ਦੱਖਣੀ ਚੀਨ ਸਾਗਰ ’ਚ ਪਰਮਾਣੂ ਭੰਡਾਰ ਬਣਾ ਰਿਹੈ ਡ੍ਰੈਗਨ

11/29/2022 5:51:53 PM

ਅਮਰੀਕਾ ’ਤੇ ਜਵਾਬੀ ਹਮਲਾ ਕਰਨ ਲਈ ਚੀਨ ਨੇ ਦੱਖਣੀ ਚੀਨ ਸਾਗਰ ਅਮਰੀਕੀ ਟਿਕਾਣਿਆਂ ਨੇੜੇ ਪਰਮਾਣੂ ਹਥਿਆਰਾਂ ਨਾਲ ਲੈਸ ਆਪਣੀਆਂ ਪਣਡੁੱਬੀਆਂ ਤਾਇਨਾਤ ਕਰ ਦਿੱਤੀਆਂ ਹਨ। ਚੀਨ ਪਹਿਲਾਂ ਤਾਂ ਅਮਰੀਕਾ ਕੋਲੋਂ ਦੱਬਣ ਦੀ ਥਾਂ ਉਸ ’ਤੇ ਆਪਣੀਆਂ ਪਣਡੁੱਬੀਆਂ ਰਾਹੀਂ ਪਰਮਾਣੂ ਮਿਜ਼ਾਈਲਾਂ ਤਾਇਨਾਤ ਕਰ ਕੇ ਉਸ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਦੀ ਇਸ ਹਰਕਤ ਤੋਂ ਸਾਰੀ ਦੁਨੀਆ ਹੈਰਾਨ ਹੈ ਕਿਉਂਕਿ ਚੀਨ ਪੂਰੇ ਦੱਖਣੀ ਚੀਨ ਸਾਗਰ ਵਿਚ ਪਰਮਾਣੂ ਮਿਜ਼ਾਈਲਾਂ ਦਾ ਭੰਡਾਰ ਜਮ੍ਹਾ ਕਰ ਰਿਹਾ ਹੈ। ਅਮਰੀਕੀ ਐਡਮਿਰਲ ਸੈਮੁਏਨ ਪਾਪਾਰੋ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਚੀਨ ਇਸ ਸਮੇਂ ਆਪਣੀ ਜੇ.ਐੱਲ.-3 ਸਬਮਰੀਨ ਲਾਂਚ ਬੈਲਿਸਟਿਕ ਮਿਜ਼ਾਈਲ ਨੂੰ ਆਪਣੀਆਂ ਪਣਡੁੱਬੀਆਂ ’ਚ ਲਿਜਾ ਕੇ ਅਮਰੀਕੀ ਸਮੁੰਦਰੀ ਕੰਢਿਆਂ ਨੇੜੇ ਹਮਲਾ ਕਰਨ ਦੀ ਯੋਜਨਾ ’ਤੇ ਕੰਮ ਕਰ ਰਿਹਾ ਹੈ। ਪਾਪਾਰੋ ਨੇ ਅੱਗੇ ਦੱਸਿਆ ਕਿ ਇਸ ਨੂੰ ਲੈ ਕੇ ਅਮਰੀਕਾ ਅਤੇ ਦੁਨੀਆ ’ਚ ਖਿਚਾਅ ਹੈ ਹਾਲਾਂਕਿ ਅਮਰੀਕਾ ਚੀਨ ਦੀਆਂ ਹਰਕਤਾਂ ’ਤੇ ਨਜ਼ਰ ਰੱਖ ਰਿਹਾ ਹੈ। ਉਹ ਚੀਨ ਦੀ ਹਰ ਚਾਲ ਦਾ ਜਵਾਬ ਦੇਣ ਲਈ ਤਿਆਰ ਹੈ।

ਚੀਨ ਇਸ ਸਮੇਂ ਅਮਰੀਕਾ ਨਾਲ ਤਣਾਅ ਨੂੰ ਇਸ ਲਈ ਵੀ ਵਧਾ ਰਿਹਾ ਹੈ ਕਿਉਂਕਿ ਉਸ ਦੀ ਆਪਣੀ ਆਰਥਿਕ ਹਾਲਤ ਬੁਰੀ ਤਰ੍ਹਾਂ ਡਾਵਾਂਡੋਲ ਹੈ। ਇਸ ਤੋਂ ਇਲਾਵਾ ਕੋਰੋਨਾ ਮਹਾਮਾਰੀ ਕਾਰਣ ਚੀਨ ਦੇ ਕਈ ਸ਼ਹਿਰਾਂ ’ਚ ਲਾਗੂ ਲਾਕਡਾਊਨ ’ਚ ਉੱਥੋਂ ਦੇ ਲੋਕ ਹੁਣ ਨਹੀਂ ਰਹਿਣਾ ਚਾਹੁੰਦੇ। ਪਹਿਲੀ ਵਾਰ ਉਹ ਪੁਲਸ ਅਤੇ ਸੁਰੱਖਿਆ ਮੁਲਾਜ਼ਮਾਂ ਨਾਲ ਕੁੱਟਮਾਰ ’ਤੇ ਉਤਾਰੂ ਹੋ ਗਏ ਹਨ। ਚੀਨ ਦੀ ਅੰਦਰੂਨੀ ਹਾਲਤ ਇਸ ਸਮੇਂ ਖਾਨਾਜੰਗੀ ਵੱਲ ਵਧਦੀ ਨਜ਼ਰ ਆ ਰਹੀ ਹੈ। ਤਿਨਾਨਮਿਨ ਚੌਕ ਵਾਲੀ ਘਟਨਾ ਪਿੱਛੋਂ ਵੱਡੀ ਪੱਧਰ ’ਤੇ ਹੁਣ ਲੋਕ ਸੜਕਾਂ ’ਤੇ ਉਤਰਨ ਲੱਗੇ ਹਨ। ਉਹ ਸੁਰੱਖਿਆ ਮੁਲਾਜ਼ਮਾਂ ਨਾਲ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਸਭ ਨੂੰ ਸ਼ਾਂਤ ਕਰਨ ਲਈ ਚੀਨ ਅਜਿਹੀ ਯੋਜਨਾ ਬਣਾ ਰਿਹਾ ਹੈ ਜਿਸ ਨਾਲ ਉਹ ਆਪਣੇ ਕਿਸੇ ਵੀ ਗੁਆਂਢੀ ਦੇਸ਼ ਜਾਂ ਫਿਰ ਆਪਣੇ ਰਵਾਇਤੀ ਵਿਰੋਧੀ ਅਮਰੀਕਾ ਨਾਲ ਜੰਗ ਸ਼ੁਰੂ ਕਰ ਕੇ ਆਪਣੇ ਲੋਕਾਂ ਦਾ ਧਿਆਨ ਪਲਟਾ ਦੇਵੇ ਅਤੇ ਉਸ ਲਈ ਘਰੇਲੂ ਮੋਰਚੇ ਨੂੰ ਸੰਭਾਲਣਾ ਸੌਖਾ ਹੋ ਜਾਏ। ਚੀਨ ਦੀ ਹਾਲਤ ਅੰਦਰਖਾਤੇ ਇੰਨੀ ਖਰਾਬ ਹੈ ਕਿ ਉੱਥੋਂ ਦੇ ਲੋਕ ਜਿਨਪਿੰਗ ਨਾਲ ਬੇਹੱਦ ਨਾਰਾਜ਼ ਹਨ ਅਤੇ ਉਨ੍ਹਾਂ ਨੂੰ ਸੱਤਾ ’ਚ ਵੇਖਣਾ ਤੱਕ ਨਹੀਂ ਚਾਹੁੰਦੇ।

ਇਕ ਸਾਲ ਪਹਿਲਾਂ ਵੀ ਪੈਂਟਾਗਨ ਨੇ ਦੱਸਿਆ ਸੀ ਕਿ ਚੀਨੀ ਪੀ. ਐੱਲ. ਏ. ਡੀ. ਸਮੁੰਦਰੀ ਫੌਜ ਜਲਦੀ ਹੀ ਆਪਣੇ ਸਮੁੰਦਰੀ ਕੰਢਿਆਂ ਤੋਂ ਅਮਰੀਕਾ ’ਤੇ ਮਿਜ਼ਾਈਲਾਂ ਨੂੰ ਦਾਗਣ ਦੀ ਸਮਰੱਥਾ ਬਣਾ ਲਏਗੀ। ਇਸ ਦੇ ਜਵਾਬ ਵਿਚ ਪਾਪਾਰੋ ਨੇ ਦੱਸਿਆ ਕਿ ਅਜੇ ਚੀਨ ਦੀ ਟਾਈਪ-094 ਐੱਸ. ਐੱਸ. ਬੀ. ਐੱਨ. ਕੋਲ ਇੰਨੀ ਸਮਰੱਥਾ ਨਹੀਂ ਹੈ ਪਰ ਕੁਝ ਜਾਣਕਾਰਾਂ ਮੁਤਾਬਕ ਚੀਨ ਦੀਆਂ ਪਣਡੁੱਬੀਆਂ ਅਮਰੀਕਾ ਨੂੰ ਘੇਰਨ ਦੀ ਰਣਨੀਤੀ ਅਧੀਨ ਹਵਾਈ ਟਾਪੂ ਤੱਕ ਦਾ ਚੱਕਰ ਲਾ ਚੁੱਕੀਆਂ ਹਨ। ਇਸ ਸਬੰਧੀ ਅਧਿਕਾਰਤ ਤੌਰ ’ਤੇ ਅਮਰੀਕਾ ਨੇ ਪੁਸ਼ਟੀ ਨਹੀਂ ਕੀਤੀ ਪਰ ਅਮਰੀਕਾ ਚੀਨ ਦੀ ਉਕਤ ਹਰਕਤ ਤੋਂ ਚਿੰਤਿਤ ਜ਼ਰੂਰ ਹੈ। ਚੀਨ ਦੀ ਸਮੁੰਦਰੀ ਫੌਜ ਦੀ ਵਧਦੀ ਮਾਰ ਕਰਨ ਦੀ ਸਮਰੱਥਾ ਨੂੰ ਲੈ ਕੇ ਅਮਰੀਕਾ ਚਿੰਤਿਤ ਹੈ। ਇਸ ਸਬੰਧੀ ਅਮਰੀਕੀ ਰਣਨੀਤਿਕ ਕਮਾਂਡ ਦੇ ਕਮਾਂਡਰ ਐਡਮਿਰਲ ਚਾਰਲਸ ਰਿਚਰਡ ਨੇ ਅਮਰੀਕੀ ਸੈਨੇਟ ਫੌਜੀ ਸੇਵਾ ਕਮਿਸ਼ਨ ਨੂੰ ਇਸ ਸਾਲ ਦੇ ਸ਼ੁਰੂ ’ਚ ਜਾਣਕਾਰੀ ਦਿੱਤੀ ਸੀ ਕਿ ਚੀਨ ਦੀ ਜੇ.ਐੱਲ.-3 ਕੋਲ 10,000 ਕਿਲੋਮੀਟਰ ਤੱਕ ਦੀ ਮਾਰ ਕਰਨ ਦੀ ਸਮਰੱਥਾ ਹੋਣ ਦੀ ਬਹੁਤ ਸੰਭਾਵਨਾ ਹੈ।

ਓਧਰ ਚੀਨ ਦੀ ਜੇ. ਐੱਲ.-2 ਦੀ ਮਾਰ ਕਰਨ ਦੀ ਸਮਰੱਥਾ ਬਾਰੇ ਜਾਣਕਾਰ ਸੂਤਰ ਕਹਿੰਦੇ ਹਨ ਕਿ ਉਹ 7200 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ। ਅਮਰੀਕੀ ਥਿੰਕਟੈਂਕ ’ਚ ਇਸ ਗੱਲ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਜੇ.ਐੱਲ.-2 ਨੂੰ ਟਾਈਪ-094 ਐੱਸ. ਐੱਸ. ਬੀ. ਐੱਨ. ਦੀ ਸਮਰੱਥਾ ਨਾਲ ਜੇ ਲੈਸ ਕਰ ਦਿੱਤਾ ਜਾਵੇ ਤਾਂ ਚੀਨ ਦੇ ਬੋਹਾਈ ਸਮੁੰਦਰ ਤੋਂ ਅਮਰੀਕਾ ਦੇ ਪੱਛਮੀ ਕੰਢੇ ਅਲਾਸਕਾ ਤੱਕ ਚੀਨ ਆਪਣੀਆਂ ਮਿਜ਼ਾਈਲਾਂ ਛੱਡ ਸਕਦਾ ਹੈ। ਇਸ ਸਬੰਧੀ ਅਮਰੀਕੀ ਰੱਖਿਆ ਉਪਕਰਣ ਦੇ ਜਾਣਕਾਰਾਂ ਨੇ ਦੱਸਿਆ ਕਿ ਜੇ.ਐੱਲ.-2 ਨੂੰ 094 ਐੱਸ. ਐੱਸ. ਬੀ. ਐੱਨ. ਨਾਲ ਲੈਸ ਹੋਣ ਤੋਂ ਬਾਅਦ ਵੀ ਅਮਰੀਕੀ ਕੰਢਿਆ ’ਤੇ ਹਮਲਾ ਕਰਨ ਲਈ ਬੋਹਾਈ ਤੋਂ ਨਹੀਂ ਸਗੋਂ ਹਵਾਈ ਟਾਪੂ ਤੱਕ ਜਾਣਾ ਹੋਵੇਗਾ। ਅਮਰੀਕਾ ਇੰਝ ਨਹੀਂ ਹੋਣ ਦੇਵੇਗਾ ਕਿਉਂਕਿ ਚੀਨ ਦੇ ਹਥਿਆਰਾਂ ਦੀ ਅਜੇ ਇੰਨੀ ਦੂਰ ਤੱਕ ਮਾਰ ਕਰਨ ਦੀ ਸਮਰੱਥਾ ਨਹੀਂ ਹੈ।

ਚੀਨ ਇਸ ਸਮੇਂ ਅਮਰੀਕਾ ਨੂੰ ਪਾਣੀ ਵਿਚ ਘੇਰਨ ਦੀ ਰਣਨੀਤੀ ਬਣਾ ਰਿਹਾ ਹੈ। ਉਸੇ ਹਿਸਾਬ ਨਾਲ ਉਹ ਆਪਣੇ ਦੇਸ਼ ਵਿਚ ਹਥਿਆਰਾਂ ਨੂੰ ਵਿਕਸਿਤ ਕਰ ਰਿਹਾ ਹੈ। ਇਸ ਨੂੰ ਵੇਖਦੇ ਹੋਏ ਅਮਰੀਕਾ ਵੱਲੋਂ ਚੀਨ ਦੇ ਹਥਿਆਰਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ ਕਿ ਜੇ ਜੰਗ ਵਰਗੇ ਹਾਲਾਤ ਬਣਦੇ ਹਨ ਤਾਂ ਚੀਨ ਉਸ ਨੂੰ ਕਿੰਨਾ ਖਤਰਾ ਦੇ ਸਕਦਾ ਹੈ। 2016 ਦੀ ‘ਕਾਰਨੇਗੀ ਐਂਡੋਵਮੈਂਟ ਫਾਰ ਰਿਜਨਲ ਪੀਸ’ ਦੀ ਰਿਪੋਰਟ ਮੁਤਾਬਕ ਚੀਨ ਪਹਿਲਾਂ ਪਰਮਾਣੂ ਹਥਿਆਰਾਂ ਦੀ ਵਰਤੋਂ ਨਾ ਕਰਨ ਨੂੰ ਲੈ ਕੇ ਵਚਨਬੱਧ ਹੈ ਪਰ ਜਾਣਕਾਰ ਇਹ ਵੀ ਕਹਿੰਦੇ ਹਨ ਕਿ ਚੀਨੀ ਆਗੂਆਂ ’ਚ ਲੰਬੇ ਸਮੇਂ ਤੋਂ ਆਪਣੀ ‘ਨੋ ਫਸਟ ਯੂਜ਼ ਆਫ ਨਿਊਕਲੀਅਰ’ ਨੀਤੀ ’ਤੇ ਬਹਿਸ ਚੱਲ ਰਹੀ ਹੈ। ਇਸ ਨੂੰ ਵੇਖਦਿਆਂ ਅਜਿਹਾ ਲੱਗਦਾ ਹੈ ਕਿ ਜਲਦੀ ਹੀ ਇਸ ਨੀਤੀ ’ਚ ਚੀਨ ਤਬਦੀਲੀ ਕਰ ਸਕਦਾ ਹੈ।

2015 ਦੀ ‘ਸੈਂਟਰ ਫਾਰ ਸਟ੍ਰੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼’ ਦੀ ਇਕ ਿਰਪੋਰਟ ਮੁਤਾਬਕ ਅਮਰੀਕਾ ਅਤੇ ਉਸ ਦੇ ਮਿੱਤਰ ਦੇਸ਼ ਮਿਯਾਕੋ ਖਾੜੀ, ਬਾਸ਼ੀ ਚੈਨਲ ਅਤੇ ਸੁਲੂ ਸਮੁੰਦਰੀ ਖੇਤਰ ’ਚ ਚੀਨ ਨੂੰ ਰੋਕਣ ਲਈ ਚੈੱਕ ਪੁਆਇੰਟ ਬਣਾ ਸਕਦੇ ਹਨ ਤਾਂ ਜੋ ਚੀਨ ਨੂੰ ਪ੍ਰਸ਼ਾਂਤ ਮਹਾਸਾਗਰ ਵਿਚ ਆਉਣ ਤੋਂ ਰੋਕਿਆ ਜਾ ਸਕੇ। ਨਾਲ ਹੀ ਰਣਨੀਤੀਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਚੀਨ ਆਪਣੀ ਐੱਸ. ਐੱਸ. ਬੀ. ਐੱਨ. ਨਾਲ ਘੱਟ ਦੂਰੀ ਅਤੇ ਆਪਣੇ ਸਮੁੰਦਰੀ ਕੰਢਿਆਂ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਮਜ਼ਬੂਤ ਸਥਿਤੀ ਵਿਚ ਹੋ ਸਕਦਾ ਹੈ ਪਰ ਖੁੱਲ੍ਹੇ ਸਮੁੰਦਰ ’ਚ ਚੀਨ ਨੂੰ ਉਹ ਚੜ੍ਹਤ ਅਜੇ ਹਾਸਲ ਨਹੀਂ ਹੋਈ ਜਿਸ ਦੇ ਆਧਾਰ ’ਤੇ ਉਹ ਅਮਰੀਕਾ ਲਈ ਖਤਰਾ ਬਣ ਸਕੇ।


Manoj

Content Editor

Related News