ਕੋਈ ਵੀ ਚੀਜ਼ ਨਿਮਰਤਾ ਤੋਂ ਤਾਕਤਵਰ ਨਹੀਂ

Wednesday, Sep 26, 2018 - 06:37 AM (IST)

ਜਿਸ ਪਾਰਕ ਵਿਚ ਮੈਂ ਸੈਰ ਕਰਦਾ ਹਾਂ, ਉਥੇ ਨੋਟਿਸ ਬੋਰਡ ਲਗਾਏ ਗਏ ਹਨ, ਫਿਰ ਵੀ ਮੈਂ ਦੇਖਿਆ ਕਿ ਇਕ ਭੱਦਰ ਪੁਰਸ਼ ਗਲਤ ਦਿਸ਼ਾ ਵਿਚ ਸੈਰ ਕਰ ਰਹੇ ਸਨ। ਮੈਂ ਗੁੱਸੇ ਨਾਲ ਪੁੱਛਿਆ, ‘‘ਕੀ ਤੁਹਾਨੂੰ ਬੋਰਡ ਦਿਖਾਈ ਨਹੀਂ ਦਿੰਦਾ?’’
ਉਸ ਵਿਅਕਤੀ ਨੇ ਪੁੱਛਿਆ, ‘‘ਕਿਉਂ, ਕੀ ਤੁਸੀਂ ਅੱਖਾਂ ਦੇ ਡਾਕਟਰ ਹੋ?’’ ਅਤੇ ਮੈਨੂੰ ਅਹਿਸਾਸ ਕਰਵਾ ਦਿੱਤਾ ਕਿ ਮੈਂ ਉਸ ਨੂੰ ਠੀਕ (ਸਹੀ) ਕਰਨ ਵਿਚ ਕਿੰਨੀ ਸਖਤੀ ਵਰਤ ਰਿਹਾ ਸੀ। 
ਫ੍ਰੈਡਰਿਕ ਫੇਬਰ ਕਹਿੰੰਦੇ ਹਨ, ‘‘ਨਿਮਰਤਾ ਵਾਲੇ ਢੰਗ ਨਾਲ ਸਹੀ ਸ਼ਬਦ ਕਹਿਣ ਦੀ ਕਲਾ ਅਜਿਹੀ ਹੈ ਜੋ ਕਦੇ ਵੀ ਫੈਸ਼ਨ ਨਾਲ ਪ੍ਰਚੱਲਿਤ ਨਹੀਂ ਹੁੰਦੀ, ਨਾ ਹੀ ਇਹ ਕਿਸੇ ਨੂੰ ਖੁਸ਼ ਕਰਨ ਨਾਲ ਰੁਕਦੀ ਹੈ।’’
ਇਕ ਕਹਾਣੀ ਹੈ ਕਿ ਕਿਵੇਂ ਜੌਨ ਵੇਸਲੇ ਨੇ ਆਪਣੀਆਂ ਅਣਗਿਣਤ ਯਾਤਰਾਵਾਂ ਵਿਚੋਂ ਇਕ ਦੌਰਾਨ ਦੇਖਿਆ ਕਿ ਉਹ ਇਕ ਫੌਜੀ ਅਧਿਕਾਰੀ ਨਾਲ ਬੱਘੀ ਸਾਂਝੀ ਕਰ ਰਹੇ ਸਨ। ਉਨ੍ਹਾਂ ਦੀ ਗੱਲਬਾਤ ਹਲਕੀ-ਫੁਲਕੀ ਅਤੇ ਦਿਲਚਸਪ ਸੀ ਪਰ ਅਧਿਕਾਰੀ ਦਾ ਯੋਗਦਾਨ ਸਖਤ ਸ਼ਬਦਾਂ ਅਤੇ ਪ੍ਰਮਾਤਮਾ ਦੀ ਨਿੰਦਾ ਕਰਨ ਵਾਲਾ ਸੀ।
ਵੇਸਲੇ ਉਸ ਦੀ ਭਾਸ਼ਾ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਸਨ ਪਰ ਉਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀ ਪ੍ਰੇਸ਼ਾਨੀ ਜਾਂ ਨਾਰਾਜ਼ਗੀ ਜ਼ਾਹਰ ਨਾ ਹੋਵੇ। ਜਦੋਂ ਉਹ ਬੱਘੀ ਦੇ ਘੋੜੇ ਬਦਲਣ ਲਈ ਰੁਕੇ ਤਾਂ ਵੇਸਲੇ ਨੇ ਫੌਜੀ ਅਧਿਕਾਰੀ ਨਾਲ ਗੱਲ ਕਰਨ ਦਾ ਮੌਕਾ ਲੱਭ ਲਿਆ ਅਤੇ ਪੁੱਛਿਆ, ‘‘ਮੈਨੂੰ ਹੈਰਾਨੀ ਹੋਵੇਗੀ ਜੇ ਮੈਂ ਤੁਹਾਡੇ ਤੋਂ ਇਕ ਮਦਦ ਮੰਗਾਂ। ਅਸੀਂ ਕੁਝ ਦੂਰੀ ਤਕ ਇਕੱਠੇ ਚੱਲਾਂਗੇ ਤੇ ਜੇ ਮੈਂ ਖੁਦ ਨੂੰ ਭੁੱਲ ਜਾਵਾਂ ਅਤੇ ਔਰਤਾਂ ਸਾਹਮਣੇ ਸਖਤ ਸ਼ਬਦਾਂ ਦੀ ਵਰਤੋਂ ਕਰਾਂ ਤਾਂ ਸ਼ਾਇਦ ਤੁਸੀਂ ਮੈਨੂੰ ਦਰੁਸਤ ਕਰ ਦਿਓਗੇ।’’
ਫੌਜੀ ਅਧਿਕਾਰੀ ਨੇ ਤੁਰੰਤ ਸਮਝ ਲਿਆ ਅਤੇ ਵੇਸਲੇ ਦਾ ਸੁਧਾਰ ਕਰਨ ਦਾ ਤਰੀਕਾ ਬਿਲਕੁਲ ਸਹੀ ਕੰਮ ਕਰ ਗਿਆ। ਇਹ ਇਕ ਨਿਮਰਤਾ ਸੀ ਜੋ ਕੰਮ ਕਰ ਗਈ।
ਇਕ ਹੋਰ ਛੋਟੀ ਜਿਹੀ ਕਹਾਣੀ ਹੈ ਜੋ ਤੁਸੀਂ ਆਪਣੀ ਮਾਂ ਦੇ ਗੋਡਿਆਂ ’ਤੇ ਸਿਰ ਰੱਖ ਦੇ ਸੁਣੀ ਹੋਵੇਗੀ ਪਰ ਫਿਰ ਵੀ ਮੈਂ ਇਹ ਕਹਾਣੀ ਤੁਹਾਡੇ ਸਾਹਮਣੇ ਦੁਹਰਾਉਣਾ ਚਾਹਾਂਗਾ ਕਿਉਂਕਿ ਇਸ ਵਿਚ ਇਕ ਸਬਕ ਲੁਕਿਆ ਹੈ।
ਹਵਾ ਤੇ ਸੂਰਜ ਵਿਚਾਲੇ ਇਕ ਵਾਰ ਝਗੜਾ ਹੋ ਗਿਆ ਤੇ ਹਵਾ ਨੇ ਫੜ੍ਹ ਮਾਰੀ ਕਿ ਉਹ ਸੂਰਜ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। ਹਵਾ ਨੇ ਸੂਰਜ ਨੂੰ ਕਿਹਾ, ‘‘ਮੈਂ ਦਿਖਾਵਾਂਗੀ ਕਿ ਕੌਣ ਤਾਕਤਵਰ ਹੈ। ਇਕ ਮੋਟਾ ਕੋਟ ਪਹਿਨੀ ਉਸ ਵਿਅਕਤੀ ਨੂੰ ਦੇਖ, ਮੈਂ ਸ਼ਰਤ ਲਾ ਕੇ ਕਹਿ ਸਕਦੀ ਹਾਂ ਕਿ ਉਸ ਵਿਅਕਤੀ ਨੂੰ ਤੇਰੇ ਤੋਂ ਪਹਿਲਾਂ ਕੋਟ ਉਤਾਰਨ ਲਈ ਮਜਬੂਰ ਕਰ ਸਕਦੀ ਹਾਂ।’’
ਸੂਰਜ ਨੇ ਕਿਹਾ, ‘‘ਠੀਕ ਹੈ, ਚੱਲ ਦੇਖਦੇ ਹਾਂ।’’
ਉਸ ਤੋਂ ਬਾਅਦ ਸੂਰਜ ਇਕ ਬੱਦਲ ਪਿੱਛੇ ਲੁਕ ਗਿਆ ਪਰ ਇਹ ਦੇਖਣ ਲਈ ਕਿ ਹਵਾ ਕੀ ਕਰਦੀ ਹੈ, ਇਕ ਛੋਟਾ  ਜਿਹਾ ਸੁਰਾਖ ਛੱਡ ਦਿੱਤਾ। ਹਵਾ ਪੂਰੀ ਤੇਜ਼ੀ ਨਾਲ ਚੱਲਣ ਲੱਗੀ, ਜਿਸ ਨਾਲ ਇਕ ਜ਼ਬਰਦਸਤ ਤੂਫਾਨ ਜਿਹਾ ਆ ਗਿਆ ਪਰ ਜਿੰਨੀ ਤੇਜ਼ੀ ਨਾਲ ਹਵਾ ਚੱਲਦੀ, ਵਿਅਕਤੀ ਆਪਣਾ ਕੋਟ ਓਨਾ ਹੀ ਮਜ਼ਬੂਤੀ ਨਾਲ ਆਪਣੇ ਉਪਰ ਕੱਸ ਲੈਂਦਾ। ਆਖਿਰ ਹਵਾ ਵਿਚਾਰੀ ਥੱਕ ਗਈ ਤੇ ਰੁਕ ਗਈ।
ਹਵਾ ਨੇ ਹਫਦਿਆਂ ਸੂਰਜ ਨੂੰ ਕਿਹਾ, ‘‘ਹੁਣ ਤੇਰੀ ਵਾਰੀ, ਕੁਝ ਵੀ ਕਰਨਾ ਅਸੰਭਵ ਹੈ।’’
ਸੂਰਜ ਬੱਦਲ ਪਿੱਛਿਓਂ ਬਾਹਰ ਆ ਗਿਆ ਅਤੇ ਉਸ ਵਿਅਕਤੀ ’ਤੇ ਆਪਣੀ ਧੁੱਪ ਨਾਲ ਮੁਸਕਰਾਇਆ। ਕੁਝ ਹੀ ਦੇਰ ਬਾਅਦ ਉਹ ਵਿਅਕਤੀ ਮੱਥੇ ਉਤੋਂ ਪਸੀਨਾ ਪੂੰਝਣ ਲੱਗਾ। ਸੂਰਜ ਹੋਰ ਵੀ ਖੁਸ਼ੀ ਨਾਲ ਚਮਕਣ ਲੱਗਾ ਤੇ ਉਸ ਵਿਅਕਤੀ ਨੇ ਆਪਣਾ ਕੋਟ ਉਤਾਰ ਦਿੱਤਾ। ਸੂਰਜ ਨੇ ਇਸ ਤਰ੍ਹਾਂ ਹਵਾ ਨੂੰ ਨਿਮਰਤਾ ਨਾਲ ਹਰਾ ਦਿੱਤਾ।
ਬਕੌਲ ਸੇਂਟ ਫਰਾਂਸਿਸ, ‘‘ਕੋਈ ਵੀ ਚੀਜ਼ ਨਿਮਰਤਾ ਤੋਂ ਤਾਕਤਵਰ ਨਹੀਂ ਤੇ ਕੁਝ ਵੀ ਅਸਲ ਤਾਕਤ ਜਿੰਨਾ ਨਿਮਰ ਨਹੀਂ।’’ ਇਸ ਲਈ ਸਿੱਖਣ ਵਾਸਤੇ ਬਹੁਤ ਕੁਝ ਹੈ...।   


Related News