ਹਾਰਦਿਕ ਪਟੇਲ ਸੈਕਸ ਸੀ. ਡੀਜ਼ ਕਾਂਡ ''ਕੀ ਕਿਸੇ 23 ਸਾਲਾ ਨੌਜਵਾਨ ਦੀ ਗਰਲਫ੍ਰੈਂਡ ਨਹੀਂ ਹੋ ਸਕਦੀ''

11/18/2017 7:35:21 AM

ਕਥਿਤ ਸੈਕਸ ਸੀ. ਡੀਜ਼ ਜਾਰੀ ਹੋਣ ਤੋਂ ਇਕ ਦਿਨ ਬਾਅਦ ਪਾਟੀਦਾਰ ਨੇਤਾ ਹਾਰਦਿਕ ਪਟੇਲ ਭਰੂਚ ਦੇ ਪਿੰਡ ਸਰਭਾਨ 'ਚ ਪ੍ਰਚਾਰ ਲਈ ਪਹੁੰਚੇ, ਜਿਥੇ ਮਹਿਲਾ ਸਮਰਥਕਾਂ ਵਲੋਂ ਤਿਲਕ ਲਾ ਕੇ ਉਨ੍ਹਾਂ ਦਾ ਸਵਾਗਤ ਕੀਤੇ ਜਾਣ 'ਤੇ ਉਨ੍ਹਾਂ ਨੇ ਤੁਰੰਤ ਹੀ ਰਾਹਤ ਮਹਿਸੂਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੂਰੇ ਭਰੋਸੇ ਨਾਲ 33 ਮਿੰਟ ਭਾਸ਼ਣ ਦਿੱਤਾ ਅਤੇ ਵੋਟਰਾਂ ਨੂੰ 'ਹਿਟਲਰਸ਼ਾਹੀ ਭਾਜਪਾ' ਨੂੰ ਉਖਾੜ ਸੁੱਟਣ ਦਾ ਸੱਦਾ ਦਿੱਤਾ।
ਚੋਣਾਂ ਲੜਨ ਲਈ ਹਾਲਾਂਕਿ 23 ਸਾਲਾ ਹਾਰਦਿਕ ਪਟੇਲ ਬਹੁਤ ਨੌਜਵਾਨ ਹਨ ਪਰ ਸੈਕਸ ਸੀ. ਡੀਜ਼ ਜਾਰੀ ਹੋਣ ਤੋਂ ਬਾਅਦ ਉਹ ਅੱਜਕਲ ਖਿੱਚ ਦਾ ਕੇਂਦਰ ਬਣੇ ਹੋਏ ਹਨ। ਜਿਥੇ ਟੀ. ਵੀ. ਚੈਨਲ ਉਨ੍ਹਾਂ ਨੂੰ 'ਲਾਈਵ' ਚਰਚਾ ਲਈ ਸੱਦ ਰਹੇ ਹਨ, ਉਥੇ ਹੀ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਲਗਾਤਾਰ ਰੈਲੀਆਂ 'ਚ ਸੱਦ ਰਹੇ ਹਨ।
ਹਾਰਦਿਕ ਨੇ ਬਹੁਤ ਆਤਮ-ਵਿਸ਼ਵਾਸ ਨਾਲ ਸਰਭਾਨ ਤੋਂ ਚੋਣ ਪ੍ਰਚਾਰ ਸ਼ੁਰੂ ਕੀਤਾ, ਜਿਥੇ 40 ਫੀਸਦੀ ਅਨੁਸੂਚਿਤ ਜਾਤੀ ਆਬਾਦੀ ਪਾਟੀਦਾਰਾਂ ਨਾਲੋਂ ਕਿਤੇ ਜ਼ਿਆਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹਾਰਦਿਕ ਪਟੇਲ ਹੁਣ ਸਿਰਫ ਪਟੇਲਾਂ ਦੇ ਨੇਤਾ ਨਹੀਂ ਰਹੇ, ਉਹ ਸਾਰੇ ਭਾਈਚਾਰਿਆਂ ਦੇ ਨੇਤਾ ਹਨ। 
ਇਹ ਪੁੱਛਣ 'ਤੇ ਕਿ ਉਨ੍ਹਾਂ ਦੀਆਂ ਸੈਕਸ ਸੀ. ਡੀਜ਼ ਜਾਰੀ ਹੋਣ ਨਾਲ ਉਨ੍ਹਾਂ ਦੇ ਅੰਦੋਲਨ ਨੂੰ ਕੋਈ ਨੁਕਸਾਨ ਪੁੱਜਾ ਹੈ? ਇਸ 'ਤੇ ਹਾਰਦਿਕ ਨੇ ਦੱਸਿਆ ਕਿ ਇਹ ਭਾਜਪਾ ਦੇ ਆਪਣੀਆਂ ਕਮੀਆਂ 'ਤੇ ਪਰਦਾ ਪਾਉਣ ਲਈ ਨਿਰਾਸ਼ਾ ਭਰੇ ਯਤਨ ਹਨ। ਭਾਜਪਾ ਉਨ੍ਹਾਂ ਨੂੰ ਤੋੜ ਨਹੀਂ ਸਕਦੀ, ਨਾ ਡਰਾ ਸਕਦੀ ਹੈ ਅਤੇ ਨਾ ਹੀ ਬਲੈਕਮੇਲ ਕਰ ਸਕਦੀ ਹੈ। ਇਸ ਲਈ ਭਾਜਪਾ ਨੇ ਉਨ੍ਹਾਂ ਦਾ (ਹਾਰਦਿਕ) ਚਰਿੱਤਰ ਭੰਗ ਕਰਨ ਲਈ ਇਹ ਸੀ. ਡੀਜ਼ ਬਣਾਈਆਂ ਹਨ। 
ਇਹ ਪੁੱਛੇ ਜਾਣ 'ਤੇ ਕਿ ਜਦੋਂ ਤੋਂ ਇਹ ਸੀ. ਡੀਜ਼ ਜਾਰੀ ਹੋਈਆਂ ਹਨ, ਦੋ ਬਿਆਨ ਸਾਹਮਣੇ ਆਏ ਹਨ—ਪਹਿਲਾ ਇਹ ਕਿ 'ਇਕ ਅਣਵਿਆਹਿਆ ਵਿਅਕਤੀ ਅਤੇ ਨਿਪੁੰਸਕ ਨਹੀਂ' ਅਤੇ ਦੂਜਾ ਇਹ ਕਿ 'ਵੀਡੀਓ ਫਰਜ਼ੀ ਹਨ'। ਤੁਸੀਂ ਇਨ੍ਹਾਂ 'ਚੋਂ ਕਿਸ ਨਾਲ ਖੜ੍ਹੇ ਹੋ? 
ਇਸ 'ਤੇ ਹਾਰਦਿਕ ਦਾ ਕਹਿਣਾ ਹੈ ਕਿ ਜੋ ਲੋਕ ਸੱਤਾ ਵਿਚ ਬੈਠੇ ਹਨ, ਉਹ ਤਾਂ ਇਹੋ ਕਹਿਣਗੇ ਕਿ ਇਹ ਸੀ. ਡੀਜ਼ ਮੇਰੀਆਂ ਹਨ ਪਰ ਮੈਂ ਕਹਿੰਦਾ ਹਾਂ ਕਿ ਇਹ ਜਾਅਲੀ ਹਨ ਅਤੇ ਇਨ੍ਹਾਂ ਨਾਲ ਛੇੜਖਾਨੀ ਕੀਤੀ ਗਈ ਹੈ। ਜੇ ਹੋਟਲ ਦੇ ਕਮਰੇ ਵਿਚ ਮੇਰੀ ਮੰਗੇਤਰ ਨਾਲ ਮੇਰਾ ਸਟਿੰਗ ਆਪ੍ਰੇਸ਼ਨ ਕੀਤਾ ਗਿਆ ਹੁੰਦਾ ਤਾਂ ਮੈਂ ਇਸ ਨੂੰ ਮੰਨ ਲੈਂਦਾ। ਇਹ ਸੀ. ਡੀਜ਼ ਮੇਰੇ ਵਰਗੀ ਸ਼ਕਲ ਵਰਗੇ ਕਿਸੇ ਵਿਅਕਤੀ ਨੂੰ ਲੈ ਕੇ ਬਣਾਈਆਂ ਗਈਆਂ ਹਨ। ਮੈਂ ਪਹਿਲਾਂ ਹੀ ਇਹ ਸੀ. ਡੀਜ਼ ਵਿਦੇਸ਼ਾਂ 'ਚ ਰਹਿੰਦੇ ਸਾਡੇ ਭਾਈਚਾਰੇ ਦੇ ਲੋਕਾਂ ਕੋਲ ਫੋਰੈਂਸਿਕ ਜਾਂਚ ਲਈ ਭੇਜ ਦਿੱਤੀਆਂ ਸਨ, ਜਿਨ੍ਹਾਂ ਨੇ ਮੈਨੂੰ ਰਿਪੋਰਟ ਭੇਜੀ ਹੈ ਕਿ ਇਹ ਫਰਜ਼ੀ ਹਨ। 
ਚਲੋ, ਜਿਵੇਂ ਕਿ ਕੁਝ ਲੋਕ ਕਹਿੰਦੇ ਹਨ, ਜੇ ਮੈਂ ਇਹ ਮੰਨ ਵੀ ਲਵਾਂ ਕਿ ਮੈਂ ਚਰਿੱਤਰਹੀਣ ਹਾਂ ਅਤੇ ਸੀ. ਡੀਜ਼ ਵਿਚ ਮੈਂ ਹੀ ਹਾਂ, ਫਿਰ ਵੀ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਇਕ 23 ਸਾਲਾ ਨੌਜਵਾਨ ਦੀ ਕੋਈ ਗਰਲਫ੍ਰੈਂਡ ਨਹੀਂ ਹੋ ਸਕਦੀ? ਜੇ ਕਿਤੇ 23 ਸਾਲਾ ਨੌਜਵਾਨ ਦੀ ਗਰਲਫ੍ਰੈਂਡ ਨਹੀਂ ਹੋਵੇਗੀ ਤਾਂ ਕੀ ਉਹ 50 ਸਾਲਾਂ ਦੇ ਬੰਦੇ ਦੀ ਹੋਵੇਗੀ? 
ਹਾਰਦਿਕ ਪਟੇਲ ਨੇ ਦੱਸਿਆ ਕਿ ਇਕ ਵਾਰ ਸ਼੍ਰੀ ਵਾਜਪਾਈ ਨੇ ਕਿਹਾ ਕਿ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਪਰ ਉਹ ਇਕ ਸੰਨਿਆਸੀ ਵੀ ਨਹੀਂ ਹਨ। ਭਾਜਪਾ ਦਾ ਇਕ ਮੈਂਬਰ ਚੱਲਦੀ ਬੱਸ ਵਿਚ ਕਿਸੇ ਕੁੜੀ ਨਾਲ ਛੇੜਖਾਨੀ ਕਰਦਿਆਂ ਫੜਿਆ ਗਿਆ ਸੀ ਪਰ ਭਾਜਪਾ ਵਾਲੇ ਇਸ ਬਾਰੇ ਗੱਲ ਨਹੀਂ ਕਰਦੇ। ਇਹ ਲੜਾਈ ਭਾਜਪਾ ਬਨਾਮ ਕਾਂਗਰਸ ਦੀ ਨਹੀਂ, ਸਗੋਂ ਭਾਜਪਾ ਬਨਾਮ ਹਾਰਦਿਕ ਦੀ ਹੈ। 
ਇਹ ਪੁੱਛਣ 'ਤੇ ਕਿ ਕੀ ਉਹ ਕਾਨੂੰਨੀ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੇ ਹਨ, ਹਾਰਦਿਕ ਨੇ ਕਿਹਾ ਕਿ ਪੁਲਸ ਉਨ੍ਹਾਂ ਦੀ (ਭਾਜਪਾ ਦੀ) ਹੈ, ਸਿਸਟਮ ਉਨ੍ਹਾਂ ਦਾ ਹੈ, ਕਾਨੂੰਨੀ ਕਾਰਵਾਈ ਕਰ ਕੇ ਕੀ ਮਿਲੇਗਾ? ਮੈਨੂੰ ਭਾਜਪਾ ਦੇ ਸ਼ਾਸਨ ਵਾਲੇ ਸੂਬੇ 'ਚ ਸਿਸਟਮ 'ਤੇ ਭਰੋਸਾ ਨਹੀਂ ਹੈ। ਮੈਂ ਕਈ ਕਾਨੂੰਨੀ ਪ੍ਰਕਿਰਿਆਵਾਂ 'ਚੋਂ ਲੰਘ ਚੁੱਕਾ ਹਾਂ ਤੇ ਜਾਣਦਾ ਹਾਂ ਕਿ ਕਾਨੂੰਨ ਕਿਵੇਂ ਕੰਮ ਕਰਦਾ ਹੈ। ਸਿਆਸਤ ਦੀ ਦੁਨੀਆ ਵਿਚ ਇਹ ਸਭ ਸਹਿਣ ਕਰਨ ਅਤੇ ਚੁੱਪ ਰਹਿਣ ਲਈ ਤੁਹਾਨੂੰ ਮੋਟੀ ਖੱਲ ਵਾਲੇ ਹੋਣ ਦੇ ਨਾਲ-ਨਾਲ ਨੀਚ ਵੀ ਬਣਨਾ ਪਵੇਗਾ। ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਬਹੁਤ 'ਨੀਚ' ਬਣ ਗਿਆ ਹਾਂ। 
ਇਹ ਪੁੱਛਣ 'ਤੇ ਕਿ ਉਨ੍ਹਾਂ ਦੀ ਚੋਣਾਂ ਵਿਚ ਭੂਮਿਕਾ 'ਕਿੰਗ ਮੇਕਰ' ਵਾਲੀ ਹੈ ਜਾਂ ਵੋਟਾਂ ਤੋੜਨ ਵਾਲੇ ਅਨਸਰ ਵਾਲੀ, ਇਸ 'ਤੇ ਹਾਰਦਿਕ ਨੇ ਦੱਸਿਆ ਕਿ ਉਹ ਕਿੰਗ ਮੇਕਰ ਨਹੀਂ ਹਨ ਅਤੇ ਸਿਰਫ ਉਨ੍ਹਾਂ ਲੋਕਾਂ ਦੇ ਏਜੰਟ ਦੀ ਭੂਮਿਕਾ ਨਿਭਾਅ ਰਹੇ ਹਨ, ਜਿਹੜੇ ਆਪਣੀ ਆਵਾਜ਼ ਉਠਾਉਂਦੇ ਹਨ। ਉਨ੍ਹਾਂ ਦਾ ਏਜੰਡਾ ਬੇਇਨਸਾਫੀ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਹੈ ਤੇ ਇਹ ਇਕ ਲੰਮੀ ਲੜਾਈ ਹੈ। ਫਿਲਹਾਲ ਉਨ੍ਹਾਂ ਦੀ ਕੋਈ ਸਿਆਸੀ ਇੱਛਾ ਨਹੀਂ ਹੈ ਤੇ ਨਾ ਹੀ ਉਹ ਵਿਧਾਇਕ ਜਾਂ ਸੰਸਦ ਮੈਂਬਰ ਬਣਨਾ ਚਾਹੁੰਦੇ ਹਨ। 
ਅਜੇ ਉਨ੍ਹਾਂ ਦੀ ਉਮਰ ਚੋਣਾਂ ਲੜਨ ਦੀ ਨਹੀਂ ਹੈ। ਦੋ ਸਾਲਾਂ ਬਾਅਦ ਕੀ ਹੋਵੇਗਾ, ਇਹ ਪੁੱਛਣ 'ਤੇ ਹਾਰਦਿਕ ਪਟੇਲ ਨੇ ਕਿਹਾ ਕਿ ਉਹ ਭਵਿੱਖ ਲਈ ਯੋਜਨਾ ਨਹੀਂ ਬਣਾਉਂਦੇ ਕਿਉਂਕਿ ਉਨ੍ਹਾਂ ਦਾ ਭਵਿੱਖ ਅਨਿਸ਼ਚਿਤ ਹੈ। ਜਿਹੜੇ ਲੋਕਾਂ ਨਾਲ ਉਹ ਲੜਾਈ ਲੜ ਰਹੇ ਹਨ, ਉਹ ਬੁਰੇ ਹਨ ਅਤੇ ਉਨ੍ਹਾਂ ਨਾਲ ਉਹ ਕੁਝ ਵੀ ਕਰ ਸਕਦੇ ਹਨ। ਹਰੇਕ ਚੀਜ਼ ਦਾ ਸਮਾਂ ਹੁੰਦਾ ਹੈ, ਇਸ ਲਈ ਜਦੋਂ ਸਹੀ ਸਮਾਂ ਆਵੇਗਾ ਤਾਂ ਉਹ ਸਿਆਸਤ 'ਚ ਆਉਣ ਬਾਰੇ ਸੋਚਣਗੇ। 
ਹੁਣੇ ਜਿਹੇ ਪਾਟੀਦਾਰ ਧਾਰਮਿਕ ਸਮੂਹਾਂ ਨੇ ਮਿਲ ਕੇ ਉਨ੍ਹਾਂ ਵਿਰੁੱਧ ਇਕ ਨਵਾਂ ਸਮੂਹ ਤਿਆਰ ਕੀਤਾ ਹੈ। ਉਨ੍ਹਾਂ ਦੇ ਨੇੜਲੇ ਸਹਿਯੋਗੀ ਵਰੁਣ ਪਟੇਲ ਤੇ ਰੇਸ਼ਮਾ ਪਟੇਲ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਇਸ ਬਾਰੇ ਹਾਰਦਿਕ ਨੇ ਕਿਹਾ ਕਿ ਇਸ ਨਾਲ ਉਨ੍ਹਾਂ 'ਤੇ ਕੋਈ ਅਸਰ ਨਹੀਂ ਪੈਂਦਾ ਕਿਉਂਕਿ ਇਸ ਤੋਂ ਬਾਅਦ ਵੀ ਉਨ੍ਹਾਂ ਨੇ ਕਾਫੀ ਰੈਲੀਆਂ ਕੀਤੀਆਂ ਹਨ ਤੇ ਉਨ੍ਹਾਂ ਦੀ ਤਾਕਤ ਵਧੀ ਹੈ। 
ਇਹ ਪੁੱਛਣ 'ਤੇ ਕਿ ਤੁਸੀਂ ਲੋਕਾਂ ਨੂੰ ਭਾਜਪਾ ਦੇ ਵਿਰੁੱਧ ਵੋਟ ਪਾਉਣ ਲਈ ਕਹਿ ਰਹੇ ਹੋ ਅਤੇ ਕਾਂਗਰਸੀ ਨੇਤਾਵਾਂ ਨੂੰ ਮਿਲ ਰਹੇ ਹੋ, ਇਸ 'ਤੇ ਹਾਰਦਿਕ ਨੇ ਕਿਹਾ ਕਿ ਜੇ ਅਜਿਹਾ ਲੱਗਦਾ ਹੈ ਤਾਂ ਅਜਿਹਾ ਹੀ ਸਹੀ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਲੋਕ ਇਹ ਸੋਚਦੇ ਹਨ ਕਿ ਭਾਜਪਾ ਦੇ ਵਿਰੁੱਧ ਵੋਟਾਂ ਪੈਣੀਆਂ ਚਾਹੀਦੀਆਂ ਹਨ ਅਤੇ ਕਾਂਗਰਸ ਨੂੰ ਵੋਟ ਦੇਣਾ ਠੀਕ ਹੈ ਤਾਂ ਇਹੋ ਠੀਕ ਹੈ। 
ਰਾਖਵੇਂਕਰਨ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੇ ਕਾਂਗਰਸ ਵਲੋਂ ਸੰਵਿਧਾਨਿਕ ਸੰਭਾਵਨਾ ਦੀ ਸਮੀਖਿਆ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਫਾਰਮੂਲੇ ਨੂੰ ਪ੍ਰਵਾਨ ਕਰ ਲਿਆ ਹੈ ਪਰ ਅਜੇ ਸਮਝੌਤੇ 'ਤੇ ਮੋਹਰ ਨਹੀਂ ਲੱਗੀ ਹੈ। ਕਾਂਗਰਸ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ, ਫਿਰ ਵੀ ਉਹ ਲੋਕਾਂ ਨੂੰ ਸਿੱਧੇ ਤੌਰ 'ਤੇ ਕਾਂਗਰਸ ਨੂੰ ਵੋਟ ਦੇਣ ਲਈ ਨਹੀਂ ਕਹਿ ਰਹੇ। ਉਹ ਨਿੱਜੀ ਤੌਰ 'ਤੇ ਕਾਂਗਰਸ ਨੂੰ ਵੋਟ ਦੇਣਗੇ ਤੇ ਅਜਿਹਾ ਹੋਰ ਲੋਕ ਵੀ ਕਰ ਸਕਦੇ ਹਨ। 
ਇਹ ਪੁੱਛਣ 'ਤੇ ਕਿ ਅੰਨਾ ਹਜ਼ਾਰੇ ਦੇ ਲੋਕਪਾਲ ਅੰਦੋਲਨ ਦੇ ਸਿੱਟੇ ਵਜੋਂ 'ਆਮ ਆਦਮੀ ਪਾਰਟੀ' ਦਾ ਗਠਨ ਹੋਇਆ ਸੀ, ਕੀ ਤੁਹਾਨੂੰ ਲੱਗਦਾ ਹੈ ਕਿ ਪਾਟੀਦਾਰ ਅੰਦੋਲਨ ਵੀ ਉਸੇ ਪਾਸੇ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਇਹ ਬਿਲਕੁਲ ਵੱਖਰੀ ਲੜਾਈ ਹੈ। ਉਸ ਅੰਦੋਲਨ 'ਚ ਸਿਆਸੀ ਤਬਦੀਲੀ ਦੀ ਮੰਗ ਕੀਤੀ ਜਾ ਰਹੀ ਸੀ ਪਰ ਸਾਡਾ ਅੰਦੋਲਨ ਸਿੱਖਿਆ ਤੇ ਨੌਕਰੀਆਂ 'ਚ ਬਰਾਬਰੀ ਦੇ ਹੱਕਾਂ ਲਈ ਹੈ। 
ਬਿਨਾਂ ਸ਼ੱਕ ਜ਼ਿਆਦਾਤਰ ਅੰਦੋਲਨ ਸਿਆਸੀ ਰੰਗ 'ਚ ਰੰਗੇ ਹੋਏ ਹਨ ਜਾਂ ਉਹ ਬਾਅਦ ਵਿਚ ਕਿਸੇ ਸਿਆਸੀ ਪਾਰਟੀ 'ਚ ਬਦਲ ਜਾਂਦੇ ਹਨ ਤੇ ਹੋ ਸਕਦਾ ਹੈ ਕਿ ਇਸ ਅੰਦੋਲਨ 'ਚੋਂ ਵੀ ਕੋਈ ਸਿਆਸੀ ਨੇਤਾ ਉੱਭਰ ਆਏ।
ਹਾਰਦਿਕ ਨੇ ਕਾਂਗਰਸ ਤੋਂ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਮੰਗਣ ਦੀ ਗੱਲ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ। ਪਟੇਲ ਰਵਾਇਤੀ ਤੌਰ 'ਤੇ ਭਾਜਪਾ ਲਈ ਵੋਟਿੰਗ ਕਰਦੇ ਹਨ, ਕੀ ਤੁਸੀਂ ਉਨ੍ਹਾਂ ਤੋਂ ਹੁਣ ਭਾਜਪਾ ਦੇ ਵਿਰੁੱਧ ਵੋਟਿੰਗ ਕਰਨ ਦੀ ਉਮੀਦ ਕਰਦੇ ਹੋ, ਇਹ ਪੁੱਛਣ 'ਤੇ ਹਾਰਦਿਕ ਨੇ ਦੱਸਿਆ ਕਿ 2015 ਦੀਆਂ ਲੋਕਲ ਬਾਡੀਜ਼ ਅਤੇ ਜ਼ਿਲਾ ਪੰਚਾਇਤ ਚੋਣਾਂ ਦੌਰਾਨ ਉਹ ਜੇਲ ਵਿਚ ਸਨ ਪਰ ਪਾਟੀਦਾਰਾਂ ਨੇ ਭਾਜਪਾ ਨੂੰ ਵੋਟਾਂ ਨਹੀਂ ਪਾਈਆਂ। ਭਾਜਪਾ ਵੀ ਜਾਣਦੀ ਹੈ ਕਿ ਪਾਟੀਦਾਰਾਂ ਦਾ ਆਪਣਾ ਮਨ ਹੈ ਕਿ ਉਨ੍ਹਾਂ ਨੇ ਕਿਸ ਨੂੰ ਵੋਟਾਂ ਪਾਉਣੀਆਂ ਹਨ। ਇਹੋ ਵਜ੍ਹਾ ਹੈ ਕਿ ਭਾਜਪਾ ਨੂੰ 23 ਸਾਲਾਂ ਦੇ ਇਕ ਨੌਜਵਾਨ ਦੀਆਂ ਘਟੀਆ ਸੀ. ਡੀਜ਼ ਬਣਾਉਣ ਲਈ ਮਜਬੂਰ ਹੋਣਾ ਪਿਆ।
ਕਿੰਜਲ ਨਾਮੀ ਕੁੜੀ ਨਾਲ ਕੁੜਮਾਈ ਬਾਰੇ ਪੁੱਛੇ ਜਾਣ 'ਤੇ ਹਾਰਦਿਕ ਨੇ ਦੱਸਿਆ ਕਿ ਉਨ੍ਹਾਂ ਦੀ ਅਜੇ ਕੁੜਮਾਈ ਨਹੀਂ ਹੋਈ ਹੈ। ਅਜਿਹਾ ਜਦੋਂ ਹੋਣਾ ਹੋਵੇਗਾ, ਉਦੋਂ ਹੀ ਹੋਵੇਗਾ। ਜਿਥੋਂ ਤਕ ਕਿੰਜਲ ਦੀ ਪ੍ਰਤੀਕਿਰਿਆ ਦੀ ਗੱਲ ਹੈ, ਉਹ ਮੇਰੇ ਨਾਲੋਂ ਮਜ਼ਬੂਤ ਹੈ। ਉਸ ਦੇ ਮਾਂ-ਪਿਓ ਮੇਰਾ ਪੂਰਾ ਸਮਰਥਨ ਕਰਦੇ ਹਨ। 
ਇਹ ਪੁੱਛਣ 'ਤੇ ਕਿ ਭਾਜਪਾ ਤੁਹਾਡੇ, ਅਲਪੇਸ਼ ਠਾਕੋਰ ਅਤੇ ਜਿਗਨੇਸ਼ ਮੇਵਾਨੀ 'ਤੇ ਜਾਤਵਾਦੀ ਸਿਆਸਤ ਕਰ ਕੇ ਸਮਾਜ ਨੂੰ ਵੰਡਣ ਦਾ ਦੋਸ਼ ਲਾ ਰਹੀ ਹੈ, ਇਸ 'ਤੇ ਹਾਰਦਿਕ ਨੇ ਕਿਹਾ ਕਿ ਭਾਜਪਾ ਹੀ ਸਮਾਜ ਨੂੰ ਬੁਰੀ ਤਰ੍ਹਾਂ ਵੰਡ ਰਹੀ ਹੈ। ਭਾਜਪਾ ਨੇ ਹੀ ਵੱਖ-ਵੱਖ ਜਾਤਾਂ ਨੂੰ ਖੁਸ਼ ਕਰਨ ਲਈ ਪਾਰਟੀ ਅੰਦਰ ਵੱਖ-ਵੱਖ ਸੈੱਲ ਬਣਾਏ ਹੋਏ ਹਨ, ਜਿਵੇਂ ਕਿ ਮਲਧਾਰੀ, ਓ. ਬੀ. ਸੀ., ਪਾਟੀਦਾਰ, ਘੱਟਗਿਣਤੀ, ਡਾਕਟਰ ਆਦਿ। 
('ਇੰਡੀਅਨ ਐਕਸਪ੍ਰੈੱਸ' ਤੋਂ ਧੰਨਵਾਦ ਸਹਿਤ)


Related News