ਸ਼੍ਰੀਲੰਕਾ ਦੇ ਬਰਬਾਦ ਹੋਣ ਦੇ ਕਾਰਨ

07/28/2022 11:51:26 PM

ਸ਼੍ਰੀਲੰਕਾ ’ਚ ਭਾਰੀ ਆਰਥਿਕ ਸੰਕਟ ਅਤੇ ਸਿਆਸੀ ਚੁੱਕ-ਥਲ ਦੇ ਬਾਅਦ ਨਵੀਂ ਸਰਕਾਰ ਦਾ ਗਠਨ ਹੋ ਗਿਆ। ਇਹ ਵੱਖਰੀ ਗੱਲ ਹੈ ਕਿ ਨਵੇਂ ਚੁਣੇ ਰਾਸ਼ਟਰਪਤੀ ਅਤੇ 6 ਵਾਰ ਪ੍ਰਧਾਨ ਮੰਤਰੀ ਰਹੇ ਰਾਨਿਲ ਵਿਕ੍ਰਮਸਿੰਘੇ ਦੇ ਵਿਰੁੱਧ ਵੀ ਜਨਤਾ ਦਾ ਗੁੱਸਾ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦਾ ਇਕ ਵੱਡਾ ਕਾਰਨ ਕਾਰਜਕਾਰੀ ਰਾਸ਼ਟਰਪਤੀ ਰਹਿੰਦੇ ਹੋਏ ਵਿਕ੍ਰਮਸਿੰਘੇ ਵੱਲੋਂ 13 ਜੁਲਾਈ ਨੂੰ ਦੇਸ਼ ’ਤੇ ਮੁੜ ਤੋਂ ਐਮਰਜੈਂਸੀ ਥੋਪਣੀ ਹੈ। ਆਜ਼ਾਦੀ ਦੇ ਬਾਅਦ ਤੋਂ ਸ਼੍ਰੀਲੰਕਾ ’ਚ 15ਵੀਂ ਵਾਰ ਐਮਰਜੈਂਸੀ ਲੱਗੀ ਹੈ। ਬਕੌਲ ਵਿਖਾਵਾਕਾਰੀ ਉਨ੍ਹਾਂ ਨੂੰ ਵਿਕ੍ਰਮਸਿੰਘੇ ਤੋਂ ਬਿਲਕੁਲ ਆਸ ਨਹੀਂ ਹੈ ਕਿਉਂਕਿ ਜਿਸ ਸਿਆਸੀ ਲੀਡਰਸ਼ਿਪ ’ਚ ਸ਼੍ਰੀਲੰਕਾ ਬਰਬਾਦ ਹੋਇਆ ਹੈ, ਉਸ ਦਾ ਵਿਕ੍ਰਮਸਿੰਘੇ ਹਿੱਸਾ ਰਹੇ ਹਨ। ਸ਼੍ਰੀਲੰਕਾ ’ਚ ਤਬਾਹੀ ਲਈ ਕਈ ਭਾਈਵਾਲ ਜ਼ਿੰਮੇਵਾਰ ਹਨ। ਧੋਖੇਬਾਜ਼ ਚੀਨ ਦੇ ਨਾਲ ਗੂੜ੍ਹੇ ਆਰਥਿਕ ਜੋੜ ਨੇ ਇਸ ਦੇਸ਼ ਨੂੰ ਅਪਾਹਿਜ ਬਣਾ ਦਿੱਤਾ। ਚੀਨ ਵਿਸ਼ਵ ਦਾ ਅਜਿਹਾ ਇਕੋ ਇਕ ਦੇਸ਼ ਹੈ, ਜਿਸ ਨੇ ਸੱਤਾ ਦੇ ਗਲਿਆਰੇ ’ਚ ‘ਅਨਿਸ਼ਵਰਵਾਦੀ’ ਖੱਬੇਪੱਖੀ ਅਧਿਨਾਇਕਵਾਦ ਤਾਂ ਅਰਥਵਿਵਸਥਾ ’ਚ ਸਮਾਜਵਾਦ ਨੂੰ ਸਮਰਪਿਤ ਬੀਮਾਰ ਪੂੰਜੀਵਾਦ ਹੈ। ਸੰਖੇਪ ’ਚ ਕਹੀਏ ਤਾਂ ਇਹ ਦੁਨੀਆ ’ਚ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਸ਼ਹਿ ਦੇਣ ਵਾਲੀ ਇਕ ਸੁਭਾਵਕ ਵਿਵਸਥਾ ਹੈ। ਚੀਨ ਦੀ ਵਿਦੇਸ਼ ਨੀਤੀ ਸਾਮਰਾਜਵਾਦ ਤੋਂ ਪ੍ਰੇਰਿਤ ਹੈ ਜੋ ਕਿ ‘ਈਸਟ ਇੰਡੀਆ ਕੰਪਨੀ’ ਦਾ ਇਕ ਆਧੁਨਿਕ ਐਡੀਸ਼ਨ ਹੈ।

ਆਪਣੀ ਇਸ ਮਾਨਸਿਕਤਾ ਦੇ ਕਾਰਨ ਚੀਨ ਦਾ ਭਾਰਤ ਸਮੇਤ 2 ਦਰਜਨ ਦੇਸ਼ਾਂ ਦੇ ਨਾਲ ਕੋਈ ਨਾ ਕੋਈ ਜ਼ਮੀਨੀ ਝਗੜਾ ਹੈ। ਬੀਤੇ ਇਕ ਦਹਾਕੇ ’ਚ ਸ਼੍ਰੀਲੰਕਾ ਚੀਨੀ ਮਕੜਜਾਲ ’ਚ ਅਜਿਹਾ ਫਸਿਆ ਕਿ ਉਹ ਸੰਭਲ ਨਹੀਂ ਸਕਿਆ। ਆਪਣੀਆਂ ਆਰਥਿਕ ਯੋਜਨਾਵਾਂ ਦੀ ਪੂਰਤੀ ਲਈ ਬਜਟ ਦੀ ਕਮੀ ਦੂਰ ਕਰਨ ਅਤੇ ਵਪਾਰ ਘਾਟੇ ਨੂੰ ਘਟਾਉਣ ਲਈ ਸ਼੍ਰੀਲੰਕਾ ਨੇ ਚੀਨ ਦੇ ਇਲਾਵਾ ਕਈ ਦੇਸ਼ਾਂ (ਭਾਰਤ ਸਮੇਤ) ਅਤੇ ਵਿਸ਼ਵ ਪੱਧਰੀ ਸੰਗਠਨਾਂ ਕੋਲੋਂ ਭਾਰੀ ਮਾਤਰਾ ’ਚ ਕਰਜ਼ਾ ਲਿਆ। ਫਿਰ ਉਸੇ ਕਰਜ਼ੇ ਦੀ ਵਰਤੋਂ ਉਨ੍ਹਾਂ ਗੈਰ-ਸੰਗਤ, ਬੇਸਮਝੀ ਵਾਲੇ ਪ੍ਰਾਜੈਕਟਾਂ ’ਤੇ ਖਰਚ ਕੀਤਾ, ਜਿਨ੍ਹਾਂ ਦੀ ਸ਼ਾਇਦ ਹੀ ਕੋਈ ਆਰਥਿਕ ਤੁਕ ਹੋਵੇ। ਇਨ੍ਹਾਂ ’ਚੋਂ ਇਕ ਰਾਜਪਕਸ਼ੇ ਹਵਾਈ ਅੱਡਾ ਹੈ ਜਿਸ ਨੂੰ 20 ਕਰੋੜ ਅਮਰੀਕੀ ਡਾਲਰ ਦੇ ਚੀਨੀ ਕਰਜ਼ੇ ਨਾਲ ਬਣਾਇਆ ਹੈ ਜੋ ਬਾਅਦ ’ਚ ਆਪਣੇ ਬਿਜਲੀ ਬਿਲ ਦਾ ਭੁਗਤਾਨ ਕਰਨ ਲਈ ਵੀ ਲੋੜੀਂਦਾ ਧਨ ਮੁਹੱਈਆ ਨਹੀਂ ਕਰ ਸਕਿਆ। ਇਸੇ ਹਵਾਈ ਅੱਡੇ ਦੇ ਕੋਲ ਡੇਢ ਕਰੋੜ ਅਮਰੀਕੀ ਡਾਲਰ ਨਾਲ ਬਣਿਆ ‘ਕਾਨਫਰੰਸ ਸੈਂਟਰ’ ਹੈ, ਜੋ ਸ਼ਾਇਦ ਹੀ ਹੁਣ ਤੱਕ ਕਿਸੇ ਵਰਤੋਂ ’ਚ ਆਇਆ।

ਸ਼੍ਰੀਲੰਕਾ ਦਾ ਕੁਲ ਘਰੇਲੂ ਉਤਪਾਦ 82 ਅਰਬ ਡਾਲਰ ਹੈ, ਜਦਕਿ ਉਸ ਦੇ ਉਪਰ ਮੌਜੂਦਾ ਕਰਜ਼ਾ 51 ਅਰਬ ਡਾਲਰ ਦਾ ਹੈ, ਇਸ ’ਚ ਇਕੱਲੇ 10 ਫੀਸਦੀ ਚੀਨ ਦਾ ਹੈ। ਕਿਉਂਕਿ ਚੀਨ ਕਰਜ਼ਾ ਮਾਫੀ ’ਚ ਯਕੀਨ ਨਹੀਂ ਰੱਖਦਾ ਅਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਵਸੂਲ ਕਰ ਲੈਂਦਾ ਹੈ, ਇਸ ਲਈ ਕਰਜ਼ ਦੇ ਬਦਲ ’ਚ ਚੀਨ ਨੇ ਸ਼੍ਰੀਲੰਕਾ ਦੇ ਰਣਨੀਤਕ ਹੰਬਨਟੋਟਾ ਬੰਦਰਗਾਹ ਨੂੰ 99 ਸਾਲ ਲਈ ਆਪਣੇ ਕੋਲ ਗਹਿਣੇ ਰੱਖ ਲਿਆ। ਕੋਲੰਬੋ ’ਚ ਵੀ ਚੀਨ ਬਨਾਉਟੀ 665 ਏਕੜ ਟਾਪੂ ’ਤੇ ਆਪਣੀ ਇਕ ਵੱਡੀ ਕਾਲੋਨੀ ਬਣਾ ਰਿਹਾ ਹੈ। ਸੱਤਾਧਾਰੀ ਪਾਰਟੀ ਵੱਲੋਂ ਸਾਲਾਂ ਤੋਂ ਮੁਹੱਈਆ ਲੋਕ-ਲੁਭਾਉਣੀਆਂ ਨੀਤੀਆਂ ਅਤੇ ਟੈਕਸਾਂ ’ਚ ਕਟੌਤੀ ਨੇ ਵੀ ਸ਼੍ਰੀਲੰਕਾ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰ ਿਦੱਤਾ, ਜੋ ਕਿ ਭਾਰਤ ’ਚ ਮੁਫਤਖੋਰੀ ਪ੍ਰੇਰਿਤ ਸਿਆਸਤ ਲਈ ਸਖਤ ਚਿਤਾਵਨੀ ਵੀ ਹੈ। ਇਸ ਦੇ ਨਾਲ ਅਖੌਤੀ ਵਾਤਾਵਰਣ ਮਾਹਿਰਾਂ ਨੇ ਸ਼੍ਰੀਲੰਕਾ ਸੰਕਟ ਨੂੰ ਹੋਰ ਵੀ ਭੈੜਾ ਬਣਾ ਦਿੱਤਾ। ਸਾਲ 2021 ’ਚ ਖੁਦ ਜ਼ਮੀਨੀ ਖੇਤੀਬਾੜੀ ਮਾਹਿਰਾਂ ਦੀ ਸਲਾਹ ’ਤੇ ਭਰਮਾਊ ਮੁਹਿੰਮਾਂ ਤੋਂ ਪ੍ਰਭਾਵਿਤ ਹੋ ਕੇ ਤਤਕਾਲੀ ਸ਼੍ਰੀਲੰਕਾ ਸਰਕਾਰ ਨੇ ਦੇਸ਼ ’ਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਾਰੀਆਂ ਰਸਾਇਣਿਕ ਖਾਦਾਂ ਦੀ ਦਰਾਮਦ ’ਤੇ ਪਾਬੰਦੀ ਲਾ ਦਿੱਤੀ। ਇਸ ਕਦਮ ਨਾਲ ਸ਼੍ਰੀਲੰਕਾ ’ਚ ਖਾਦ ਉਤਪਾਦਨ ਢਹਿ-ਢੇਰੀ ਹੋ ਗਿਆ ਅਤੇ ਮਹਿੰਗਾਈ ਸਿਖਰ ’ਤੇ ਪਹੁੰਚ ਗਈ।

ਸ਼੍ਰੀਲੰਕਾ ਨੇ ਇਕ ਚੀਨੀ ਕੰਪਨੀ ਨਾਲ ਲਗਭਗ 3,700 ਕਰੋੜ ਰੁਪਏ ’ਚ 99,000 ਟਨ ਜੈਵਿਕ ਖਾਦ ਖਰੀਦਣ ਦਾ ਇਕ ਸਮਝੌਤਾ ਕੀਤਾ ਸੀ ਪਰ ਸ਼੍ਰੀਲੰਕਾ ਨੇ ਪੂਰੀ ਖੇਪ ਨੂੰ ਇਹ ਕਹਿੰਦੇ ਹੋਏ ਨਾ-ਮਨਜ਼ੂਰ ਕਰ ਦਿੱਤਾ ਸੀ ਕਿ ਇਸ ਦੇ ਨਮੂਨੇ ’ਚ ਹਾਨੀਕਾਰਕ ਜੀਵਾਣੂ ਹਨ। ਇਸ ਤੋਂ ਬੁਖਲਾਉਂਦੇ ਹੋਏ ਘੋਰ ‘ਪ੍ਰਤੀਕਿਰਿਆਵਾਦੀ’ ਚੀਨ ਨੇ ਬਹਾਨਾ ਬਣਾ ਕੇ ਇਕ ਸ਼੍ਰੀਲੰਕਾਈ ਜਨਤਕ ਬੈਂਕ ਨੂੰ ਕਾਲੀ-ਸੂਚੀ ’ਚ ਪਾ ਦਿੱਤਾ। ਸ਼੍ਰੀਲੰਕਾ ਦਾ ਆਰਥਿਕ ਸੰਕਟ ਕੋਈ ਡੇਢ-ਦੋ ਦਹਾਕੇ ਪੁਰਾਣਾ ਨਹੀਂ ਹੈ। 1948 ’ਚ ਆਜ਼ਾਦੀ ਹਾਸਲ ਕਰਨ ਦੇ ਬਾਅਦ ਸਾਲ 1965 ਤੋਂ ਉਸ ਨੂੰ ਕੌਮਾਂਤਰੀ ਮੁਦਰਾਫੰਡ (ਆਈ.ਐੱਮ.ਐੱਫ.) ਤੋਂ 16 ਵਾਰ ਬੇਲਆਊਟ ਪੈਕੇਜ ਲੈਣਾ ਪਿਆ। ਅਜਿਹਾ ਜਾਪਦਾ ਹੈ ਕਿ ਸ਼੍ਰੀਲੰਕਾ ਸ਼ਾਇਦ ਹੀ ਆਪਣੀ ਸਰਕਾਰੀ ਕਰਜ਼ਿਆ ਦੀ ਪੂਰਤੀ ਘਰੇਲੂ ਬੱਚਤ ਤੋਂ ਕਰਦਾ ਹੈ, ਇਸ ਲਈ ਉਹ ਆਪਣੇ ਚਾਲੂ ਖਾਤੇ ਦੇ ਘਾਟੇ ਅਤੇ ਭਲਾਈ ਯੋਜਨਾਵਾਂ ਨੂੰ ਬਣਾਈ ਰੱਖਣ ਦੇ ਲਈ 1960 ਦੇ ਦਹਾਕੇ ਤੋਂ ਬਹੁਪੱਖੀ ਉਦਾਰ ’ਤੇ ਨਿਰਭਰ ਹੈ। ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਸ਼੍ਰੀਲੰਕਾ ਉੱਚ ਵਿਆਜ ਦਰਾਂ ’ਤੇ ਵਿਸ਼ਵ ਪੱਧਰੀ ਕਰਜ਼ਾ ਲੈਣ ਲਈ ‘ਕੌਮਾਂਤਰੀ ਸਾਵਰੇਨ ਬਾਂਡ’ ਜਾਰੀ ਕਰਦਾ ਰਿਹਾ ਹੈ। ਫਿਰ ਤੋਂ ਸ਼੍ਰੀਲੰਕਾਈ ਆਈ.ਐੱਮ.ਐੱਫ. ਤੋਂ 3 ਬਿਲੀਅਨ ਡਾਲਰ ਦਾ ਰਾਹਤ ਪੈਕੇਜ ਮੰਗ ਰਿਹਾ ਹੈ।

ਸ਼੍ਰੀਲੰਕਾ ਇਕ ਦੇ ਬਾਅਦ ਇਕ ਇੰਨੀਆਂ ਗਲਤੀਆਂ ਕਿਉਂ ਕਰਦਾ ਰਿਹਾ। ਇਸ ਦਾ ਜਵਾਬ ਵੰਸ਼ਵਾਦ ਪ੍ਰੇਰਿਤ ਸਿਆਸਤ ’ਚ ਨਿਹਿਤ ਹੈ। ਰਾਜਪਕਸ਼ੇ ਪਰਿਵਾਰ ਦੇ ਮੈਂਬਰ ਦੇਸ਼ ਦੇ ਕਈ ਮਹੱਤਵਪੂਰਨ ਅਹੁਦੇ ’ਤੇ ਸਾਲਾਂ ਤੋਂ ਬਿਰਾਜਮਾਨ ਰਹੇ ਸਨ। ਗੋਟਾਬਾਯਾ ਰਾਜਪਕਸ਼ੇ (ਰਾਸ਼ਟਰਪਤੀ), ਮਹਿੰਦਾ ਰਾਜਪਕਸ਼ੇ (ਪ੍ਰਧਾਨ ਮੰਤਰੀ), ਚਮਲ ਰਾਜਪਕਸ਼ੇ (ਗ੍ਰਹਿ ਮੰਤਰੀ), ਨਮਲ ਰਾਜਪਕਸ਼ੇ (ਖੇਡ ਮੰਤਰੀ), ਸ਼ਾਸ਼ੇਂਦਰ ਰਾਜਪਕਸ਼ੇ (ਖੇਤੀਬਾੜੀ ਮੰਤਰੀ) ਇਸ ਦੀਆਂ ਉਦਾਹਰਣਾਂ ਹਨ। ਆਧੁਨਿਕ ਮੁਕਾਬਲੇਬਾਜ਼ੀ ਦੀ ਦੁਨੀਆ ’ਚ ਪਰਿਵਾਰਵਾਦੀ ਸੱਤਾ-ਤੰਤਰ ਲਈ ਕੋਈ ਥਾਂ ਨਹੀਂ। ਇਹ ਇਕ ਸਮੇਂ ਦਾ ਭਰਮ ਹੈ, ਜੋ ਲੰਬੇ ਸਮੇਂ ਤੱਕ ਕੰਮ ਕਰਨ ’ਚ ਅਯੋਗ ਹੈ। ਇਸ ਕਿਸਮ ਦੀ ਸੱਤਾ ਦਾ ਸਭ ਤੋਂ ਜ਼ਹਿਰੀਲਾ ਫਲ, ਪੂੰਜੀਵਾਦ ਹੁੰਦਾ ਹੈ ਜੋ ਇਕ ਅਜਿਹੀ ਆਰਥਿਕਤਾ ਦਾ ਨਿਰਮਾਣ ਕਰਦਾ ਹੈ, ਜਿਸ ’ਚ ਧਨ ਦੀ ਸਿਰਜਨਾ ਔਖੀ ਮਿਹਨਤ ਨਾਲ ਨਹੀਂ, ਸਗੋਂ ਮਿਲੀ-ਭੁਗਤ, ਸਾਜ਼ਿਸ਼ਾਂ ਅਤੇ ਭ੍ਰਿਸ਼ਟਾਚਾਰ ਨਾਲ ਵਿਵਸਥਾ ਨੂੰ ਲੁੱਟਣ ਦੇ ਲਈ ਹੁੰਦੀ ਹੈ। 21 ਅਪ੍ਰੈਲ 2019 ਨੂੰ ਕੋਲੰਬੋ ਦੇ ਵੱਖ ਵੱਖ ਚਰਚਾਂ-ਹੋਟਲਾਂ ’ਚ ਲੜੀਬੱਧ ਇਸਲਾਮੀ ਅੱਤਵਾਦੀ ਹਮਲੇ ਅਤੇ ਕੋਰੋਨਾ ਕਾਲ ਨੇ ਸ਼੍ਰੀਲੰਕਾਈ ਸੈਰ ਸਪਾਟੇ ਉਦਯੋਗ ਨੂੰ ਪੂਰੀ ਤਰ੍ਹਾਂ ਨਿਵਾਣ ਵੱਲ ਤੋਰ ਦਿੱਤਾ। ਆਸ ਹੈ ਕਿ ਸ਼੍ਰੀਲੰਕਾ ਵਰਗੀ ਅਰਾਜਕ ਸਥਿਤੀ ਨਾਲ ਨਾ ਘਿਰ ਜਾਵੇ ਜਿਵੇਂ ਉਸ ਨੇ 1980 ਦੇ ਦਹਾਕੇ ’ਚ, ਖਾਸ ਕਰ ਕ ੇ ਅਪ੍ਰੈਲ 1987, ਦਸੰਬਰ 1989 ਦਰਮਿਆਨ ਤਜਰਬਾ ਕੀਤਾ ਸੀ। ਉਸ ਸਮੇਂ ਅਤੀ ਖੱਬੇਪੱਖੀ ਜਨਤਾ ਵਿਮੁਕਤੀ ਪੇਰਾਮੁਨਾ (ਜੇ.ਵੀ.ਪੀ.) ਨੇ ਸ਼੍ਰੀਲੰਕਾ ਸਰਕਾਰ ਦੇ ਵਿਰੁੱਧ ਹਿੰਸਕ ਬਗਾਵਤ ਦੀ ਅਗਵਾਈ ਕੀਤੀ ਸੀ, ਜਿਸ ਨੂੰ ਭਾਰਤ, ਇਜ਼ਰਾਈਲ ਅਤੇ ਬ੍ਰਿਟੇਨ ਦੇ ਸਹਿਯੋਗ ਨਾਲ ਦਰੜ ਦਿੱਤਾ ਗਿਆ ਸੀ। ਵਿਸ਼ਵ ਨੂੰ ਚਾਹੀਦਾ ਹੈ ਕਿ ਉਹ ਦੱਖਣੀ ਏਸ਼ੀਆ ’ਚ ਸ਼੍ਰੀਲੰਕਾ ਨੂੰ ਦੂਜਾ ਅਸਫਲ (ਅਫਗਾਨਿਸਤਾਨ) ਬਣਨ ਤੋਂ ਰੋਕੇ।

ਬਲਬੀਰ ਪੁੰਜ

(ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਸ਼ਟਰੀ ਉਪ ਪ੍ਰਧਾਨ)


Anuradha

Content Editor

Related News