ਬਾਲ ਵਿਆਹ : ਬਹਾਦਰ ਬੱਚੀਆਂ ਲਿਆ ਰਹੀਆਂ ਹਨ ਪੁਰਾਣੀਆਂ ਰਵਾਇਤਾਂ ''ਚ ਜਕੜੇ ਬਿਹਾਰ ਅੰਦਰ ਸਮਾਜਿਕ ਤਬਦੀਲੀ
Wednesday, Aug 08, 2018 - 06:47 AM (IST)

ਬਿਹਾਰ 'ਚ ਸਕੂਲੀ ਬੱਚੀਆਂ ਸਮਾਜਿਕ ਤਬਦੀਲੀ ਦੀਆਂ 'ਰਾਜਦੂਤ' ਵਜੋਂ ਉੱਭਰ ਰਹੀਆਂ ਹਨ। ਪਿਛਲੇ ਇਕ ਸਾਲ ਵਿਚ ਘੱਟੋ-ਘੱਟ 175 ਸਕੂਲੀ ਬੱਚੀਆਂ ਨੇ ਇਹ ਕਹਿੰਦਿਆਂ ਆਪਣੇ ਵਿਆਹ ਵਿਚਾਲੇ ਹੀ ਰੁਕਵਾ ਦਿੱਤੇ ਕਿ ਉਹ ਲਾੜੀ ਵਜੋਂ ਕਿਸੇ ਨੂੰ ਸੌਂਪੇ ਜਾਣ ਤੋਂ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰਨਾ ਚਾਹੁੰਦੀਆਂ ਹਨ।
ਜਿਥੇ ਕੁਝ ਨੇ ਇਸ ਦਾ ਜ਼ਿੰਮਾ ਖ਼ੁਦ ਉਠਾਇਆ ਅਤੇ ਪੁਲਸ, ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਦੌੜ ਕੇ ਪਹੁੰਚੀਆਂ ਅਤੇ ਆਪਣੇ ਵਿਆਹ ਰੁਕਵਾਉਣ ਲਈ ਉਨ੍ਹਾਂ ਤੋਂ ਸਹਾਇਤਾ ਮੰਗੀ, ਉਥੇ ਹੀ ਹੋਰਨਾਂ ਨੇ ਅਧਿਕਾਰੀਆਂ ਨੂੰ ਭਾਵਨਾਤਮਕ ਸੰਦੇਸ਼ ਲਿਖ ਕੇ ਭੇਜੇ। ਕੁਝ ਮਾਮਲਿਆਂ ਵਿਚ ਬੱਚੀਆਂ ਦੇ ਸਕੂਲੀ ਸਹਿਪਾਠੀ ਉਨ੍ਹਾਂ ਦੇ ਬਚਾਅ ਲਈ ਅੱਗੇ ਆਏ।
ਇਕ ਤਾਜ਼ਾ ਘਟਨਾ ਵਿਚ ਕੁਝ ਦਿਨ ਪਹਿਲਾਂ ਪਟਨਾ ਵਿਚ 9ਵੀਂ ਜਮਾਤ ਦੀ ਵਿਦਿਆਰਥਣ ਹੰਸਿਕਾ ਕੁਮਾਰੀ ਭੱਜ ਕੇ ਪੁਲਸ ਥਾਣੇ ਪਹੁੰਚੀ ਅਤੇ ਆਪਣਾ ਵਿਆਹ ਰੁਕਵਾਉਣ ਲਈ ਲਿਖਤੀ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਵੀ ਉਸ ਦੀ ਇੱਛਾ ਦਾ ਸਨਮਾਨ ਕਰਦਿਆਂ ਸ਼ਿਕਾਇਤ 'ਤੇ ਤੇਜ਼ੀ ਨਾਲ ਕਾਰਵਾਈ ਕੀਤੀ ਤੇ ਉਸ ਦਾ ਵਿਆਹ ਰੁਕਵਾ ਦਿੱਤਾ।
ਪਟਨਾ ਜ਼ਿਲੇ ਦੇ ਬਿਹਤਾ ਬਲਾਕ ਵਿਚ ਪੈਂਦੇ ਪਿੰਡ ਸ਼੍ਰੀਰਾਮਪੁਰ ਦੇ ਮਨੋਜ ਰਾਠੌਰ ਦੀ ਧੀ ਹੰਸਿਕਾ ਦਾ ਵਿਆਹ 20 ਜੁਲਾਈ ਨੂੰ ਹੋਣਾ ਤੈਅ ਹੋਇਆ ਸੀ। ਵਿਆਹ ਤੋਂ ਪਹਿਲਾਂ ਵਾਲੀਆਂ ਰਸਮਾਂ ਵਿਚ ਹਿੱਸਾ ਲੈਣ ਲਈ ਉਸ ਦੇ ਸਹੁਰਾ ਪਰਿਵਾਰ ਵਾਲੇ 2 ਦਿਨ ਪਹਿਲਾਂ ਹੀ ਉਸ ਦੇ ਘਰ ਪਹੁੰਚ ਗਏ ਸਨ ਪਰ ਉਹ ਚਾਹੁੰਦੀ ਸੀ ਕਿ ਉਸ ਦਾ ਵਿਆਹ ਕੁਝ ਸਮੇਂ ਲਈ ਟਾਲ ਦਿੱਤਾ ਜਾਵੇ। ਇਸ ਮਾਮਲੇ ਵਿਚ ਉਸ ਨੇ ਬਾਕੀਆਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਦੇ ਕੰਨਾਂ 'ਤੇ ਜੂੰ ਤਕ ਨਹੀਂ ਸਰਕੀ।
ਕੋਈ ਚਾਰਾ ਨਾ ਚੱਲਦਾ ਦੇਖ ਕੇ ਉਸ ਨੇ ਆਟੋ ਫੜਿਆ ਤੇ ਸਥਾਨਕ ਬਿਹਤਾ ਪੁਲਸ ਥਾਣੇ ਪਹੁੰਚ ਕੇ ਪੁਲਸ ਮੁਲਾਜ਼ਮਾਂ ਨੂੰ ਆਪਣੀ ਦੁੱਖ ਭਰੀ ਕਹਾਣੀ ਸੁਣਾਈ। ਸਿੱਟੇ ਵਜੋਂ ਐੱਸ. ਐੱਚ. ਓ. ਰੰਜੀਤ ਕੁਮਾਰ ਸਿੰਘ ਹੰਸਿਕਾ ਦੇ ਘਰ ਪਹੁੰਚੇ ਤੇ ਉਸ ਦੇ ਮਾਪਿਆਂ ਨੂੰ ਉਸ ਦਾ ਵਿਆਹ ਟਾਲਣ ਲਈ ਕਿਹਾ। ਇਥੋਂ ਤਕ ਕਿ ਉਨ੍ਹਾਂ ਨੇ ਉਸ ਦੇ ਮਾਪਿਆਂ ਤੋਂ ਲਿਖਵਾ ਵੀ ਲਿਆ ਕਿ ਉਹ ਆਪਣੀ ਧੀ ਦਾ ਵਿਆਹ ਉਸ ਦੇ ਬਾਲਗ ਹੋਣ ਤੋਂ ਬਾਅਦ ਹੀ ਕਰਨਗੇ।
ਹੰਸਿਕਾ ਨੇ ਦੱਸਿਆ ਕਿ ਉਹ ਪੜ੍ਹਾਈ ਨੂੰ ਤਰਜੀਹ ਦੇਵੇਗੀ ਅਤੇ ਵਿਆਹ ਕਰਵਾਉਣ ਤੋਂ ਪਹਿਲਾਂ ਕੁਝ ਬਣਨਾ ਚਾਹੁੰਦੀ ਹੈ। ਉਸ ਦੇ ਅਨੁਸਾਰ ਉਹ ਸਕੂਲਾਂ ਵਿਚ ਚਲਾਈ ਜਾ ਰਹੀ 'ਪਹਿਲਾਂ ਪੜ੍ਹਾਈ, ਫਿਰ ਵਿਦਾਈ' ਮੁਹਿੰਮ ਤੋਂ ਪ੍ਰੇਰਿਤ ਹੋਈ। ਉਸ ਦੇ ਇਸ ਕੰਮ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਉਸ ਵਰਗੀ ਸੋਚ ਰੱਖਣ ਵਾਲੇ ਹੋਰਨਾਂ ਲੋਕਾਂ ਨੇ ਭਰਪੂਰ ਤਾਰੀਫ ਕੀਤੀ ਹੈ।
ਇਸ ਸਾਲ ਜੂਨ ਵਿਚ ਜ਼ਿਲਾ ਗਯਾ ਦੇ ਗੁਰੂਆ ਬਲਾਕ ਦੀ 8ਵੀਂ ਜਮਾਤ ਦੀ ਵਿਦਿਆਰਥਣ ਸਿਮਰਨ ਕੁਮਾਰੀ ਵੀ ਹੰਸਿਕਾ ਵਾਂਗ ਆਪਣਾ ਵਿਆਹ ਟਲਵਾਉਣ ਵਿਚ ਸਫਲ ਰਹੀ ਪਰ ਇਸ ਦੇ ਲਈ ਉਸ ਦੀ ਕਲਾਸ ਦੇ ਸਹਿਪਾਠੀਆਂ ਨੂੰ ਬਹੁਤ ਮਿਹਨਤ ਕਰਨੀ ਪਈ।
ਸਿਮਰਨ ਦਾ ਵਿਆਹ ਯੂ. ਪੀ. ਦੇ ਇਕ ਲੜਕੇ ਨਾਲ ਤੈਅ ਹੋਇਆ ਸੀ। ਸੂਚਨਾ ਮਿਲਣ 'ਤੇ ਉਸ ਦੀਆਂ ਸਹਿਪਾਠਣਾਂ ਤੇਜ਼ੀ ਨਾਲ ਮੰਦਰ ਪਹੁੰਚੀਆਂ ਤੇ ਉਸ ਦਾ ਵਿਆਹ ਰੁਕਵਾ ਦਿੱਤਾ। ਉਨ੍ਹਾਂ ਦਾ ਗੁੱਸਾ ਦੇਖ ਕੇ ਸਿਮਰਨ ਦੇ ਮਾਂ-ਪਿਓ ਵੀ ਉਥੋਂ ਭੱਜ ਗਏ। ਉਨ੍ਹਾਂ ਕੁੜੀਆਂ ਨੇ ਬਾਲ ਵਿਆਹ ਦੇ ਮੱਦੇਨਜ਼ਰ ਸਥਾਨਕ ਬੀ. ਡੀ. ਓ. ਬਲਵੰਤ ਕੁਮਾਰ ਪਾਂਡੇ ਨੂੰ ਵੀ ਸੱਦ ਲਿਆ ਅਤੇ ਸਿਮਰਨ ਦਾ ਵਿਆਹ ਰੁਕਵਾਉਣ ਲਈ ਉਨ੍ਹਾਂ ਨੂੰ ਦਖਲ ਦੇਣ ਲਈ ਕਿਹਾ।
ਇਕ ਅਜੀਬੋ-ਗਰੀਬ ਮਾਮਲਾ ਗਯਾ ਜ਼ਿਲੇ ਦੇ ਹੀ 11ਵੀਂ ਜਮਾਤ ਦੀ ਵਿਦਿਆਰਥਣ ਰੇਸ਼ਮ ਕੁਮਾਰ ਦਾ ਸੀ, ਜਿਸ ਨੇ ਸਥਾਨਕ ਜ਼ਿਲਾ ਮੈਜਿਸਟ੍ਰੇਟ ਅਭਿਸ਼ੇਕ ਕੁਮਾਰ ਸਿੰਘ ਨੂੰ ਇਕ ਭਾਵਨਾਤਮਕ ਚਿੱਠੀ ਲਿਖ ਕੇ ਆਪਣਾ ਵਿਆਹ ਰੁਕਵਾਉਣ ਲਈ ਮਦਦ ਮੰਗੀ। ਉਸ ਨੇ ਚਿੱਠੀ ਸਾਧਾਰਨ ਡਾਕ ਰਾਹੀਂ ਭੇਜੀ ਸੀ, ਫਿਰ ਵੀ ਉਸ ਨੇ ਚਮਤਕਾਰ ਕਰ ਦਿਖਾਇਆ। ਚਿੱਠੀ ਮਿਲਦਿਆਂ ਹੀ ਡੀ. ਐੱਮ. ਉਸ ਦੇ ਪਿੰਡ ਪਹੁੰਚੇ ਅਤੇ ਉਸ ਦੇ ਮਾਪਿਆਂ ਨੂੰ ਤੁਰੰਤ ਉਸ ਦਾ ਵਿਆਹ ਰੋਕਣ ਦਾ ਹੁਕਮ ਦਿੱਤਾ।
ਗਯਾ ਦੀ ਇਕ ਅਜਿਹੀ ਹੀ ਹੋਰ ਘਟਨਾ ਵਿਚ 9ਵੀਂ ਜਮਾਤ ਦੀ ਵਿਦਿਆਰਥਣ ਪਿੰਕੀ ਆਪਣੀਆਂ ਦਰਜਨਾਂ ਸਹਿਪਾਠਣਾਂ ਨਾਲ ਪੁਲਸ ਥਾਣੇ ਪਹੁੰਚੀ ਤੇ ਆਪਣਾ ਵਿਆਹ ਰੁਕਵਾਉਣ ਵਿਚ ਸਫਲ ਰਹੀ।
ਪ੍ਰਸਿੱਧ ਸਮਾਜ ਵਿਗਿਆਨੀ ਸਚਿੰਦਰ ਨਾਰਾਇਣ ਦਾ ਕਹਿਣਾ ਹੈ ਕਿ ਸਰਕਾਰ ਛੋਟੀਆਂ ਸਕੂਲੀ ਬੱਚੀਆਂ ਦੇ ਪੱਧਰ 'ਤੇ ਕੁਝ ਕਰਨ ਵਿਚ ਅਸਫਲ ਰਹੀ ਹੈ। ਇਹ ਸੱਚਮੁਚ ਅਦਭੁੱਤ ਹੈ, ਜੋ ਇਹ ਸੰਕੇਤ ਦਿੰਦਾ ਹੈ ਕਿ ਬਾਲ ਵਿਆਹ ਵਿਰੁੱਧ ਸਮਾਜਿਕ ਜਾਗਰੂਕਤਾ ਵਧ ਰਹੀ ਹੈ। (ਐੱਸ.)