ਭੁੱਟੋ ਅਤੇ ਰਾਹੁਲ ਜ਼ਰਾ ਸੰਭਲ ਕੇ ਬੋਲਣ

12/20/2022 1:21:48 AM

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਅਤੇ ਕਾਂਗਰਸ ਦੇ ਰਾਹੁਲ ਗਾਂਧੀ ਦੇ ਬਿਆਨਾਂ ’ਤੇ ਭਾਰਤ ’ਚ ਤਿੱਖੀਆਂ ਪ੍ਰਤੀਕਿਰਿਆਵਾਂ ਹੋ ਰਹੀਆਂ ਹਨ। ਪਤਾ ਨਹੀਂ ਇਨ੍ਹਾਂ ਦੋਵਾਂ ਪਾਰਟੀ ਮਾਲਕਾਂ ਦੇ ਬਿਆਨਾਂ ’ਤੇ ਭਾਜਪਾਈਆਂ ਨੂੰ ਇੰਨੇ ਨਾਰਾਜ਼ ਹੋਣ ਦੀ  ਲੋੜ ਕੀ ਹੈ?  ਜਿਥੋਂ ਤਕ  ਬਿਲਾਵਲ  ਦਾ ਸਵਾਲ ਹੈ, ਉਹ ਜਦੋਂ ਛੋਟਾ ਬੱਚਾ ਸੀ ਤਾਂ ਆਪਣੀ ਮਾਂ ਬੇਨਜ਼ੀਰ ਨਾਲ ਮੈਨੂੰ ਮਿਲਣ ਅਕਸਰ ਦੁਬਈ ’ਚ ਆਉਂਦਾ ਹੁੰਦਾ ਸੀ। 

ਹੁਣ ਉਹ ਅਚਾਨਕ ਪਾਰਟੀ ਦਾ ਮੁਖੀ ਅਤੇ ਵਿਦੇਸ਼ ਮੰਤਰੀ ਬਣ ਗਿਆ ਹੈ। ਉਸ ਦੇ ਮੂੰਹ ’ਚੋਂ ਜੇਕਰ ਕੋਈ ਭੜਕਾਊ ਬਿਆਨ ਨਹੀਂ ਨਿਕਲੇਗਾ ਤਾਂ ਪਾਕਿਸਤਾਨ ’ਚ ਉਸ  ਨੂੰ ਕੌਣ ਜਾਣੇਗਾ? ਉਹ ਆਪਣੇ ਨਾਨੇ ਜ਼ੁਲਫਿਕਾਰ ਅਲੀ ਭੁੱਟੋ ਤੋਂ ਵੀ ਅੱਗੇ ਨਿਕਲਣਾ ਚਾਹੁੰਦਾ ਹੈ। ਇਸ ਲਈ ਉਸ ਨੇ ਆਪਣਾ ਉਪ-ਨਾਮ ਆਪਣੇ ਪਿਤਾ ਜ਼ਰਦਾਰੀ ਦਾ ਰੱਖਣ ਦੀ ਬਜਾਏ ਆਪਣੇ ਨਾਨਾ ਭੁੱਟੋ ਦਾ ਰੱਖ ਲਿਆ ਹੈ।

ਭੁੱਟੋ ਕਹਿੰਦੇ ਹੁੰਦੇ ਸੀ ਕਿ ਭਾਰਤ ਨਾਲ ਜੇਕਰ ਹਜ਼ਾਰ ਸਾਲ ਵੀ ਲੜਣਾ ਪਏ ਤਾਂ ਉਹ ਲੜਦੇ ਰਹਿਣਗੇ ਪਰ ਉਹ ਕਸ਼ਮੀਰ ਲੈ ਕੇ ਰਹਿਣਗੇ। ਬੇਨਜ਼ੀਰ ਨਾਲ ਮੈਂ ਜਦੋਂ-ਜਦੋਂ ਵੀ ਮਿਲਿਆ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕਸ਼ਮੀਰ ਲੈਣ ਦੇ ਚੱਕਰ ’ਚ ਪਾਕਿਸਤਾਨ ਗੁਆ ਬੈਠੋਗੇ।  ਫੌਜ ਦੇ ਹੇਠਾਂ ਦੱਬੇ ਹੋਏ ਪਠਾਨ, ਬਲੋਚ ਅਤੇ ਸਿੰਧੀ ਤੁਹਾਡੇ ਦੇਸ਼ ਦੇ ਕਈ ਟੁਕੜੇ ਕਰ ਦੇਣਗੇ।

ਮੈਨੂੰ ਯਕੀਨ ਸੀ ਕਿ ਬਿਲਾਵਲ ਵੱਡਾ ਹੋ ਕੇ ਇਸ ਮੁੱਦੇ  ’ਤੇ ਧਿਆਨ ਦੇਵੇਗਾ ਪਰ ਉਸ ਨੇ ਨਿਊਯਾਰਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਖਤਰਨਾਕ ਅੱਤਵਾਦੀ ਓਸਾਮਾ-ਬਿਨ-ਲਾਦੇਨ ਨਾਲ ਕਰ ਦਿੱਤੀ। ਹੁਣ ਜਦਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਕਾਫੀ ਸੰਤੁਲਿਤ ਬਿਆਨ ਦੇ ਰਹੇ ਹਨ, ਬਿਲਾਵਲ ਨੇ ਅਜਿਹਾ ਅੱਤਵਾਦੀ ਬਿਆਨ ਦੇ ਕੇ ਆਪਣਾ ਅਕਸ ਬਣਾਇਆ ਜਾਂ ਵਿਗਾੜਿਆ ਹੈ, ਉਹ ਜ਼ਰਾ ਖੁਦ ਸੋਚਣ।

ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਤਵਾਂਗ ’ਚ ਹੋਈਆਂ ਇੱਕਾ-ਦੁੱਕਾ ਭਾਰਤ-ਚੀਨ ਦਰਮਿਆਨ ਝੜਪਾਂ ਦੇ ਬਾਰੇ ’ਚ ਕੁਝ ਅਜਿਹੀਆਂ ਗੱਲਾਂ ਕਹਿ ਦਿੱਤੀਆਂ ਹਨ ਜੋ ਉਲਟੇ ਬਾਂਸ ਬਰੇਲੀ ਵਰਗੀਆਂ ਲੱਗਦੀਆਂ ਹਨ। ਉਨ੍ਹਾਂ ਨੇ ਪੁੱਛਿਆ ਹੈ ਕਿ ਗਲਵਾਨ ਘਾਟੀ ਕਾਂਡ ਦੇ ਅਤੇ ਉਸ ਤੋਂ ਪਹਿਲਾਂ ਚੀਨ ਨੇ ਜੋ ਸਾਡੀ ਜ਼ਮੀਨ ਖੋਹੀ ਹੈ, ਉਸ ਦੇ ਬਾਰੇ ’ਚ ਮੋਦੀ ਚੁੱਪ ਕਿਉਂ ਹਨ? ਰਾਹੁਲ ਨੂੰ ਸ਼ਾਇਦ ਪਤਾ ਨਹੀਂ ਕਿ ਉਸ ਦੇ ਪੜਨਾਨਾ ਨਹਿਰੂ ਜੀ ਦੇ ਜ਼ਮਾਨੇ ’ਚ ਸਾਡੀ ਲਗਭਗ 38 ਹਜ਼ਾਰ ਵਰਗ ਕਿ.ਮੀ. ਜ਼ਮੀਨ ’ਤੇ ਚੀਨ ਨੇ ਕਬਜ਼ਾ ਕਰ ਲਿਆ ਸੀ ਅਤੇ 1962 ਦੀ ਜੰਗ ’ਚ  ਭਾਰਤ ਨੂੰ ਭਾਰੀ ਸ਼ਰਮਿੰਦਗੀ ਝੱਲਣੀ ਪਈ ਸੀ।

ਪਿਛਲੇ ਪੰਜ-ਛੇ ਦਹਾਕਿਆਂ ਦੇ ਸ਼ਾਸਨਕਾਲ ’ਚ ਕੀ ਕਾਂਗਰਸ ਪਾਰਟੀ ਨੇ ਉਸ ਜ਼ਮੀਨ ਦੀ ਵਾਪਸੀ ਲਈ ਕਦੇ ਕੋਈ ਠੋਸ ਕੋਸ਼ਿਸ਼ ਕੀਤੀ? ਰਾਹੁਲ ਦੇ ਪਿਤਾ ਜੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤਾਂ ਚੀਨੀ ਨੇਤਾਵਾਂ ਨਾਲ ਗਲੇ ਮਿਲਣ ਲਈ 1988 ’ਚ ਚੀਨ ਵੀ ਪਹੁੰਚ ਗਏ ਸਨ। ਕਾਂਗਰਸ ਨੇ ਮੋਦੀ ਤੋਂ ਤਵਾਂਗ ’ਤੇ ਸੱਤ ਸਵਾਲ ਪੁੱਛੇ ਹਨ, ਉਨ੍ਹਾਂ ’ਚੋਂ ਕੁਝ ਤਾਂ ਬਿਲਕੁਲ ਸਹੀ ਹਨ, ਜੋ ਵਿਰੋਧੀ ਪਾਰਟੀਆਂ ਨੂੰ ਉਠਾਉਣੇ ਹੀ ਚਾਹੀਦੇ ਹਨ ਪਰ ਇਹ ਸਵਾਲ ਜਿਸ ਤਰ੍ਹਾਂ ਨਾਲ ਪੁੱਛੇ ਗਏ ਹਨ, ਉਹ ਭਾਰਤ ਦੇ ਰਾਸ਼ਟਰਹਿੱਤਾਂ ਨੂੰ ਠੇਸ ਤਾਂ ਪਹੁੰਚਾਉਂਦੇ ਹੀ ਹਨ ਅਤੇ ਬਹਾਦੁਰ ਫੌਜੀਆਂ ਦਾ ਮਨੋਬਲ ਵੀ ਡੇਗਦੇ ਹਨ।

ਕਾਂਗਰਸ ਦੀ ਰਾਜੀਵ ਗਾਂਧੀ ਫਾਊਂਡੇਸ਼ਨ ਦਾ ਚੀਨ ਨਾਲ ਜੋ ਲੈਣ-ਦੇਣ ਰਿਹਾ ਹੈ, ਉਹ ਵੀ ਇਨ੍ਹਾਂ ਬਿਆਨਾਂ ਨਾਲ ਬਰਾਬਰ ਉਜਾਗਰ ਹੁੰਦਾ ਹੈ। ਇਸ ਲਈ ਬਿਲਾਵਟ ਭੁੱਟੋ ਅਤੇ ਰਾਹੁਲ ਗਾਂਧੀ ਵਰਗੇ ਨੌਜਵਾਨ ਨੇਤਾਵਾਂ ਨੂੰ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਦਿੰਦੇ ਸਮੇਂ ਕੁਝ ਤਜਰਬੇਕਾਰ ਸਲਾਹਕਾਰਾਂ ਨਾਲ ਵਿਚਾਰ-ਵਟਾਂਦਰਾ ਜ਼ਰੂਰ ਕਰ ਲੈਣਾ ਚਾਹੀਦਾ ਹੈ।

ਡਾ. ਵੇਦਪ੍ਰਤਾਪ ਵੈਦਿਕ


Anmol Tagra

Content Editor

Related News