ਕਾਂਗਰਸ ਆਪਣੀਆਂ ਅਤੀਤ ਦੀਆਂ ਨਾਕਾਮੀਆਂ ਤੇ ਗਲਤੀਆਂ ਦੇ ਜਵਾਬ ਲੱਭੇ

09/23/2017 7:13:09 AM

ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਇਸ ਮਹੀਨੇ ਦੇ ਸ਼ੁਰੂ ਵਿਚ ਬਰਕਲੇ 'ਚ ਸਥਿਤ ਯੂਨੀਵਰਸਿਟੀ ਆਫ ਕੈਲੀਫੋਰਨੀਆ 'ਚ ਕਾਂਗਰਸ ਪਾਰਟੀ ਦੀ ਸਥਿਤੀ ਨੂੰ ਲੈ ਕੇ ਆਪਣੀਆਂ ਟਿੱਪਣੀਆਂ ਦੇ ਸੰਬੰਧ 'ਚ ਸਪੱਸ਼ਟ ਤੇ ਈਮਾਨਦਾਰ ਸਨ। ਉਨ੍ਹਾਂ ਮੰਨਿਆ ਕਿ ਯੂ. ਪੀ. ਏ.-2 ਦੌਰਾਨ ਪਾਰਟੀ ਵਿਚ 'ਕੁਝ ਹੱਦ ਤਕ ਹੰਕਾਰ' ਪੈਦਾ ਹੋ ਗਿਆ ਸੀ ਅਤੇ ਇਸ ਨੇ 'ਲੋਕਾਂ ਨਾਲ ਗੱਲ ਕਰਨੀ' ਬੰਦ ਕਰ ਦਿੱਤੀ ਸੀ। 
ਰਾਹੁਲ ਗਾਂਧੀ ਨੇ ਵੰਸ਼ਵਾਦ ਦੇ ਬਹੁਤ ਸੰਵੇਦਨਸ਼ੀਲ ਮੁੱਦੇ 'ਤੇ ਵੀ ਗੱਲ ਕੀਤੀ, ਜੋ ਆਮ ਤੌਰ 'ਤੇ ਉਨ੍ਹਾਂ ਦੇ ਉੱਤਰਾਧਿਕਾਰ ਦੇ ਵਿਰੁੱਧ ਜਾਂਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਸਾਰਾ ਭਾਰਤ ਪਰਿਵਾਰਵਾਦ 'ਤੇ ਚੱਲਦਾ ਹੈ....ਅਖਿਲੇਸ਼ (ਯਾਦਵ) ਇਕ ਵੰਸ਼ਵਾਦੀ ਹਨ, (ਐੱਮ. ਕੇ.) ਸਟਾਲਿਨ ਇਕ ਵੰਸ਼ਵਾਦੀ ਹਨ, ਇਥੋਂ ਤਕ ਕਿ ਅਭਿਸ਼ੇਕ ਬੱਚਨ ਵੀ ਇਕ ਵੰਸ਼ਵਾਦੀ ਹਨ। ਰਾਹੁਲ ਨੇ ਪੁੱਛਿਆ ਕਿ ''ਲੋਕ ਸਿਰਫ ਮੇਰੇ ਪਿੱਛੇ ਹੀ ਕਿਉਂ ਪਏ ਰਹਿੰਦੇ ਹਨ?''
ਵੰਸ਼ਵਾਦ ਜਾਂ ਪਰਿਵਾਰਵਾਦ ਦੀ ਸਿਆਸਤ ਨੂੰ ਲੈ ਕੇ ਰਾਹੁਲ ਦਾ ਗੁੱਸਾ ਸਮਝ ਵਿਚ ਆਉਂਦਾ ਹੈ ਪਰ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਾਂਗਰਸ ਦਾ ਪਤਨ ਪਾਰਟੀ ਅਤੇ ਕੌਮੀ ਮਾਮਲਿਆਂ ਨੂੰ ਨਿੱਜੀ ਢੰਗ ਨਾਲ ਚਲਾਉਣ ਕਰਕੇ ਹੋਇਆ ਹੈ। 
'ਕੀ ਰਾਹੁਲ ਗਾਂਧੀ 'ਅਸਫਲ ਵੰਸ਼ਵਾਦੀ' ਹਨ?' ਹਾਲਾਂਕਿ ਸੂਚਨਾ ਤੇ ਪ੍ਰਸਾਰਣ ਮੰਤਰੀ ਸਮ੍ਰਿਤੀ ਇਰਾਨੀ ਦਾ ਅਜਿਹਾ ਕਹਿਣਾ ਕੁਝ ਗਲਤ ਜਿਹਾ ਲੱਗਦਾ ਹੈ। ਉਨ੍ਹਾਂ ਦਾ ਸਿਆਸੀ ਟਰੈਕ ਰਿਕਾਰਡ ਹੁਣ ਤਕ ਨਿਰਾਸ਼ਾਜਨਕ ਹੀ ਰਿਹਾ ਹੈ, ਫਿਰ ਵੀ ਉਨ੍ਹਾਂ ਬਾਰੇ ਕੋਈ ਆਖਰੀ ਫੈਸਲਾ ਸੁਣਾਉਣਾ ਬਹੁਤ ਜਲਦਬਾਜ਼ੀ ਹੋਵੇਗੀ।
ਰਾਹੁਲ ਗਾਂਧੀ ਭਾਰਤੀ ਸਿਆਸਤ ਦੀਆਂ ਪੇਚੀਦਗੀਆਂ ਨੂੰ ਘੱਟ ਰਫਤਾਰ ਨਾਲ ਸਿੱਖਣ ਵਾਲੇ ਹਨ। ਕੀ ਇਸ ਦੀ ਵਜ੍ਹਾ ਇਹ ਹੋ ਸਕਦੀ ਹੈ ਕਿ ਉਹ ਪਾਰਟੀ ਮਾਮਲਿਆਂ ਵਿਚ ਜ਼ਿਆਦਾ ਦਿਲਚਸਪੀ ਨਹੀਂ ਲੈਂਦੇ? ਜਾਂ ਇਸ ਦੀ ਵਜ੍ਹਾ ਕੌਮੀ ਸਿਆਸਤ ਦੇ ਕੁਝ ਸੰਵੇਦਨਸ਼ੀਲ ਪਹਿਲੂਆਂ ਨੂੰ ਸਮਝਣ ਵਿਚ ਆਏ 'ਵਕਫੇ' ਹੋ ਸਕਦੇ ਹਨ? 
ਕਾਰਨ ਚਾਹੇ ਕੋਈ ਵੀ ਹੋਵੇ, ਰਾਹੁਲ ਵਿਚ ਮਾਰੂ ਰੁਝਾਨ ਦੀ ਘਾਟ ਹੈ ਅਤੇ ਉਹ ਸੁਰੱਖਿਅਤ ਖੇਡ ਖੇਡਣ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਉਹ ਪਾਰਟੀ ਦੇ ਪਤਨ ਵਾਲੇ ਰੁਝਾਨ ਨੂੰ ਪਲਟਣ 'ਚ ਨਾਕਾਮ ਰਹੇ ਹਨ, ਜਿਸ ਕਾਰਨ ਕੁਝ ਆਲੋਚਕਾਂ ਨੇ ਉਨ੍ਹਾਂ ਦੀ ਲੀਡਰਸ਼ਿਪ ਸਮਰੱਥਾ 'ਤੇ ਸਵਾਲ ਉਠਾਏ ਹਨ। 
ਫਿਰ ਵੀ ਦੇਸ਼ ਦੀ ਅਰਥ ਵਿਵਸਥਾ ਅਤੇ ਜਨਤਕ ਸਰਗਰਮੀਆਂ ਦੇ ਹੋਰਨਾਂ ਖੇਤਰਾਂ ਵਿਚ ਲੱਗ ਰਹੇ ਖੋਰੇ ਨੂੰ ਦੇਖਦਿਆਂ ਕੌਣ ਜਾਣਦਾ ਹੈ ਕਿ ਲੋਕਾਂ ਦੀਆਂ ਨਜ਼ਰਾਂ ਵਿਚ ਕੌਣ ਚੋਟੀ 'ਤੇ ਰਹੇਗਾ? ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਾਂਗਰਸ ਹਾਈਕਮਾਨ ਕਿੰਨੀ ਛੇਤੀ ਆਪਣੇ ਤੌਰ-ਤਰੀਕੇ ਬਦਲਦੀ ਹੈ ਅਤੇ ਆਪਣੇ ਘਰ ਨੂੰ ਦਰੁੱਸਤ ਕਰਦੀ ਹੈ? 
ਇਥੇ ਰਾਹੁਲ ਗਾਂਧੀ ਵਿਚ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ। ਨਾਂਹ-ਪੱਖੀ ਸਿਆਸੀ ਖੇਡ ਖੇਡ ਕੇ ਕਾਂਗਰਸ ਨੂੰ ਮੁੜ ਨਹੀਂ ਉਭਾਰਿਆ ਜਾ ਸਕਦਾ। ਪਾਰਟੀ ਦੀ ਕਾਰਜਸ਼ੀਲਤਾ ਵਿਚ ਕਮੀਆਂ ਨੂੰ ਦੂਰ ਕਰਨ ਤੋਂ ਇਲਾਵਾ ਰਾਹੁਲ ਨੂੰ ਜ਼ਮੀਨੀ ਪੱਧਰ ਤੋਂ ਉਪਰ ਤਕ ਆਪਣੇ ਸੇਵਾ ਦਲ ਦੇ ਜੋਸ਼ ਨੂੰ ਵਧਾਉਣ ਲਈ ਸਖਤ ਮਿਹਨਤ ਕਰਨੀ ਪਵੇਗੀ। ਇਹ ਇਕ ਲੰਮਾ ਰਾਹ ਹੈ ਪਰ ਦ੍ਰਿੜ੍ਹ ਇਰਾਦੇ ਨਾਲ ਮਿਲ-ਜੁਲ ਕੇ ਕੰਮ ਕੀਤਾ ਜਾਵੇ ਤਾਂ ਅੱਜ ਅਤੇ ਕੱਲ ਵਿਚਾਲੇ ਫਰਕ ਪਾਇਆ ਜਾ ਸਕਦਾ ਹੈ। 
ਜਿਸ ਤਰ੍ਹਾਂ ਦੀ ਅੱਜ ਸਥਿਤੀ ਹੈ, ਭਾਰਤੀ ਸਿਆਸਤ ਕਦੇ ਵੀ ਇਕ ਸਿੱਧੀ ਲਾਈਨ 'ਤੇ ਨਹੀਂ ਚੱਲਦੀ। ਇਹ ਇਕ ਗੁੰਝਲਦਾਰ ਸਮਾਜਿਕ-ਸਿਆਸੀ ਗਣਿਤ, ਵਾਅਦਿਆਂ ਦੇ ਭੰਡਾਰ, ਸਮੇਂ ਅਤੇ ਸਥਿਤੀ ਮੁਤਾਬਿਕ ਭਾਵਨਾਤਮਕ ਲਹਿਰਾਂ 'ਤੇ ਚੱਲਦੀ ਹੈ। ਜਿਥੋਂ ਤਕ ਵੰਸ਼ਵਾਦ ਦੀ ਗੱਲ ਹੈ, ਇਹ ਰਾਜਿਆਂ-ਮਹਾਰਾਜਿਆਂ ਦੀ ਵਿਰਾਸਤ, ਕਾਲੇ ਧਨ ਦੀ ਅਰਥ ਵਿਵਸਥਾ ਦੀ ਸਮਾਨਾਂਤਰ ਪ੍ਰਣਾਲੀ ਅਤੇ ਚੋਣਾਂ ਲੜਨ ਦੀ ਵਧਦੀ ਜਾ ਰਹੀ ਲਾਗਤ ਦੀ ਦੇਣ ਹੈ। ਧਨ ਨਾਲ ਸੰਬੰਧਿਤ ਅਜਿਹਾ ਚੋਣ ਪਿਛੋਕੜ ਸਿਆਸਤ ਵਿਚ ਆਪਣੀਆਂ ਖ਼ੁਦ ਦੀਆਂ ਕਮੀਆਂ ਪੈਦਾ ਕਰਦਾ ਹੈ, ਜੋ ਆਮ ਆਦਮੀ ਦੇ ਹਿੱਤ ਵਿਚ ਨਹੀਂ ਹੁੰਦੀਆਂ।
ਜ਼ਿਆਦਾਤਰ ਨੇਤਾ ਅੱਜ ਅਥਾਹ ਧਨ ਦੇ ਢੇਰਾਂ 'ਤੇ ਬੈਠੇ ਹੋਏ ਹਨ ਅਤੇ ਇਸ ਧਨ ਨੂੰ ਉਹ ਆਪਣੇ ਪਰਿਵਾਰ ਦੇ ਦਾਇਰੇ ਵਿਚ ਹੀ ਰੱਖਣਾ ਚਾਹੁੰਦੇ ਹਨ, ਸਿੱਟੇ ਵਜੋਂ ਸਿਆਸਤ ਵਿਚ ਵੰਸ਼ਵਾਦ ਦਾ ਵਿਕਾਸ ਹੁੰਦਾ ਹੈ। ਭਾਰਤ ਦੇ ਬਹੁਰੰਗੀ ਲੋਕਤੰਤਰ ਦੀ ਇਕ ਮਾਣਮੱਤੀ ਗੱਲ ਇਹ ਹੈ ਕਿ 'ਨਵੇਂ ਰਾਜਿਆਂ-ਮਹਾਰਾਜਿਆਂ' ਨੂੰ ਸਿਆਸਤ ਵਿਚ ਲੋਕਾਂ ਦੇ ਵੋਟ ਪ੍ਰੀਖਣ 'ਚੋਂ ਲੰਘਣਾ ਪੈਂਦਾ ਹੈ। 
ਇਥੋਂ ਤਕ ਕਿ ਬਹੁਤ ਤਾਕਤਵਰ ਇੰਦਰਾ ਗਾਂਧੀ ਨੂੰ ਵੀ ਐਮਰਜੈਂਸੀ ਦੇ ਕਾਲੇ ਦਿਨਾਂ ਤੋਂ ਬਾਅਦ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਕਰਕੇ ਲੋਕਤੰਤਰਿਕ ਭਾਰਤ ਹੋਰਨਾਂ ਰਾਸ਼ਟਰਾਂ ਦੇ ਸਮੂਹ ਨਾਲੋਂ ਵੱਖਰਾ ਹੈ। 
ਜਿਵੇਂ ਕਿ ਪਹਿਲਾਂ ਹੀ ਸੰਕੇਤ ਦਿੱਤਾ ਜਾ ਚੁੱਕਾ ਹੈ ਕਿ ਰਾਹੁਲ ਗਾਂਧੀ ਅਜੇ ਵੀ ਆਪਣੀ ਮਾਂ ਸੋਨੀਆ ਗਾਂਧੀ ਦੇ ਪ੍ਰੀਖਣ ਅਤੇ ਉਨ੍ਹਾਂ ਦੇ ਸਲਾਹਕਾਰਾਂ ਵਲੋਂ ਉਨ੍ਹਾਂ ਨੂੰ ਭਵਿੱਖ ਦੇ ਇਕ ਨੇਤਾ ਵਜੋਂ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਕ ਸਮਰੱਥ ਨੇਤਾ ਵਜੋਂ ਉੱਭਰਨ 'ਚ ਨਾਕਾਮ ਰਹੇ ਹਨ। ਇਸੇ ਕਾਰਨ ਉਨ੍ਹਾਂ ਨੂੰ ਕਾਂਗਰਸ ਦੇ ਪਤਨ ਲਈ ਜ਼ਿੰਮੇਵਾਰ ਕਾਰਨਾਂ 'ਚੋਂ ਇਕ ਵਜੋਂ ਦੇਖਿਆ ਜਾਂਦਾ ਹੈ ਤੇ ਇਹ ਗੱਲ ਭਾਜਪਾ ਦੇ ਨਰਿੰਦਰ ਮੋਦੀ ਦੇ ਹਿੱਤ ਵਿਚ ਜਾਂਦੀ ਹੈ। 
ਹਾਲਾਂਕਿ ਮੈਂ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਕਾਂਗਰਸ ਮੁਕਤ ਭਾਰਤ' ਦੀ ਦਹਾੜ ਦਾ ਜ਼ਿਕਰ ਨਹੀਂ ਕਰਾਂਗਾ। ਕਾਂਗਰਸ ਵਿਚ ਯਕੀਨੀ ਤੌਰ 'ਤੇ ਕੁਝ ਹਾਂ-ਪੱਖੀ ਅਤੇ ਕੁਝ ਨਾਂਹ-ਪੱਖੀ ਬਿੰਦੂ ਹਨ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਤਿਹਾਸਿਕ ਤੌਰ 'ਤੇ ਇਹ ਭਾਰਤ ਦੇ ਆਜ਼ਾਦੀ ਸੰਗਰਾਮ ਅਤੇ ਆਜ਼ਾਦੀ ਤੋਂ ਬਾਅਦ ਜਵਾਹਰ ਲਾਲ ਨਹਿਰੂ ਤੋਂ ਸ਼ੁਰੂ ਹੋ ਕੇ ਸਭ ਨੂੰ ਆਪਣੇ ਵਿਚ ਸਮੇਟਣ ਵਾਲੀ ਪਾਰਟੀ ਸੀ। ਕਾਂਗਰਸ ਦੀ ਇਸ ਖੁਸ਼ਹਾਲ ਵਿਰਾਸਤ ਨੂੰ ਮੋਦੀ ਦੀ ਭਾਸ਼ਣ ਕਲਾ ਨਾਲ ਮਿਟਾਇਆ ਨਹੀਂ ਜਾ ਸਕਦਾ।
ਕਾਂਗਰਸ ਨੂੰ ਇਕ ਜ਼ਿੰਮੇਵਾਰ ਵਿਰੋਧੀ ਧਿਰ ਵਜੋਂ ਮੁੜ ਉੱਭਰਦੀ ਦੇਖਣਾ ਰਾਸ਼ਟਰ ਦੇ ਹਿੱਤ ਵਿਚ ਹੈ। ਯਕੀਨੀ ਤੌਰ 'ਤੇ ਇਹ ਕਾਂਗਰਸ ਹਾਈਕਮਾਨ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀਆਂ ਅਤੀਤ ਦੀਆਂ ਨਾਕਾਮੀਆਂ ਅਤੇ ਗਲਤੀਆਂ ਦੇ ਜੁਆਬ ਲੱਭੇ। ਮੌਜੂਦਾ ਵਿਵਸਥਾ ਵਿਚ ਕਾਂਗਰਸ ਨੂੰ ਨਵਾਂ ਜੀਵਨ ਦੇਣ ਦਾ ਸਭ ਤੋਂ ਬਿਹਤਰ ਤਰੀਕਾ ਇਹ ਹੋਵੇਗਾ ਕਿ ਪਰਿਵਾਰਵਾਦ ਜਾਂ ਵੰਸ਼ਵਾਦ 'ਤੇ ਆਧਾਰਿਤ ਲੁਕੇ ਹਿੱਤਾਂ ਤੋਂ ਪਰ੍ਹੇ ਦੇਖਦਿਆਂ ਪਾਰਟੀ ਦੇ ਬੂਹੇ ਕੁਸ਼ਲ, ਲਗਨ ਵਾਲੇ ਅਤੇ ਚਰਿੱਤਰਵਾਨ ਲੋਕਾਂ ਲਈ ਖੋਲ੍ਹੇ ਜਾਣ, ਜਿਹੜੇ ਖ਼ੁਦ ਸੋਨੀਆ ਗਾਂਧੀ ਵਰਗੀ ਮਾਰਗਦਰਸ਼ਕ ਵਾਲੀ ਭੂਮਿਕਾ ਨਿਭਾਉਣ।
ਹੁਣ ਜ਼ੋਰ ਇਕ ਨਵੀਂ ਪਾਰਟੀ ਬਣਾਉਣ ਵਾਂਗ ਲੱਗਣਾ ਚਾਹੀਦਾ ਹੈ। ਮੂਲ ਵਿਚਾਰ ਦੋਸ਼ੀ ਵਿਅਕਤੀਆਂ ਦੇ ਵਿਰਾਸਤ ਵਿਚ ਮਿਲੇ ਵਰਗ ਦੇ ਦਰਜੇ ਦੇ ਆਧਾਰ ਨੂੰ ਇਕ ਵਿਆਪਕ ਲੋਕਤੰਤਰਿਕ ਸਿਧਾਂਤ ਵੱਲ ਤਬਦੀਲ ਕਰ ਕੇ ਇਸ ਦੇ ਸਮਾਜਿਕ ਤਾਣੇ-ਬਾਣੇ 'ਚ ਤਬਦੀਲੀ ਲਿਆਉਣਾ ਤੇ ਉਸ ਨੂੰ ਮਜ਼ਬੂਤ ਬਣਾਉਣਾ ਹੈ, ਜੋ ਵਰ੍ਹਿਆਂ ਦੌਰਾਨ ਆਪਣਾ ਲਚਕੀਲਾਪਣ ਗੁਆ ਚੁੱਕਾ ਹੈ। ਇਸ ਪ੍ਰਕਿਰਿਆ 'ਚ ਇਹ ਪਾਰਟੀ ਆਪਣਾ ਅੰਦਰੂਨੀ ਉਤਸ਼ਾਹ ਗੁਆ ਚੁੱਕੀ ਹੈ। ਇਥੇ ਹੀ ਕਾਂਗਰਸ ਹਾਈਕਮਾਨ ਸਾਹਮਣੇ ਚੁਣੌਤੀ ਹੈ, ਜੇ ਇਹ ਕੁਝ ਕਰ ਕੇ ਦਿਖਾਉਣਾ ਚਾਹੁੰਦੀ ਹੈ। 
ਰਾਹੁਲ ਤੇ ਉਨ੍ਹਾਂ ਦੇ ਸਲਾਹਕਾਰਾਂ ਲਈ ਇਹ ਵੀ ਸਹੀ ਹੋਵੇਗਾ ਕਿ ਉਹ ਕੇਂਦਰੀਕ੍ਰਿਤ ਸਿਆਸਤ ਦੇ ਖਤਰਿਆਂ ਨੂੰ ਵੀ ਲਗਾਤਾਰ ਚੇਤੇ ਰੱਖਣ। ਜਿਵੇਂ ਕਿ ਅਸੀਂ ਪਹਿਲਾਂ ਇੰਦਰਾ ਗਾਂਧੀ ਦੇ ਦੌਰ ਦੀ ਕਾਂਗਰਸ ਵਿਚ ਦੇਖਿਆ ਹੈ। ਇਕ ਕੰਟਰੋਲਡ ਸਿਆਸੀ ਪ੍ਰਕਿਰਿਆ ਦਾ ਨਤੀਜਾ ਅਸ਼ਾਂਤ ਵੋਟਰਾਂ ਦੇ ਰੂਪ 'ਚ ਨਿਕਲਦਾ ਹੈ ਅਤੇ ਇਹ ਵਿਆਪਕ ਸੰਘਰਸ਼ਾਂ ਨੂੰ ਜਨਮ ਦਿੰਦਾ ਹੈ। 
ਇਸ ਤੋਂ ਵੀ ਵਧ ਕੇ ਅਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਵਫਾਦਾਰੀ ਅਤੇ ਖ਼ੁਦ ਨੂੰ ਅੱਗੇ ਵਧਾਉਣ ਦੇ ਕਾਰਕਾਂ 'ਤੇ ਆਧਾਰਿਤ ਨਿੱਜੀ ਲੀਡਰਸ਼ਿਪ ਦਾ ਨਤੀਜਾ ਪ੍ਰਸ਼ਾਸਨ ਦੀ ਪ੍ਰਭਾਵਸ਼ੀਲਤਾ ਅਤੇ ਪ੍ਰਸ਼ਾਸਨ ਦੇ ਅਹਿਮ ਅੰਗਾਂ ਦੇ ਮਨੋਬਲ ਦੇ ਨਾਲ-ਨਾਲ ਵੱਖ-ਵੱਖ ਪੱਧਰਾਂ 'ਤੇ ਸਿਸਟਮ ਦੀ ਕਾਰਜ ਪ੍ਰਣਾਲੀ 'ਚ ਤੀਬਰ ਖੋਰੇ ਦੇ ਰੂਪ 'ਚ ਨਿਕਲਦਾ ਹੈ। ਇਸ ਸੰਦਰਭ ਵਿਚ ਮੇਰਾ ਮੰਨਣਾ ਹੈ ਕਿ ਮੋਦੀ ਨੂੰ ਵੀ ਕਾਂਗਰਸ ਦੀ ਨਿੱਜੀ ਕਾਰਜ ਪ੍ਰਣਾਲੀ ਤੋਂ ਕੁਝ ਸਬਕ ਸਿੱਖਣ ਦੀ ਲੋੜ ਹੈ।
     (hari.jaisingh@gmail.com)  


Related News