ਨੋਟਬੰਦੀ ਤੋਂ ਬਾਅਦ ਅਰਥ ਵਿਵਸਥਾ ਦੀ ਰਫਤਾਰ ਮੱਠੀ ਪੈਣ ਦੀਆਂ ਗੱਲਾਂ ਕਿੰਨੀਆਂ ਕੁ ਸੱਚ

Sunday, Jan 22, 2017 - 08:11 AM (IST)

ਨੋਟਬੰਦੀ ਤੋਂ ਬਾਅਦ ਅਰਥ ਵਿਵਸਥਾ ਦੀ ਰਫਤਾਰ ਮੱਠੀ ਪੈਣ ਦੀਆਂ ਗੱਲਾਂ ਕਿੰਨੀਆਂ ਕੁ ਸੱਚ

ਯੂ. ਪੀ. ਦੇ ਹਿੰਦੂ ਫਾਇਰ ਬ੍ਰਾਂਡ ਨੇਤਾ ਯੋਗੀ ਆਦਿੱਤਯਨਾਥ ਆਪਣੀ ਹੀ ਪਾਰਟੀ ਦੇ ਕਰਤਿਆਂ-ਧਰਤਿਆਂ ਤੋਂ ਬਹੁਤ ਨਾਰਾਜ਼ ਹਨ। ਉਹ ਇਸ ਲਈ ਨਾਰਾਜ਼ ਹਨ ਕਿਉਂਕਿ ਪਾਰਟੀ ਦੀ ਟਿਕਟ ਵੰਡ ਪ੍ਰਕਿਰਿਆ ''ਚ ਉਨ੍ਹਾਂ ਦੀ ਰਾਏ ਨੂੰ ਕੋਈ ਅਹਿਮੀਅਤ ਹੀ ਨਹੀਂ ਦਿੱਤੀ ਜਾ ਰਹੀ।
ਯੂ. ਪੀ. ਦੀਆਂ ਘੱਟੋ-ਘੱਟ 40 ਵਿਧਾਨ ਸਭਾ ਸੀਟਾਂ ''ਤੇ ਉਨ੍ਹਾਂ ਦਾ ਚੰਗਾ-ਖਾਸਾ ਅਸਰ ਹੈ, ਇਸ ਲਈ ਉਨ੍ਹਾਂ ਨੂੰ ਉਮੀਦ ਸੀ ਕਿ ਪਾਰਟੀ ਆਪਣੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿਚ ਉਨ੍ਹਾਂ ਨੂੰ ਸੱਦੇਗੀ ਅਤੇ ਉਨ੍ਹਾਂ ਦੀ ਰਾਏ ਲੈਣ ਦੀ ਜਹਿਮਤ ਉਠਾਏਗੀ ਪਰ ਉਨ੍ਹਾਂ ਨੂੰ ਮੀਟਿੰਗ ''ਚ ਹੀ ਨਹੀਂ ਸੱਦਿਆ ਗਿਆ। ਹੋਰ ਤਾਂ ਹੋਰ ਉਨ੍ਹਾਂ ਤੋਂ ਫੋਨ ''ਤੇ ਵੀ ਰਾਏ ਲੈਣ ਦੀ ਲੋੜ ਨਹੀਂ ਸਮਝੀ ਗਈ। 
ਯਾਦ ਰਹੇ ਕਿ ਇਸ ਤੋਂ ਪਹਿਲਾਂ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿਚ ਵੀ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਸੀ, ਜਿਸ ਤੋਂ ਨਾਰਾਜ਼ ਹੋ ਕੇ ਉਹ ਪਹਿਲੇ ਹੀ ਦਿਨ ਮੀਟਿੰਗ ''ਚੋਂ ਚਲੇ ਆਏ ਸਨ। ਹੁਣ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਇਹ ਪਾਰਟੀ ਅੰਦਰ ਉਨ੍ਹਾਂ ਦੇ ਸਿਆਸੀ ਕੈਰੀਅਰ ਨੂੰ ਖਤਮ ਕਰਨ ਦੀ ਇਕ ਸਾਜ਼ਿਸ਼ ਹੈ। 
ਯੋਗੀ ਦੀ ''ਹਿੰਦੂ ਯੁਵਾ ਵਾਹਿਨੀ'' ਦਾ ਪੂਰਬੀ ਅਤੇ ਪੱਛਮੀ ਯੂ. ਪੀ. ਵਿਚ ਚੰਗਾ-ਖਾਸਾ ਪ੍ਰਭਾਵ ਹੈ। ਪਹਿਲਾਂ ਵੀ ਜਦੋਂ ਉਹ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਤੋਂ ਨਾਰਾਜ਼ ਹੁੰਦੇ ਸਨ ਤਾਂ ਹਿੰਦੂ ਮਹਾਸਭਾ ਦੀ ਟਿਕਟ ''ਤੇ ਆਪਣੇ ਉਮੀਦਵਾਰ ਖੜ੍ਹੇ ਕਰ ਦਿੰਦੇ ਸਨ, ਜਿਸ ਦਾ ਖਮਿਆਜ਼ਾ ਭਾਜਪਾ ਨੂੰ ਹੀ ਭੁਗਤਣਾ ਪੈਂਦਾ ਸੀ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਵੀ ਯੋਗੀ ਇਹੋ ਕਰਨਗੇ?
ਨੋਟਬੰਦੀ ਦਾ ਆਈਡੀਆ ਕਿਸ ਦਾ ਸੀ
ਜੋ ਲੋਕ ਇਹ ਸਮਝ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੋਟਬੰਦੀ ਦਾ ਅਨੋਖਾ ਆਈਡੀਆ ਅਰਥ ਸ਼ਾਸਤਰੀ ਅਨਿਲ ਬੋਕਿਲ ਨੇ ਸਮਝਾਇਆ ਸੀ ਤੇ ਇਸ ਨੂੰ ਲਾਗੂ ਕਰਨ ਦੀ ਪੂਰੀ ਯੋਜਨਾ ਦਾ ਖਾਕਾ ਵੀ ਬੋਕਿਲ ਦਾ ਹੀ ਸੀ ਤਾਂ ਉਹ ਗਲਤਫਹਿਮੀ ''ਚ ਹਨ।
ਪੀ. ਐੱਮ. ਓ. ਨਾਲ ਜੁੜੇ ਨੇੜਲੇ ਸੂਤਰ ਖੁਲਾਸਾ ਕਰਦੇ ਹਨ ਕਿ ਨੋਟਬੰਦੀ ਦੀ ਇਸ ਪੂਰੀ ਯੋਜਨਾ ਦਾ ਲੇਖਾ-ਜੋਖਾ ਤਿਆਰ ਕਰਨ ਵਿਚ ''ਹਾਰਮੋਨੀ ਇੰਡੀਆ ਫਾਊਂਡੇਸ਼ਨ'' ਦੇ ਹਰਸ਼ ਦੋਭਾਲ ਦੀ ਸਭ ਤੋਂ ਅਹਿਮ ਭੂਮਿਕਾ ਸੀ। ਉਨ੍ਹਾਂ ਨੇ ਹੀ ਇਸ ਦਾ ਬਲਿਊ ਪਿੰ੍ਰਟ ਪ੍ਰਧਾਨ ਮੰਤਰੀ ਨੂੰ ਸੌਂਪਿਆ ਸੀ ਕਿ ਕਿੰਨੀ ਕਰੰਸੀ ਕਦੋਂ ਛਪਣੀ ਹੈ, ਕਦੋਂ ਬੈਂਕਾਂ ਵਿਚ ਜਾਣੀ ਹੈ, ਕਿਵੇਂ ਲੋਕਾਂ ਤਕ ਪਹੁੰਚਣੀ ਹੈ, ਵਗੈਰਾ-ਵਗੈਰਾ। ਹੁਣ ਇਹ ਤਾਂ ਸਭ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਹਰਸ਼ ਦੋਭਾਲ ਦਾ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦੋਭਾਲ ਨਾਲ ਕੀ ਰਿਸ਼ਤਾ ਹੈ? 
ਅਖਿਲੇਸ਼ ਦੇ ਖੰਭ ਨਿਕਲ ਆਏ ਹਨ 
ਯੂ. ਪੀ. ਵਿਚ ਸਪਾ-ਕਾਂਗਰਸ ਦੇ ਗੱਠਜੋੜ ਨੂੰ ਕਿਸੇ ਦੀ ਨਜ਼ਰ ਲੱਗ ਗਈ ਜਾਂ ਅਖਿਲੇਸ਼ ਨੇ ਜ਼ਿਆਦਾ ਹੀ ਆਤਮ-ਵਿਸ਼ਵਾਸ ਵਿਚ ਆ ਕੇ ਕਾਂਗਰਸ ਦੀਆਂ ਉਮੀਦਾਂ ''ਤੇ ਪਾਣੀ ਫੇਰਿਆ? ਇਕ ਸਮੇਂ ਇਸ ਪੂਰੇ ਚੋਣ ਗੱਠਜੋੜ ਦੀ ਇਬਾਰਤ ਲਿਖੀ ਜਾ ਚੁੱਕੀ ਸੀ। ਕਾਂਗਰਸ ਵਲੋਂ ਪ੍ਰਸ਼ਾਂਤ ਕਿਸ਼ੋਰ (ਪੀ. ਕੇ.) ਦੀ ਪਹਿਲ ''ਤੇ ਪ੍ਰਿਅੰਕਾ ਗਾਂਧੀ ਇਸ ਦੀ ਸੂਤਰਧਾਰ ਬਣੀ ਪਰ ਜਿਵੇਂ ਹੀ ਚੋਣ ਕਮਿਸ਼ਨ ਨੇ ਅਖਿਲੇਸ਼ ਨੂੰ ''ਸਾਈਕਲ'' ਦੇ ਦਿੱਤਾ, ਉਹ ਹਵਾ ਨਾਲ ਗੱਲਾਂ ਕਰਨ ਲੱਗ ਪਏ। 
ਸੂਤਰ ਦੱਸਦੇ ਹਨ ਕਿ ਇਸ ਤੋਂ ਬਾਅਦ ਅਖਿਲੇਸ਼ ਨੇ ਰਾਹੁਲ ਤੇ ਪ੍ਰਿਅੰਕਾ ਦੇ ਫੋਨ ਤਕ ਸੁਣਨੇ ਬੰਦ ਕਰ ਦਿੱਤੇ। ਸਪਾ ਆਗੂ ਕਾਂਗਰਸ ਦੇ ਸਾਬਕਾ ਵਿਧਾਇਕਾਂ ਨੂੰ ਤੋੜਨ ਵਿਚ ਲੱਗ ਗਏ ਅਤੇ ਅਖਿਲੇਸ਼ ਨੇ ਉਨ੍ਹਾਂ ਸੀਟਾਂ ''ਤੇ ਵੀ ਆਪਣੇ ਉਮੀਦਵਾਰ ਐਲਾਨ ਦਿੱਤੇ, ਜਿਨ੍ਹਾਂ ਸੀਟਾਂ ''ਤੇ 2012 ਦੀਆਂ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਜਿੱਤੇ ਸਨ। 
ਪ੍ਰੇਸ਼ਾਨ ਹੋ ਕੇ ਯੂ. ਪੀ. ਕਾਂਗਰਸ ਦੇ ਇੰਚਾਰਜ ਗੁਲਾਮ ਨਬੀ ਆਜ਼ਾਦ ਨੇ ਅਖਿਲੇਸ਼ ਦੇ ਸਿਆਸੀ ਮਾਰਗਦਰਸ਼ਕ ਪ੍ਰੋ. ਰਾਮਗੋਪਾਲ ਯਾਦਵ ਨੂੰ ਫੋਨ ਲਗਾਇਆ ਅਤੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਕਿ ਅਖਿਲੇਸ਼ ਤਾਂ ਰਾਹੁਲ ਗਾਂਧੀ ਦਾ ਫੋਨ ਵੀ ਨਹੀਂ ਸੁਣ ਰਹੇ। 
ਸੂਤਰ ਦੱਸਦੇ ਹਨ ਕਿ ਇਸ ''ਤੇ ਪ੍ਰੋ. ਸਾਹਿਬ ਨੇ ਦੋ-ਟੁੱਕ ਸ਼ਬਦਾਂ ਵਿਚ ਕਿਹਾ ਕਿ ''''ਉਹ (ਅਖਿਲੇਸ਼) ਸਾਡੀ ਪਾਰਟੀ ਦੇ ਕੌਮੀ ਪ੍ਰਧਾਨ ਹਨ, ਸੋ ਇਨ੍ਹੀਂ ਦਿਨੀਂ ਉਹ ਬਹੁਤ ਜ਼ਿਆਦਾ ਰੁੱਝੇ ਹੋਏ ਹਨ, ਸ਼ਾਇਦ ਇਸ ਲਈ ਤੁਹਾਡੇ ਉਪ-ਪ੍ਰਧਾਨ ਦਾ ਫੋਨ ਨਹੀਂ ਚੁੱਕ ਸਕੇ।'''' ਇਸ਼ਾਰਾ ਸਾਫ ਸੀ ਕਿ ਅਖਿਲੇਸ਼ ਨੂੰ ਹੁਣ ਕਾਂਗਰਸ ਪ੍ਰਧਾਨ ਦਾ ਫੋਨ ਜਾਣਾ ਚਾਹੀਦਾ ਹੈ। 
ਪ੍ਰੋਫੈਸਰ ਦਾ ਭਗਵਾ ਕੁਨੈਕਸ਼ਨ 
ਕਾਂਗਰਸੀ ਨੇਤਾਵਾਂ ਦਾ ਦਰਦ ਹੈ ਕਿ ਅਸਲ ਵਿਚ ਪ੍ਰੋ. ਰਾਮਗੋਪਾਲ ਹੀ ਉਨ੍ਹਾਂ ਦੇ ਰਾਹ ਵਿਚ ਰੋੜੇ ਅਟਕਾ ਰਹੇ ਹਨ ਅਤੇ ਭਾਜਪਾ ਦੇ ਹੱਥਾਂ ਵਿਚ ਖੇਡ ਰਹੇ ਹਨ। ਇਸ ਦੀ ਵਜ੍ਹਾ ਦੱਸਦਿਆਂ ਕਾਂਗਰਸ ਦੇ ਇਕ ਸੀਨੀਅਰ ਨੇਤਾ ਦਾ ਮੰਨਣਾ ਹੈ ਕਿ ਪ੍ਰੋ. ਰਾਮਗੋਪਾਲ ਤੇ ਉਨ੍ਹਾਂ ਦੇ ਬੇਟੇ ਦਾ ਨਾਂ ਨੋਇਡਾ ਦੇ ਯਾਦਵ ਸਿੰਘ ਮਾਮਲੇ ਵਿਚ ਪਹਿਲਾਂ ਹੀ ਆ ਚੁੱਕਾ ਹੈ ਤੇ ਇਹ ਮਾਮਲਾ ਫਿਲਹਾਲ ਸੀ. ਬੀ. ਆਈ. ਕੋਲ ਹੈ। 
ਪ੍ਰੋ. ਰਾਮਗੋਪਾਲ ਦੀ ਅਮਿਤ ਸ਼ਾਹ ਦੇ ਖਾਸ ਮੰਨੇ ਜਾਣ ਵਾਲੇ ਪੱਤਰਕਾਰ ਹੇਮੰਤ ਸ਼ਰਮਾ ਨਾਲ ਕਾਫੀ ਦੋਸਤੀ ਹੈ। ਸੋ ਮੰਨਿਆ ਜਾ ਰਿਹਾ ਹੈ ਕਿ ਭਗਵਾ ਇਰਾਦਿਆਂ ਨੂੰ ਪ੍ਰਵਾਨ ਚੜ੍ਹਾਉਣ ਵਿਚ ਹੇਮੰਤ ਸ਼ਰਮਾ ਇਕ ਅਹਿਮ ਭੂਮਿਕਾ ਨਿਭਾਅ ਰਹੇ ਹਨ ਤੇ ਜਾਣੇ-ਅਣਜਾਣੇ ਕਾਂਗਰਸ ਦੀ ਖੇਡ ਵੀ ਵਿਗਾੜ ਰਹੇ ਹਨ। 
ਵਿੱਤ ਮੰਤਰੀ ਦਾ ਮਿੱਤਰ ਪ੍ਰੇਮ 
ਟੀ. ਵੀ. ਦੇ ਇਕ ਨਾਮੀ ਪੱਤਰਕਾਰ, ਜੋ ਵਿੱਤ ਮੰਤਰੀ ਅਰੁਣ ਜੇਤਲੀ ਦੇ ਮੂੰਹ ਲੱਗੇ ਮਿੱਤਰਾਂ ਵਿਚ ਗਿਣੇ ਜਾਂਦੇ ਹਨ, ਇਕ ਦਿਨ ਉਨ੍ਹਾਂ ਨਾਲ ਇਕੱਲੇ ਬੈਠੇ ਸਨ, ਸੋ ਗੱਲਾਂ-ਗੱਲਾਂ ਵਿਚ ਹੀ ਉਨ੍ਹਾਂ ਨੇ ਵਿੱਤ ਮੰਤਰੀ ਨੂੰ ਪੁੱਛ ਲਿਆ, ''''ਸੱਚ ਦੱਸਣਾ, ਤੁਹਾਨੂੰ ਨੋਟਬੰਦੀ ਬਾਰੇ ਪਹਿਲਾਂ ਕੁਝ ਨਹੀਂ ਪਤਾ ਸੀ ਨਾ?'''' ਜੇਤਲੀ ਗੱਲ ਟਾਲ ਗਏ ਪਰ ਪੱਤਰਕਾਰ ਤੋਂ ਰਿਹਾ ਨਹੀਂ ਗਿਆ ਤਾਂ ਉਨ੍ਹਾਂ ਨੇ ਫਿਰ ਇਹੋ ਸਵਾਲ ਦੁਹਰਾਇਆ। ਜੇਤਲੀ ਹੌਲੀ ਜਿਹੇ ਮੁਸਕਰਾਏ ਤੇ ਬੋਲੇ, ''''ਜ਼ਰਾ ਗੌਰ ਨਾਲ ਦੇਖ ਲੈਣਾ, ਉਸ ਨੋਟੀਫਿਕੇਸ਼ਨ ''ਤੇ ਦਸਤਖ਼ਤ ਮੇਰੇ ਹੀ ਹਨ।'''' 
...ਤੇ ਆਖਿਰ ''ਚ 
ਕਹਿੰਦੇ ਹਨ ਕਿ ਪਿਤਾ (ਮੁਲਾਇਮ) ਅਤੇ ਪੁੱਤਰ (ਅਖਿਲੇਸ਼) ਨੂੰ ''ਇਕ'' ਕਰਵਾਉਣ ''ਚ ਅਖਿਲੇਸ਼ ਦੇ ਬੇਟੇ (8-10 ਸਾਲਾ) ਅਰਜੁਨ ਦੀ ਵਿਸ਼ੇਸ਼ ਭੂਮਿਕਾ ਰਹੀ। ਮੁਲਾਇਮ ਸਿੰਘ ਦਾ ਅਰਜੁਨ ਨਾਲ ਬੇਹੱਦ ਖਾਸ ਲਗਾਅ ਹੈ। ਆਪਣੇ ਬੇਟੇ ਨਾਲ ਮੇਲ-ਮਿਲਾਪ ਤੋਂ ਬਾਅਦ ਮੁਲਾਇਮ ਸਿੰਘ ਨੇ ਆਪਣੀ ਪਸੰਦ ਦੇ ਮੱਠੇ ਵਾਲੇ ਆਲੂ, ਅਰਬੀ ਤੇ ਕੱਦੂ ਦੀ ਸਬਜ਼ੀ ਦਾ ਖੂਬ ਮਜ਼ਾ ਲਿਆ। ਇਨ੍ਹੀਂ ਦਿਨੀਂ ਉਹ ਅਖਿਲੇਸ਼ ਨੂੰ ਵਾਧੂ ਸਿਆਸੀ ਗਿਆਨ ਵੀ ਦੇ ਰਹੇ ਹਨ ਤੇ ਆਪਣੇ ਪੋਤੇ ਅਰਜੁਨ ਨੂੰ ਵਾਧੂ ਪਿਆਰ ਵੀ। 


Related News