ਇਨਸਾਨੀ ਫਰਿਸ਼ਤੇ ਹੀ ਦੁਖੀ ਲੋਕਾਂ ਦੇ ਕੰਮ ਆਉਂਦੇ ਹਨ

01/22/2018 7:13:40 AM

ਇਹ ਕਿੱਸਾ ਸੁਣ ਕੇ ਸ਼ਾਇਦ ਤੁਸੀਂ ਯਕੀਨ ਨਾ ਕਰੋ ਪਰ ਹੈ ਸੱਚ। ਮੁੰਬਈ ਦਾ ਇਕ ਮਸ਼ਹੂਰ ਉਦਯੋਗਪਤੀ ਆਪਣੇ ਦੋਸਤਾਂ ਸਮੇਤ ਸਵਿਟਜ਼ਰਲੈਂਡ ਦੇ ਸ਼ਹਿਰ ਜੇਨੇਵਾ ਦੇ ਫਾਈਵ ਸਟਾਰ ਹੋਟਲ ਤੋਂ ਚੈੱਕਆਊਟ ਕਰ ਚੁੱਕਾ ਸੀ। ਸਿੱਧੇ ਏਅਰਪੋਰਟ ਜਾਣ ਦੀ ਤਿਆਰੀ ਸੀ। ਤਿੰਨ ਘੰਟੇ ਬਾਅਦ ਮੁੰਬਈ ਦੀ ਫਲਾਈਟ ਰਾਹੀਂ ਪਰਤਣਾ ਸੀ। 
ਇਸੇ ਦੌਰਾਨ ਉਸ ਦੇ ਨਿੱਜੀ ਸਕੱਤਰ ਦਾ ਮੁੰਬਈ ਦਫਤਰ ਤੋਂ ਫੋਨ ਆਇਆ, ਜਿਸ ਨੂੰ ਸੁਣ ਕੇ ਇਹ ਸੱਜਣ ਅਚਾਨਕ ਆਪਣੀ ਪਤਨੀ ਤੇ ਮਿੱਤਰਾਂ ਵੱਲ ਮੁੜਿਆ ਅਤੇ ਬੋਲਿਆ, ''ਤੁਸੀਂ ਸਭ ਲੋਕ ਜਾਓ, ਮੈਂ ਦੇਰ ਰਾਤ ਦੀ ਫਲਾਈਟ ਰਾਹੀਂ ਆਵਾਂਗਾ।'' ਇਸ ਤਰ੍ਹਾਂ ਅਚਾਨਕ ਉਸ ਦਾ ਇਹ ਫੈਸਲਾ ਸੁਣ ਕੇ ਸਾਰੇ ਹੈਰਾਨ ਰਹਿ ਗਏ। ਉਸ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ''ਹੁਣੇ ਮੇਰੇ ਦਫਤਰ 'ਚ ਕੋਈ ਔਰਤ ਆਈ ਹੈ, ਜਿਸ ਦਾ ਪਤੀ ਕੈਂਸਰ ਤੋਂ ਪੀੜਤ ਹੈ, ਉਸ ਨੂੰ ਇਕ ਮਹਿੰਗੇ ਇੰਜੈਕਸ਼ਨ ਦੀ ਲੋੜ ਹੈ, ਜੋ ਇਥੇ ਜੇਨੇਵਾ ਵਿਚ ਹੀ ਮਿਲਦਾ ਹੈ। ਮੈਂ ਉਹ ਇੰਜੈਕਸ਼ਨ ਲੈ ਕੇ ਕੱਲ ਸਵੇਰ ਤਕ ਮੁੰਬਈ ਆ ਜਾਵਾਂਗਾ।'' 
ਪਰਿਵਾਰ ਤੇ ਸਾਥੀ ਦੁਚਿੱਤੀ ਵਿਚ ਪੈ ਗਏ ਅਤੇ ਬੋਲੇ ਕਿ ''ਇੰਜੈਕਸ਼ਨ ਕੋਰੀਅਰ ਰਾਹੀਂ ਆ ਜਾਵੇਗਾ, ਤੁਸੀਂ ਤਾਂ ਨਾਲ ਚੱਲੋ।'' ਉਸ ਦਾ ਜਵਾਬ ਸੀ ਕਿ ''ਉਸ ਆਦਮੀ ਦੀ ਜਾਨ ਬਚਾਉਣਾ ਮੇਰੇ ਵਕਤ ਤੋਂ ਕਿਤੇ ਵੱਧ ਕੀਮਤੀ ਹੈ।''
ਇਸੇ ਸੱਜਣ ਦਾ ਗੋਆ ਵਿਚ ਵੀ ਇਕ ਵੱਡਾ ਬੰਗਲਾ ਹੈ, ਜਿਸ ਦੇ ਸਾਹਮਣੇ ਇਕ ਸਥਾਨਕ ਨੌਜਵਾਨ ਚਾਹ ਦਾ ਢਾਬਾ ਚਲਾਉਂਦਾ ਸੀ। ਇਹ ਸੱਜਣ ਹਰ ਕ੍ਰਿਸਮਸ ਦੀਆਂ ਛੁੱਟੀਆਂ ਵਿਚ ਗੋਆ ਜਾਂਦਾ ਹੈ। ਜਿੰਨੀ ਵਾਰ ਇਹ ਕੋਠੀ ਵਿਚ ਦਾਖ਼ਲ ਹੁੰਦਾ ਅਤੇ ਨਿਕਲਦਾ, ਉਹ ਢਾਬੇ ਵਾਲਾ ਦੂਰੋਂ ਇਸ ਦਾ ਹੱਥ ਹਿਲਾ ਕੇ ਸਵਾਗਤ ਕਰਦਾ। ਦੋਹਾਂ ਦੀ ਬਸ ਇੰਨੀ ਹੀ ਜਾਣ-ਪਛਾਣ ਸੀ। 
ਇਕ ਸਾਲ ਬਾਅਦ ਜਦੋਂ ਉਹ ਛੁੱਟੀਆਂ ਵਿਚ ਗੋਆ ਪਹੁੰਚਿਆ ਤਾਂ ਦੂਰੋਂ ਦੇਖਿਆ ਕਿ ਢਾਬਾ ਬੰਦ ਹੈ। ਇਸ ਦੇ ਬੰਗਲੇ ਦੇ ਚੌਕੀਦਾਰ ਨੇ ਦੱਸਿਆ ਕਿ ਢਾਬੇ ਵਾਲਾ ਕਈ ਮਹੀਨਿਆਂ ਤੋਂ ਬੀਮਾਰ ਹੈ ਅਤੇ ਹਸਪਤਾਲ 'ਚ ਪਿਆ ਹੈ। ਉਸ ਨੇ ਫੌਰਨ ਉਸ ਦੀ ਖੈਰ-ਖ਼ਬਰ ਲਈ ਤੇ ਮੁੰਬਈ ਵਿਚ ਉਸ ਦੇ ਪੁਖਤਾ ਅਤੇ ਵਧੀਆ ਇਲਾਜ ਦਾ ਇੰਤਜ਼ਾਮ ਕੀਤਾ। ਭਗਵਾਨ ਦੀ ਇੱਛਾ, ਪਹਿਲੇ ਮਾਮਲੇ ਵਿਚ ਉਸ ਆਦਮੀ ਦੀ ਜਾਨ ਬਚ ਗਈ। 
ਉਹ ਦੋਵੇਂ ਪਤੀ-ਪਤਨੀ ਇਕ ਦਿਨ ਉਸ ਦਾ ਧੰਨਵਾਦ ਕਰਨ ਲਈ ਉਸ ਦੇ ਦਫਤਰ ਪਹੁੰਚੇ। ਸਵਾਗਤ ਅਧਿਕਾਰੀ ਨੇ ਉਸ ਨੂੰ ਫੋਨ 'ਤੇ ਦੱਸਿਆ ਕਿ ਇਹ ਦੋਵੇਂ ਪਤੀ-ਪਤਨੀ ਤੁਹਾਡਾ ਧੰਨਵਾਦ ਕਰਨ ਆਏ ਹਨ। ਉਸ ਦਾ ਜਵਾਬ ਸੀ ਕਿ ''ਉਸ ਨੂੰ ਕਹੋ ਕਿ ਮੇਰਾ ਨਹੀਂ, ਈਸ਼ਵਰ ਦਾ ਧੰਨਵਾਦ ਕਰੋ'' ਅਤੇ ਉਹ ਉਨ੍ਹਾਂ ਨੂੰ ਨਹੀਂ ਮਿਲਿਆ। 
ਗੋਆ ਵਾਲੇ ਮਾਮਲੇ ਵਿਚ ਢਾਬੇ ਵਾਲਾ ਆਦਮੀ ਵਧੀਆ ਇਲਾਜ ਦੇ ਬਾਵਜੂਦ ਮਰ ਗਿਆ। ਜਦੋਂ ਉਸ ਨੂੰ ਪਤਾ ਲੱਗਾ ਤਾਂ ਉਸ ਦੀ ਵਿਧਵਾ ਤੋਂ ਪੁੱਛਵਾਇਆ ਕਿ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ? ਉਸ ਨੇ ਦੱਸਿਆ ਕਿ ਮੇਰਾ ਪਤੀ 2 ਲੱਖ ਰੁਪਏ ਦਾ ਕਰਜ਼ਾ ਛੱਡ ਗਿਆ ਹੈ, ਜੇਕਰ ਕਰਜ਼ਾ ਉਤਰ ਜਾਵੇ ਤਾਂ ਮੈਂ ਢਾਬਾ ਚਲਾ ਕੇ ਆਪਣਾ ਗੁਜ਼ਾਰਾ ਕਰ ਲਵਾਂਗੀ। ਉਸ ਦੀ ਇਹ ਮੁਰਾਦ ਪੂਰੀ ਹੋਈ। ਉਹ ਵੀ ਬੰਗਲੇ ਵਿਚ ਆ ਕੇ ਧੰਨਵਾਦ ਕਰਨਾ ਚਾਹੁੰਦੀ ਸੀ। ਉਸ ਨੇ ਉਸ ਨੂੰ ਵੀ ਉਹੀ ਜਵਾਬ ਭਿਜਵਾ ਦਿੱਤਾ।
ਇਸ ਨੂੰ ਕਹਿੰਦੇ ਹਨ 'ਨੇਕੀ ਕਰ, ਦਰਿਆ ਮੇਂ ਡਾਲ'। ਉਸ ਸੱਜਣ ਦਾ ਨਾਂ ਹੈ ਕਮਲ ਮੋਰਾਰਕਾ, ਜੋ ਇਕ ਜ਼ਮਾਨੇ 'ਚ ਚੰਦਰਸ਼ੇਖਰ ਸਰਕਾਰ ਦੇ ਪ੍ਰਧਾਨ ਮੰਤਰੀ ਦਫਤਰ ਦੇ ਮੰਤਰੀ ਵੀ ਰਹੇ। ਉਸ ਦੀ ਜ਼ਿੰਦਗੀ ਨਾਲ ਜੁੜੇ ਅਜਿਹੇ ਸੈਂਕੜੇ ਕਿੱਸੇ ਹਨ, ਜਿਨ੍ਹਾਂ ਨੂੰ ਉਸ ਨੇ ਕਦੇ ਨਹੀਂ ਸੁਣਾਇਆ ਪਰ ਉਹ ਲੋਕ ਸੁਣਾਉਂਦੇ ਹਨ, ਜਿਨ੍ਹਾਂ ਦੀ ਉਸ ਨੇ ਮਦਦ ਕੀਤੀ। ਉਸ ਦੀ ਮਦਦ ਲੈਣ ਵਾਲਿਆਂ ਵਿਚ ਦੇਸ਼ ਦੇ ਤਮਾਮ ਸਾਹਿਤਕਾਰ, ਕਲਾਕਾਰ, ਸਮਾਜ ਸੇਵੀ, ਪੱਤਰਕਾਰ, ਰਾਜਨੇਤਾ ਅਤੇ ਹੋਰ ਸੈਂਕੜੇ ਲੋਕ ਹਨ, ਜੋ ਉਸ ਨੂੰ ਇਨਸਾਨ ਨਹੀਂ, ਫਰਿਸ਼ਤਾ ਮੰਨਦੇ ਹਨ। 
ਦਰਅਸਲ, ਭਾਰਤ ਦੇ ਪੂੰਜੀਵਾਦ ਅਤੇ ਪੱਛਮ ਦੇ ਪੂੰਜੀਵਾਦ ਵਿਚ ਇਹੀ ਬੁਨਿਆਦੀ ਫਰਕ ਹੈ। ਪੱਛਮੀ ਸੱਭਿਅਤਾ ਵਿਚ ਧਨ ਕਮਾਇਆ ਜਾਂਦਾ ਹੈ ਮੌਜ-ਮਸਤੀ, ਸੈਰ-ਸਪਾਟੇ ਅਤੇ ਐਸ਼ੋ-ਆਰਾਮ ਦੇ ਪ੍ਰਦਰਸ਼ਨ ਲਈ, ਜਦਕਿ ਭਾਰਤ ਦਾ ਰਵਾਇਤੀ ਸਮਾਜ 'ਸਾਦਾ ਜੀਵਨ, ਉੱਚ ਵਿਚਾਰ' ਦੇ ਸਿਧਾਂਤ ਨੂੰ ਮੰਨਦਾ ਆਇਆ ਹੈ। ਉਹ ਦਿਨ-ਰਾਤ ਮਿਹਨਤ ਕਰਦਾ ਹੈ ਅਤੇ ਧਨ ਜੋੜਦਾ ਰਿਹਾ ਹੈ ਪਰ ਉਸ ਦਾ ਰਹਿਣ-ਸਹਿਣ ਅਤੇ ਖਾਣ-ਪੀਣ ਬਿਲਕੁਲ ਸਾਧਾਰਨ ਹੁੰਦਾ ਸੀ। ਉਹ ਖਰਚ ਕਰਦਾ ਤਾਂ ਜਾਇਦਾਦ ਖਰੀਦਣ 'ਚ ਜਾਂ ਸੋਨੇ-ਚਾਂਦੀ ਵਿਚ। ਇਸੇ ਲਈ ਭਾਰਤ ਹਮੇਸ਼ਾ ਤੋਂ ਸੋਨੇ ਦੀ ਚਿੜੀ ਰਿਹਾ ਹੈ। 
ਦੁਨੀਆ ਦੀ ਆਰਥਿਕ ਮੰਦੀ ਦੇ ਦੌਰ ਵੀ ਭਾਰਤ ਦੀ ਅਰਥ ਵਿਵਸਥਾ ਨੂੰ ਝੰਜੋੜ ਨਹੀਂ ਸਕੇ, ਜਦਕਿ ਉਪਭੋਗਤਾਵਾਦੀ ਪੱਛਮੀ ਸੰਸਕ੍ਰਿਤੀ 'ਚ ਕ੍ਰੈਡਿਟ ਕਾਰਡ ਦੀ ਡਿਜੀਟਲ ਇਕਾਨੋਮੀ ਨੇ ਕਈ ਵਾਰ ਆਪਣੇ ਸਮਾਜਾਂ ਨੂੰ ਭਾਰੀ ਆਰਥਿਕ ਸੰਕਟ 'ਚ ਪਾਇਆ ਹੈ। ਅਮਰੀਕਾ ਸਮੇਤ ਇਹ ਤਮਾਮ ਦੇਸ਼ ਅੱਜ ਖ਼ਰਬਾਂ ਰੁਪਏ ਦੇ ਵਿਦੇਸ਼ੀ ਕਰਜ਼ੇ 'ਚ ਡੁੱਬੇ ਹਨ। ਉਹ ਸਹੀ ਅਰਥਾਂ ਵਿਚ ਚਾਰਵਾਕ ਦੇ ਪੈਰੋਕਾਰ ਹਨ, 'ਜਦੋਂ ਤਕ ਜੀਓ, ਸੁੱਖ ਨਾਲ ਜੀਓ, ਕਰਜ਼ਾ ਮੰਗ ਕੇ ਵੀ ਪੀਣਾ ਪਵੇ ਤਾਂ ਵੀ ਘਿਓ ਪੀਓ।' 
ਇਹੀ ਕਾਰਨ ਹੈ ਕਿ ਡਿਜੀਟਲ ਅਰਥ ਵਿਵਸਥਾ ਦੀਆਂ ਨੀਤੀਆਂ ਨੂੰ ਭਾਰਤ ਦਾ ਰਸਮੀ ਸਮਾਜ ਸਵੀਕਾਰ ਕਰਨ 'ਚ ਅਜੇ ਝਿਜਕ ਰਿਹਾ ਹੈ। ਉਸ ਨੂੰ ਡਰ ਹੈ ਕਿ ਜੇਕਰ ਅਸੀਂ ਹਜ਼ਾਰਾਂ ਸਾਲ ਦੀ ਪੰ੍ਰਪਰਾ ਨੂੰ ਤੋੜ ਕੇ ਇਸ ਨਵੀਂ ਵਿਵਸਥਾ ਨੂੰ ਅਪਣਾ ਲਵਾਂਗੇ ਤਾਂ ਅਸੀਂ ਕੌਮਾਂਤਰੀ ਆਰਥਿਕ ਮਾਫੀਆ ਦੇ ਜਾਲ 'ਚ ਫਸ ਜਾਵਾਂਗੇ। ਹੁਣ ਇਹ ਤਾਂ ਵਕਤ ਹੀ ਦੱਸੇਗਾ ਕਿ ਲੋਕ ਬਦਲਦੇ ਹਨ ਕਿ ਨੀਤੀਆਂ।
ਅਸੀਂ ਗੱਲ ਕਰ ਰਹੇ ਸੀ ਇਨਸਾਨੀ ਫਰਿਸ਼ਤਿਆਂ ਦੀ। ਆਧੁਨਿਕਤਾ ਦੇ ਦੌਰ ਵਿਚ ਮਨੁੱਖੀ ਸੰਵੇਦਨਸ਼ੀਲਤਾ ਵੀ ਭੰਗ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ ਕਿਸੇ ਖੁਸ਼ਹਾਲ ਵਿਅਕਤੀ ਤੋਂ ਮਨੁੱਖੀ ਸੰਵੇਦਨਾਵਾਂ ਦੀ ਆਸ ਕਰਨਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ, ਜਦਕਿ ਨਵੀਂ ਵਿਵਸਥਾ ਵਿਚ ਸਮਾਜਿਕ ਸਰੋਕਾਰ ਦੇ ਹਰ ਮੁੱਦੇ 'ਤੇ ਬਿਨਾਂ ਵੱਡੀ ਕੀਮਤ ਦੇ ਰਾਹਤ ਮੁਹੱਈਆ ਨਹੀਂ ਹੁੰਦੀ। ਇਸ ਨਾਲ ਸਮਾਜ 'ਚ ਨਿਰਾਸ਼ਾ ਫੈਲਦੀ ਹੈ। ਸੁਰੱਖਿਆ ਦੀ ਪੁਰਾਣੀ ਵਿਵਸਥਾ ਨਹੀਂ ਰਹੀ ਅਤੇ ਨਵੀਂ ਉਨ੍ਹਾਂ ਦੀ ਹੈਸੀਅਤ ਤੋਂ ਬਾਹਰ ਹੈ। ਅਜਿਹੀ ਸਥਿਤੀ 'ਚ ਇਨਸਾਨੀ ਫਰਿਸ਼ਤੇ ਹੀ ਲੋਕਾਂ ਦੇ ਕੰਮ ਆਉਂਦੇ ਹਨ ਪਰ ਉਨ੍ਹਾਂ ਦੀ ਤਾਦਾਦ ਹੁਣ ਉਂਗਲੀਆਂ 'ਤੇ ਗਿਣੀ ਜਾ ਸਕਦੀ ਹੈ। ਕਮਲ ਮੋਰਾਰਕਾ ਇਕ ਅਜਿਹੀ ਸ਼ਖ਼ਸੀਅਤ ਹੈ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। 


Related News