ਜੇ ਹਿਟਲਰ ਅੱਤਿਆਚਾਰੀ ਸੀ ਤਾਂ ਟੀਪੂ ਸੁਲਤਾਨ ‘ਨਾਇਕ’ ਕਿਵੇਂ

11/09/2018 6:36:15 AM

ਪਿਛਲੇ ਕੁਝ ਦਿਨਾਂ ਤੋਂ ਆਪੇ ਬਣੇ ਸੈਕੁਲਰਿਸਟਾਂ ਕਾਰਨ ਏਡੋਲਫ ਹਿਟਲਰ ਅਤੇ ਟੀਪੂ ਸੁਲਤਾਨ ਚਰਚਾ ਦੇ ਕੇਂਦਰ ’ਚ ਹਨ। ਇਨ੍ਹਾਂ ਦੋਹਾਂ ਇਤਿਹਾਸਿਕ ਸ਼ਖ਼ਸੀਅਤਾਂ ’ਚ ਦੋ ਵਿਸ਼ੇਸ਼ ਸਮਾਨਤਾਵਾਂ ਹਨ। ਪਹਿਲੀ–ਟੀਪੂ ਅਤੇ ਹਿਟਲਰ ਨੇ ਆਪੋ-ਆਪਣੇ ਸ਼ਾਸਨਕਾਲ ’ਚ ਇਕ ਵਿਸ਼ੇਸ਼ ਫਿਰਕੇ ਨੂੰ ਸ਼ਿਕਾਰ ਬਣਾਇਆ ਅਤੇ ਦੂਜੀ–ਦੋਹਾਂ ਨੇ ਹੀ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕੀਤਾ। 
ਹੁਣ ਇਸ ਪਿਛੋਕੜ ’ਚ ਅਜਿਹਾ ਕਿਉਂ ਹੈ ਕਿ ਜਿੱਥੇ ਭਾਰਤ ’ਚ ਹਿਟਲਰ ਦੀ ਪਛਾਣ ਜ਼ਾਲਮ ਸ਼ਾਸਕ  ਵਾਲੀ ਹੈ, ਉਥੇ ਹੀ ਟੀਪੂ ਸੁਲਤਾਨ ਨੂੰ ਨਾਇਕ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਸਵਾਲ ਦੇ ਗਰਭ ’ਚ ਕਰਨਾਟਕ ਦੀ ਜਨਤਾ ਦਲ  (ਸ)-ਕਾਂਗਰਸ ਸਰਕਾਰ ਦਾ ਉਹ  ਐਲਾਨ ਹੈ, ਜਿਸ ’ਚ 10 ਨਵੰਬਰ ਨੂੰ ਸੂਬੇ ’ਚ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਜਯੰਤੀ ਰਾਜ ਪੱਧਰ ’ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸਦਾ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਸਮੇਤ ਕਈ ਹੋਰ ਰਾਸ਼ਟਰਵਾਦੀ ਸੰਗਠਨ ਵਿਰੋਧ ਕਰ ਰਹੇ ਹਨ। ਸੰਨ 2015-16 ’ਚ ਤੱਤਕਾਲੀਨ ਸਿੱਧਰਮੱਈਆ ਸਰਕਾਰ ਨੇ ਇਸ ਘਟੀਆ ਰਵਾਇਤ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਵੀ ਅੱਗੇ ਵਧਾ ਰਹੇ ਹਨ। 
ਹਿਟਲਰ ਤੋਂ ਇਲਾਵਾ ਨੱਥੂਰਾਮ ਗੋਡਸੇ ਦੇ ਕਰਤੂਤਾਂ ਅਤੇ ਵਿਚਾਰ ਵੀ ਦੇਸ਼ ਦੇ ਇਕ ਵਰਗ ਲਈ ਨਫਰਤ ਦਾ ਸਮਅਰਥਕ ਅਤੇ ਉਸ ਦੇ ਨਾਂ ’ਤੇ ਬਣਿਆ ਮੰਦਰ ਵੀ ਮਨੁੱਖਤਾ-ਬਹੁਲਤਾਵਾਦ ਵਿਰੋਧੀ ਅਤੇ ਫਾਸ਼ੀਵਾਦ ਦਾ ਪ੍ਰਤੀਕ ਹੈ। ਫਿਰ ਅਜਿਹਾ ਕਿਉਂ ਹੈ ਕਿ ਦੇਸ਼  ਦੇ ਉਸੇ ਸਮੂਹ ਨੂੰ ਇਸਲਾਮੀ ਹਮਲਾਵਰ ਤੈਮੂਰ-ਲੰਗ ਅਤੇ ਟੀਪੂ ਸੁਲਤਾਨ ਵਰਗੇ ਸ਼ਾਸਕਾਂ ’ਚ ਆਪਣਾ ਨਾਇਕ ਨਜ਼ਰ ਆਉਂਦਾ ਹੈ? ਭਾਰਤ ਦੀ ਮੂਲ ਸੰਸਕ੍ਰਿਤੀ-ਰਵਾਇਤਾਂ ਅਤੇ ਉਸਦੇ ਪ੍ਰਤੀਕ-ਚਿੰਨ੍ਹਾਂ ਨੂੰ ਜ਼ਮੀਂਦੋਜ਼ ਕਰਨ ’ਚ ਜਿਨ੍ਹਾਂ ਦੀ ਭੂਮਿਕਾ ਰਹੀ ਹੋਵੇ, ਕੀ ਉਹ ਦੇਸ਼ ’ਚ ਕਿਸੇ ਵੀ ਸਨਮਾਨ ਦੇ ਹੱਕਦਾਰ ਹਨ? 
ਜ਼ਹਿਰੀਲੀ ਮਾਨਸਿਕਤਾ ਦਾ ਸ਼ਿਕਾਰ
ਕੀ ਟੀਪੂ ਸੁਲਤਾਨ ਆਜ਼ਾਦ ਭਾਰਤ ਲਈ ਕਦੇ ਨਾਇਕ ਹੋ ਸਕਦਾ ਹੈ? ਜਿਸ  ਘਿਨਾਉਣੀ ਗਾਜ਼ੀ ਮਾਨਿਸਕਤਾ ਨਾਲ ਤੁਰਕ-ਮੰਗੋਲੀ ਅਤੇ ਸਮਰਕੰਦ ਸ਼ਾਸਕ ਤੈਮੂਰ-ਲੰਗ 17 ਦਸੰਬਰ 1398 ਨੂੰ ਆਪਣੀ ਵਿਸ਼ਾਲ ਸੈਨਾ ਨਾਲ ਭਾਰਤ ’ਚ ਦਾਖਲ ਹੋਇਆ  ਅਤੇ  ਉਸ ਨੇ ਹਜ਼ਾਰਾਂ ਹਿੰਦੂਅਾਂ ਦਾ ਕਤਲੇਆਮ ਕੀਤਾ, ਸੈਂਕੜਿਅਾਂ ਨੂੰ ਬੰਦੀ ਬਣਾ ਕੇ ਉਨ੍ਹਾਂ ਦਾ ਧਰਮ ਬਦਲਿਆ ਅਤੇ ਲੁੱਟਮਾਰ ਤੋਂ ਬਾਅਦ ਕਈ ਮੰਦਰਾਂ ਨੂੰ ਤੋੜ ਦਿੱਤਾ। 
ਇਥੋਂ ਤਕ ਕਿ ਦਿੱਲੀ ’ਚ ਜ਼ੁਲਮ  ਦੀਅਾਂ ਸਾਰੀਅਾਂ ਹੱਦਾਂ ਪਾਰ ਕਰਨ ਤੋਂ ਪਹਿਲਾਂ ਤੈਮੂਰ ਆਪਣੀ ਸੈਨਾ ਨਾਲ ਜਿਨ੍ਹਾਂ-ਜਿਨ੍ਹਾਂ ਰਸਤਿਅਾਂ ਤੋਂ ਲੰਘਿਆ, ਉਥੇ ਉਸਨੇ ਆਪਣੇ ਪਿੱਛੇ ਲਾਸ਼ਾਂ ਦੇ ਢੇਰ, ਅਰਾਜਕਤਾ, ਅਕਾਲ ਅਤੇ ਮਹਾਮਾਰੀ ਨੂੰ ਛੱਡਿਆ, ਉਸੇ ਜ਼ਹਿਰੀਲੇ ਚਿੰਤਨ  ਦਾ ਟੀਪੂ ਸੁਲਤਾਨ ਵੀ  ਸ਼ਿਕਾਰ ਸੀ। 
ਮੈਸੂਰ ’ਤੇ ਟੀਪੂ ਸੁਲਤਾਨ ਦਾ ਲੱਗਭਗ 17 ਸਾਲਾਂ (ਦਸੰਬਰ 1782-ਮਈ 1799) ਤਕ ਰਾਜ ਰਿਹਾ ਸੀ। ਖੱਬੇਪੱਖੀ ਇਤਿਹਾਸਕਾਰਾਂ ਨੇ ਇਤਿਹਾਸਿਕ ਸਬੂਤਾਂ ਨੂੰ ਵਿਗਾੜ ਕੇ ਟੀਪੂ ਸੁਲਤਾਨ ਦਾ ਅਕਸ ਇਕ ਰਾਸ਼ਟਰਭਗਤ, ਆਜ਼ਾਦੀ ਘੁਲਾਟੀਏ ਅਤੇ ਧਰਮ ਨਿਰਪੱਖ ਕਦਰਾਂ-ਕੀਮਤਾਂ ’ਚ ਆਸਥਾ ਰੱਖਣ ਵਾਲੇ ਮਹਾਨ ਸ਼ਾਸਕ ਵਜੋਂ ਘੜਿਆ ਹੈ। ਇਹ ਸੱਚ ਹੈ ਕਿ ਟੀਪੂ ਸੁਲਤਾਨ ਨੇ ਬ੍ਰਿਟਿਸ਼ ਸਾਮਰਾਜ ਨਾਲ ਟੱਕਰ ਲਈ ਸੀ ਪਰ ਯਕਸ਼ ਸਵਾਲ ਇਹ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ? 
ਜੇ ਵਾਕਈ ਟੀਪੂ ਦਾ ਇਰਾਦਾ ਅੰਗਰੇਜ਼ਾਂ ਨੂੰ ਭਾਰਤ ’ਚੋਂ ਖਦੇੜਨ ਦਾ ਸੀ ਤਾਂ ਉਸ ਨੇ ਦੇਸ਼ ’ਚ ਆਪਣਾ ਗ਼ਲਬਾ ਕਾਇਮ ਕਰਨ ਦੀ ਕੋਸ਼ਿਸ਼ ’ਚ ਲੱਗੀ ਇਕ ਹੋਰ ਬਸਤੀਵਾਦੀ ਤਾਕਤ ਤੋਂ ਸਹਾਇਤਾ ਕਿਉਂ ਲਈ?
ਕੀ ਇਹ ਸੱਚ ਨਹੀਂ ਕਿ ਟੀਪੂ ਸੁਲਤਾਨ ਨੇ ਫਰਾਂਸੀਸੀ ਸ਼ਾਸਕ ਲੁਈਸ-16ਵੇਂ ਤੋਂ ਫੌਜੀ ਮਦਦ ਮੰਗੀ ਸੀ? 21 ਅਪ੍ਰੈਲ 1797 ਨੂੰ ਟੀਪੂ ਸੁਲਤਾਨ ਵਲੋਂ ਲਿਖੀ ਗਈ ਇਕ ਚਿੱਠੀ ਇਸ ਦਾ ਸਬੂਤ ਹੈ, ਜਿਸ ’ਚ ਉਸ ਨੇ ਲਿਖਿਆ ਸੀ :
‘‘ਮੈਂ ਤੁਹਾਡੇ ਨਾਲ ਲਿਖਤੀ ਰੂਪ ’ਚ ਮਿੱਤਰਤਾ ਪ੍ਰਗਟ ਕੀਤੀ ਹੈ। ਮੇਰੇ ਦੂਤਾਂ ਨੇ ਮੈਨੂੰ ਦੱਸਿਆ ਹੈ ਕਿ ਤੁਸੀਂ ਇਸ ਤੋਂ ਨਾਰਾਜ਼ ਨਹੀਂ ਹੋਵੋਗੇ। ਨਿਜ਼ਾਮ, ਜੋ ਕਿ ਅੰਗਰੇਜ਼ਾਂ ਦੇ ਇਕ ਅਹਿਮ ਸਹਿਯੋਗੀ ਅਤੇ ਮੁਗਲ ਸ਼ਾਸਕ ਹਨ, ਬਹੁਤ ਬੀਮਾਰ ਹਨ ਅਤੇ ਉਨ੍ਹਾਂ ਦੇ ਤੰਦਰੁਸਤ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਨਿਜ਼ਾਮ ਦੇ ਚਾਰੇ ਪੁੱਤਰ ਜਾਇਦਾਦ ਦੇ ਝਗੜੇ ’ਚ ਉਲਝੇ  ਹੋਏ ਹਨ, ਜਿਨ੍ਹਾਂ ’ਚੋਂ ਇਕ ਮੇਰਾ ਵਿਸ਼ਵਾਸਪਾਤਰ ਹੈ, ਇਸ ਲਈ ਭਾਰਤ ’ਤੇ ਹਮਲਾ ਕਰਨ ਦਾ ਇਹੋ ਸਹੀ ਸਮਾਂ ਹੈ।’’
ਇਸਲਾਮੀ ਸਾਮਰਾਜ ਕਾਇਮ ਕਰਨ ਦਾ ਸੁਪਨਾ
 ਫਰਾਂਸ ਨਾਲ ਟੀਪੂ ਸੁਲਤਾਨ ਦਾ ਪੱਤਰ-ਵਿਹਾਰ ਲੰਡਨ ’ਚ ਸਥਿਤ ‘ਇੰਡੀਆ ਆਫਿਸ’ ਵਿਚ ਸੰਭਾਲਿਆ ਹੋਇਆ ਹੈ। ਟੀਪੂ ਨੇ ਇਸ ਦੇਸ਼ ’ਚ ਇਸਲਾਮੀ ਸਾਮਰਾਜ ਕਾਇਮ ਕਰਨ ਦਾ ਸੁਪਨਾ ਦੇਖਿਆ ਸੀ, ਜਿਸ ’ਚ ਅੰਗਰੇਜ਼ ਅੜਿੱਕਾ ਬਣੇ ਹੋਏ ਸਨ। ਆਪਣੇ ਇਸੇ ਟੀਚੇ ਦੀ ਪ੍ਰਾਪਤੀ ਲਈ ਉਸ ਨੇ ਫਰਾਂਸ ਤੋਂ ਇਲਾਵਾ ਫਾਰਸ, ਅਫਗਾਨਿਸਤਾਨ, ਤੁਰਕੀ ਤੇ ਹੋਰ ਮੁਸਲਿਮ ਦੇਸ਼ਾਂ ਤੋਂ  ਵੀ ਸਹਾਇਤਾ ਮੰਗੀ ਸੀ।
 ਇਨ੍ਹਾਂ ਤੱਥਾਂ ਨੂੰ ਖੱਬੇਪੱਖੀ ਇਤਿਹਾਸਕਾਰ ਅਤੇ ਆਪੇ ਬਣੇ ਸੈਕੁਲਰਿਸਟ ਅਕਸਰ ਬਰਤਾਨਵੀਅਾਂ ਦਾ ਝੂਠਾ ਪ੍ਰਚਾਰ ਦੱਸਦੇ ਹਨ। ਟੀਪੂ ਸੁਲਤਾਨ ਦੇ ਝੂਠੇ ਗੁਣਗਾਣ ਦੇ ਪਿਛੋਕੜ ’ਚ ਮੈਂ ਉਨ੍ਹਾਂ ਚਿੱਠੀਅਾਂ ਦਾ ਹਵਾਲਾ ਦੇਣਾ ਚਾਹਾਂਗਾ,ਜੋ ਟੀਪੂ ਨੇ ਆਪਣੇ ਸ਼ਾਸਨਕਾਲ ਦੌਰਾਨ ਫੌਜੀ ਅਧਿਕਾਰੀਅਾਂ ਨੂੰ ਭੇਜੀਅਾਂ ਸਨ। ਇਹ ਸਾਰੀਅਾਂ ਚਿੱਠੀਅਾਂ ਇਤਿਹਾਸਕਾਰ ਸਰਦਾਰ ਕੇ. ਐੱਮ. ਪਨਿਕਰ ਨੇ ਲੰਡਨ ’ਚ ਸਥਿਤ ‘ਇੰਡੀਆ ਆਫਿਸ’ ਲਾਇਬ੍ਰੇਰੀ ਤੋਂ ਪ੍ਰਾਪਤ ਕੀਤੀਅਾਂ ਸਨ। 
22 ਮਾਰਚ 1788 ਨੂੰ ਟੀਪੂ ਨੇ ਅਬਦੁਲ ਕਾਦਿਰ ਨੂੰ ਚਿੱਠੀ ਲਿਖੀ, ‘‘12000 ਹਿੰਦੂਅਾਂ (ਬ੍ਰਾਹਮਣਾਂ ਸਮੇਤ) ਨੂੰ ਇਸਲਾਮ ਨਾਲ ਸਨਮਾਨਿਤ ਕੀਤਾ ਗਿਆ ਹੈ। ਹਿੰਦੂਅਾਂ ਦਰਮਿਆਨ ਇਸ ਦਾ ਵਿਆਪਕ ਪ੍ਰਚਾਰ ਹੋਣਾ ਚਾਹੀਦਾ ਹੈ ਅਤੇ ਇਕ ਵੀ ਬ੍ਰਾਹਮਣ (ਨੰਬੂਦਰੀ) ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ।’’
ਇਸੇ ਤਰ੍ਹਾਂ 14 ਦਸੰਬਰ 1788 ਨੂੰ ਕਾਲੀਕਟ ’ਚ ਆਪਣੀ ਸੈਨਾ ਦੇ ਮੁਖੀ ਨੂੰ ਭੇਜੀ ਚਿੱਠੀ ’ਚ ਟੀਪੂ ਨੇ ਲਿਖਿਆ ਸੀ, ‘‘ਮੈਂ ਆਪਣੇ ਦੋ ਪੈਰੋਕਾਰ ਮੀਰ ਹੁਸੈਨ ਅਲੀ ਨਾਲ ਭੇਜ ਰਿਹਾ ਹਾਂ, ਉਨ੍ਹਾਂ ਦੀ ਸਹਾਇਤਾ ਨਾਲ ਤੁਸੀਂ ਸਾਰੇ ਹਿੰਦੂਅਾਂ ਨੂੰ ਫੜ ਕੇ ਮਾਰਨਾ ਹੈ। ਜਿਨ੍ਹਾਂ ਦੀ ਉਮਰ 20 ਸਾਲ ਤੋਂ ਘੱਟ ਹੈ, ਜਦਕਿ ਬਾਕੀ 5000 ਨੂੰ ਦਰੱਖਤ ਨਾਲ ਲਟਕਾ ਕੇ ਮਾਰ ਦਿੱਤਾ ਜਾਵੇ, ਇਹ ਮੇਰਾ ਹੁਕਮ ਹੈ।’’
21 ਦਸੰਬਰ 1788 ਨੂੰ ਸ਼ੇਖ ਕੁਤੁਬ ਨੂੰ ਭੇਜੀ ਚਿੱਠੀ ’ਚ ਟੀਪੂ ਨ ੇ ਲਿਖਿਆ, ‘‘242 ਨਾਇਰ ਬੰਦੀ ਬਣਾ ਕੇ ਭੇਜੇ ਜਾ ਰਹੇ ਹਨ। ਉਨ੍ਹਾਂ ਨੂੰ ਉਨ੍ਹਾਂ ਦੀ ਸਮਾਜਿਕ ਤੇ ਪਰਿਵਾਰਕ ਸਥਿਤੀ ਮੁਤਾਬਿਕ ਵਰਗੀਕ੍ਰਿਤ ਕਰੋ ਤਾਂ ਕਿ ਇਸਲਾਮ ’ਚ ਧਰਮ ਪਰਿਵਰਤਨ ਤੋਂ ਬਾਅਦ ਔਰਤਾਂ ਤੇ ਮਰਦਾਂ ਨੂੰ ਕਾਫੀ ਪਹਿਰਾਵੇ ਦਿੱਤੇ ਜਾ ਸਕਣ।’’
18 ਜਨਵਰੀ 1790 ਨੂੰ ਸਈਦ ਅਬਦੁਲ ਦੁਲਾਈ  ਨੂੰ ਲਿਖੀ ਚਿੱਠੀ ’ਚ ਟੀਪੂ ਸੁਲਤਾਨ ਲਿਖਦਾ ਹੈ, ‘‘ਪੈਗੰਬਰ ਸਾਹਬ ਅਤੇ ਅੱਲ੍ਹਾ ਦੇ ਕਰਮ ਨਾਲ ਕਾਲੀਕਟ ਦੇ ਸਾਰੇ ਹਿੰਦੂਅਾਂ ਨੂੰ ਇਸਲਾਮ ਕਬੂਲ ਕਰਵਾਇਆ ਗਿਆ ਹੈ। ਸਿਰਫ ਕੋਚੀਨ ’ਚ ਕੁਝ ਰਹਿ ਗਏ ਹਨ, ਜਿਨ੍ਹਾਂ ਨੂੰ ਮੈਂ ਛੇਤੀ ਹੀ ਮੁਸਲਮਾਨ ਬਣਾਉਣ ਲਈ ਸੰਕਲਪਬੱਧ ਹਾਂ। ਇਸ ਟੀਚੇ ਨੂੰ   ਹਾਸਿਲ ਕਰਨਾ ਮੇਰਾ ਜੇਹਾਦ ਹੈ।’’
19 ਜਨਵਰੀ 1790 ਨੂੰ ਬਦਰੂਜ ਜੁੰਮਨ ਖਾਨ ਨੂੰ ਭੇਜੀ  ਚਿੱਠੀ  ’ਚ  ਟੀਪੂ ਨੇ ਲਿਖਿਆ ਹੈ, ‘‘ਕੀ ਤੁਹਾਨੂੰ ਪਤਾ ਨਹੀਂ ਕਿ ਹੁਣੇ ਜਿਹੇ ਮੈਂ ਮਾਲਾਬਾਰ ’ਚ ਵੱਡੀ ਜਿੱਤ ਹਾਸਿਲ ਕੀਤੀ ਹੈ ਤੇ 4 ਲੱਖ ਤੋਂ ਜ਼ਿਆਦਾ ਹਿੰਦੂਅਾਂ ਤੋਂ ਇਸਲਾਮ ਕਬੂਲ ਕਰਵਾਇਆ ਹੈ।’’
ਸ਼ਹਿਰਾਂ ਦੇ ‘ਕਾਫਿਰ’ ਨਾਵਾਂ ਤੋਂ ਨਫਰਤ
ਕੀ ਇਨ੍ਹਾਂ ਚਿੱਠੀਅਾਂ ਦੀ ਲੜੀ ਨਾਲ ਟੀਪੂ ਸੁਲਤਾਨ ਦੇ ਅਸਲੀ ਚਰਿੱਤਰ ਅਤੇ ਉਸ ਦੇ ਜ਼ਹਿਰੀਲੇ ਚਿੰਤਨ ਦਾ ਪਤਾ ਨਹੀਂ ਲੱਗਦਾ? ਟੀਪੂ ਸੁਲਤਾਨ ਦੇ ਬੇਟੇ ਗੁਲਾਮ ਮੁਹੰਮਦ ਅਤੇ ਮੁਸਲਿਮ ਇਤਿਹਾਸਕਾਰ ਕਿਰਮਾਨੀ ਦੇ ਵੇਰਵਿਅਾਂ ਤੋਂ ਵੀ ਪਤਾ ਲੱਗਦਾ ਹੈ ਕਿ ਟੀਪੂ ਨੂੰ ਕਸਬਿਅਾਂ ਦੇ ‘ਕਾਫਿਰ’ ਨਾਵਾਂ ਤੋਂ ਵੀ ਨਫਰਤ ਸੀ, ਇਸੇ ਕਾਰਨ ਉਸ ਨੇ ਮੰਗਲਾਪੁਰੀ (ਮੰਗਲੌਰ) ਦਾ ਨਾਂ ਬਦਲ ਕੇ ਜਲਾਲਾਬਾਦ ਕਰ ਦਿੱਤਾ ਅਤੇ ਕੰਨੌਰ ਨੂੰ ਕੁਸ਼ਾਣਾਬਾਦ, ਵੈਅਪੁਰਾ (ਬੇਪੁਰ) ਨੂੰ ਸੁਲਤਾਨਪਟਨਮ, ਮੈਸੂਰ ਨੂੰ ਨਜਾਰਾਬਾਦ, ਗੁਟੀ ਨੂੰ ਫੈਜ਼-ਹਿਸਾਰ, ਰਤਨਾਗਿਰੀ ਨੂੰ ਮੁਸਤਫਾਬਾਦ, ਡਿੰਡੀਗੁਲ ਨੂੰ ਖਲਿਕਾਬਾਦ ਤੇ ਕੋਜ਼ੀਕੋਡ ਨੂੰ ਇਸਲਾਮਾਬਾਦ ਬਣਾ ਦਿੱਤਾ। 
ਵਿਲੀਅਮ ਲੋਗਾਨ ਦੀ ਕਿਤਾਬ ‘ਮਾਲਾਬਾਰ ਮੈਨੂਅਲ’ ਵਿਚ ਟੀਪੂ ਸੁਲਤਾਨ ਦੇ ਜ਼ੁਲਮਾਂ ਅਤੇ ਗਿਰਜਾਘਰਾਂ-ਮੰਦਰਾਂ ਨੂੰ ਢਹਿਢੇਰੀ ਕੀਤੇ ਜਾਣ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਕੋਜ਼ੀਕੋਡ ’ਚ ਵੀ ਟੀਪੂ ਸੁਲਤਾਨ ਨੇ ਖੂਬ ਖੂਨ-ਖਰਾਬਾ ਕੀਤਾ। ਜਰਮਨ ਮਿਸ਼ਨਰੀ ਗੁੰਟੇਸਟ ਨੇ ਲਿਖਿਆ ਹੈ ਕਿ ‘‘ਟੀਪੂ ਨੇ 1788-89 ’ਚ ਆਪਣੇ 60,000 ਸੈਨਿਕਾਂ ਨਾਲ ਕੋਜ਼ੀਕੋਡ ’ਤੇ ਹਮਲਾ ਕੀਤਾ ਤੇ ਪੂਰੇ ਸ਼ਹਿਰ ਨੂੰ ਤਬਾਹ ਕਰ ਦਿੱਤਾ। ਮੈਸੂਰ ’ਚ ਹੋਈ ਤਬਾਹੀ ਨੂੰ ਬਿਆਨ ਕਰਨਾ ਸੰਭਵ ਨਹੀਂ ਹੈ।’’ 
ਕੁਰਗ ’ਚ ਟੀਪੂ ਸੁਲਤਾਨ ਨੇ ਗੈਰ-ਮੁਸਲਮਾਨਾਂ ’ਤੇ ਜੋ ਕਹਿਰ ਢਾਹਿਆ, ਉਸ ਦੀ ਇਤਿਹਾਸ ’ਚ ਕੋਈ ਹੋਰ ਮਿਸਾਲ ਨਹੀਂ ਮਿਲਦੀ। ਇਥੇ ਉਸ ਨੇ ਹਜ਼ਾਰਾਂ ਹਿੰਦੂਅਾਂ ਨੂੰ ਇਸਲਾਮ ਕਬੂਲਣ ਲਈ ਮਜਬੂਰ ਕੀਤਾ। ਟੀਪੂ ਸੁਲਤਾਨ ਦਾ ਮੰਨਣਾ ਸੀ ਕਿ ਜੇ ਸਾਰੇ ਇਕ ਹੀ ਮਜ਼੍ਹਬ ਨੂੰ ਮੰਨਣ ਵਾਲੇ ਹੋ ਜਾਣਗੇ ਤਾਂ ਏਕਤਾ ਬਣੀ ਰਹੇਗੀ, ਜਿਸ ਨਾਲ ਅੰਗਰੇਜ਼ਾਂ ਨੂੰ ਹਰਾਉਣਾ ਸੌਖਾ ਹੋਵੇਗਾ। 
ਕੀ ਹੁਣ ਇਸ ਆਧਾਰ ’ਤੇ ਹਿਟਲਰ ਵਲੋਂ ਯਹੂਦੀਅਾਂ ਦੇ ਕੀਤੇ ਕਤਲੇਆਮ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਜੇ ਟੀਪੂ ਸੁਲਤਾਨ ਨੂੰ ਸਮਾਜ ਦੇ ਇਕ ਵਰਗ ਵਲੋਂ ਸਿਰਫ ਇਸ ਲਈ ਰਾਸ਼ਟਰਭਗਤ ਅਤੇ ਆਜ਼ਾਦੀ ਘੁਲਾਟੀਆ ਕਿਹਾ ਜਾ ਰਿਹਾ ਹੈ ਕਿ ਉਸ ਨੇ ਅੰਗਰੇਜ਼ਾਂ ਨਾਲ ਟੱਕਰ ਲਈ ਸੀ ਤਾਂ ਹਿਟਲਰ ਨੂੰ ਬੁਰਾ ਕਿਉਂ ਕਿਹਾ ਜਾਂਦਾ ਹੈ? 
ਜੇ ਦੇਸ਼ਭਗਤੀ ਇਸ ਦੇਸ਼ ਦੀ ਬਹੁਲਤਾਵਾਦੀ ਸਨਾਤਨ ਸੱਭਿਅਤਾ, ਇਸ ਦੇ ਮਾਣ-ਬਿੰਦੂੂਅਾਂ ਅਤੇ ਰਵਾਇਤਾਂ ਨੂੰ ਸਨਮਾਨ ਦੇਣ ਦਾ ਸਮਅਰਥਕ ਹੈ ਤਾਂ ਬਿਨਾਂ ਸ਼ੱਕ ਉਸ ਕਸੌਟੀ ’ਤੇ ਅੱਤਿਆਚਾਰੀ ਟੀਪੂ ਸੁਲਤਾਨ ਨੂੰ ਰਾਸ਼ਟਰਭਗਤ ਕਹਿਣਾ ਅਸਲੀ ਰਾਸ਼ਟਰੀ ਨਾਇਕਾਂ, ਜਿਵੇਂ ਮਰਾਠਾ, ਰਾਜਪੂਤ, ਸਵਾਮੀ ਵਿਵੇਕਾਨੰਦ, ਗਾਂਧੀ ਜੀ ਅਤੇ ਸਰਦਾਰ ਪਟੇਲ ਵਰਗੇ ਮਹਾਪੁਰਸ਼ਾਂ ਦਾ ਅਪਮਾਨ ਹੈ।          


Related News