ਭਾਜਪਾ ਨੇ ਕੌਮੀ ਸੁਰੱਖਿਆ ਦਾ ਅਪਮਾਨ ਕੀਤਾ

Wednesday, May 01, 2019 - 06:38 AM (IST)

ਸਵਾਮੀ ਅਗਨੀਵੇਸ਼

ਮਈ 2013 ’ਚ ਮੈਂ ਭੋਪਾਲ ਜੇਲ ’ਚ ਸਾਧਵੀ ਪ੍ਰੱਗਿਆ ਨੂੰ ਮਿਲਿਆ ਸੀ। ਅਜਿਹਾ ਮੈਂ ਇਸ ਲਈ ਕੀਤਾ ਕਿਉਂਕਿ ਮੈਨੂੰ ਦੱਸਿਆ ਗਿਆ ਸੀ ਕਿ ਉਹ ਘਾਤਕ ਬੀਮਾਰੀ ਤੋਂ ਪੀੜਤ ਹੈ ਤੇ ਉਸ ਨੂੰ ਸਹੀ ਡਾਕਟਰੀ ਸਹਾਇਤਾ ਨਹੀਂ ਦਿੱਤੀ ਜਾ ਰਹੀ। ਮੈਨੂੰ ਇਹ ਵੀ ਦੱਸਿਆ ਗਿਆ ਸੀ ਕਿ ਉਸ ਦੇ ਸਮਰਥਕਾਂ ਤੇ ਸਰਪ੍ਰਸਤਾਂ ਨੇ ਉਸ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਹੈ। ਇਸ ਮੁਲਾਕਾਤ ਕਾਰਨ ਮੈਨੂੰ ਕਾਫੀ ਉਲਝਣ ਦਾ ਸਾਹਮਣਾ ਕਰਨਾ ਪਿਆ। ਪ੍ਰੱਗਿਆ ਨੇ ਮੇਰੇ ’ਤੇ ਯੂ. ਪੀ. ਏ. ਸਰਕਾਰ, ਖਾਸ ਕਰਕੇ ਤੱਤਕਾਲੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨਾਲ ਮਿਲੀਭੁਗਤ ਹੋਣ ਦਾ ਦੋਸ਼ ਲਾਇਆ ਤੇ ਨਾਲ ਹੀ ਇਹ ਵੀ ਕਿ ਮੈਂ ਸਰਕਾਰ ਵਲੋਂ ਸਾਧਵੀ ’ਤੇ ਦਬਾਅ ਪਾਇਆ ਹੈ। ਇਸ ਨਾਲ ਮੈਨੂੰ ਕਾਫੀ ਹੈਰਾਨੀ ਵੀ ਹੋਈ ਤੇ ਦੁੁੱਖ ਵੀ। ਮੈਂ ਸਾਧਵੀ ਪ੍ਰੱਗਿਆ ਨੂੰ ਜੇਲ ਸੁਪਰਡੈਂਟ ਦੇ ਦਫਤਰ ’ਚ ਮਿਲਿਆ ਸੀ ਤੇ ਸਾਡੀ ਗੱਲਬਾਤ ਦੌਰਾਨ ਜੇਲ ਸੁਪਰਡੈਂਟ ਸਮੇਤ ਉਥੇ ਹੋਰ ਲੋਕ ਵੀ ਮੌਜੂਦ ਸਨ। ਮੈਂ ਉਸ ਨੂੰ ਇਨਸਾਨੀਅਤ ਦੇ ਨਾਤੇ ਮਿਲਿਆ ਸੀ ਤੇ ਉਦੋਂ ਉਸ ਨਾਲ ਇਕਜੁੱਟਤਾ ਦਿਖਾਉਣ ਲਈ ਮੈਨੂੰ ਕੋਈ ਅਫਸੋਸ ਨਹੀਂ ਹੈ, ਹਾਲਾਂਕਿ ਇਸ ਦੇ ਲਈ ਉਸ ਨੇ ਮੈਨੂੰ ਉਲਝਣ ’ਚ ਪਾ ਦਿੱਤਾ। ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਮੈਂ ਇੰਨਾ ਭਾਵੁਕ ਹੋ ਜਾਵਾਂਗਾ ਕਿ ਉਸ ਦੇ ਪਖੰਡ ਤੇ ਝੂਠ ਦਾ ਵਿਰੋਧ ਨਹੀਂ ਕਰਾਂਗਾ। ਮੈਂ ਆਪਣੀ ਨਿੱਜੀ ਸ਼ਰਮਿੰਦਗੀ ਬਾਰੇ ਚੁੱਪ ਰਹਿਣ ਲਈ ਆਜ਼ਾਦ ਹਾਂ ਪਰ ਸ਼ਹੀਦ ਹੇਮੰਤ ਕਰਕਰੇ ਦੀ ਸ਼ਹਾਦਤ ਦਾ ਅਪਮਾਨ ਕੀਤੇ ਜਾਣ ’ਤੇ ਮੈਂ ਚੁੱਪ ਨਹੀਂ ਰਹਿ ਸਕਦਾ। ਇਥੇ ਸਵਾਲ ਪ੍ਰੱਗਿਆ ਤੇ ਸ਼ਹੀਦ ਕਰਕਰੇ ਦੀ ਨਿੱਜੀ ਦੁਸ਼ਮਣੀ ਦਾ ਨਹੀਂ, ਸਗੋਂ ਸਾਡੇ ਸੰਵਿਧਾਨਿਕ ਲੋਕਤੰਤਰ ਪ੍ਰਤੀ ਵਚਨਬੱਧਤਾ ਦਾ ਹੈ, ਜੋ ਮੈਨੂੰ ਬੋਲਣ ਲਈ ਮਜਬੂਰ ਕਰਦਾ ਹੈ।

ਕੀ ਹੈ ‘ਸਵਾਮੀ’ ਅਤੇ ‘ਸਾਧਵੀ’ ਦੀ ਪਰਿਭਾਸ਼ਾ

ਮੈਂ ਇਕ ਸਵਾਮੀ ਹਾਂ। ਇਕ ਸਵਾਮੀ ਦਾ ਮੁੱਖ ਫਰਜ਼ ਧਾਰਮਿਕ ਸ੍ਰੇਸ਼ਠਤਾ ਹੁੰਦਾ ਹੈ। ਜੇ ਕੋਈ ਸਵਾਮੀ ਸੱਚਾ ਹੈ ਤਾਂ ਉਹ ਧਾਰਮਿਕ ਤੌਰ ’ਤੇ ਪੱਖਪਾਤ ਨਹੀਂ ਕਰ ਸਕਦਾ। ਉਹ ਪੂਰੀ ਦੁਨੀਆ ਦਾ ਨਾਗਰਿਕ ਹੁੰਦਾ ਹੈ, ਜਿਵੇਂ ਕਿ ‘ਵਸੂਧੈਵ ਕੁਟੁੰਬਕਮ’ ਦੇ ਨਜ਼ਰੀਏ ਤੋਂ ਸਪੱਸ਼ਟ ਹੁੰਦਾ ਹੈ। ਇਕ ‘ਸਾਧਵੀ’ ਦੇ ਅਧਿਆਤਮਕ ਅਨੁਸ਼ਾਸਨ ’ਤੇ ਵੀ ਇਹੋ ਗੱਲ ਲਾਗੂ ਹੁੰਦੀ ਹੈ। ਇਕ ਔਰਤ, ਜੋ ਪੱਖਪਾਤੀ ਹੋਵੇ, ਹਿੰਸਾ ’ਚ ਯਕੀਨ ਰੱਖਦੀ ਹੋਵੇ, ਸਮਾਜ ਦੇ ਇਕ ਵਰਗ ਪ੍ਰਤੀ ਨਫਰਤ ਦਾ ਸਮਰਥਨ ਕਰਦੀ ਹੋਵੇ ਅਤੇ ਸੱਚ ਪ੍ਰਤੀ ਸਮਰਪਿਤ ਨਾ ਹੋਵੇ, ਉਹ ਕਿਸੇ ਵੀ ਤਰ੍ਹਾਂ ‘ਸਾਧਵੀ’ ਨਹੀਂ ਹੋ ਸਕਦੀ। ਮੇਰੀ ਚਿੰਤਾ ਪ੍ਰੱਗਿਆ ਨੂੰ ਲੈ ਕੇ ਨਹੀਂ, ਸਗੋਂ ਮੋਦੀ-ਸ਼ਾਹ ਦੇ ਏਜੰਡੇ ਨੂੰ ਲੈ ਕੇ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਰਣਨੀਤਕ ਤੌਰ ’ਤੇ ਅਹਿਮ ਯੂ. ਪੀ. ’ਚ ਯੋਗੀ ਆਦਿੱਤਿਆਨਾਥ ਨੂੰ ਮੁੱਖ ਮੰਤਰੀ ਬਣਾ ਕੇ ਪਹਿਲਾ ਅਹਿਮ ਪ੍ਰੀਖਣ ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੇ ਗੁਜਰਾਤ, ਹਿੰਦੂਤਵ ਸਿਆਸਤ ਵਰਗੇ ਸੂਬਾ-ਦਰ-ਸੂਬਾ ਅਜਿਹੇ ਪ੍ਰਯੋਗ ਕੀਤੇ। ਸਾਡੇ ਇਤਿਹਾਸ ’ਚ ਪਹਿਲਾਂ ਕਦੇ ਵੀ ਕਿਸੇ ਧਾਰਮਿਕ ਅਹੁਦੇ ’ਤੇ ਬੈਠੇ ਵਿਅਕਤੀ ਨੂੰ ਕਿਸੇ ਸੂਬੇ ਦਾ ਮੁਖੀ (ਮੁੱਖ ਮੰਤਰੀ) ਨਹੀਂ ਬਣਾਇਆ ਗਿਆ। ਹਾਲਾਂਕਿ ਯੋਗੀ ਆਦਿੱਤਿਆਨਾਥ ਨੇ ਲੰਮੇ ਸਮੇਂ ਤਕ ਇਕ ਸੰਸਦ ਮੈਂਬਰ ਵਜੋਂ ਕੰਮ ਕੀਤਾ ਹੈ ਅਤੇ ਉਹ ਸਿਆਸਤ ’ਚ ਨਵੇਂ ਨਹੀਂ ਹਨ ਪਰ ਕਿਸੇ ਸੂਬੇ ਦੇ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀਆਂ ਸੰਸਦ ਮੈਂਬਰ ਦੇ ਮੁਕਾਬਲੇ ਕਾਫੀ ਵੱਖਰੀਆਂ ਹੁੰਦੀਆਂ ਹਨ। ਇਕ ਸੰਸਦ ਮੈਂਬਰ ਦੇ ਮਾਮਲੇ ’ਚ ਫਿਰਕੂ ਅਗਾਊਂ ਧਾਰਨਾ ਤੇ ਦੁਸ਼ਮਣੀ ਦੀ ਸੰਭਾਵਨਾ ਕਾਫੀ ਘੱਟ ਹੁੰਦੀ ਹੈ, ਜਦਕਿ ਮੁੱਖ ਮੰਤਰੀ ਦੇ ਮਾਮਲੇ ’ਚ ਕੋਈ ਹੱਦ ਨਹੀਂ ਹੈ। ਜੇਕਰ ਯੋਗੀ ਆਦਿੱਤਿਆਨਾਥ ਵਾਂਗ ਧਾਰਮਿਕ ਅਹੁਦੇ ’ਤੇ ਬੈਠਾ ਕੋਈ ਵਿਅਕਤੀ ਕਿਸੇ ਸੂਬੇ ਦਾ ਸੀ. ਈ. ਓ. ਬਣਦਾ ਹੈ ਤਾਂ ਜਨ-ਪ੍ਰਤੀਨਿਧਤਾ ਕਾਨੂੰਨ, ਜਿਸ ’ਚ ਇਹ ਕਿਹਾ ਗਿਆ ਹੈ ਕਿ ਧਾਰਮਿਕ ਆਧਾਰ ’ਤੇ ਵੋਟਾਂ ਨਹੀਂ ਵੰਡੀਆਂ ਜਾਣਗੀਆਂ, ਅਰਥਹੀਣ ਹੋ ਜਾਂਦਾ ਹੈ। ਇਹ ਧਰਮ-ਨਿਰਪੱਖ ਲੋਕਤੰਤਰ ਨੂੰ ਠੇਸ ਪਹੁੰਚਾਉਣ ਵਾਲਾ ਹੈ।

ਪ੍ਰੱਗਿਆ ਨੂੰ ਲਿਆਉਣ ਦਾ ਮਕਸਦ

ਮੋਦੀ-ਸ਼ਾਹ ਵਲੋਂ ਪ੍ਰੱਗਿਆ ਠਾਕੁਰ ਨੂੰ ਮੱਧ ਪ੍ਰਦੇਸ਼ ’ਚ ਇਸੇ ਤਰ੍ਹਾਂ ਦਾ ਮਾਹੌਲ ਬਣਾਉਣ ਲਈ ਚੁਣਿਆ ਗਿਆ। ਇਸ ਦੇ ਲਈ ਸ਼ਿਵਰਾਜ ਚੌਹਾਨ ਨੇ ਆਪਣੇ ਕਾਰਜਕਾਲ ਦੌਰਾਨ 5 ਹਿੰਦੂ ਸਵਾਮੀਆਂ ਨੂੰ ਸੂਬਾ ਪ੍ਰਸ਼ਾਸਨ ’ਚ ਨਿਯੁਕਤ ਕਰ ਕੇ ਪਹਿਲਾਂ ਹੀ ਜ਼ਮੀਨ ਤਿਆਰ ਕਰ ਦਿੱਤੀ ਸੀ ਪਰ ਉਨ੍ਹਾਂ ਦੇ ਇਸ ਕਦਮ ਨਾਲ ਉਦੋਂ ਕੁਝ ਚਿੰਤਾ ਪੈਦਾ ਹੋਈ ਸੀ। ਭਾਰਤ ’ਚ ਕੋਈ ਵੀ ਇਸ ਗੱਲ ’ਤੇ ਭਰੋਸਾ ਨਹੀਂ ਕਰੇਗਾ ਕਿ ਪ੍ਰੱਗਿਆ ਠਾਕੁਰ ਵਰਗੀ ‘ਅੰਡਰਟ੍ਰਾਇਲ’ ਨੂੰ ਸੰਭਾਵੀ ਕਾਨੂੰਨ ਨਿਰਮਾਤਾ ਵਜੋਂ ਪੇਸ਼ ਕਰਨ ਨਾਲ ‘ਗੁੱਡ ਗਵਰਨੈਂਸ’ ਆਵੇਗੀ। ਇਹ ਹਿੰਦੂ ਰਾਸ਼ਟਰ ਦੀ ਸਥਾਪਨਾ ਵੱਲ ਇਕ ਕਦਮ ਹੈ। ਪ੍ਰੱਗਿਆ ਵਲੋਂ ਸ਼ਹੀਦ ਹੇਮੰਤ ਕਰਕਰੇ ਬਾਰੇ ਦਿੱਤੇ ਗਏ ਬਿਆਨ ਨੂੰ ਇਸ ਰੋਸ਼ਨੀ ’ਚ ਦੇਖਿਆ ਜਾਣਾ ਚਾਹੀਦਾ ਹੈ। ਭੋਪਾਲ ਤੋਂ ਭਾਜਪਾ ਦੀ ਉਮੀਦਵਾਰ ਵਲੋਂ ਹੇਮੰਤ ਕਰਕਰੇ ਦੀ ਬੇਵਕਤੀ ਮੌਤ ਬਾਰੇ ਕੀਤੀ ਗਈ ਟਿੱਪਣੀ ਕੀ ਦਰਸਾਉਂਦੀ ਹੈ? ਅਸਲ ’ਚ ਪ੍ਰੱਗਿਆ ਦੋ ਤਰ੍ਹਾਂ ਦੀਆਂ ਤਾਕਤਾਂ ਨੂੰ ਭਿੜਾਉਣ ਦਾ ਕੰਮ ਕਰ ਰਹੀ ਹੈ : ਇਕ ਸ਼ਾਸਨ ਦੀ ਅਤੇ ਦੂਜੀ ਧਰਮ ਦੀ। ਹੇਮੰਤ ਕਰਕਰੇ ਨੇ ਸਾਧਵੀ ਵਿਰੁੱਧ ਸੂਬੇ ਦੀ ਸੱਤਾ ਤਹਿਤ ਕਾਰਵਾਈ ਕੀਤੀ, ਜੋ ਕਿ ਲੋਕਤੰਤਰਿਕ ਹੈ। ਸਾਧਵੀ ਨੇ ਧਰਮ ਤੋਂ ਤਾਕਤ ਹਾਸਿਲ ਕਰਦਿਆਂ ਉਸ ਨੂੰ ‘ਸਰਾਪ’ ਦੇ ਦਿੱਤਾ। ਅਜਿਹੀਆਂ ਟਿੱਪਣੀਆਂ ਨੂੰ ਅਪ੍ਰੱਪਕ ਕਹਿਣਾ ਵੀ ਗੈਰ-ਤਜਰਬੇਕਾਰੀ ਹੋਵੇਗੀ। ਇਹ ਟਿੱਪਣੀ ਕਿਸੇ ਖਾਸ ਇਰਾਦੇ ਨਾਲ ਕੀਤੀ ਗਈ ਹੈ। ਇਸ ਟਿੱਪਣੀ ਦਾ ਮਕਸਦ ਲੋਕਾਂ ਦੇ ਦਿਲੋ-ਦਿਮਾਗ ’ਤੇ ਪ੍ਰਭਾਵ ਪਾਉਣਾ ਹੈ। ਅਧਿਐਨ ਇਹ ਸਿੱਧ ਕਰਦੇ ਹਨ ਕਿ ਲੋਕ ਵਿਚਾਰਾਂ ਤੋਂ ਨਹੀਂ, ਤਾਕਤ ਤੋਂ ਪ੍ਰਭਾਵਿਤ ਹੁੰਦੇ ਹਨ । ਮਿਸਾਲ ਵਜੋਂ ਕੋਈ ਵੀ ਧਾਰਮਿਕ ਆਸਥਾ ਵਾਲਾ ਵਿਅਕਤੀ ਦੋ ਦੇਵਤਿਆਂ ’ਚੋਂ ਉਸੇ ਨੂੰ ਚੁਣੇਗਾ, ਜਿਹੜਾ ਜ਼ਿਆਦਾ ਤਾਕਤਵਰ ਹੋਵੇਗਾ। ਚੋਣਾਂ ’ਚ ਪ੍ਰੱਗਿਆ ਦਾ ਵਿਰੋਧੀ ਵੀ ਇਕ ਧਰਮ-ਨਿਰਪੱਖ ਵਿਅਕਤੀ ਹੈ। ਉਹ ਸਿਆਸੀ ਅਤੇ ਪ੍ਰਸ਼ਾਸਨਿਕ ਤਜਰਬੇ ਦੇ ਮਾਮਲੇ ’ਚ ਪ੍ਰੱਗਿਆ ਨਾਲੋਂ ਕਿਤੇ ਅੱਗੇ ਹੈ, ਜਿਵੇਂ ਕਿ ਹੇਮੰਤ ਕਰਕਰੇ ਸੂਬੇ ਦੇ ਅਧਿਕਾਰੀ ਵਜੋਂ ਉਸ ਨਾਲੋਂ ਕਿਤੇ ਸ੍ਰੇਸ਼ਠ ਸੀ। ਮੈਰਿਟ ਦੇ ਆਧਾਰ ’ਤੇ ਪ੍ਰੱਗਿਆ ਦਿੱਗਵਿਜੇ ਦੇ ਸਾਹਮਣੇ ਕਿਤੇ ਨਹੀਂ ਠਹਿਰਦੀ। ਉਹ ਸਿਰਫ ਇਕ ਮਾਮਲੇ ’ਚ ਹੀ ਦਿੱਗਵਿਜੇ ਸਿੰਘ ਨਾਲੋਂ ਅੱਗੇ ਹੈ ਤੇ ਉਹ ਹੈ ਅਧਿਆਤਮਕ ਸ਼ਕਤੀਆਂ ਦਾ ਮਾਮਲਾ, ਜਿਨ੍ਹਾਂ ਦੀ ਲੋਕਾਂ ’ਚ ਬਹੁਤ ਮਾਨਤਾ ਹੈ। ਭਾਜਪਾ ਲਈ ਪ੍ਰੱਗਿਆ ਠਾਕੁਰ ਦੀ ਟਿੱਪਣੀ ਇਕ ਆਪਾ-ਵਿਰੋਧ ਵਾਂਗ ਸੀ ਕਿਉਂਕਿ ਉਹ ਖ਼ੁਦ ਨੂੰ ਰਾਸ਼ਟਰਵਾਦ, ਰਾਸ਼ਟਰ ਭਗਤੀ ਤੇ ਪਾਕਿਸਤਾਨ ਵਿਰੋਧੀ ਭਾਵਨਾਵਾਂ ਦੀ ਇਕੋ-ਇਕ ਪ੍ਰਤੀਨਿਧ ਮੰਨਦੀ ਹੈ। ਇਸ ਲਈ ਪ੍ਰੱਗਿਆ ਦੇ ਬਿਆਨ ’ਚ ਸੁਧਾਰ ਕਰਨਾ ਜ਼ਰੂਰੀ ਹੋ ਗਿਆ। ਪ੍ਰੱਗਿਆ ਨੇ ਆਪਣਾ ਘਟੀਆ ਬਿਆਨ ਇਸ ਲਈ ਵਾਪਿਸ ਨਹੀਂ ਲਿਆ ਕਿਉਂਕਿ ਇਹ ਨਾਜਾਇਜ਼ ਅਤੇ ਗੈਰ-ਰਾਸ਼ਟਰਵਾਦ ਸੀ, ਸਗੋਂ ਇਸ ਲਈ ਵਾਪਿਸ ਨਹੀਂ ਲਿਆ ਕਿਉਂਕਿ ਇਸ ਨਾਲ ਪਾਕਿਸਤਾਨ ਨੂੰ ਹੱਸਣ ਦਾ ਮੌਕਾ ਮਿਲਿਆ।


Bharat Thapa

Content Editor

Related News