ਏਸ਼ੀਆਈ ਖੇਡਾਂ ਦੇ ਆਯੋਜਨ ਦੀ ਆਲੋਚਨਾ ਕਰਦੇ ਚੀਨੀ ਲੋਕ

Thursday, Sep 28, 2023 - 01:09 PM (IST)

ਏਸ਼ੀਆਈ ਖੇਡਾਂ ਦੇ ਆਯੋਜਨ ਦੀ ਆਲੋਚਨਾ ਕਰਦੇ ਚੀਨੀ ਲੋਕ

ਅੱਜਕਲ੍ਹ ਚੀਨ ਦੇ ਦੱਖਣੀ ਸ਼ਹਿਰ ਹਾਂਗਚੋ ’ਚ 19ਵੀਆਂ ਏਸ਼ੀਆਈ ਖੇਡਾਂ ਦਾ ਆਯੋਜਨ ਹੋ ਰਿਹਾ ਹੈ ਜਿਸ ’ਤੇ ਚੀਨ ਦੀ ਸਰਕਾਰ 30 ਅਰਬ ਡਾਲਰ ਜਿੰਨੇ ਪੈਸੇ ਖਰਚ ਕਰ ਰਹੀ ਹੈ। ਇਸ ਗੱਲ ਨੂੰ ਲੈ ਕੇ ਚੀਨ ਦੀ ਕਮਿਊਨਿਸਟ ਪਾਰਟੀ ਚੀਨ ਦੇ ਆਮ ਲੋਕਾਂ ਦੇ ਨਿਸ਼ਾਨੇ ’ਤੇ ਹੈ।

ਅਸਲ ’ਚ ਹੁਣ ਵੀ ਕੌਮਾਂਤਰੀ ਜਾਂ ਕੌਮੀ ਪੱਧਰ ’ਤੇ ਖੇਡਾਂ ਦਾ ਆਯੋਜਨ ਜਿਸ ਕਿਸੇ ਵੀ ਦੇਸ਼ ’ਚ ਕੀਤਾ ਜਾਂਦਾ ਹੈ, ਉਹ ਪਲ ਉਸ ਦੇਸ਼ ਲਈ ਮਾਣ ਦਾ ਵਿਸ਼ਾ ਬਣਦੇ ਹਨ। ਇਸ ਸਮੇਂ ਚੀਨ ਸਰਕਾਰ ਵੱਲੋਂ ਏਸ਼ੀਆਈ ਖੇਡਾਂ ਦੇ ਆਯੋਜਨ ਦੀ ਚੀਨ ਦੇ ਹਰ ਸ਼ਹਿਰ ’ਚ ਆਲੋਚਨਾ ਹੋ ਰਹੀ ਹੈ। ਅਸਲ ’ਚ ਚੀਨ ਨੇ ਗਲਤ ਟਾਈਮਿੰਗ ’ਤੇ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ।

3 ਸਾਲ ਪਹਿਲਾਂ ਪੂਰੀ ਦੁਨੀਆ ’ਚ ਤਬਾਹੀ ਮਚਾਉਣ ਵਾਲੀ ਕੋਰੋਨਾ ਮਹਾਮਾਰੀ ਕਾਰਨ ਸਭ ਤੋਂ ਵੱਧ ਜਾਨ ਅਤੇ ਮਾਲ ਦਾ ਨੁਕਸਾਨ ਚੀਨ ਨੂੰ ਹੋਇਆ ਸੀ। ਇਹ ਨੁਕਸਾਨ ਇੰਨਾ ਵੱਡਾ ਸੀ ਕਿ ਚੀਨ ਅਜੇ ਤੱਕ ਇਸ ਤੋਂ ਉਭਰ ਨਹੀਂ ਸਕਿਆ। ਅੱਜ ਵੀ ਚੀਨ ਤੋਂ ਆਰਥਿਕ ਨੁਕਸਾਨ, ਵਧਦੀ ਮਹਿੰਗਾਈ ਅਤੇ ਬੇਰੋਜ਼ਗਾਰੀ, ਦੇਸ਼ ਤੋਂ ਬਾਹਰ ਭੱਜਦੇ ਅਮੀਰ ਚੀਨੀਆਂ ਦੀ ਖਬਰ ਦੇਸ਼ ਅਤੇ ਦੁਨੀਆ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਦੀ ਹੈ। ਅਜਿਹੀ ਹਾਲਤ ’ਚ ਚੀਨ ਸਰਕਾਰ ਦਾ ਦੇਸ਼ ’ਚ ਏਸ਼ੀਆਈ ਖੇਡਾਂ ਦਾ ਆਯੋਜਨ ਕਰਵਾਉਣਾ ਚੀਨੀ ਲੋਕਾਂ ਨੂੰ ਸਿਰਫ ਪੈਸੇ ਦੀ ਬਰਬਾਦੀ ਲੱਗ ਰਿਹਾ ਹੈ ਅਤੇ ਉਹ ਆਪਣੀ ਸਰਕਾਰ ਦੀ ਸੋਸ਼ਲ ਮੀਡੀਆ ’ਤੇ ਜ਼ੋਰਦਾਰ ਨਿਖੇਧੀ ਕਰ ਰਹੇ ਹਨ।

ਚੀਨ ’ਚ 23 ਸਤੰਬਰ ਨੂੰ 19ਵੀਆਂ ਏਸ਼ੀਆਈ ਖੇਡਾਂ ਦਾ ਉਦਘਾਟਨ ਕੀਤਾ ਗਿਆ, ਏਸ਼ੀਆਈ ਖੇਡਾਂ ਦੱਖਣੀ ਚੀਨ ਦੇ ਹਾਂਗਚੋ ਸ਼ਹਿਰ ’ਚ 8 ਅਕਤੂਬਰ ਤੱਕ ਚੱਲਣਗੀਆਂ ਪਰ ਜੋ ਉਤਸ਼ਾਹ ਚੀਨ ’ਚ ਪਹਿਲਾਂ ਕਈ ਵਾਰ ਏਸ਼ੀਆਈ ਖੇਡਾਂ ਦੇ ਆਯੋਜਨ ਅਤੇ ਓਲੰਪਿਕ ਖੇਡਾਂ ਦੇ ਆਯੋਜਨ ਨੂੰ ਲੈ ਕੇ ਹੁੰਦਾ ਸੀ, ਉਹ ਹੁਣ ਇਸ ਵਾਰ ਨਜ਼ਰ ਨਹੀਂ ਆ ਰਿਹਾ। ਚੀਨ ਦੇ ਸੋਸ਼ਲ ਮੀਡੀਆ ’ਤੇ ਵੀ ਲੋਕਾਂ ’ਚ ਇਨ੍ਹਾਂ ਖੇਡਾਂ ਨੂੰ ਲੈ ਕੇ ਕੋਈ ਉਤਸ਼ਾਹ ਦਿਖਾਈ ਨਹੀਂ ਦੇ ਰਿਹਾ।

ਚੀਨੀ ਲੋਕਾਂ ’ਚ ਉਤਸ਼ਾਹ ਦੀ ਇਹ ਕਮੀ ਇਸ ਸਮੇਂ ਚੀਨ ’ਚ ਆਰਥਿਕ ਮੰਦਹਾਲੀ ਅਤੇ ਇਸ ਤੋਂ ਪਹਿਲਾਂ ਪਿਛਲੇ ਤਿੰਨ ਸਾਲਾਂ ’ਚ ਕੋਰੋਨਾ ਮਹਾਮਾਰੀ ਵੱਲੋਂ ਮਚਾਈ ਗਈ ਤਬਾਹੀ ਨਾਲ ਉਸ ਪਿੱਛੋਂ ਸਖਤ ਲਾਕਡਾਊਨ ਦੀ ਸਰਕਾਰੀ ਨੀਤੀ ਕਾਰਨ ਪੈਦਾ ਹੋਈ ਹੈ। ਵੱਡੀ ਗਿਣਤੀ ’ਚ ਚੀਨੀ ਲੋਕ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਆਪਣੀ ਸਰਕਾਰ ਵੱਲੋਂ ਆਯੋਜਿਤ ਇੰਨੀਆਂ ਮਹਿੰਗੀਆਂ ਖੇਡਾਂ ਦੀ ਤੁੱਕ ਨੂੰ ਲੈ ਕੇ ਸਵਾਲ ਉਠਾ ਰਹੇ ਹਨ।

ਇਸ ਸਮੇਂ ਕਈ ਚੀਨੀ ਨਾਗਰਿਕ ਏਸ਼ੀਆਈ ਖੇਡਾਂ ’ਤੇ ਹੋਣ ਵਾਲੇ ਅਥਾਹ ਖਰਚ ਦੀਆਂ ਗੱਲਾਂ ਕਰ ਰਹੇ ਹਨ ਅਤੇ ਇਸ ਦਾ ਪ੍ਰਭਾਵ ਦੇਸ਼ ਦੀ ਪਹਿਲਾਂ ਤੋਂ ਡਿੱਗਦੀ ਅਰਥਵਿਵਸਥਾ ਨਾਲ ਜੋੜ ਕੇ ਸਰਕਾਰ ਦੀ ਆਲੋਚਨਾ ਕਰ ਰਹੇ ਹਨ। ਸੀਨਾ ਵੇਈਬੋ ’ਤੇ ਕਈ ਨੈਟੀਜ਼ਨ ਇਹ ਸਵਾਲ ਉਠਾ ਰਹੇ ਹਨ ਕਿ ਜਦੋਂ ਦੇਸ਼ ’ਚ ਨੌਜਵਾਨ ਬੇਰੋਜ਼ਗਾਰੀ ਦੀ ਦਰ 20 ਫੀਸਦੀ ਤੋਂ ਵੱਧ ਹੈ, ਲੋਕਾਂ ਕੋਲ ਖਾਣ ਨੂੰ ਅਨਾਜ ਤੱਕ ਦੀ ਕਮੀ ਹੋਣ ਲੱਗੀ ਹੈ ਤਾਂ ਅਜਿਹੀ ਹਾਲਤ ’ਚ ਇੰਨੀਆਂ ਮਹਿੰਗੀਆਂ ਖੇਡਾਂ ਦਾ ਆਯੋਜਨ ਕਰਵਾਉਣ ਦੀ ਕੀ ਲੋੜ ਸੀ?


author

Rakesh

Content Editor

Related News