ਗੁਆਂਢੀ ਕਜ਼ਾਖਿਸਤਾਨ ਸੰਕਟ ’ਚ ਆਪਣੀ ਅਸਫ਼ਲਤਾ ਤੋਂ ਚਿੰਤਿਤ ਚੀਨ
Thursday, Feb 10, 2022 - 06:30 PM (IST)
ਨਵੇਂ ਸਾਲ 2022 ਦੀ ਸ਼ੁਰੂਆਤ ’ਚ ਹੀ ਚੀਨ ਦੇ ਗੁਆਂਢੀ ਦੇਸ਼ ਕਜ਼ਾਖਿਸਤਾਨ ’ਚ ਲੋਕਾਂ ਦੀ ਬਗਾਵਤ ਹੋ ਗਈ, ਇਹ ਬਗਾਵਤ ਉੱਥੇ ਵਾਹਨਾਂ ’ਚ ਤੇਲ ਦੇ ਰੂਪ ’ਚ ਵਰਤੀ ਜਾਣ ਵਾਲੀ ਸੀ. ਐੱਨ. ਜੀ. ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਹੋਈ ਸੀ, ਜਿਸ ਦੇ ਕਾਰਨ ਲੋਕ ਸੜਕਾਂ ’ਤੇ ਆ ਕੇ ਸਰਕਾਰ ਵਿਰੋਧੀ ਰੋਸ ਵਿਖਾਵੇ ਕਰਨ ਲੱਗੇ। ਇਸ ਬਗਾਵਤ ’ਚ ਕਜ਼ਾਖਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਤੀ ਅਤੇ ਦੱਖਣ ਪੱਛਮੀ ਸੂਬੇ ਮੈਂਗਿਸਟਾਊ ’ਚ ਸਭ ਤੋਂ ਵੱਧ ਰੋਸ ਵਿਖਾਵੇ ਹੋਏ, ਜਿਸ ਕਾਰਨ ਪ੍ਰਧਾਨ ਮੰਤਰੀ ਅਸਕਾਰ ਮਾਮਿਨ ਨੇ ਅਸਤੀਫਾ ਦੇ ਦਿੱਤਾ ਅਤੇ ਰਾਸ਼ਟਰਪਤੀ ਕਾਸਿਮ ਜੋਮਾਰਟ ਟੋਕਾਯੇਵ ਨੇ ਉਸ ਨੂੰ ਪ੍ਰਵਾਨ ਕਰ ਲਿਆ। ਟੋਕਾਯੇਵ ਵੱਲੋਂ ਕਜ਼ਾਖਿਸਤਾਨ ’ਚ 15 ਦਿਨਾਂ ਦੀ ਐਮਰਜੈਂਸੀ ਦਾ ਐਲਾਨ ਕਰਨ ਦੇ ਬਾਅਦ ਹਾਲਾਤ ਹੋਰ ਵਿਗੜਣ ਲੱਗੇ ਜਿਨ੍ਹਾਂ ਨੂੰ ਦੇਖਦੇ ਹੋਏ ਟੋਕਾਯੇਵ ਨੇ ਆਪਣੀ ਫੌਜ ਨੂੰ ਬਾਗੀਆਂ ਨੂੰ ਬਿਨਾਂ ਚਿਤਾਵਨੀ ਦੇ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ।
ਰੂਸ ਅਤੇ ਚੀਨ ਦਰਮਿਆਨ ਕਜ਼ਾਖਿਸਤਾਨ ਨੂੰ ਲੈ ਕੇ ਖਿੱਚੋਤਾਣ ਪਿਛਲੇ ਦਿਨੀਂ ਚੱਲੀ। ਉਸ ਤੋਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਜਿਸ ਚੀਨ ਦਾ ਜ਼ਮੀਨ ਨੂੰ ਲੈ ਕੇ ਵਿਵਾਦ ਲਗਭਗ ਆਪਣੇ ਸਾਰੇ ਗੁਆਂਢੀਆਂ ਨਾਲ ਚੱਲ ਰਿਹਾ ਹੈ ਉਸ ਨੂੰ ਆਪਣੇ ਨੇੜੇ ਗੁਆਂਢੀ ਕਜ਼ਾਖਿਸਤਾਨ ਦੇ ਅੰਦਰਖਾਤੇ ਹੋਣ ਵਾਲੇ ਘਟਨਾਕ੍ਰਮ ਦੇ ਬਾਰੇ ’ਚ ਕੰਨੋ-ਕੰਨੀਂ ਖਬਰ ਤੱਕ ਨਾ ਲੱਗੀ ਅਤੇ ਰੂਸ ਦੀ ਫੌਜ ਬਗਾਵਤ ਦਬਾਉਣ ਲਈ ਇੱਥੇ ਪਹੁੰਚ ਗਈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਟੋਕਾਯੇਵ ਨੂੰ ਆਪਣਾ ਸਮਰਥਨ ਦਿੱਤਾ ਅਤੇ ਰੂਸੀ ਫੌਜ ਦੇ ਕਜ਼ਾਖਿਸਤਾਨ ਪਹੁੰਚਣ ਦੇ ਇਕ ਦਿਨ ਬਾਅਦ ਫੋਨ ’ਤੇ ਟੋਕਾਯੇਵ ਨਾਲ ਗੱਲ ਕਰ ਕੇ ਆਪਣਾ ਸਮਰਥਨ ਉਨ੍ਹਾਂ ਲਈ ਪ੍ਰਗਟਾਇਆ, ਨਾਲ ਹੀ ਬਾਗੀਆਂ ਨੂੰ ਰੋਕਣ ਲਈ ਟੋਕਾਯੇਵ ਵੱਲੋਂ ਚੁੱਕੇ ਗਏ ਘਾਣਕਾਰੀ ਕਦਮਾਂ ਦਾ ਸਮਰਥਨ ਵੀ ਕੀਤਾ, ਚੀਨ ਦੇ ਟੋਕਾਯੇਵ ਦਾ ਸਮਰਥਨ ਕਰਨ ਦਾ ਸਿੱਧਾ ਮਤਲਬ ਇਹ ਹੈ ਕਿ ਚੀਨ ਇੱਥੇ ਸੱਤਾਧਾਰੀ ਪਾਰਟੀ ਦੇ ਨਾਲ ਹੈ ਨਾ ਕਿ ਕਜ਼ਾਖਿਸਤਾਨ ਦੀ ਜਨਤਾ ਦੇ ਨਾਲ।
ਇਸ ਘਟਨਾ ਦੇ ਬਾਅਦ ਚੀਨ ਦੇ ਉਪਰ ਸਵਾਲ ਉਠਣ ਲੱਗੇ ਕਿ ਚੀਨ ਜਿਸ ਦੇਸ਼ ਦੇ ਨਾਲ 1782 ਕਿ.ਮੀ. ਤੋਂ ਵੱਧ ਦੀ ਸਰਹੱਦ ਸਾਂਝੀ ਕਰਦਾ ਹੈ, ਉਸ ਦੇਸ਼ ’ਚ ਲੋਕਾਂ ਦੀ ਬਗਾਵਤ ਅਤੇ ਉਸ ਨੂੰ ਦਬਾਉਣ ਲਈ ਰੂਸੀ ਫੌਜ ਦੇ ਆਗਮਨ ਦੀ ਭਿਣਕ ਚੀਨ ਨੂੰ ਕਿਵੇਂ ਨਹੀਂ ਲੱਗੀ। ਚੀਨ ਨੂੰ ਕਜ਼ਾਖਿਸਤਾਨ ਦੇ ਅੰਦਰਖਾਤੇ ਦੀ ਖੂਫੀਆ ਜਾਣਕਾਰੀ ਨਹੀਂ ਸੀ, ਜਾਣਕਾਰਾਂ ਦੀ ਰਾਏ ’ਚ ਚੀਨ ਦੇ ਖੂਫੀਆ ਤੰਤਰ ਦੀ ਅਸਫਲਤਾ ਦੇ ਪਿੱਛੇ ਪਹਿਲਾ ਕਾਰਨ ਹੈ ਕੋਰੋਨਾ ਮਹਾਮਾਰੀ ਜਿਸ ਦੀ ਸ਼ੁਰੂਆਤ ਤੋਂ ਹੀ ਰਾਜਧਾਨੀ ਨੁਰਸੁਲਤਾਨ (ਪੁਰਾਣਾ ਨਾਂ ਅਸਤਾਨਾ) ’ਚ ਚੀਨੀ ਡਿਪਲੋਮੈਟਾਂ ਨੇ ਖੁਦ ਨੂੰ ਡਿਪਲੋਮੈਟਿਕ ਕੰਪਾਊਂਡ ’ਚ ਸੁਰੱਖਿਅਤ ਕਰ ਲਿਆ ਜਿਸ ਦੇ ਕਾਰਨ ਉਹ ਹਰ ਤਰ੍ਹਾਂ ਦੇ ਬਾਹਰੀ ਸੰਪਰਕ ਨਾਲੋਂ ਕੱਟ ਗਏ, ਦੂਸਰਾ ਕਾਰਨ ਚੀਨ ਨੂੰ ਕੌਮਾਂਤਰੀ ਮਾਮਲਿਆਂ ਦੀ ਉਹ ਸਮਝ ਨਹੀਂ ਜੋ ਪੱਛਮੀ ਦੁਨੀਆ ਨੂੰ ਹੈ ਅਤੇ ਚੀਨੀ ਚੋਟੀ ਦੀ ਕਮਾਂਡ ਨੂੰ ਉਹ ਖਬਰਾਂ ਸੁਣਾਉਂਦਾ ਹੈ ਜੋ ਉਹ ਸੁਣਨੀਆਂ ਚਾਹੁੰਦਾ ਹੈ ਭਾਵ ਵਿਰੋਧੀ ਖਬਰ ਨਹੀਂ ਸੁਣਨਾ ਚਾਹੁੰਦਾ ਜਿਸ ਦੇ ਕਾਰਨ ਖੂਫੀਆ ਜਾਣਕਾਰੀ ਦੇਣ ਵਾਲੇ ਅਖੌਤੀ ਪੰਡਿਤਾਂ ਨੇ ਚੀਨ ਦੀ ਨਬਜ਼ ਫੜ ਕੇ ਉਵੇਂ ਹੀ ਖਬਰਾਂ ਚੀਨ ਦੇ ਡਿਪਲੋਮੈਟਾਂ ਨੂੰ ਮੁਹੱਈਆ ਕਰਵਾਈਆਂ ਜਿਨ੍ਹਾਂ ਤੋਂ ਬੀਜਿੰਗ ਖੁਸ਼ ਹੁੰਦਾ ਹੈ।
ਤੀਸਰਾ ਕਾਰਨ ਕਜ਼ਾਖਿਸਤਾਨ ’ਚ ਚੀਨੀ ਮਾਮਲਿਅਾਂ ਦੇ ਜਾਣਕਾਰ ਕੋਂਸਤਾਨਤੀਨ ਸਾਇਰੋਏਜ਼ਕਿਨ ਦਾ ਕਜ਼ਾਖਿਸਤਾਨ ਦੇ ਰਾਸ਼ਟਰੀ ਸੁਰੱਖਿਆ ਦਲ ਵੱਲੋਂ ਗ੍ਰਿਫਤਾਰ ਕੀਤਾ ਜਾਣਾ ਅਤੇ ਉਨ੍ਹਾਂ ’ਤੇ ਚੀਨ ਨੂੰ ਦੇਸ਼ ਦੀ ਖੂਫੀਆ ਜਾਣਕਾਰੀ ਮੁਹੱਈਆ ਕਰਵਾਏ ਜਾਣ ਨੂੰ ਲੈ ਕੇ ਉਨ੍ਹਾਂ ਨੂੰ 10 ਸਾਲ ਦੀ ਕੈਦ ਦੀ ਸਜ਼ਾ ਦੇਣੀ ਸ਼ਾਮਲ ਹੈ। 62 ਸਾਲ ਦੇ ਕੋਂਸਤਾਨਤੀਨ ਕਜ਼ਾਖਿਸਤਾਨ ਦੀ ਸਰਕਾਰੀ ਇੰਸਟੀਚਿਊਟ ’ਚ ਅੰਕੜਿਆਂ ਦੇ ਵਿਸ਼ੇ ਦੇ ਫੈਲੋਅ ਭਾਵ ਖੋਜੀ ਹਨ ਅਤੇ ਫਿਲਹਾਲ ਲੋਕਾਂ ਦੀ ਬਗਾਵਤ ਦੇ ਦੋਸ਼ ’ਚ ਕੈਦ ’ਚ ਹਨ। ਚੌਥਾ ਕਾਰਨ ਹੈ ਕਜ਼ਾਖਿਸਤਾਨ ਦਾ ਹਾਲ ਦੇ ਸਾਲਾਂ ’ਚ ਅਮਰੀਕਾ ਅਤੇ ਤੁਰਕੀ ਦੇ ਵੱਲ ਜਾਣਾ ਹਾਲਾਂਕਿ ਦੋਵੇਂ ਦੇਸ਼ ਇਸ ਸਮੇਂ ਇਕ-ਦੂਸਰੇ ਦੇ ਵਿਰੋਧੀ ਹਨ। ਕਜ਼ਾਖਿਸਤਾਨ ਮੁਸਲਿਮ ਰਾਸ਼ਟਰ ਹੈ ਅਤੇ ਚੀਨ ਸ਼ਿਨਜਿਆਂਗ ਉਈਗਰ ਖੁਦਮੁਖਤਾਰ ਸੂਬੇ ’ਚ ਉਈਗਰ ਮੁਸਲਮਾਨਾਂ ’ਤੇ ਅੰਨੇਵਾਹ ਜ਼ੁਲਮ ਕਰ ਰਿਹਾ ਹੈ। ਜਿਸ ਦੇ ਕਾਰਨ ਕਜ਼ਾਕ ਜਨਤਾ ਦੀ ਵੱਡੀ ਗਿਣਤੀ ਚੀਨ ਦੇ ਵਿਰੁੱਧ ਹੈ।
ਉਧਰ ਰੂਸ ਦੀ ਗੱਲ ਕਰੀਏ ਤਾਂ ਸਾਲ 1991 ’ਚ ਰੂਸ ਤੋਂ ਆਜ਼ਾਦ ਹੋਣ ਦੇ ਬਾਅਦ ਵੀ ਕਜ਼ਾਖਿਸਤਾਨ ’ਤੇ ਰੂਸ ਦੀ ਸਿਆਸੀ, ਫੌਜੀ, ਕੂਟਨੀਤਕ ਅਤੇ ਡਵੀਜ਼ਨਲ ਵਪਾਰਕ ਵਰਗ ਦੀ ਪਕੜ ਮਜ਼ਬੂਤ ਹੈ। ਓਧਰ ਡ੍ਰੈਗਨ ਦੇ ਵਪਾਰਕ ਹਿਤਾਂ ਨੂੰ ਨੁਕਸਾਨ ਨਾ ਪਹੁੰਚੇ ਇਸ ਲਈ ਡ੍ਰੈਗਨ ਨੇ ਕਜ਼ਾਖਿਸਤਾਨ ਦੀ ਸੱਤਾਧਾਰੀ ਪਾਰਟੀ ਦਾ ਸਾਥ ਦੇਣਾ ਵੱਧ ਸਹੀ ਸਮਝਿਆ। ਓਧਰ ਦੂਜੇ ਪਾਸੇ ਟੋਕਾਯੇਵ ਵੱਲੋਂ ਰੂਸ ਕੋਲੋਂ ਮਦਦ ਮੰਗਣੀ ਉਨ੍ਹਾਂ ਦੇ ਰਾਸ਼ਟਰੀ ਪੱਧਰ ’ਤੇ ਮਜ਼ਬੂਤ ਪਕੜ ਨੂੰ ਦਿਖਾਉਂਦਾ ਹੈ, ਦੇਸ਼ ਦੀ ਰੱਖਿਆ ਲਈ ਟੋਕਾਯੇਵ ਦੀ ਰੂਸ ’ਤੇ ਨਿਰਭਰਤਾ ਚੀਨ ਦੇ ਲਈ ਚਿੰਤਾ ਦਾ ਕਾਰਨ ਤਾਂ ਹੈ ਹੀ, ਨਾਲ ਹੀ ਪੂਰੀ ਘਟਨਾ ਦੇਸ਼ ਦੇ ਸਾਬਕਾ ਰਾਸ਼ਟਰਪਤੀ ਨੁਰਸੁਲਤਾਨ ਨਜ਼ਰਬਾਯੇਵ ਦੀ ਪਕੜ ਨੂੰ ਕਜ਼ਾਖਿਸਤਾਨ ’ਤੇ ਖਤਮ ਹੋਣ ਦੀ ਕਹਾਣੀ ਵੀ ਕਹਿ ਰਿਹਾ ਹੈ।
ਚੀਨ ਕਜ਼ਾਖਿਸਤਾਨ ਦੇ 30 ਸਾਲ ਪੁਰਾਣੇ ਡਿਲਪੋਮੈਟਿਕ ਸਬੰਧ ਹਨ, ਬਾਵਜੂਦ ਇਸ ਦੇ ਜਿਸ ਤਰ੍ਹਾਂ ਬੀਤੇ ਦਿਨੀਂ ਘਟਨਾਕ੍ਰਮ ਨੇ ਚੀਨ ਨੂੰ ਦਿਖਾ ਦਿੱਤਾ ਕਿ ਦੁਨੀਆ ਨੂੰ ਜਿੱਤਣ ਦਾ ਸੁਪਨਾ ਦੇਖਣ ਦੇ ਬਾਅਦ ਵੀ ਉਹ ਅਪਰਿਪੱਕ ਥਿੰਕ ਟੈਂਕ ਦੀ ਅਸਫਲਤਾ ਦੇ ਕਾਰਨ ਨੇੜਲੇ ਗੁਆਂਢੀ ਕਜ਼ਾਖਿਸਤਾਨ ਦੇ ਬਾਰੇ ’ਚ ਜਾਣਕਾਰੀ ਤੱਕ ਨਹੀਂ ਸੀ ਅਤੇ ਉਹ ਤੁਰਕੀ ਅਤੇ ਅਮਰੀਕਾ ਵਰਗੇ ਦੇਸ਼ਾਂ ਦੇ ਨੇੜੇ ਚਲਾ ਗਿਆ, ਨਾਲ ਹੀ ਕਜ਼ਾਖਿਸਤਾਨ ਦੇ ਕੋਲ ਆਪਣੇ ਅੰਦਰੂਨੀ ਮਾਮਲਿਆਂ ਨੂੰ ਸ਼ਾਂਤ ਕਰਨ ਲਈ ਸ਼ਕਤੀਸ਼ਾਲੀ ਰੂਸੀ ਫੌਜ ਦੀ ਮਦਦ ਵੀ ਮੌਜੂਦ ਹੈ। ਅਜਿਹੇ ਹਾਲਾਤ ’ਚ ਚੀਨ ਨੂੰ ਇਕ ਨਵੇਂ ਸਿਰੇ ਤੋਂ ਮੱਧ ਏਸ਼ਿਆਈ ਸਹਿਯੋਗੀ ਦੇਸ਼ਾਂ ’ਚ ਆਪਣੀ ਜ਼ਮੀਨ ਭਾਲਣੀ ਹੋਵੇਗੀ।