ਨੈਸ਼ਨਲ ਕਾਨਫਰੰਸ ਤੋਂ ਪਿੱਛਾ ਛੁਡਾਉਣ ਲੱਗੀ ਕਾਂਗਰਸ

04/23/2019 7:33:04 AM

ਬਲਰਾਮ ਸੈਣੀ
ਜੰਮੂ-ਕਸ਼ਮੀਰ ਦੀਆਂ 3 ਲੋਕ ਸਭਾ ਸੀਟਾਂ ’ਤੇ ਗੱਠਜੋੜ ਕਰ ਕੇ ਨੈਸ਼ਨਲ ਕਾਨਫਰੰਸ (ਨੈਕਾ) ਨਾਲ ‘ਪਿਆਰ ਦੀਆਂ ਪੀਂਘਾਂ’ ਵਧਾ ਰਹੇ ਕਾਂਗਰਸ ਦੇ ਨੇਤਾ ਹੁਣ ਉਸ ਤੋਂ ਪਿੱਛਾ ਛੁਡਾਉਣ ਦੀ ਕਵਾਇਦ ’ਚ ਜੁਟ ਗਏ ਹਨ। ਜਿਵੇਂ ਹੀ ਗੱਠਜੋੜ ਵਾਲੀਆਂ ਤਿੰਨ ਸੀਟਾਂ ਜੰਮੂ-ਪੁੰਛ, ਕਠੂਆ-ਊਧਮਪੁਰ-ਡੋਡਾ ਅਤੇ ਸ਼੍ਰੀਨਗਰ-ਬੜਗਾਮ ਉੱਤੇ ਵੋਟਿੰਗ ਦੀ ਪ੍ਰਕਿਰਿਆ ਪੂਰੀ ਹੋਈ, ਨੈਕਾ ਦੇ ਉਪ-ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੇ ‘ਜੰਮੂ-ਕਸ਼ਮੀਰ ’ਚ ਵੱਖਰਾ ਪ੍ਰਧਾਨ ਮੰਤਰੀ’ ਵਰਗੇ ਬਿਆਨਾਂ ’ਤੇ ਕਾਂਗਰਸ ਦੇ ਤਲਖ ਤੇਵਰ ਸਾਹਮਣੇ ਆ ਗਏ। ਇਸ ਤੋਂ ਇਲਾਵਾ ‘ਪੀ. ਐੱਸ. ਏ. ਹਟਾਉਣ’ ਅਤੇ ‘1953 ਤੋਂ ਪਹਿਲਾਂ ਵਾਲੀ ਸਥਿਤੀ ਦੀ ਬਹਾਲੀ’ ਉੱਤੇ ਵੀ ਕਾਂਗਰਸੀ ਨੇਤਾਵਾਂ ਨੂੰ ਇਤਰਾਜ਼ ਹੈ। ਜ਼ਿਕਰਯੋਗ ਹੈ ਕਿ ਗੱਠਜੋੜ ਦੇ ਤਹਿਤ ਜੰਮੂ-ਪੁੰਛ ਅਤੇ ਕਠੂਆ-ਊਧਮਪੁਰ-ਡੋਡਾ ਸੀਟਾਂ ਕਾਂਗਰਸ ਦੇ ਹਿੱਸੇ ਆਈਆਂ, ਜਦਕਿ ਸ਼੍ਰੀਨਗਰ-ਬੜਗਾਮ ਸੀਟ ਨੈਕਾ ਦੇ ਹਿੱਸੇ ਆਈ ਸੀ। ਇਸ ਤੋਂ ਇਲਾਵਾ ਅਨੰਤਨਾਗ-ਪੁਲਵਾਮਾ, ਬਾਰਾਮੂਲਾ-ਕੁਪਵਾੜਾ ਅਤੇ ਲੱਦਾਖ ਸੀਟਾਂ ’ਤੇ ਦੋਹਾਂ ਪਾਰਟੀਆਂ ਵਿਚਾਲੇ ਦੋਸਤਾਨਾ ਮੁਕਾਬਲੇ ਦੀ ਗੱਲ ਕਹੀ ਗਈ ਸੀ ਪਰ ਬਾਅਦ ’ਚ ਅਨੰਤਨਾਗ-ਪੁਲਵਾਮਾ ਸੀਟ ਤੋਂ ਚੋਣ ਲੜ ਰਹੇ ਕਾਂਗਰਸ ਦੇ ਸੂਬਾ ਪ੍ਰਧਾਨ ਗੁਲਾਮ ਅਹਿਮਦ ਮੀਰ ਨੇ ‘ਦੋਸਤਾਨਾ ਮੁਕਾਬਲੇ’ ਵਾਲੀ ਗੱਲ ਨੂੰ ਸਿਰੇ ਤੋਂ ਨਕਾਰ ਕੇ ਗੰਭੀਰਤਾ ਨਾਲ ਮੁਕਾਬਲਾ ਕਰ ਕੇ ਜਿੱਤਣ ਦਾ ਦਾਅਵਾ ਕੀਤਾ ਸੀ। ਹੁਣ ਵਿਜੇਪੁਰ ’ਚ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਸਾਂਬਾ ਜ਼ਿਲਾ ਪ੍ਰਧਾਨ ਮਨਜੀਤ ਸਿੰਘ ਨੇ ਨੈਕਾ ਵਿਰੁੱਧ ਸ਼ਰੇਆਮ ਮੋਰਚਾ ਖੋਲ੍ਹ ਕੇ ਦੋਹਾਂ ਪਾਰਟੀਆਂ ਦਰਮਿਆਨ ਵਿਚਾਰਕ ਪਾੜਾ ਹੋਰ ਵਧਣ ਦਾ ਸਬੂਤ ਦਿੱਤਾ ਹੈ।

ਨੈਕਾ-ਕਾਂਗਰਸ ਦਾ ਸਬੰਧ ਪੁਰਾਣਾ

ਜੰਮੂ-ਕਸ਼ਮੀਰ ’ਚ ਨੈਕਾ ਅਤੇ ਕਾਂਗਰਸ ਦਾ ਸਬੰਧ ਬਹੁਤ ਪੁਰਾਣਾ ਹੈ। ਆਜ਼ਾਦੀ ਤੋਂ ਬਾਅਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਦੇ ਸਮੇਂ ਦੋਵੇਂ ਪਾਰਟੀਆਂ ਇਕ ਹੀ ਹੁੰਦੀਆਂ ਸਨ ਤੇ ਕਾਂਗਰਸ ਦੇ ਨੇਤਾ ਵੀ ਨੈਕਾ ਦੇ ਚੋਣ ਨਿਸ਼ਾਨ ’ਤੇ ਮੈਦਾਨ ’ਚ ਉਤਰਦੇ ਸਨ। ਫਿਰ 26 ਜਨਵਰੀ 1965 ਨੂੰ ਤੱਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ ਜੰਮੂ-ਕਸ਼ਮੀਰ ’ਚ ਕਾਂਗਰਸ ਦੀ ਰਸਮੀ ਨੀਂਹ ਰੱਖੀ। ਉਸ ਤੋਂ ਬਾਅਦ ਤੱਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਸ਼ੁਰੂਆਤੀ ਦੌਰ ’ਚ ਜਦੋਂ ਸ਼ੇਖ ਅਬਦੁੱਲਾ ਨੇ 1967 ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਸਮਾਜਿਕ ਬਾਈਕਾਟ ਦਾ ਨਾਅਰਾ ਦਿੱਤਾ ਤਾਂ ਦੋਹਾਂ ਪਾਰਟੀਆਂ ਦਰਮਿਆਨ ਤਲਖੀ ਵਧ ਗਈ ਪਰ 1975 ਦੇ ਇੰਦਰਾ-ਸ਼ੇਖ ਸਮਝੌਤੇ ਤੋਂ ਬਾਅਦ ਦੋਹਾਂ ਪਾਰਟੀਆਂ ਦੇ ਸਬੰਧ ਮੁੜ ਆਮ ਵਰਗੇ ਹੋ ਗਏ, ਹਾਲਾਂਕਿ ਇਸ ਤੋਂ ਬਾਅਦ ਦੋਹਾਂ ਪਾਰਟੀਆਂ ਦੀ ਆਪਣੀ ਪਛਾਣ ਕਾਇਮ ਰਹੀ ਅਤੇ ਦੋਵੇਂ ਆਪੋ-ਆਪਣੇ ਚੋਣ ਨਿਸ਼ਾਨ ’ਤੇ ਉਮੀਦਵਾਰ ਮੈਦਾਨ ’ਚ ਉਤਾਰਦੀਆਂ ਸਨ। ਇਸ ਤੋਂ ਬਾਅਦ ਦੋਹਾਂ ਪਾਰਟੀਆਂ ਨੇ ਕਦੇ ਸਮਝੌਤਾ ਕਰ ਕੇ ਚੋਣਾਂ ਲੜੀਆਂ, ਤਾਂ ਕਦੇ ਇਕ-ਦੂਜੀ ਦੇ ਵਿਰੁੱਧ। ਇਸ ’ਤੇ ਵਿਅੰਗ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ ਦੋਹਾਂ ਪਾਰਟੀਆਂ ਨੂੰ ‘ਨਾਮੁਰਾਦ ਆਸ਼ਿਕ’ ਕਿਹਾ ਸੀ। 2009 ’ਚ ਨੈਕਾ ਅਤੇ ਕਾਂਗਰਸ ਨੇ ਉਮਰ ਅਬਦੁੱਲਾ ਦੀ ਅਗਵਾਈ ਹੇਠ 6 ਸਾਲ ਸੂਬੇ ’ਚ ਸਰਕਾਰ ਚਲਾਈ ਪਰ ਇਨ੍ਹਾਂ 6 ਸਾਲਾਂ ’ਚ ਸ਼ਾਇਦ ਹੀ ਕੋਈ ਮਹੀਨਾ ਅਜਿਹਾ ਲੰਘਿਆ ਹੋਵੇ, ਜਦੋਂ ਕਿਸੇ ਮੁੱਦੇ ਨੂੰ ਲੈ ਕੇ ਦੋਹਾਂ ਪਾਰਟੀਆਂ ਵਿਚਾਲੇ ਮਤਭੇਦ ਨਾ ਉੱਭਰੇ ਹੋਣ। ਕਾਂਗਰਸ ਦੇ ਤੱਤਕਾਲੀ ਸੂਬਾ ਪ੍ਰਧਾਨ ਪ੍ਰੋ. ਸੈਫੂਦੀਨ ਸੋਜ਼ ਪਹਿਲਾਂ ਨੈਕਾ ਦੇ ਵੱਡੇ ਨੇਤਾ ਰਹੇ ਸਨ ਅਤੇ ਨੈਕਾ ਲੀਡਰਸ਼ਿਪ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਵਾਜਪਾਈ ਸਰਕਾਰ ਨੂੰ ਇਕ ਵੋਟ ਨਾਲ ਡੇਗਣ ਕਰਕੇ ਪਾਰਟੀ ’ਚੋਂ ਕੱਢੇ ਗਏ ਸਨ। ਜਦੋਂ ਉਮਰ ਅਬਦੁੱਲਾ ਸਰਕਾਰ ਦਾ ਗੱਠਜੋੜ ਹੋਇਆ ਤਾਂ ਪ੍ਰੋ. ਸੋਜ਼ ਨੂੰ ਹੀ ਸਰਕਾਰ ਚਲਾਉਣ ਲਈ ਦੋਹਾਂ ਪਾਰਟੀਆਂ ਵਿਚਾਲੇ ਤਾਲਮੇਲ ਕਾਇਮ ਕਰਨ ਵਾਲੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ ਪਰ ਤੱਤਕਾਲੀ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਇਸ ਦੇ ਕਾਰਨ ਵਿਵਾਦਾਂ ਨੂੰ ਹਵਾ ਮਿਲਣੀ ਸੁਭਾਵਿਕ ਸੀ।

ਸੰਨ 2014 ’ਚ ਦੋਹਾਂ ਪਾਰਟੀਆਂ ਨੇ ਅੱਡ-ਅੱਡ ਵਿਧਾਨ ਸਭਾ ਚੋਣ ਲੜੀ ਤੇ ਇਕ-ਦੂਜੀ ਵਿਰੁੱਧ ਖੁੱਲ੍ਹ ਕੇ ਦੋਸ਼ ਲਾਏ ਪਰ ਸੱਤਾ ਤੋਂ ਬਾਹਰ ਹੋ ਕੇ ਪ੍ਰੇਸ਼ਾਨ ਹੋਏ ਦੋਹਾਂ ਪਾਰਟੀਆਂ ਦੇ ਨੇਤਾ 2017 ’ਚ ਸ਼੍ਰੀਨਗਰ ਅਤੇ ਅਨੰਤਨਾਗ ਲੋਕ ਸਭਾ ਉਪ-ਚੋਣ ਦਾ ਸੁਨਹਿਰੀ ਮੌਕਾ ਗੁਆਉਣਾ ਨਹੀਂ ਚਾਹੁੰਦੇ ਸਨ, ਇਸ ਲਈ ਨੈਕਾ ਪ੍ਰਧਾਨ ਡਾ. ਫਾਰੂਕ ਅਬਦੁੱਲਾ ਨੇ ਸ਼੍ਰੀਨਗਰ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਗੁਲਾਮ ਅਹਿਮਦ ਮੀਰ ਨੇ ਅਨੰਤਨਾਗ ਹਲਕੇ ਤੋਂ ਚੋਣ ਮੈਦਾਨ ’ਚ ਉਤਰਨ ਲਈ ਗੱਠਜੋੜ ਕਰ ਲਿਆ। ਕਾਂਗਰਸ ਦੀ ਬਦਕਿਸਮਤੀ ਦੇਖੋ ਕਿ ਡਾ. ਅਬਦੁੱਲਾ ਤਾਂ ਸ਼੍ਰੀਨਗਰ ਤੋਂ ਜਿੱਤ ਕੇ ਲੋਕ ਸਭਾ ’ਚ ਪਹੁੰਚ ਗਏ ਪਰ ਸਰਕਾਰ ਦੀ ਸਿਫਾਰਿਸ਼ ’ਤੇ ਚੋਣ ਕਮਿਸ਼ਨ ਨੇ ਸੁਰੱਖਿਆ ਕਾਰਨਾਂ ਕਰਕੇ ਅਨੰਤਨਾਗ ਦੀ ਉਪ-ਚੋਣ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਨੇ ਆਪਣੀਆਂ ਨੀਤੀਆਂ ਨੂੰ ਤਿਆਗਦੇ ਹੋਏ 2019 ਦੀਆਂ ਲੋਕ ਸਭਾ ਚੋਣਾਂ ’ਚ ਨੈਕਾ ਨਾਲ ਜੋ ਅਨੋਖਾ ਗੱਠਜੋੜ ਕੀਤਾ ਹੈ, ਉਸ ’ਚ ਗੁਲਾਮ ਅਹਿਮਦ ਮੀਰ ਦੀ ਅਨੰਤਨਾਗ ਸੀਟ ਨੂੰ ਸ਼ਾਮਿਲ ਹੀ ਨਹੀਂ ਕੀਤਾ ਗਿਆ, ਸਿੱਟੇ ਵਜੋਂ ਮੀਰ ਨੂੰ ਪੀ. ਡੀ. ਪੀ. ਦੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਨਾਲ-ਨਾਲ ਨੈਕਾ ਦੇ ਉਮੀਦਵਾਰ ਤੇ ਜੰਮੂ-ਕਸ਼ਮੀਰ ਹਾਈਕੋਰਟ ਦੇ ਸਾਬਕਾ ਜੱਜ ਹਸਨੈਨ ਮਸੂਦੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਗੱਠਜੋੜ ਵਾਲੀਆਂ ਸੀਟਾਂ ’ਤੇ ਵੋਟਿੰਗ ਹੋਣ ਕਾਰਨ ਨੈਕਾ ਤੇ ਕਾਂਗਰਸ ਦਾ ਇਕ-ਦੂਜੀ ਪ੍ਰਤੀ ਨਜ਼ਰੀਆ ਬਦਲ ਰਿਹਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ 23 ਮਈ ਨੂੰ ਦੋਹਾਂ ਪਾਰਟੀਆਂ ਦੇ ਗੱਠਜੋੜ ਅਤੇ ਬਿਨਾਂ ਗੱਠਜੋੜ ਵਾਲੀਆਂ ਸੀਟਾਂ ਦਾ ਕੀ ਨਤੀਜਾ ਆਉਂਦਾ ਹੈ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਦੋਹਾਂ ਪਾਰਟੀਆਂ ਵਿਚਾਲੇ ਗੱਠਜੋੜ ਹੁੰਦਾ ਹੈ ਜਾਂ ਨਹੀਂ।

balramsaini2000@gmail.com
 


Bharat Thapa

Content Editor

Related News