ਵਿਦੇਸ਼ਾਂ ’ਚ ਚੀਨ ਕਰ ਰਿਹਾ ਪੀ. ਐੱਲ. ਏ. ਫੌਜੀਆਂ ਨੂੰ ਤਾਇਨਾਤ

Friday, Nov 25, 2022 - 08:06 PM (IST)

ਵਿਦੇਸ਼ਾਂ ’ਚ ਚੀਨ ਕਰ ਰਿਹਾ ਪੀ. ਐੱਲ. ਏ. ਫੌਜੀਆਂ ਨੂੰ ਤਾਇਨਾਤ

ਚੀਨ ਆਪਣੀ ਫੌਜ ਦਾ ਵਿਸਤਾਰ ਕਈ ਪੱਧਰਾਂ ’ਤੇ ਕਰ ਰਿਹਾ ਹੈ। ਉਸ ਨੇ ਪੀਪਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ’ਚ ਲਗਭਗ 15 ਲੱਖ ਫੌਜੀਆਂ ਦੀ ਭਰਤੀ ਕੀਤੀ ਹੈ ਪਰ ਹੁਣ ਚੀਨ ਆਪਣੀ ਫੌਜ ਵਿਚ ਹੋਰ ਵਿਸਤਾਰ ਕਰ ਰਿਹਾ ਹੈ। ਇਸ ਦੇ ਲਈ ਫੌਜ ਵਿਚ ਵੱਧ ਫੌਜੀਆਂ ਦੀ ਲੋੜ ਨਹੀਂ ਹੈ ਪਰ ਉਹ ਪੀ. ਐੱਲ. ਏ. ਫੌਜੀਆਂ ਦੀ ਗਿਣਤੀ ਇਕ ਪਾਸੇ ਘੱਟ ਕਰ ਰਿਹਾ ਹੈ ਪਰ ਦੂਜੇ ਪਾਸੇ ਫੌਜ ’ਚੋਂ ਨਿਕਲੇ ਇਨ੍ਹਾਂ ਲੋਕਾਂ ਨੂੰ ਰੋਜ਼ਗਾਰ ਵੀ ਦੇ ਰਿਹਾ ਹੈ। ਇਨ੍ਹਾਂ ਲਈ ਚੀਨ ਨੇ ਪ੍ਰਾਈਵੇਟ ਸਕਿਓਰਿਟੀ ਕੰਪਨੀਆਂ ਦੀ ਸਥਾਪਨਾ ਕੀਤੀ ਹੈ।

ਵੱਖ-ਵੱਖ ਪੱਧਰ ’ਤੇ ਚੀਨ ਆਪਣੀ ਫੌਜ ਦਾ ਜਿਸ ਢੰਗ ਨਾਲ ਵਾਧਾ ਕਰ ਰਿਹਾ ਹੈ, ਉਸ ਤੋਂ ਜਾਪਦਾ ਹੈ ਕਿ ਚੀਨ ਦੁਨੀਆ ਦੇ ਲਗਭਗ ਹਰ ਦੇਸ਼ ਵਿਚ ਆਪਣੀ ਫੌਜ ਦੇ ਅੱਡੇ ਬਣਾਉਣਾ ਚਾਹੁੰਦਾ ਹੈ। ਆਪਣੀ ਖਾਹਿਸ਼ੀ ਬੀ. ਆਰ. ਆਈ. ਪ੍ਰਾਜੈਕਟ ਦੇ ਮੁਲਾਜ਼ਮਾਂ ਨੂੰ ਸੁਰੱਖਿਆ ਦੇਣ ਦੇ ਨਾਂ ’ਤੇ ਚੀਨ ਅਜਿਹਾ ਕਰ ਰਿਹਾ ਹੈ। ਫਿਲਹਾਲ ਚੀਨ ਦੇ ਪ੍ਰਾਈਵੇਟ ਸਕਿਓਰਿਟੀ ਕੰਪਨੀ ਦੇ ਗਾਰਡਸ ਪਾਕਿਸਤਾਨ, ਮਿਆਂਮਾਰ, ਨਾਈਜੀਰੀਆ ਅਤੇ ਸ਼੍ਰੀਲੰਕਾ ਵਿਚ ਤਾਇਨਾਤ ਹਨ। ਇਸ ਦਾ ਦੂਜਾ ਅਤੇ ਬੜਾ ਮਹੱਤਵਪੂਰਨ ਕਾਰਨ ਹੈ ਕੌਮਾਂਤਰੀ ਪੱਧਰ ’ਤੇ ਇਸ ਤੋਂ ਹੋਣ ਵਾਲੀ ਕਮਾਈ। ਇਹ ਕਮਾਈ ਬਹੁਤ ਮੋਟੀ ਹੈ ਅਤੇ ਅਮਰੀਕਾ ਦਾ ਇਸ ’ਤੇ ਕਬਜ਼ਾ ਹੈ। ਚੀਨ ਫਾਇਦੇ ਦੇ ਇਸ ਧੰਦੇ ਵਿਚ ਪਹਿਲਾਂ ਅਮਰੀਕਾ ਨਾਲ ਮੁਕਾਬਲਾ ਅਤੇ ਫਿਰ ਉਸ ਨੂੰ ਕਿਨਾਰੇ ਕਰ ਕੇ ਖੁਦ ਕਾਬਿਜ਼ ਹੋਣਾ ਚਾਹੁੰਦਾ ਹੈ।

ਦਰਅਸਲ ਚੀਨ ਅਮਰੀਕਾ ਨਾਲ ਆਪਣੀ ਟੱਕਰ ਦੇ ਦਰਮਿਆਨ ਆਪਣੀਆਂ ਪ੍ਰਾਈਵੇਟ ਸਕਿਓਰਿਟੀ ਕੰਪਨੀਆਂ ਨੂੰ ਕੌਮਾਂਤਰੀ ਪੱਧਰ ’ਤੇ ਫੈਲਾਉਣਾ ਚਾਹੁੰਦਾ ਹੈ, ਜਿਸ ਦੇ ਰਣਨੀਤਿਕ ਕਾਰਨ ਤਾਂ ਹਨ, ਨਾਲ ਹੀ ਇਸ ਦੇ ਆਰਥਿਕ ਲਾਭ ਵੀ ਹਨ। ਚੀਨ ਜੋ ਵੀ ਕੰਮ ਕਰਦਾ ਹੈ ਉਸ ਦੇ ਪਿੱਛੇ ਆਰਥਿਕ ਕਾਰਨ ਜ਼ਰੂਰ ਮੌਜੂਦ ਹੁੰਦੇ ਹਨ। ਇਸ ਲਈ ਉਸ ਨੇ ਪ੍ਰਾਈਵੇਟ ਸਕਿਓਰਿਟੀ ਕੰਪਨੀਆਂ ਦੀ ਸਥਾਪਨਾ ਕੀਤੀ ਜਿੱਥੇ ਉਹ ਆਪਣੀ ਫੌਜ ਅਤੇ ਪੁਲਸ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਤਾਇਨਾਤ ਕਰ ਰਿਹਾ ਹੈ। 20ਵੀਂ ਰਾਸ਼ਟਰੀ ਕਾਂਗਰਸ ਬੈਠਕ ਦੇ ਸਮੇਂ ਸ਼ੀ ਜਿਨਪਿੰਗ ਨੇ ਲਗਾਤਾਰ ਤੀਜੀ ਵਾਰ ਚੁਣੇ ਜਾਣ ਦੇ ਬਾਅਦ ਕਿਹਾ ਸੀ ਕਿ ਅਮਰੀਕਾ ਨਾਲ ਵਧਦੇ ਤਣਾਅ ਦੇ ਦਰਮਿਆਨ ਵਿਸ਼ਵ ਪੱਧਰ ’ਤੇ ਪ੍ਰਮੁੱਖ ਖੇਤਰਾਂ ਵਿਚ ਹਥਿਆਰਬੰਦ ਹਾਜ਼ਰੀ ਯਕੀਨੀ ਬਣਾਉਣ ਲਈ ਦੇਸ਼ ਦੇ ਵਿਸ਼ਵ ਪੱਧਰੀ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਪ੍ਰਾਈਵੇਟ ਸਕਿਓਰਿਟੀ ਕੰਪਨੀਆਂ ਨੂੰ ਵੱਡੀ ਭੂਮਿਕਾ ਨਿਭਾਉਣ ਦੀ ਲੋੜ ਹੈ। ਖਾਸ ਤੌਰ ’ਤੇ ਬੈਲਟ ਐਂਡ ਰੋਡ ਪ੍ਰਾਜੈਕਟ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਇਹ ਬੜਾ ਜ਼ਰੂਰੀ ਹੈ।

ਆਮ ਤੌਰ ’ਤੇ ਪੀ. ਐੱਮ. ਸੀ. ਦੀ ਵਰਤੋਂ ਦੂਜੇ ਦੇਸ਼ਾਂ ’ਚ ਚੀਨੀ ਦੂਤਘਰ ਨੂੰ ਸੁਰੱਖਿਆ, ਬੰਦਰਗਾਹਾਂ ਅਤੇ ਜਲ ਬੇੜਿਆਂ ਦੀ ਸੁਰੱਖਿਆ ਅਤੇ ਫੌਜੀ ਅੱਡਿਆਂ ਦੀ ਸੁਰੱਖਿਆ ਲਈ ਕੀਤੀ ਜਾਂਦੀ ਹੈ। ਸਾਲ 2018 ਦੀ ਮਰਕੇਟਰ ਇੰਸਟੀਚਿਊਟ ਫਾਰ ਚਾਈਨੀਜ਼ ਸਟੱਡੀ ਦੀ ਇਕ ਰਿਪੋਰਟ ਅਨੁਸਾਰ ਚੀਨ ਵਿਚ 5 ਹਜ਼ਾਰ ਰਜਿਸਟਰਡ ਚੀਨੀ ਪ੍ਰਾਈਵੇਟ ਸਕਿਓਰਿਟੀ ਕੰਪਨੀਆਂ ਹਨ, ਜਿਨ੍ਹਾਂ ’ਚੋਂ 20 ਕੌਮਾਂਤਰੀ ਸੇਵਾ ਵਿਚ ਲੱਗੀਆਂ ਹਨ, ਜਿਨ੍ਹਾਂ ਨੂੰ ਚਲਾਉਣ ਲਈ 3200 ਫੌਜੀ ਅਧਿਕਾਰੀ ਵੱਖ-ਵੱਖ ਦੇਸ਼ਾਂ ਵਿਚ ਮੌਜੂਦ ਹਨ, ਜਿਨ੍ਹਾਂ ਵਿਚ ਸੁਡਾਨ, ਪਾਕਿਸਤਾਨ, ਇਰਾਕ ਜਿਸ ਵਿਚ ਅੰਦਰੂਨੀ ਬਗਾਵਤ ਅਤੇ ਅਸ਼ਾਂਤ ਦੇਸ਼ ਸ਼ਾਮਲ ਹਨ। ਅਧਿਕਾਰਤ ਅੰਕੜਿਆਂ ਤੋਂ ਵੱਖ-ਵੱਖ ਅੰਕੜਿਆਂ ’ਚ ਇਨ੍ਹਾਂ ਕੰਪਨੀਆਂ ਦੀ ਗਿਣਤੀ ਕਿਤੇ ਵੱਧ ਹੈ।

ਮੌਜੂਦਾ ਸਮੇਂ ’ਚ ਕੌਮਾਂਤਰੀ ਪੱਧਰ ’ਤੇ ਪ੍ਰਾਈਵੇਟ ਸਕਿਓਰਿਟੀ ਕੰਪਨੀਆਂ ਦੀ ਗਿਣਤੀ ਅਤੇ ਉਸ ਤੋਂ ਹੋਣ ਵਾਲੇ ਮੁਨਾਫੇ ’ਤੇ ਅਮਰੀਕਾ ਦਾ ਦਬਦਬਾ ਹੈ। ਅਮਰੀਕੀ ਥਿੰਕਟੈਂਕ ਜੇਮਸਟਾਊਨ ਫਾਊਂਡੇਸ਼ਨ ਦੀ ਰਿਪੋਰਟ ਦੇ ਅਨੁਸਾਰ ਅਮਰੀਕਾ ਇਸ ਸਮੇਂ 100-224 ਅਰਬ ਡਾਲਰ ਸਾਲਾਨਾ ਕਮਾ ਰਿਹਾ ਹੈ। ਓਧਰ ਚੀਨ ਦੀ ਗੱਲ ਕਰੀਏ ਤਾਂ ਚੀਨ ਕੌਮਾਂਤਰੀ ਪੱਧਰ ’ਤੇ ਅਜੇ 10 ਅਰਬ ਡਾਲਰ ਦੀ ਕਮਾਈ ’ਤੇ ਸਿਮਟਿਆ ਹੋਇਆ ਹੈ।

ਸਾਲ 2018 ਦੀ ਅਮਰੀਕੀ ਇੰਸਟੀਚਿਊਟ ਫਾਰ ਪੀਸ ਦੀ ਰਿਪੋਰਟ ਅਨੁਸਾਰ ਚੀਨ ਆਪਣੇ ਬੀ. ਆਰ. ਆਈ. ਪ੍ਰਾਜੈਕਟ ਦੀ ਰੱਖਿਆ ਲਈ ਖੁਦ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੀ ਜੁਗਤ ਵਿਚ ਲੱਗਾ ਹੋਇਆ ਹੈ। ਅਮਰੀਕਾ ਸਥਿਤ ਅਫਰੀਕੀ ਜੰਗੀ ਅਧਿਐਨ ਕੇਂਦਰ ਨਾਂ ਦੇ ਥਿੰਕਟੈਂਕ ਦੀ ਰਿਪੋਰਟ ਅਨੁਸਾਰ ਸ਼ੀ ਦੇ ਸਮੇਂ ਚੀਨ ਥੰਗ ਸ਼ਿਆਓ ਫਿੰਗ ਦੀ ਸੋਚ ਤੋਂ ਅੱਗੇ ਨਿਕਲ ਗਿਆ ਹੈ, ਥੰਗ ਸ਼ਿਆਓ ਫਿੰਗ ਦਾ ਸਿਧਾਂਤ ਸੀ ਕਿ ਆਪਣੀ ਸ਼ਕਤੀ ਲੁਕਾ ਕੇ ਰੱਖੋ, ਅਾਪਣੀ ਅਗਵਾਈ ਦੀ ਸਮਰੱਥਾ ਨੂੰ ਲੁਕਾਓ ਅਤੇ ਸਹੀ ਸਮਾਂ ਆਉਣ ਦੀ ਉਡੀਕ ਕਰੋ। ਹੁਣ ਚੀਨ ਦੀ ਸੋਚ ਹੈ ਆਪਣੇ ਪੀ. ਐੱਸ. ਸੀ. ਉਦਯੋਗ ਦੇ ਵਾਧੇ, ਹੱਲਾਸ਼ੇਰੀ ਅਤੇ ਵਿਸ਼ਵ ਪੱਧਰੀ ਅਗਵਾਈ ਲਈ ਅੱਗੇ ਵਧੋ।

ਚੀਨ ਹੁਣ ਹਰ ਪੱਧਰ ’ਤੇ ਹਮਲਾਵਰ ਹੁੰਦਾ ਜਾ ਰਿਹਾ ਹੈ ਫਿਰ ਭਾਵੇਂ ਉਹ ਸੰਯੁਕਤ ਰਾਸ਼ਟਰ ਸੰਘ ਵਿਚ ਬਿਆਨਬਾਜ਼ੀ ਹੋਵੇ ਜਾਂ ਫਿਰ ਕਿਸੇ ਦੇਸ਼ ਵਿਚ ਆਪਣੇ ਗਲਬੇ ਨੂੰ ਵਧਾਉਣਾ, ਆਪਣੀਆਂ ਖਾਹਿਸ਼ਾਂ ਅਤੇ ਅਰਬਾਂ ਡਾਲਰ ਦੇ ਬੀ. ਆਰ. ਆਈ. ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਚੀਨ ਪੀ. ਐੱਲ. ਏ. ਅਤੇ ਪੁਲਸ ਫੋਰਸ ’ਚ ਲੋਕਾਂ ਦੀ ਭਰਤੀ ਨੂੰ ਕਈ ਗੁਣਾ ਵਧਾਉਣ ਵਾਲਾ ਹੈ, ਜਿਸ ਨੂੰ ਉਹ ਉਨ੍ਹਾਂ ਦੇਸ਼ਾਂ ਵਿਚ ਤਾਇਨਾਤ ਕਰੇਗਾ ਜਿੱਥੇ ਬੀ. ਆਰ. ਆਈ. ਪ੍ਰਾਜੈਕਟ ਦੇ ਤਹਿਤ ਉਸ ਦੇ ਮੁਲਾਜ਼ਮਾਂ ’ਤੇ ਜਾਨਲੇਵਾ ਹਮਲੇ ਹੋ ਰਹੇ ਹਨ। ਪੀ. ਐੱਸ. ਸੀ. ਗਾਰਡਸ ਆਧੁਨਿਕ ਹਥਿਆਰਾਂ ਨਾਲ ਲੈਸ ਹੋਣਗੇ ਅਤੇ ਉਹ ਕਿਸੇ ਦੀ ਜਾਨ ਲੈਣ ਤੋਂ ਪਹਿਲਾਂ ਉਸ ਦੇਸ਼ ਦੇ ਕਾਨੂੰਨ ਦੀ ਪ੍ਰਵਾਹ ਵੀ ਨਹੀਂ ਕਰਨ ਵਾਲੇ।

ਜਾਣਕਾਰਾਂ ਦਾ ਮੰਨਣਾ ਹੈ ਕਿ ਚੀਨ ਵਿਚ ਅਜੇ ਆਪਣੀਆਂ ਹੱਦਾਂ ਤੋਂ ਦੂਰ ਵੱਡੇ ਪੱਧਰ ’ਤੇ ਫੌਜੀ ਮੁਹਿੰਮਾਂ ਨੂੰ ਬਣਾਏ ਰੱਖਣ ’ਚ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਉਸ ਦੇ ਕੋਲ ਅਜੇ ਉਸ ਪੱਧਰ ਦੀ ਸਮਰੱਥਾ ਨਹੀਂ ਹੈ, ਖਾਸ ਕਰ ਕੇ ਲਾਜਿਸਟਿਕਸ ਦੇ ਖੇਤਰ ’ਚ ਚੀਨੀ ਫੌਜ ’ਚ ਅਜੇ ਬਹੁਤ ਕਮੀਆਂ ਨਜ਼ਰ ਆਉਂਦੀਆਂ ਹਨ। ਬਾਵਜੂਦ ਇਸ ਦੇ ਕਿ ਚੀਨ ਆਪਣੇ ਬੀ. ਆਰ. ਆਈ. ਪ੍ਰਾਜੈਕਟ ’ਚ ਪੀ. ਐੱਸ. ਸੀ. ਦੀ ਇਕ ਸਥਾਈ ਸੁਰੱਖਿਆ ਤੰਤਰ ਦੇ ਰੂਪ ਵਿਚ ਵਰਤੋਂ ਕਰੇਗਾ ਜਿਸ ਨਾਲ ਉਸ ਦੇ ਲੋਕਾਂ ਨੂੰ ਵਿਦੇਸ਼ੀ ਧਰਤੀ ’ਤੇ ਸੁਰੱਖਿਆ ਮਿਲੇ ਪਰ ਚੀਨ ਦੀਆਂ ਸਿਆਸੀ ਅਤੇ ਰਣਨੀਤਿਕ ਖਾਹਿਸ਼ਾਂ ਦੇ ਕਾਰਨ ਵਿਦੇਸ਼ੀ ਧਰਤੀ ’ਤੇ ਚੀਨੀ ਪੀ. ਐੱਸ. ਸੀ. ਨੂੰ ਵੱਡੇ ਖਤਰੇ ਦਾ ਸਾਹਮਣਾ ਕਰਨਾ ਹੋਵੇਗਾ।


author

Mukesh

Content Editor

Related News