ਲੋਕਤੰਤਰ ਲਈ ਧੱਬਾ ਹੈ ਸਿਆਸਤ ’ਚ ‘ਵੰਸ਼ਵਾਦ’

Wednesday, Dec 26, 2018 - 07:03 AM (IST)

ਲੋਕਤੰਤਰ ਲਈ ਧੱਬਾ ਹੈ ਸਿਆਸਤ ’ਚ ‘ਵੰਸ਼ਵਾਦ’

ਵੰਸ਼ਵਾਦ (ਪਰਿਵਾਰਵਾਦ) ਨਾਲ ਜੁੜੀਅਾਂ ਦੋ ਘਟਨਾਵਾਂ ਲੋਕਤੰਤਰ ਲਈ ਚਿੰਤਾਜਨਕ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਦੋਵੇਂ ਸਿਆਸੀ ਘਟਨਾਵਾਂ ਕੀ ਹਨ ਅਤੇ ਸਾਡੇ ਲੋਕਤੰਤਰ ਲਈ ਧੱਬਾ ਕਿਵੇਂ ਹਨ? ਇਹ ਦੋਵੇਂ ਸਿਆਸੀ ਘਟਨਾਵਾਂ ਰਾਮਵਿਲਾਸ ਪਾਸਵਾਨ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨਾਲ ਜੁੜੀਅਾਂ ਹੋਈਅਾਂ ਹਨ।
ਚੰਦਰਸ਼ੇਖਰ ਰਾਓ ਨੇ ਆਪਣੇ ਬੇਟੇ ਰਾਮਾਰਾਓ ਨੂੰ ਆਪਣੀ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਦਾ ਸਿਆਸੀ ਅਰਥ ਇਹ ਹੋਇਆ ਕਿ ਹੁਣ ਚੰਦਰਸ਼ੇਖਰ ਰਾਓ ਦੀ ਪਾਰਟੀ ਉਨ੍ਹਾਂ ਦੀ ਆਪਣੀ ਵੰਸ਼ਵਾਦੀ ਸਿਆਸਤ ਦੀ ਰਖੈਲ ਬਣ ਗਈ ਹੈ ਤੇ ਹੁਣ ਕੋਈ ਆਮ ਆਦਮੀ ਉਨ੍ਹਾਂ ਦੀ ਪਾਰਟੀ ਦੇ ਸਰਵਉੱਚ ਅਹੁਦੇ ’ਤੇ ਪਹੁੰਚ ਹੀ ਨਹੀਂ ਸਕੇਗਾ। 
ਦੂਜੀ ਘਟਨਾ ’ਚ ਰਾਮਵਿਲਾਸ ਪਾਸਵਾਨ ਆਪਣੇ ਬੇਟੇ ਚਿਰਾਗ ਪਾਸਵਾਨ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਮਿਲਦੇ ਹਨ ਅਤੇ ਗੱਠਜੋੜ ਦਾ ਸਿਆਸੀ ਸੌਦਾ ਕਰਦੇ ਹਨ। ਆਪਣੀ ਪਾਰਟੀ ਵਲੋਂ ਸਿਰਫ ਉਹ ਦੋਵੇਂ (ਪਿਓ-ਪੁੱਤ) ਹੀ ਹੁੰਦੇ ਹਨ, ਤੀਜੇ ਵਿਅਕਤੀ ਦੀ ਕੋਈ ਭੂਮਿਕਾ ਨਹੀਂ ਹੁੰਦੀ। ਇਹ ਵੀ ਜਾਣਨਾ ਜ਼ਰੂਰੀ ਹੈ ਕਿ ਪਾਸਵਾਨ ਨੇ ਆਪਣੀ ਸਿਆਸੀ ਵਿਰਾਸਤ ਦਾ ਵਾਰਿਸ ਚਿਰਾਗ ਨੂੰ ਹੀ ਐਲਾਨਿਆ ਹੋਇਆ ਹੈ। 
ਭਾਰਤੀ ਸਿਆਸਤ ’ਚ ਵੰਸ਼ਵਾਸ ਇਕ ਕਲੰਕ ਵਾਂਗ ਹੈ। ਭਾਰਤੀ ਸਿਆਸਤ ’ਚ ਵੰਸ਼ਵਾਦ ਸੀਮਤ ਹੋਣ ਜਾਂ ਫਿਰ ਇਸ ਦੇ ਖਤਮ ਹੋਣ ਦੀ ਸੰਭਾਵਨਾ ਬਹੁਤ ਸੀਮਤ ਹੈ, ਲੱਗਭਗ ਨਾ ਦੇ ਬਰਾਬਰ। ਦੇਸ਼ ’ਚ ਅਜਿਹਾ ਕਿਹੜਾ ਸੂਬਾ ਹੈ, ਜਿਥੇ ਵੰਸ਼ਵਾਦ ਦੀ ਸਿਆਸਤ ਲੋਕਤੰਤਰ ਨੂੰ ਕਲੰਕਿਤ ਨਹੀਂ ਕਰ ਰਹੀ? 
ਗੁਨਾਹਗਾਰ ਕੌਣ
ਭਾਰਤੀ ਲੋਕਤੰਤਰ ’ਚ ਵੰਸ਼ਵਾਦ ਦਾ ਸਿਆਸੀ ਘਰਾਣਾ ਸਥਾਪਿਤ ਕਰਨ ਲਈ ਗੁਨਾਹਗਾਰ ਕੌਣ ਹੈ, ਇਹ ਕੌਣ ਨਹੀਂ ਜਾਣਦਾ। ਭਾਰਤੀ ਸਿਆਸਤ ’ਚ ਵੰਸ਼ਵਾਦ ਦਾ ਧੱਬਾ ਲਾਉਣ ਅਤੇ ਸਿਆਸੀ ਘਰਾਣਾ ਸਥਾਪਿਤ ਕਰਨ ਦੇ ਗੁਨਾਹਗਾਰ ਪੰ. ਜਵਾਹਰ ਲਾਲ ਨਹਿਰੂ ਸਨ। ਜੇ ਉਨ੍ਹਾਂ ਨੇ ਵੰਸ਼ਵਾਦ ਦਾ ਮੋਹ ਨਾ ਪਾਲ਼ਿਆ ਹੁੰਦਾ ਤਾਂ ਅੱਜ ਸ਼ਾਇਦ ਵੰਸ਼ਵਾਦ ਆਮ ਆਦਮੀ ਲਈ ਇਸ ਤਰ੍ਹਾਂ ਨੁਕਸਾਨਦੇਹ ਸਿੱਧ ਨਾ ਹੁੰਦਾ ਅਤੇ ਨਾ ਹੀ ਆਮ ਆਦਮੀ ਦੀ ਸਿਆਸਤ ’ਚ ਸਰਗਰਮੀ ਸੀਮਤ ਹੁੰਦੀ। 
ਪੰ. ਨਹਿਰੂ ਨੇ ਆਪਣੇ ਜੀਵਨਕਾਲ ’ਚ ਹੀ ਆਪਣੀ ਭੈਣ ਤੇ ਬੇਟੀ ਨੂੰ ਕਾਂਗਰਸ ਦੀ ਸਿਆਸਤ ’ਚ ਸਥਾਪਿਤ ਕਰ ਦਿੱਤਾ ਸੀ। ਉਨ੍ਹਾਂ ਸਾਹਮਣੇ ਨਹਿਰੂ ਲਈ ਬਾਕੀ ਕਾਂਗਰਸੀ ‘ਦੋਇਮ’ ਬਣ ਗਏ ਸਨ, ਜੋ ਆਜ਼ਾਦੀ ਦੇ ਅੰਦੋਲਨ ’ਚ ਆਪਣਾ ਸਭ ਕੁਝ ਵਾਰ ਚੁੱਕੇ ਸਨ। ਉਹ ਸਿਆਸੀ ਪ੍ਰਤਿਭਾ ਦੇ ਧਨੀ ਵੀ ਸਨ ਤੇ ਸਿਆਸਤ ਉਨ੍ਹਾਂ ਲਈ ਵਪਾਰ ਨਹੀਂ ਸੀ, ਸਗੋਂ ਉਹ ਸਿਆਸਤ ਨੂੰ ਸਮਾਜ ਸੇਵਾ ਵਜੋਂ ਲੈਂਦੇ ਸਨ। 
ਜਦੋਂ ਇਕ ਵਾਰ ਵੰਸ਼ਵਾਦੀ ਸਿਆਸਤ ਸਥਾਪਿਤ ਹੋ ਗਈ ਤਾਂ ਇਹ ਚਲਨ ਦੇਸ਼ ’ਚ ਆਮ ਹੋ ਗਿਆ। ਵੰਸ਼ਵਾਦੀ ਸਿਆਸਤ ਆਮ ਆਦਮੀ ਲਈ ਮਾਰੂ ਸਿੱਧ ਹੋਈ। ਵੰਸ਼ਵਾਦੀ ਸਿਆਸਤ ਦੀ ਮਿਸਾਲ ਜੇਕਰ ਅਸੀਂ ਦੇਖੀਏ ਤਾਂ ਦੇਸ਼ ਦਾ ਅਜਿਹਾ ਕੋਈ ਸੂਬਾ ਨਹੀਂ, ਜਿਥੇ ਸਿਆਸੀ ਘਰਾਣਾ ਸਥਾਪਿਤ ਨਾ ਹੋਵੇ, ਜਿਵੇਂ ਬਿਹਾਰ ’ਚ ਲਾਲੂ ਘਰਾਣਾ, ਯੂ. ਪੀ. ’ਚ ਮੁਲਾਇਮ-ਅਖਿਲੇਸ਼ ਦਾ ਸਿਆਸੀ ਘਰਾਣਾ, ਕਰਨਾਟਕ ’ਚ ਐੱਚ. ਡੀ. ਦੇਵੇਗੌੜਾ ਦਾ ਸਿਆਸੀ ਘਰਾਣਾ, ਪੰਜਾਬ ’ਚ ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਘਰਾਣਾ, ਤੇਲੰਗਾਨਾ ’ਚ ਕੇ. ਚੰਦਰਸ਼ੇਖਰ ਰਾਓ ਦਾ ਸਿਆਸੀ ਘਰਾਣਾ, ਹਰਿਆਣਾ ’ਚ ਭੁਪਿੰਦਰ ਸਿੰਘ ਹੁੱਡਾ ਅਤੇ ਚੌ. ਦੇਵੀ ਲਾਲ ਦਾ ਸਿਆਸੀ ਘਰਾਣਾ, ਮਹਾਰਾਸ਼ਟਰ ’ਚ ਸ਼ਰਦ ਪਰਿਵਾਰ ਦਾ ਸਿਆਸੀ ਘਰਾਣਾ, ਅਾਂਧਰਾ ਪ੍ਰਦੇਸ਼ ’ਚ ਐੱਨ. ਟੀ. ਰਾਮਾਰਾਓ ਦਾ ਸਿਆਸੀ ਘਰਾਣਾ, ਝਾਰਖੰਡ ’ਚ ਸ਼ਿੱਬੂ ਸੋਰੇਨ ਦਾ ਸਿਆਸੀ ਘਰਾਣਾ, ਤਾਮਿਲਨਾਡੂ ’ਚ ਕਰੁਣਾਨਿਧੀ ਤੇ ਮੱਧ ਪ੍ਰਦੇਸ਼ ’ਚ ਮਾਧਵਰਾਓ ਸਿੰਧੀਆ ਦਾ ਸਿਆਸੀ ਘਰਾਣਾ ਆਦਿ ਜ਼ਿਕਰਯੋਗ ਹਨ। 
ਭਾਜਪਾ ’ਚ ਵੀ ਵੰਸ਼ਵਾਦ ਦੀਅਾਂ ਕੁਝ ਸਿਆਸੀ ਘਟਨਾਵਾਂ ਦੇਖੀਅਾਂ ਜਾ ਸਕਦੀਅਾਂ ਹਨ। ਰਾਜਸਥਾਨ ’ਚ ਵਸੁੰਧਰਾ ਰਾਜੇ ਸਿੰਧੀਆ ਆਪਣੇ ਬੇਟੇ ਨੂੰ ਭਾਜਪਾ ਦੀ ਸਿਆਸਤ ’ਚ ਸਥਾਪਿਤ ਕਰ ਚੁੱਕੀ ਹੈ, ਛੱਤੀਸਗੜ੍ਹ ’ਚ ਰਮਨ ਸਿੰਘ ਆਪਣੇ ਬੇਟੇ ਨੂੰ ਭਾਜਪਾ ਦੀ ਸਿਆਸਤ ’ਚ ਸਥਾਪਿਤ ਕਰ ਚੁੱਕੇ ਹਨ, ਸਵ. ਪ੍ਰਮੋਦ ਮਹਾਜਨ ਦੀ ਧੀ ਪੂਨਮ ਭਾਜਪਾ ਦੀ ਯੁਵਾ ਸ਼ਾਖਾ ਦੀ ਪ੍ਰਮੁੱਖ ਬਣ ਚੁੱਕੀ ਹੈ। ਇਨ੍ਹਾਂ ਸਾਰਿਅਾਂ ’ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਮਿਸਾਲ ਭਾਰੀ ਹੈ। 
ਲੋਹੀਆ ਸਨ ਵੰਸ਼ਵਾਦੀ ਸਿਆਸਤ ਦੇ ਵਿਰੋਧੀ 
ਵੰਸ਼ਵਾਦ ਦੀ ਸਿਆਸਤ ਦੇ ਸਭ ਤੋਂ ਵੱਡੇ ਵਿਰੋਧੀ ਕੌਣ ਸਨ? ਇਹ ਸਨ ਰਾਮਮਨੋਹਰ ਲੋਹੀਆ, ਜਿਨ੍ਹਾਂ ਨੇ ਸਿਆਸਤ ’ਚ ਵੰਸ਼ਵਾਦ ਦੇ ਖਤਰੇ ਨੂੰ ਤਾੜ ਲਿਆ ਸੀ। ਹਾਲਾਂਕਿ ਨਹਿਰੂ ਉਨ੍ਹਾਂ ਦੀ ਸਿਆਸੀ ਸਰਗਰਮੀ ਤੇ ਪ੍ਰਤਿਭਾ ਦੇ ਪ੍ਰਸ਼ੰਸਕ ਸਨ ਤੇ ਉਨ੍ਹਾਂ ਨੂੰ ਭਾਰਤ ਦਾ ਭਵਿੱਖ ਮੰਨਦੇ ਸਨ, ਫਿਰ ਵੀ ਲੋਹੀਆ ਨਹਿਰੂ ਦੇ ਕੱਟੜ ਵਿਰੋਧੀ ਸਨ। ਲੋਹੀਆ ਦੇ ਵਿਰੋਧ ਦਾ ਇਕ ਅਰਥ ਸੀ ਤੇ ਉਨ੍ਹਾਂ ਦਾ ਵਿਰੋਧ ਸੁਭਾਵਿਕ ਸੀ। ਲੋਹੀਆ ਕਹਿੰਦੇ ਸਨ ਕਿ ਇੰਨੀਅਾਂ ਕੁਰਬਾਨੀਅਾਂ ਤੋਂ ਬਾਅਦ ਇਹ ਆਜ਼ਾਦੀ ਸਾਨੂੰ ਸਿਆਸੀ ਵੰਸ਼ਵਾਦ ਖੜ੍ਹਾ ਕਰਨ ਲਈ ਨਹੀਂ ਮਿਲੀ ਸੀ। ਆਜ਼ਾਦੀ ਦਾ ਅਰਥ ਆਮ ਆਦਮੀ ਦੀ ਸਰਗਰਮੀ ਨੂੰ ਸਥਾਪਿਤ ਕਰਨਾ ਸੀ ਪਰ ਨਹਿਰੂ ਨੇ ਵੰਸ਼ਵਾਦ ਦੀ ਸਿਆਸਤ ਖੜ੍ਹੀ ਕਰ ਕੇ ਆਜ਼ਾਦੀ ਦੇ ਅਰਥ ਹੀ ਬਦਲ ਦਿੱਤੇ। ਇਸ ਦੇ ਵਿਰੋਧ ’ਚ ਲੋਹੀਆ ਨੇ ਅੰਦੋਲਨ ਵੀ ਚਲਾਇਆ ਸੀ। 
ਲੋਹੀਆ ਨੇ ਜਿਹੜੇ ਲੋਕਾਂ ਨੂੰ ਵੰਸ਼ਵਾਦ ਦੀ ਸਿਆਸਤ ਦੇ ਵਿਰੁੱਧ ਖੜ੍ਹੇ ਕੀਤਾ ਸੀ, ਉਨ੍ਹਾਂ ਨੇ ਹੀ ਲੋਹੀਆ ਨਾਲ ਬੇਇਨਸਾਫੀ ਕੀਤੀ ਤੇ ਉਨ੍ਹਾਂ ਦੇ ਸਿਧਾਂਤਾਂ ਨੂੰ ਭੁਲਾ ਦਿੱਤਾ। ਕੀ ਇਹ ਸਹੀ ਨਹੀਂ ਕਿ ਅੱਜ ਦੇਸ਼ ’ਚ ਜਿਹੜੇ ਸਿਆਸੀ ਘਰਾਣੇ ਲੋਕਤੰਤਰ ਦਾ ਮੂੰਹ ਚਿੜ੍ਹਾ ਰਹੇ ਹਨ, ਉਨ੍ਹਾਂ ’ਚੋਂ ਬਹੁਤੇ ਲੋਹੀਆ ਦੇ ਚੇਲੇ ਸਨ ਤੇ ਉਨ੍ਹਾਂ ਨੇ ਲੋਹੀਆ ਦੇ ਨਾਂ ’ਤੇ ਹੀ ਸਿਆਸਤ ਦੀਅਾਂ ਪੌੜੀਅਾਂ ਚੜ੍ਹੀਅਾਂ ਸਨ। 
ਲਾਲੂ ਯਾਦਵ,  ਪਾਸਵਾਨ, ਮੁਲਾਇਮ ਸਿੰਘ ਯਾਦਵ ਅਤੇ ਐੱਚ. ਡੀ. ਦੇਵੇਗੌੜਾ ਵਰਗੇ ਲੋਕ ਲੋਹੀਆ ਦੇ ਨਾਂ ’ਤੇ ਹੀ ਸਿਆਸਤ ’ਚ ਸਰਗਰਮ ਹੋਏ ਅਤੇ ਸਿਆਸੀ ਤੌਰ ’ਤੇ ਮਜ਼ਬੂਤ ਹੁੰਦਿਅਾਂ ਹੀ ਇਨ੍ਹਾਂ ਨੇ ਲੋਹੀਆ ਦੇ ਸਮਾਜਵਾਦ ਦੇ ਸਿਧਾਂਤ ਨੂੰ ਛੱਡ ਕੇ ਸਿਆਸੀ ਵੰਸ਼ਵਾਦ ਸਥਾਪਿਤ ਕਰ ਲਿਆ। ਨਾਲ ਹੀ ਉਨ੍ਹਾਂ ਨੇ ਜਾਤਵਾਦ ਤੇ ਖੇਤਰਵਾਦ ਦੀ ਸਿਆਸਤ ਵੀ ਕੀਤੀ। 
ਸਮਾਜਵਾਦੀ ਵਿਚਾਰਧਾਰਾ ਦੇ ਲੋਕ ਕਦੇ ਨਹਿਰੂ ਤੇ ਇੰਦਰਾ ਗਾਂਧੀ ਦੀ ਵੰਸ਼ਵਾਦੀ ਸਿਆਸਤ ਵਿਰੁੱਧ ਖੂਬ ਬੋਲਦੇ ਸਨ ਤੇ ਆਮ ਲੋਕਾਂ ਨੂੰ ਕਾਂਗਰਸ ਦੀ ਵੰਸ਼ਵਾਦੀ ਸਿਆਸਤ ਦੇ ਵਿਰੁੱਧ ਜਾਗਰੂਕ ਕਰਦੇ ਸਨ। ਇਹ ਵੀ ਸਹੀ ਹੈ ਕਿ ਕਦੇ ਦੇਸ਼ ਦੀ ਸਿਆਸਤ ’ਚ ਨਹਿਰੂ ਤੇ ਇੰਦਰਾ ਗਾਂਧੀ ਦੀ ਵੰਸ਼ਵਾਦੀ ਸਿਆਸਤ ਇਕ ਪ੍ਰਮੁੱਖ ਮੁੱਦਾ ਹੁੰਦੀ ਸੀ ਪਰ ਮੰਦਭਾਗੀ ਗੱਲ ਹੈ ਕਿ ਲੋਹੀਆ ਦੇ ਜਿਹੜੇ ਚੇਲੇ ਨਹਿਰੂ ਤੇ ਇੰਦਰਾ ਗਾਂਧੀ ਦੇ ਵੰਸ਼ਵਾਦ ਵਿਰੁੱਧ ਬੋਲਦੇ ਸਨ, ਉਨ੍ਹਾਂ ’ਚੋਂ ਜ਼ਿਆਦਾਤਰ ਇਕ-ਇਕ ਕਰ ਕੇ ਰਾਹੁਲ ਤੇ ਸੋਨੀਆ ਗਾਂਧੀ ਦੀ ਲੀਡਰਸ਼ਿਪ ਕਬੂਲ ਕਰਦੇ ਗਏ, ਰਾਹੁਲ ਤੇ ਸੋਨੀਆ ਗਾਂਧੀ ਦੀ ਗੱਠਜੋੜ ਸਿਆਸਤ ਦੇ ਚਿਹਰੇ ਬਣਦੇ ਗਏ।
ਅੱਜ ਸਥਿਤੀ ਕਿੰਨੀ ਭਿਆਨਕ ਹੈ, ਇਹ ਖ਼ੁਦ ਦੇਖ ਲਓ। ਕਿਸੇ  ਵਿਧਾਇਕ ਜਾਂ ਕਿਸੇ ਐੱਮ. ਪੀ. ਦਾ ਪਤਨ ਹੁੰਦਾ ਹੈ ਤਾਂ ਅਗਾਂਹ ਉਨ੍ਹਾਂ ਦੇ ਧੀਅਾਂ-ਪੁੱਤਾਂ, ਪਤਨੀ ਨੂੰ ਹੀ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਲਈ ਟਿਕਟ ਦੇ ਦਿੱਤੀ ਜਾਂਦੀ ਹੈ। ਆਮ ਆਦਮੀ ਅਜੇ ਤਕ ਇਹ ਸੋਚ ਰਿਹਾ ਹੈ ਕਿ ਦੇਸ਼ ਦੀ ਮੁੱਖ ਧਾਰਾ ’ਚ ਸ਼ਾਮਿਲ ਮਜ਼ਬੂਤ ਸਿਆਸੀ ਪਾਰਟੀਅਾਂ ਉਸ ਨੂੰ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ’ਚ ਉਮੀਦਵਾਰ ਕਦੋਂ ਬਣਾਉਣਗੀਅਾਂ। 
ਇਹ ਸਹੀ ਹੈ ਕਿ ਕਮਿਊਨਿਸਟ ਸਿਆਸੀ ਪਾਰਟੀਅਾਂ ਇਸ ਕਲੰਕ ਤੋਂ ਬਚੀਅਾਂ ਹੋਈਅਾਂ ਹਨ। ਭਾਜਪਾ ’ਚ ਵੀ ਵੰਸ਼ਵਾਦੀ ਸਿਆਸਤ ਦੀਅਾਂ ਮਿਸਾਲਾਂ ਮਿਲਦੀਅਾਂ ਹਨ ਪਰ ਕਾਂਗਰਸ ਜਾਂ ਹੋਰ ਖੇਤਰਵਾਦੀ, ਜਾਤੀਵਾਦੀ ਤੇ ਵੰਸ਼ਵਾਦੀ ਸਿਆਸੀ ਘਰਾਣਿਅਾਂ ਵਾਂਗ ਭਾਜਪਾ ਅਜੇ ਵੀ ਵੰਸ਼ਵਾਦੀ ਸਿਆਸਤ  ਸਥਾਪਿਤ ਕਰਨ ਤੋਂ ਕੁਝ ਹੱਦ ਤਕ ਬਚੀ ਹੋਈ ਹੈ। ਭਾਜਪਾ ’ਚ ਕੋਈ ਆਮ ਆਦਮੀ ਵੀ ਪਾਰਟੀ ਦਾ ਪ੍ਰਧਾਨ ਬਣ ਸਕਦਾ ਹੈ। 
ਭਾਰਤੀ ਸਿਆਸਤ ਨੂੰ ਵੰਸ਼ਵਾਦ ਦੀ ਸਿਆਸਤ ਤੋਂ ਕਿਵੇਂ ਮੁਕਤ ਕੀਤਾ ਜਾ ਸਕਦਾ ਹੈ, ਇਸ ’ਤੇ ਗੰਭੀਰਤਾ ਨਾਲ ਵਿਚਾਰ ਹੋਣਾ ਚਾਹੀਦਾ ਹੈ। ਕਾਸ਼! ਅੱਜ ਕੋਈ ਰਾਮਮਨੋਹਰ ਲੋਹੀਆ ਹੋਵੇ, ਜੋ ਲੋਕਾਂ ਦਰਮਿਆਨ ਵੰਸ਼ਵਾਦੀ ਸਿਆਸਤ ਦੇ ਵਿਰੁੱਧ ਤਕੜੀ ਮੁਹਿੰਮ ਚਲਾਵੇ। ਫਿਲਹਾਲ ਸਿਆਸੀ ਵੰਸ਼ਵਾਦ ਦੀ ਜ਼ਹਿਰੀਲੀ ਵੇਲ ਵਧਣ ਦਾ ਹੀ ਖਦਸ਼ਾ ਹੈ। 
 


Related News