ਕੀ ਕਸੌਟੀ ''ਤੇ ਖਰੇ ਉਤਰਨਗੇ ''ਗੁਰੂ ਨਾਨਕ ਚੇਅਰ'' ਸਥਾਪਿਤ ਕਰਨ ਦੇ ਕਪਤਾਨੀ ਦਾਅਵੇ

11/16/2019 12:38:52 AM

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਹਿਲੇ ਪਾਤਿਸ਼ਾਹ ਦੇ ਨਾਂ 'ਤੇ 11 ਯੂਨੀਵਰਸਿਟੀਆਂ ਵਿਚ ਚੇਅਰ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ। ਇਨ੍ਹਾਂ ਵਿਚ ਇਕ ਯੂਨੀਵਰਸਿਟੀ ਈਰਾਨ ਦੀ ਹੈ, 7 ਪੰਜਾਬ ਦੀਆਂ ਤੇ 3 ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ। ਇਨ੍ਹਾਂ ਚੇਅਰਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫ਼ੇ ਬਾਰੇ ਖੋਜ ਕੀਤੀ ਜਾਵੇਗੀ। ਕੈਪਟਨ ਮੁਤਾਬਿਕ ਗੁਰੂ ਨਾਨਕ ਚੇਅਰ ਪੰਜਾਬੀ ਯੂਨੀਵਰਸਿਟੀ (ਪਟਿਆਲਾ), ਆਈ. ਕੇ. ਗੁਜਰਾਲ ਪੀ. ਟੀ. ਯੂ. (ਕਪੂਰਥਲਾ), ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਬਠਿੰਡਾ), ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਫਗਵਾੜਾ), ਚੰਡੀਗੜ੍ਹ ਯੂਨੀਵਰਸਿਟੀ (ਘੜੂੰਆਂ), ਚਿਤਕਾਰਾ ਯੂਨੀਵਰਸਿਟੀ (ਰਾਜਪੁਰਾ), ਅਕਾਲ ਯੂਨੀਵਰਸਿਟੀ (ਤਲਵੰਡੀ ਸਾਬੋ) ਤੋਂ ਇਲਾਵਾ ਆਈ. ਟੀ. ਐੱਮ. ਯੂਨੀਵਰਸਿਟੀ (ਗਵਾਲੀਅਰ), ਆਰ. ਡੀ. ਕੇ. ਐੱਫ. ਯੂਨੀਵਰਸਿਟੀ (ਭੋਪਾਲ), ਜੇ. ਆਈ. ਐੱਸ. ਯੂਨੀਵਰਸਿਟੀ (ਪੱਛਮੀ ਬੰਗਾਲ) ਅਤੇ ਯੂਨੀਵਰਸਿਟੀ ਆਫ਼ ਰਿਲੀਜਨ (ਈਰਾਨ) ਵਿਚ ਸਥਾਪਿਤ ਕੀਤੀ ਜਾਵੇਗੀ।

ਕੀ ਇਹ ਸਿਰਫ ਸਿਆਸੀ ਐਲਾਨ ਹਨ
ਹੁਣ ਕੁਝ ਨੁਕਤੇ ਨੇ ਇਸ ਸਰਕਾਰੀ ਐਲਾਨ ਬਾਰੇ। ਪਹਿਲਾ ਕਿ ਕੀ ਇਹ ਸਿਰਫ ਸਿਆਸੀ ਐਲਾਨ ਹਨ? ਕੀ ਇਸ ਦੇ ਅਕਾਦਮਿਕ ਮਨਸ਼ੇ ਵੀ ਹਨ? ਕੀ ਚੇਅਰਾਂ ਵਲੋਂ ਖੋਜ ਹਵਾ 'ਚ ਹੀ ਕੀਤੀ ਜਾਵੇਗੀ? ਕੀ ਪ੍ਰਾਈਵੇਟ ਯੂਨੀਵਰਸਿਟੀਆਂ ਏਨੀ ਸਮਰੱਥਾ ਰੱਖਦੀਆਂ ਨੇ ਕਿ ਉਹ ਖੋਜ ਕਰਵਾ ਸਕਣ? ਕੀ ਇਨ੍ਹਾਂ ਵਿਚੋਂ ਕੁਝ ਉਹ ਯੂਨੀਵਰਸਿਟੀਆਂ ਨਹੀਂ, ਜਿਹੜੀਆਂ ਆਪਣੀ ਹੋਂਦ ਦੀ ਲੜਾਈ ਹੀ ਲੜ ਰਹੀਆਂ ਹਨ? ਕੀ ਪਹਿਲਾਂ ਚੱਲਦੀਆਂ ਗੁਰੂ ਨਾਨਕ ਚੇਅਰਾਂ, ਗੁਰੂ ਨਾਨਕ ਕਾਲਜਾਂ, ਗੁਰੂ ਨਾਨਕ ਲਾਇਬ੍ਰੇਰੀਆਂ ਜਾਂ ਹੋਰ ਖੋਜ ਕੇਂਦਰਾਂ ਦੀ ਹਾਲਤ ਬਾਰੇ ਮੁੱਖ ਮੰਤਰੀ ਪੰਜਾਬ ਕੋਲ ਕੋਈ ਰਿਪੋਰਟ ਹੈ? ਉਨ੍ਹਾਂ ਦੀ ਹਾਲਤ ਬਾਰੇ ਕੀ ਕਦੇ ਪੰਜਾਬ ਸਰਕਾਰ ਨੇ ਧਿਆਨ ਦਿੱਤਾ ਹੈ?
ਚੇਅਰਾਂ ਵਾਲੇ ਨੁਕਤੇ 'ਤੇ ਆਉਣ ਤੋਂ ਪਹਿਲਾਂ ਇਕ ਹੈਰਾਨ ਕਰਨ ਵਾਲੇ ਤੱਥ ਤੋਂ ਜਾਣੂ ਹੋਣਾ ਬਹੁਤ ਲਾਜ਼ਮੀ ਹੈ। ਵਰ੍ਹੇ 1969 'ਚ ਗੁਰੂ ਸਾਹਿਬ ਦਾ 500ਵਾਂ ਪ੍ਰਕਾਸ਼ ਪੁਰਬ ਵੀ ਇਵੇਂ ਹੀ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ ਸੀ। ਉਸ ਸਮਾਗਮ ਦੀ ਵਿਲੱਖਣਤਾ ਇਹ ਸੀ ਕਿ ਸਿੱਖਿਆ ਦੇ ਖੇਤਰ ਨੂੰ ਲੈ ਕੇ ਪੰਜਾਬੀਆਂ ਦੀ ਚਿੰਤਾ ਤੇ ਚਿੰਤਨ ਪ੍ਰਚੰਡ ਦਿਖਾਈ ਦਿੱਤਾ ਸੀ। ਸਰਕਾਰੀ ਮਨਸ਼ੇ ਵੀ ਅਕਾਦਮਿਕਤਾ ਵਾਲੇ ਨਜ਼ਰ ਆਏ ਸਨ। ਉਹੀ ਵਰ੍ਹਾ ਹੈ ਜਦੋਂ ਪੰਜਾਬ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਦੀ ਹੈ। ਅੱਜ ਇਸ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਅਸੀਂ ਗਿਣਾ ਸਕਦੇ ਹਾਂ। ਦੱਸ ਸਕਦੇ ਹਾਂ ਕਿ ਇਹ ਇਕ ਦੂਰਅੰਦੇਸ਼ੀ ਵਾਲਾ ਫੈਸਲਾ ਸੀ, ਜਿਸ ਦਾ ਲਾਹਾ ਪੰਜਾਬ ਦੇ ਵਿਦਿਆਰਥੀਆਂ ਨੇ ਲਿਆ। ਦਿਖਾਈ ਦਿੰਦਾ ਹੈ ਸਾਰਾ ਕੁਝ ਸਾਫ-ਸਪੱਸ਼ਟ। ਫਿਰ ਇਸੇ ਵਰ੍ਹੇ ਹੀ ਪੰਜਾਬ ਅੰਦਰ 31 ਦੇ ਕਰੀਬ ਗੁਰੂ ਨਾਨਕ ਕਾਲਜ ਖੁੱਲ੍ਹੇ ਸਨ। ਪੂਰੇ ਪੰਜਾਬ ਅੰਦਰ ਖੁੱਲ੍ਹੇ ਇਨ੍ਹਾਂ ਕਾਲਜਾਂ ਵਿਚ ਬਹੁਤਾ ਸਹਿਯੋਗ ਲੋਕਾਂ ਦਾ ਸੀ। ਸਿੱਖਿਆ ਦੇ ਖੇਤਰ ਦੇ ਮਾਹਿਰਾਂ ਤੇ ਅਧਿਆਪਕਾਂ ਨੇ ਲੋਕਾਂ ਨਾਲ ਮਿਲ ਕੇ ਇਨ੍ਹਾਂ ਕਾਲਜਾਂ ਨੂੰ ਸਿਖਰ 'ਤੇ ਪਹੁੰਚਾਇਆ। ਅੱਜ ਅਸੀਂ ਇਨ੍ਹਾਂ ਸਾਰੇ ਕਾਲਜਾਂ ਦਾ ਸਰਵੇਖਣ ਕਰ ਸਕਦੇ ਹਾਂ ਤੇ ਇਨ੍ਹਾਂ ਦੀ ਸਮਾਜ ਨੂੰ ਸਾਰਥਕ ਦੇਣ ਬਾਰੇ ਤੱਥ ਲੱਭ ਸਕਦੇ ਹਾਂ। ਇਨ੍ਹਾਂ ਵਿਚ ਵੀ ਕੁਝ ਕਾਲਜ ਕੁੜੀਆਂ ਦੀ ਸਿੱਖਿਆ ਵਾਸਤੇ ਬਣਾਏ ਗਏ ਸਨ, ਜਿਨ੍ਹਾਂ ਦਾ ਮਹੱਤਵ ਉਸ ਸਮੇਂ ਹੀ ਨਹੀਂ, ਅੱਜ ਵੀ ਓਨਾ ਹੀ ਹੈ। ਲਾਇਬ੍ਰੇਰੀਆਂ ਖੋਲ੍ਹੀਆਂ ਗਈਆਂ ਪਰ ਅੱਜ 50 ਸਾਲ ਹੋ ਗਏ ਉਨ੍ਹਾਂ ਸਮਾਗਮਾਂ ਤੇ ਕਾਰਜਾਂ ਨੂੰ, ਸਿਤਮ ਦੀ ਗੱਲ ਹੈ ਕਿ ਕਿਸੇ ਨੇ ਵੀ ਉਨ੍ਹਾਂ ਵਿੱਦਿਅਕ ਅਦਾਰਿਆਂ ਜਾਂ ਲਾਇਬ੍ਰੇਰੀਆਂ ਦੀ ਸਾਰ ਲੈਣ ਦੀ ਵੀ ਗੱਲ ਨਹੀਂ ਕੀਤੀ, ਨਵੇਂ ਤਾਂ ਕੀ ਖੋਲ੍ਹਣੇ ਸਨ। ਇਹ ਗੱਲ ਸੁੱਟ ਪਾਉਣ ਵਾਲੀ ਨਹੀਂ ਹੈ। ਸਾਨੂੰ ਖਬਰ ਹੋਣੀ ਚਾਹੀਦੀ ਹੈ ਕਿ ਸਰਕਾਰਾਂ ਦੀ ਅਣਦੇਖੀ ਕਾਰਣ ਹੀ ਸਾਡਾ ਅੱਜ ਦਾ ਨੌਜਵਾਨ ਵਿਦੇਸ਼ਾਂ 'ਚ ਪੜ੍ਹਨ ਵਾਸਤੇ ਜਾ ਰਿਹਾ ਹੈ। ਨਾਲ ਹੀ ਕਰੋੜਾਂ ਦੀ ਇਨਵੈਸਟਮੈਂਟ ਬਾਹਰ ਜਾ ਰਹੀ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਵਰ੍ਹੇ ਮੌਕੇ ਸਿੱਖਿਆ ਦੀ, ਅਧਿਐਨ ਦੀ, ਖੋਜ ਦੀ, ਗੱਲ ਨਾ ਕੀਤੇ ਜਾਣਾ ਦੁਖਦਾਈ ਹੈ। ਅਸੀਂ 50 ਸਾਲ ਜਿਵੇਂ ਪਿਛਾਂਹ ਨੂੰ ਹੀ ਗਏ ਹਾਂ, ਅਗਾਂਹ ਨੂੰ ਨਹੀਂ।

ਪਹਿਲਾਂ ਪਈ ਸਮੱਗਰੀ ਹੀ ਸੰਭਾਲ ਲਵੋ ਤਾਂ ਕਾਫੀ
ਇਕ ਹੋਰ ਅਹਿਮ ਗੱਲ ਕਿ ਕਿਸੇ ਵੀ ਚੇਅਰ ਨੂੰ ਖੋਜ ਕਾਰਜ ਕਰਨ ਵਾਸਤੇ ਸਿਰਫ ਖੋਜਾਰਥੀਆਂ ਦੀ ਜ਼ਰੂਰਤ ਨਹੀਂ ਹੁੰਦੀ, ਪੈਸੇ ਦੀ ਹੀ ਜ਼ਰੂਰਤ ਨਹੀਂ ਹੁੰਦੀ। ਉਸ ਦੇ ਵਾਸਤੇ ਲਾਇਬ੍ਰੇਰੀਆਂ ਸਥਾਪਿਤ ਕੀਤੇ ਜਾਣਾ ਜ਼ਰੂਰੀ ਹੁੰਦਾ ਹੈ। ਉਹ ਸਮੱਗਰੀ ਇਕੱਤਰ ਕੀਤੇ ਜਾਣਾ ਲਾਜ਼ਮੀ ਹੁੰਦਾ ਹੈ, ਜਿਸ ਦੇ ਬਾਰੇ ਖੋਜ ਹੋਣੀ/ਕਰਨੀ ਹੈ। ਹੁਣ ਜੇਕਰ ਅਸੀਂ ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਹੀ ਗੱਲ ਕਰੀਏ ਤਾਂ ਸਾਨੂੰ ਫਿਰ ਉਸੇ ਵਰ੍ਹੇ 1969 'ਚ ਜਾਣਾ ਪਵੇਗਾ, ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੁਰੂ ਨਾਨਕ ਚੇਅਰ ਦੇ ਚੇਅਰਮੈਨ ਪ੍ਰੋ. ਪ੍ਰੀਤਮ ਸਿੰਘ ਨੇ ਇਕ ਹੰਭਲਾ ਮਾਰਿਆ। ਉਨ੍ਹਾਂ ਖੋਜਾਰਥੀਆਂ ਨੂੰ ਕਿਹਾ ਕਿ ਤੁਸੀਂ ਸਾਰੇ ਉਨ੍ਹਾਂ ਥਾਵਾਂ ਵੱਲ ਨਿਕਲ ਜਾਓ, ਜਿਥੇ-ਜਿਥੇ ਬਾਬਾ ਜੀ ਉਦਾਸੀਆਂ ਦੌਰਾਨ ਕਿਆਮ ਕਰਦੇ ਰਹੇ ਜਾਂ ਵਿਚਰਦੇ ਰਹੇ। ਉਨ੍ਹਾਂ ਨਾਲ ਸਬੰਧਤ ਖਰੜੇ ਜਾਂ ਹੋਰ ਕਾਰਜ ਇਕੱਤਰ ਕਰ ਕੇ ਲਿਆਓ। ਕਾਰਜ ਕੀਤਾ ਗਿਆ। ਬਹੁਤ ਸਾਰੀ ਸਮਗਰੀ ਇਕੱਤਰ ਕਰ ਕੇ ਲਿਆਂਦੀ ਗਈ। ਸਿਤਮ ਦੀ ਗੱਲ ਹੈ ਕਿ 50 ਸਾਲਾਂ ਤੋਂ ਉਹ ਸਮੱਗਰੀ ਬਸਤਿਆਂ 'ਚ ਬੰਦ ਪਈ ਹੈ। ਉਸ ਨੂੰ ਖੋਲ੍ਹਣ ਵਾਲਾ ਕੋਈ ਨਹੀਂ, ਖੋਜ ਤਾਂ ਬਾਅਦ ਦੀ ਗੱਲ ਹੈ। ਆਖਿਰ ਸਾਡੀਆਂ ਯੂਨੀਵਰਸਿਟੀਆਂ ਵੀ ਕਿਉਂ ਨਹੀਂ ਇਨ੍ਹਾਂ ਤੱਥਾਂ ਨੂੰ ਉਜਾਗਰ ਕਰਦੀਆਂ ਕਿ ਸਰਕਾਰ ਤੱਕ ਮਸਲੇ ਸਹੀ ਦਿਸ਼ਾ ਨਾਲ ਜਾਣ। ਕਿਉਂ ਸਾਡੇ ਪ੍ਰਬੁੱਧ ਚਿੰਤਕ ਇਨ੍ਹਾਂ ਮਾਮਲਿਆਂ ਬਾਰੇ ਚੁੱਪ ਰਹਿੰਦੇ ਹਨ? ਕੀ ਕੇਂਦਰੀ ਲਾਇਬ੍ਰੇਰੀ ਪਟਿਆਲਾ 'ਚ ਪਏ ਅਣਮੁੱਲੇ ਖਰੜਿਆਂ ਨੂੰ ਜ਼ਿਰੌਕਸ ਕਰਵਾ ਕੇ ਖੋਜਾਰਥੀਆਂ ਨੂੰ ਸਰਕਾਰ ਵਲੋਂ ਮੁਹੱਈਆ ਨਹੀਂ ਕਰਵਾਏ ਜਾਣੇ ਚਾਹੀਦੇ, ਜਿਹੜੇ ਇਉਂ ਪਏ ਹੀ ਸੁੱਕ-ਸੜ ਜਾਣੇ ਨੇ। ਕੀ ਚੇਅਰਾਂ ਤੋਂ ਪਹਿਲਾਂ ਇਹ ਕਾਰਜ ਲਾਜ਼ਮੀ ਨਹੀਂ ਹਨ?

ਅਸੀਂ ਤਾਂ ਸਿਰਫ ਸਿਆਸੀ ਐਲਾਨ ਕਰਦੇ ਹਾਂ
ਹੁਣ ਚੇਅਰਾਂ ਦੀ ਹਾਲਤ ਜੇਕਰ ਲੈਣੀ ਹੈ ਤਾਂ ਸਾਡੀਆਂ ਵੱਡੀਆਂ ਯੂਨੀਵਰਸਿਟੀਆਂ ਵੱਲ ਹੀ ਨਿਗਾਹ ਮਾਰ ਲਵੋ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸ਼ੇਖ ਬਾਬਾ ਫਰੀਦ ਚੇਅਰ, ਭਾਈ ਵੀਰ ਸਿੰਘ ਚੇਅਰ, ਭਗਤ ਰਵਿਦਾਸ ਚੇਅਰ, ਸ਼ਹੀਦ ਭਗਤ ਸਿੰਘ ਚੇਅਰ, ਸਭ ਬੰਦ ਪਈਆਂ ਨੇ। ਕੋਈ ਖੋਜ ਕਾਰਜ ਨਹੀਂ, ਕੋਈ ਦਫਤਰ ਨਹੀਂ, ਕੋਈ ਸਟੈਨੋ ਨਹੀਂ, ਕੋਈ ਅਸਿਸਟੈਂਟ ਖੋਜਾਰਥੀ ਨਹੀਂ। ਸਿਰਫ ਨਾਮਾਤਰ ਕਿਸੇ ਪ੍ਰੋਫੈਸਰ ਨੂੰ ਚਾਰਜ ਦਿੱਤਾ ਹੋਇਆ ਹੈ। ਕੀ ਇਹ ਸਰਕਾਰ ਦੇ ਧਿਆਨ 'ਚ ਨਹੀਂ? ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਭਾਈ ਵੀਰ ਸਿੰਘ ਚੇਅਰ, ਕਰਤਾਰ ਸਿੰਘ ਸਰਾਭਾ ਚੇਅਰ, ਮਹਾਰਾਣਾ ਪ੍ਰਤਾਪ ਚੇਅਰ, ਡਾ. ਰਵਿੰਦਰ ਸਿੰਘ ਰਵੀ ਚੇਅਰ, ਭਗਵਾਨ ਵਾਲਮੀਕਿ ਚੇਅਰ, ਸਭ ਬੰਦ। ਨਾਂ ਵਾਸਤੇ ਕਿਸੇ ਪ੍ਰੋਫੈਸਰ ਕੋਲ ਚਾਰਜ ਹੈ। ਕਦੇ-ਕਦਾਈਂ ਕੋਈ ਸਮਾਗਮ ਕਰਵਾ ਲਿਆ ਜਾਂ ਚਿੱਠੀ-ਪੱਤਰ ਬਸ। ਸਰਕਾਰ ਇਨ੍ਹਾਂ ਨੂੰ ਸ਼ੁਰੂ ਕਰਵਾਏ, ਫਿਰ ਬਾਕੀ ਵੀ ਖੋਲ੍ਹੇ ਪਰ ਨਹੀਂ। ਅਸੀਂ ਤਾਂ ਸਿਆਸੀ ਐਲਾਨ ਕਰਨੇ ਹੁੰਦੇ ਨੇ, ਉਹ ਕਰਦੇ ਹਾਂ ਕਿਉਂਕਿ ਲੋਕਾਂ ਨੂੰ ਪਿਛਲਾ ਭੁੱਲ ਚੁੱਕਾ ਹੁੰਦਾ ਹੈ। ਉਨ੍ਹਾਂ ਨੂੰ ਤਾਜ਼ਾ ਦਮ ਕਰਨਾ ਹੁੰਦਾ ਹੈ। ਤੁਹਾਡੇ ਐਲਾਨ ਦਾ ਮਹੱਤਵ ਕੀ ਹੈ, ਇਹ ਅਸੀਂ ਕਦੇ ਨਹੀਂ ਸੋਚਣਾ।
ਹੁਣ ਇਹ ਜੋ ਚੇਅਰਾਂ ਬਣੀਆਂ/ਬਣਦੀਆਂ/ਬਣਨਗੀਆਂ, ਇਨ੍ਹਾਂ ਦਾ ਮਨਸ਼ਾ ਅਕਾਦਮਿਕ ਨਹੀਂ ਹੈ, ਇਹ ਸਿਆਸੀ ਹੰਕਾਰ 'ਚੋਂ ਡਿਜ਼ਾਈਨ ਹੁੰਦੀਆਂ ਨੇ। ਪਿਛਲੇ 70 ਸਾਲ ਦਾ ਸਾਡਾ ਤਜਰਬਾ ਜੋ ਹੈ, ਉਹ ਅਕਾਦਮਿਕਤਾ ਵਾਲਾ ਨਹੀਂ ਹੈ। ਅਸੀਂ ਕੋਈ ਅਕਾਦਮਿਕ ਸ਼ਖਸੀਅਤ ਹੀ ਪੈਦਾ ਨਹੀਂ ਕਰ ਪਾਏ। ਕੋਈ ਯੂਨੀਵਰਸਿਟੀ ਉਸ ਪੱਧਰ ਦਾ ਦਾਅਵਾ ਨਹੀਂ ਕਰ ਸਕਦੀ, ਜਿਹੜਾ ਯੂਨੀਵਰਸਿਟੀਆਂ ਦਾ ਫਰਜ਼ ਬਣਦਾ ਹੁੰਦਾ ਹੈ। ਸਾਡੀ ਪ੍ਰਵਿਰਤੀ ਹੀ ਖੋਜ ਤੋਂ ਪਰ੍ਹੇ ਵਾਲੀ ਹੋ ਗਈ। ਅਸੀਂ ਜੋ ਗੁਰੂ ਨਾਨਕ ਦੇਵ ਜੀ ਵਰਗੇ ਖੋਜੀ ਸਤਿਗੁਰ ਦੇ ਵਾਰਿਸ ਹਾਂ, ਖੋਜ ਤੋਂ ਕੋਹਾਂ ਦੂਰ ਹਾਂ। ਅਸੀਂ ਗਿਆਨ ਦੀ ਗੱਲ ਕਰਨ ਵਾਲਿਆਂ ਦੇ ਬੱਚੇ, ਜਿਹੜੇ ਸੈਂਕੜੇ ਲਾਇਬ੍ਰੇਰੀਆਂ ਬੰਦ ਕਰ ਚੁੱਕੇ ਹਾਂ ਆਜ਼ਾਦੀ ਤੋਂ ਬਾਅਦ, ਖਾਸ ਕਰਕੇ ਪਿਛਲੇ 3 ਦਹਾਕਿਆਂ ਦੇ ਅੰਦਰ-ਅੰਦਰ। ਕਦੇ ਝਾਤ ਤਾਂ ਮਾਰੋ ਆਪਣੇ ਅਕਾਦਮਿਕ ਹਲਕਿਆਂ 'ਚ। ਸਭ ਤੋਂ ਵੱਧ ਭ੍ਰਿਸ਼ਟਾਚਾਰ ਇਨ੍ਹਾਂ ਅਦਾਰਿਆਂ 'ਚ ਹੈ, ਇਹ ਵਪਾਰਕ ਅੱਡੇ ਬਣ ਗਏ ਅਤੇ ਅਸੀਂ ਮੂਕ ਦਰਸ਼ਕ, ਜਿਸ ਨੂੰ ਕਦੇ ਵੀ ਇਹ ਸੈਲਾਬ ਨਿਗਲ ਸਕਦਾ ਹੈ।

                                                                                                   —ਦੇਸ ਰਾਜ ਕਾਲੀ (ਹਰਫ-ਹਕੀਕੀ)


KamalJeet Singh

Content Editor

Related News