱਤ 'ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਹਾਂ-ਪੱਖੀ ਰਵੱਈਏ ਨਾਲ ਭਾਰਤ-ਪਾਕਿ ਰਿਸ਼ਤਿਆਂ 'ਚ ਸੁਧਾਰ ਆਵੇਗਾ, ਜੋ ਦੋਹਾਂ ਦੇ ਹਿੱਤ 'ਚ ਹੋਵੇਗਾ। ਇਮਰਾਨ ਖਾਨ ਇਕ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੂੰ ਭਾਰਤ ਦਾ ਬੱਚਾ-ਬੱਚਾ ਜਾਣਦਾ ਹੈ ਕਿਉਂਕਿ ਉਹ ਲੰਬੇ ਸਮੇਂ ਤਕ ਕ੍ਰਿਕਟ ਦੇ ਇਕ ਬਿਹਤਰੀਨ ਖਿਡਾਰੀ ਰਹੇ ਹਨ। ਭਾਰਤ 'ਚ ਵੀ ਉਹ ਕਈ ਵਾਰ ਆਏ, ਇਸ ਤੋਂ ਇਲਾਵਾ ਸਮੁੱਚਾ ਬਾਲੀਵੁੱਡ ਵੀ ਉਨ੍ਹਾਂ ਨੂੰ ਬਹੁਤ ਅਦਬ ਦੀ ਨਜ਼ਰ ਨਾਲ ਦੇਖਦਾ ਹੈ। ਉਨ੍ਹਾਂ ਦਾ ਹਾਂ-ਪੱਖੀ ਰਵੱਈਆ ਇਸ ਗੱਲ ਦਾ ਪ੍ਰਤੀਕ ਹੈ ਕਿ 'ਆਗ਼ਾਜ਼ ਤੋ ਅੱਛਾ ਹੈ, ਅੰਜਾਮ ਖ਼ੁਦਾ ਜਾਨੇ'।
ਇਹ ਵੀ ਜੀਵਨ ਦੀ ਇਕ ਸੱਚਾਈ ਹੈ ਕਿ ਬੀਤੇ ਜ਼ਮਾਨੇ ਦੀਆਂ ਪ੍ਰੇਸ਼ਾਨੀਆਂ ਤੇ ਮੁਸ਼ਕਿਲਾਂ ਨੂੰ ਯਾਦ ਕਰ ਕੇ ਜ਼ਖ਼ਮਾਂ ਨੂੰ ਕੁਰੇਦਣ ਨਾਲ ਕੋਈ ਉੱਜਵਲ ਭਵਿੱਖ ਦਾ ਨਿਰਮਾਣ ਨਹੀਂ ਕਰ ਸਕਦਾ। ਭਾਰਤ ਅਤੇ ਪਾਕਿਸਤਾਨ ਦੇ ਪਿਛਲੇ 70 ਸਾਲਾਂ 'ਚ ਸਬੰਧ ਤਣਾਅਪੂਰਨ ਹੀ ਰਹੇ ਹਨ, ਜਦਕਿ ਇਹ ਦੋਵੇਂ ਦੇਸ਼ 1947 ਤੋਂ ਪਹਿਲਾਂ ਇਕ ਹੀ ਸਨ ਤੇ ਅਸੀਂ ਸਭ ਨੇ ਇਕ ਹੀ ਸਰਜ਼ਮੀਂ 'ਤੇ ਜਨਮ ਲਿਆ। ਫਾਰਸੀ 'ਚ ਕਹਾਵਤ ਹੈ ਕਿ 'ਦੁਨੀਆ ਬਾ ਉਮੀਦ ਅਸਤ' ਭਾਵ ਦੁਨੀਆ ਉਮੀਦ 'ਤੇ ਜ਼ਿੰਦਾ ਰਹਿੰਦੀ ਹੈ ਅਤੇ ਸਾਨੂੰ ਸਭ ਨੂੰ ਇਹ ਉਮੀਦ ਰੱਖਣੀ ਚਾਹੀਦੀ ਹੈ ਕਿ ਦੋਹਾਂ ਦੇਸ਼ਾਂ ਦੇ ਸਬੰਧ ਹਾਂ-ਪੱਖੀ ਢੰਗ ਨਾਲ ਸ਼ਕਲ ਅਖਤਿਆਰ ਕਰਨ, ਨਾ ਕਿ ਨਾਂਹ-ਪੱਖੀ ਢੰਗ ਨਾਲ।
ਅਣਵੰਡੇ ਭਾਰਤ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਪਾਕਿਸਤਾਨ ਦੇ ਕਈ ਮੁਖੀਆਂ ਦਾ ਜਨਮ ਭਾਰਤ 'ਚ ਹੋਇਆ ਤੇ ਇਥੇ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਵੀ ਹੋਇਆ ਪਰ ਵੰਡ ਤੋਂ ਬਾਅਦ 1947 'ਚ ਉਹ ਪਾਕਿਸਤਾਨ ਚਲੇ ਗਏ, ਜਿਵੇਂ ਮੁਹੰਮਦ ਅਲੀ ਜਿੱਨਾਹ, ਪੀਰਜ਼ਾਦਾ ਲਿਆਕਤ ਅਲੀ, ਜ਼ੁਲਿਫਕਾਰ ਅਲੀ ਭੁੱਟੋ, ਜ਼ਿਆ-ਉੱਲ-ਹੱਕ, ਨਵਾਜ਼ ਸ਼ਰੀਫ ਤੇ ਪ੍ਰਵੇਜ਼ ਮੁਸ਼ੱਰਫ। ਇਥੋਂ ਤਕ ਕਿ ਇਮਰਾਨ ਖਾਨ ਦੇ ਨਾਨਕੇ ਪੰਜਾਬ ਦੇ ਸ਼ਹਿਰ ਜਲੰਧਰ 'ਚ ਪੈਂਦੇ ਬਸਤੀ ਦਾਨਿਸ਼ਮੰਦਾਂ 'ਚ ਸਨ। 
ਇਸੇ ਤਰ੍ਹਾਂ ਪਾਕਿਸਤਾਨ ਤੋਂ ਆਏ ਇੰਦਰ ਕੁਮਾਰ ਗੁਜਰਾਲ ਅਤੇ ਡਾ. ਮਨਮੋਹਨ ਸਿੰਘ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ। ਹਿੰਦ ਸਮਾਚਾਰ ਪੱਤਰ ਸਮੂਹ ਦੇ ਬਾਨੀ ਲਾਲਾ ਜਗਤ ਨਾਰਾਇਣ ਜੀ ਵੀ ਅੱਜ ਦੇ ਪਾਕਿਸਤਾਨ ਤੋਂ ਭਾਰਤ 'ਚ ਆਏ ਸਨ। ਬਾਲੀਵੁੱਡ ਦੇ ਮਸ਼ਹੂਰ ਫਿਲਮੀ ਸਿਤਾਰਿਆਂ 'ਚ ਕਪੂਰ ਖਾਨਦਾਨ ਦੇ ਮੁਖੀ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਰਾਜਿੰਦਰ ਕੁਮਾਰ, ਦਿਲੀਪ ਕੁਮਾਰ, ਰਾਜ ਕੁਮਾਰ, ਪ੍ਰੇਮ ਚੋਪੜਾ, ਵਿਨੋਦ ਖੰਨਾ, ਅਮਰੀਸ਼ ਪੁਰੀ, ਓਮ ਪ੍ਰਕਾਸ਼, ਦੇਵਾਨੰਦ, ਸੁਨੀਲ ਦੱਤ ਆਦਿ ਦਾ ਜਨਮ ਵੀ ਅਣਵੰਡੇ ਭਾਰਤ ਭਾਵ ਅੱਜ ਦੇ ਪਾਕਿਸਤਾਨ 'ਚ ਹੋਇਆ ਸੀ। ਇਸ ਤਰ੍ਹਾਂ ਸਾਡੀ ਪੈਦਾਇਸ਼ੀ ਸਰਜ਼ਮੀਂ ਹੀ ਇਕ ਨਹੀਂ ਸਗੋਂ ਸਾਡੀ ਪ੍ਰਾਚੀਨ ਸੱਭਿਅਤਾ ਵੀ ਇਕ ਰਹੀ ਹੈ। ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਵਿਦੇਸ਼ੀਆਂ ਦੀ ਸਾਜ਼ਿਸ਼ ਨਾਲ ਪੈਦਾ ਕੀਤੀ ਗਈ ਦਲਦਲ ਦੀ ਸਿਆਸਤ 'ਚੋਂ ਬਾਹਰ ਨਿਕਲ ਕੇ ਇਕ ਨਵੀਂ ਦੁਨੀਆ ਦਾ ਨਿਰਮਾਣ ਕਰਨਾ ਚਾਹੀਦਾ ਹੈ। ਇਮਰਾਨ ਖਾਨ ਨੂੰ ਦੁਨੀਆ ਦੇ ਦੂਜੇ ਦੇਸ਼ਾਂ ਨਾਲ ਸਬੰਧ ਸੁਧਾਰਨ ਤੋਂ ਪਹਿਲਾਂ ਪਾਕਿਸਤਾਨ ਦੀ ਲੜਖੜਾ ਚੁੱਕੀ ਅਰਥ ਵਿਵਸਥਾ, ਆਪਸੀ ਤਣਾਅ, ਅੱਤਵਾਦ ਤੇ ਹੋਰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਮਰਾਨ ਖਾਨ ਪਾਕਿਸਤਾਨ ਦਾ ਨਿਰਮਾਣ ਪੱਛਮੀ ਦੇਸ਼ਾਂ ਦੇ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਦੇ ਆਧਾਰ 'ਤੇ ਕਰਨਾ ਚਾਹੁੰਦੇ ਹਨ, ਜਿਸ ਦੇ ਲਈ ਅਰਬਾਂ ਰੁਪਏ ਦੀ ਲੋੜ ਹੈ, ਜਦਕਿ ਇਸ ਸਮੇਂ ਪਾਕਿਸਤਾਨ ਦਾ ਆਰਥਿਕ ਪੱਖੋਂ ਪੂਰੀ ਤਰ੍ਹਾਂ ਦੀਵਾਲਾ ਨਿਕਲਿਆ ਹੋਇਆ ਹੈ। ਇਸ ਦੀ ਅਰਥ ਵਿਵਸਥਾ ਪੂਰੀ ਤਰ੍ਹਾਂ ਲੜਖੜਾ ਗਈ ਹੈ ਤੇ 2018 'ਚ ਇਥੋਂ ਦੀ ਵਿਕਾਸ ਦਰ ਇਕ ਫੀਸਦੀ ਦੇ ਨੇੜੇ ਪਹੁੰਚ ਗਈ ਹੈ। ਚਾਲੂ ਖਾਤਾ ਘਾਟਾ ਜੀ. ਡੀ. ਪੀ. ਦੇ 5.7 ਫੀਸਦੀ ਦੇ ਬਰਾਬਰ ਹੈ। ਬਰਾਮਦ ਦੇ ਮਾਮਲੇ 'ਚ ਮਾਮੂਲੀ ਵਾਧਾ ਹੋਇਆ ਹੈ, ਜੋ ਅਰਥ ਵਿਵਸਥਾ ਨੂੰ ਕਿਸੇ ਵੀ ਹਾਲਤ 'ਚ ਮਜ਼ਬੂਤ ਨਹੀਂ ਕਰ ਸਕਦਾ। ਪਾਕਿਸਤਾਨੀ ਕਰੰਸੀ (ਰੁਪਏ) ਦੀ ਕੀਮਤ 'ਚ 18 ਫੀਸਦੀ ਦੀ ਗਿਰਾਵਟ ਆਈ ਹੈ ਤੇ ਇਸ ਦੇਸ਼ ਦਾ ਕਰਜ਼ਾ 92 ਅਰਬ ਡਾਲਰ ਹੋ ਚੁੱਕਾ ਹੈ, ਜੋ ਜੀ. ਡੀ. ਪੀ. ਦੇ 30 ਫੀਸਦੀ ਦੇ ਬਰਾਬਰ ਹੈ। 
ਪਾਕਿਸਤਾਨ 'ਚ ਬਣੇ ਦਹਿਸ਼ਤਗਰਦੀ ਦੇ ਮਾਹੌਲ, ਤਣਾਅਪੂਰਨ ਸਮਾਜ ਵਿਵਸਥਾ, ਤੇਜ਼ੀ ਨਾਲ ਵਧ ਰਹੀ ਬੇਰੋਜ਼ਗਾਰੀ ਅਤੇ ਗਰੀਬੀ ਨੂੰ ਦੇਖਦਿਆਂ 28 ਲੱਖ ਤੋਂ ਜ਼ਿਆਦਾ ਪਾਕਿਸਤਾਨੀ ਦੂਜੇ ਦੇਸ਼ਾਂ 'ਚ ਜਾ ਵਸੇ ਹਨ ਤੇ ਪਲਾਇਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਦੀ 21 ਕਰੋੜ ਲੋਕਾਂ ਦੀ ਆਬਾਦੀ 'ਚੋਂ ਸਿਰਫ 10 ਲੱਖ ਲੋਕ ਹੀ ਇਨਕਮ ਟੈਕਸ ਦਿੰਦੇ ਹਨ ਤੇ 2018 ਦੇ ਅਖੀਰ ਤਕ ਪਾਕਿਸਤਾਨ ਦੇ ਸਿਰ ਚੜ੍ਹਿਆ ਕਰਜ਼ਾ 1.45 ਅਰਬ ਡਾਲਰ ਹੋ ਜਾਵੇਗਾ, ਜਿਸ ਨੂੰ ਮੋੜਨਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੋਵੇਗਾ। ਇਸ ਤਰ੍ਹਾਂ ਸਭ ਤੋਂ ਪਹਿਲਾਂ ਇਮਰਾਨ ਖਾਨ ਨੂੰ ਲੜਖੜਾ ਚੁੱਕੀ ਅਰਥ ਵਿਵਸਥਾ ਨੂੰ ਸੁਧਾਰਨ ਲਈ ਕੌਮਾਂਤਰੀ ਮੁਦਰਾ ਫੰਡ, ਚੀਨ, ਰੂਸ ਆਦਿ ਤੋਂ ਸਹਾਇਤਾ ਲੈਣੀ ਪਵੇਗੀ, ਨਹੀਂ ਤਾਂ ਪਾਕਿਸਤਾਨ 'ਚ ਹਾਲਾਤ ਹੋਰ ਭਿਆਨਕ ਹੋ ਜਾਣਗੇ।
ਪਾਕਿਸਤਾਨ ਦੇ ਪਿਛਲੇ 20 ਸਾਲਾਂ ਦੇ ਇਤਿਹਾਸ ਨੂੰ ਦੇਖਦਿਆਂ ਕੋਈ ਵੀ ਮਲਟੀਨੈਸ਼ਨਲ ਕੰਪਨੀ ਉਥੇ ਨਿਵੇਸ਼ ਕਰਨ ਲਈ ਤਿਆਰ ਨਹੀਂ ਹੈ, ਜਿਸ ਦੇ ਸਿੱਟੇ ਵਜੋਂ ਬੇਰੋਜ਼ਗਾਰੀ ਤੇਜ਼ੀ ਨਾਲ ਫੈਲ ਰਹੀ ਹੈ ਤੇ ਬੇਰੋਜ਼ਗਾਰ ਨੌਜਵਾਨ ਨਿਰਾਸ਼ ਹੋ ਕੇ ਅੱਤਵਾਦ ਵੱਲ ਆਕਰਸ਼ਿਤ ਹੋ ਰਹੇ ਹਨ। ਦੇਸ਼ 'ਚ ਕੱਟੜਪੰਥੀਆਂ ਦਾ ਬੋਲਬਾਲਾ ਹੈ ਅਤੇ ਸਰਕਾਰਾਂ ਵੀ ਉਨ੍ਹਾਂ 'ਤੇ ਕਾਰਵਾਈ ਕਰਨ ਤੋਂ ਝਿਜਕਦੀਆਂ ਰਹੀਆਂ ਹਨ। 
ਅੱਤਵਾਦ 'ਤੇ ਕਾਬੂ ਪਾਉਣਾ ਇਮਰਾਨ ਖਾਨ ਲਈ ਇਕ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਅੱਤਵਾਦੀਆਂ ਦਾ ਆਕਾ ਹਾਫਿਜ਼ ਸਈਦ ਤੇ ਉਸ ਦਾ ਟੋਲਾ ਸ਼ਰੇਆਮ ਅੱਤਵਾਦ ਨੂੰ ਹੱਲਾਸ਼ੇਰੀ ਦਿੰਦਾ ਹੈ, ਭਾਰਤ ਵਿਰੁੱਧ ਜ਼ਹਿਰ ਉਗਲਦਾ ਹੈ ਤੇ ਅੱਤਵਾਦੀਆਂ ਨੂੰ ਸਿਖਲਾਈ ਦੇ ਕੇ ਜੰਮੂ-ਕਸ਼ਮੀਰ 'ਚ ਅੱਤਵਾਦ ਫੈਲਾਉਂਦਾ ਹੈ।
ਪਾਕਿਸਤਾਨ 'ਚ ਭ੍ਰਿਸ਼ਟਾਚਾਰ ਵੀ ਸਿਖਰਾਂ 'ਤੇ ਪਹੁੰਚ ਗਿਆ ਹੈ, ਜਿਸ ਕਾਰਨ ਹਰੇਕ ਪਾਕਿਸਤਾਨੀ ਦੁਖੀ ਤੇ ਪ੍ਰੇਸ਼ਾਨ ਹੈ ਤੇ ਹੁਣ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਪੀ. ਪੀ. ਪੀ. ਦੇ ਨੇਤਾ ਆਸਿਫ ਅਲੀ ਜ਼ਰਦਾਰੀ ਤੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਨੇਤਾ ਨਵਾਜ਼ ਸ਼ਰੀਫ ਵੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਬੁਰੀ ਤਰ੍ਹਾਂ ਫਸੇ ਹੋਏ ਹਨ। ਇਕ ਰਿਪੋਰਟ ਮੁਤਾਬਕ ਪਾਕਿਸਤਾਨ 'ਚ 2016 ਵਿਚ 50 ਲੱਖ ਤੋਂ ਜ਼ਿਆਦਾ ਬੱਚੇ ਸਕੂਲ ਜਾਣਾ ਛੱਡ ਚੁੱਕੇ ਹਨ, ਇਥੋਂ ਤਕ ਕਿ ਪ੍ਰਾਇਮਰੀ ਸਕੂਲਾਂ 'ਚ ਦਾਖਲਾ ਲੈਣ ਵਾਲੇ ਬੱਚਿਆਂ ਦੀ ਦਰ ਏਸ਼ੀਆ ਦੇ ਹੋਰਨਾਂ ਦੇਸ਼ਾਂ ਨਾਲੋਂ ਬਹੁਤ ਘੱਟ ਹੈ। ਬੱਚੇ ਮਜ਼ਦੂਰੀ ਕਰਨ ਲਈ ਮਜਬੂਰ ਹਨ। ਇਸ ਲਈ ਸਿੱਖਿਆ ਦੇ ਖੇਤਰ 'ਚ ਤਬਦੀਲੀ ਕਰਨ ਅਤੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਇਮਰਾਨ ਖਾਨ ਨੂੰ ਸਿੱਖਿਆ ਬਜਟ 'ਚ ਵਾਧਾ ਕਰਨਾ ਪਵੇਗਾ। 
ਪਾਕਿਸਤਾਨ ਇਸ ਸਮੇਂ ਸਭ ਤੋਂ ਜ਼ਿਆਦਾ ਮੁਸ਼ਕਿਲ ਦੌਰ 'ਚੋਂ ਲੰਘ ਰਿਹਾ ਹੈ ਕਿਉਂਕਿ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਇਥੋਂ ਦੀ ਜ਼ਮੀਨ 'ਤੇ ਅੱਤਵਾਦੀ ਪਲ਼ਦੇ-ਵਧਦੇ ਹਨ। ਹੋਰ ਤਾਂ ਹੋਰ ਪਾਕਿਸਤਾਨ ਦਾ ਸਭ ਤੋਂ ਪੁਰਾਣਾ ਮਿੱਤਰ ਅਮਰੀਕਾ ਵੀ ਇਸ ਤੋਂ ਮੂੰਹ ਮੋੜ ਚੁੱਕਾ ਹੈ।
ਇਮਰਾਨ ਖਾਨ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ, ਸਮੱਸਿਆਵਾਂ ਹਨ ਪਰ ਨੇਕ ਇਰਾਦੇ ਤੇ ਚੰਗੀ ਨੀਅਤ ਸਦਕਾ ਉਹ ਇਨ੍ਹਾਂ 'ਤੇ ਪਾਰ ਪਾ ਸਕਦੇ ਹਨ। ਇਮਰਾਨ ਖਾਨ ਨੂੰ ਜਿਥੇ ਅੰਦਰੂਨੀ ਸੁਧਾਰਾਂ 'ਤੇ ਜ਼ੋਰ ਦੇਣਾ ਪਵੇਗਾ, ਉਥੇ ਹੀ ਦੁਨੀਆ ਦੇ ਦੇਸ਼ਾਂ 'ਚ ਭਰੋਸਾ ਪੈਦਾ ਕਰਨਾ ਪਵੇਗਾ ਤਾਂ ਕਿ ਉਨ੍ਹਾਂ ਨਾਲ ਪਾਕਿਸਤਾਨ ਦੇ ਰਿਸ਼ਤੇ ਸੁਧਰਨ ਅਤੇ ਉਹ ਦੇਸ਼ ਪਾਕਿਸਤਾਨ ਦੀ ਮਾਲੀ ਸਹਾਇਤਾ ਕਰ ਸਕਣ। 
ਜੇ ਪਾਕਿਸਤਾਨ ਭਾਰਤ ਨਾਲ ਹੀ ਚੰਗੇ ਸਬੰਧ ਕਾਇਮ ਕਰ ਲੈਂਦਾ ਹੈ ਅਤੇ ਦੋਹਾਂ ਦੇਸ਼ਾਂ ਵਿਚਾਲੇ ਖੁੱਲ੍ਹਾ ਵਪਾਰ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਨਾਲ ਪਾਕਿਸਤਾਨ ਦੀ ਅਰਥ ਵਿਵਸਥਾ 'ਚ ਮਜ਼ਬੂਤੀ ਆ ਸਕਦੀ ਹੈ ਕਿਉਂਕਿ ਜੋ ਮਾਲ ਉਹ ਅਮਰੀਕਾ, ਚੀਨ, ਈਰਾਨ ਜਾਂ ਹੋਰਨਾਂ ਦੇਸ਼ਾਂ ਤੋਂ ਖਰੀਦਦਾ ਹੈ, ਉਹੀ ਮਾਲ ਉਸ ਨੂੰ ਭਾਰਤ ਤੋਂ ਸਸਤੇ ਭਾਅ 'ਤੇ ਮਿਲ ਸਕਦਾ ਹੈ। 
ਭਾਰਤ ਦੇ ਟਰੱਕ ਮਾਲ ਲੈ ਕੇ ਪਾਕਿਸਤਾਨ 'ਚੋਂ ਹੁੰਦੇ ਹੋਏ ਅਫਗਾਨਿਸਤਾਨ, ਇਰਾਕ, ਉਜ਼ਬੇਕਿਸਤਾਨ, ਤਾਜਿਕਸਤਾਨ, ਕਿਰਗਿਜ਼ਸਤਾਨ ਤੇ ਹੋਰਨਾਂ ਮੱਧ-ਏਸ਼ੀਆਈ ਦੇਸ਼ਾਂ 'ਚ ਆ-ਜਾ ਸਕਦੇ ਹਨ ਕਿਉਂਕਿ ਭਾਰਤ ਦੁਨੀਆ 'ਚ ਸਭ ਤੋਂ ਵੱਡਾ ਨਿਰਮਾਣ ਕੇਂਦਰ ਬਣ ਰਿਹਾ ਹੈ। ਇਸ ਦੀ ਆਬਾਦੀ ਵੀ 1 ਅਰਬ 36 ਕਰੋੜ ਦੇ ਲਗਭਗ ਹੋ ਗਈ ਹੈ। 
ਪਾਕਿਸਤਾਨ ਨੂੰ ਸਭ ਤੋਂ ਵੱਡਾ ਖਤਰਾ ਆਈ. ਐੱਸ. ਆਈ. ਅਤੇ ਇਸ ਦੀ ਫੌਜ ਤੋਂ ਹੀ ਹੈ, ਜਿਨ੍ਹਾਂ ਨੇ ਉਥੇ ਲੋਕਤੰਤਰ ਨੂੰ ਆਪਣੇ ਪੈਰ ਨਹੀਂ ਜਮਾਉਣ ਦਿੱਤੇ। ਫੌਜੀ ਜਰਨੈਲ ਪਹਿਲਾਂ ਸਿਵਲੀਅਨ ਸਰਕਾਰਾਂ ਨੂੰ ਖਤਮ ਕਰ ਕੇ ਖੁਦ ਹੀ ਸੱਤਾ ਦੇ ਸਿੰਘਾਸਨ 'ਤੇ ਆ ਬੈਠੇ। ਹੁਣ ਇਮਰਾਨ ਖਾਨ ਵੀ ਜਦੋਂ ਫੌਜ ਦੇ ਖੰਭ ਕੁਤਰਨ ਲੱਗਣਗੇ ਤਾਂ ਉਨ੍ਹਾਂ ਲਈ ਵੀ ਫੌਜੀ ਜਰਨੈਲ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੇ ਹਨ ਪਰ ਇਹ ਇਕ ਹਕੀਕਤ ਹੈ ਕਿ ਭਾਰਤ-ਪਾਕਿ ਵਿਚਾਲੇ ਦੋਸਤੀ ਦੋਹਾਂ ਦੇ ਹਿੱਤ 'ਚ ਹੈ ਅਤੇ ਦੋਹਾਂ ਦੇਸ਼ਾਂ ਦੇ ਆਮ ਲੋਕ ਚੰਗੇ ਸਬੰਧਾਂ ਦੇ ਹੱਕ 'ਚ ਹਨ। 
darbarilalprof@gmail.com


Related News