ਹੁਣ ਲੋਕਾਂ ਦੀ ਕਚਹਿਰੀ ’ਚ ਪਰਖੇ ਜਾਣਗੇ ਭਾਗਵਤ ਦੇ ਵਿਚਾਰ

Saturday, Sep 29, 2018 - 07:02 AM (IST)

ਭਾਜਪਾ ਅਤੇ ਸੰਘ ਦੇ ਨੇਤਾਵਾਂ ਦੀ ਸੋਚ, ਕਾਰਜ ਪ੍ਰਣਾਲੀ ਨੂੰ ਲੈ ਕੇ ਦੇਸ਼ ’ਚ ਕਾਫੀ ਖਦਸ਼ੇ ਪ੍ਰਗਟਾਏ ਜਾ ਰਹੇ ਹਨ। ਆਲੋਚਕ ਮੋਦੀ ਸਰਕਾਰ ਤੇ ਸੰਘ ਦੀ ਅੰਦਾਜ਼ਨ ਸੱਭਿਅਤਾ ਬਾਰੇ ਜੋ ਵੀ ਕਹਿਣ, ਮੇਰਾ ਮੰਨਣਾ ਹੈ ਕਿ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਨਵੀਂ ਦਿੱਲੀ ’ਚ ਭਾਸ਼ਣ ਲੜੀ ਨੇ ਭਵਿੱਖ ’ਚ ਭਾਰਤ ਲਈ ਭਗਵਾ ਇਕਾਈ ਵਾਸਤੇ ਇਕ ਨਵੀਂ ਧਾਰਨਾ ਮਿੱਥ ਦਿੱਤੀ ਹੈ। ਇਸ ਨੇ ਅੱਜ ਦੇ ਜ਼ਿਆਦਾਤਰ ਸੰਘ ਆਗੂਅਾਂ ਦੀ ਸੋਚ ਅਤੇ ਕਾਰਜ ਪ੍ਰਣਾਲੀ ਨੂੰ ਧੁੰਦਲੀ ਕਰ ਦਿੱਤਾ ਹੈ, ਜਿਹੜੇ ਜਨਤਕ ਤੌਰ ’ਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਗੁਣਗਾਨ ਕਰਦੇ ਰਹਿੰਦੇ ਹਨ। 
ਮੋਹਨ ਭਾਗਵਤ ਨੇ 3 ਦਿਨਾ ਪ੍ਰੋਗਰਾਮ ’ਚ ਕੁਝ ਅਹਿਮ ਵਿਚਾਰਾਂ ’ਤੇ ਖੁੱਲ੍ਹ ਕੇ ਅਤੇ ਦ੍ਰਿੜ੍ਹਤਾ ਨਾਲ ਲੈਕਚਰ ਦਿੱਤਾ, ਜੋ ਭਾਜਪਾ ਦੇ ਮੌਜੂਦਾ ਘੱਟਗਿਣਤੀ ਵਿਰੋਧੀ ਅਕਸ ਨੂੰ ਮਿਟਾਉਣ ਅਤੇ ਕੁਝ ਗਲਤ ਧਾਰਨਾਵਾਂ ਨੂੰ ਸੁਧਾਰਨ ਦੀ ਇਕ ਕੋਸ਼ਿਸ਼ ਹੈ। ਸ਼ੁਰੂ ’ਚ ਉਨ੍ਹਾਂ ਦੇ ਭਾਸ਼ਣ ਦੇ ਕੁਝ ਪੈਰਿਅਾਂ ਦਾ ਇਥੇ ਜ਼ਿਕਰ ਕਰਨਾ ਜਾਇਜ਼ ਹੋਵੇਗਾ, ਜੋ 2019 ਤੋਂ ਬਾਅਦ ਭਾਰਤ ’ਤੇ ਰਾਜ ਕਰਨ ਲਈ ਇਕ ਟ੍ਰੈਂਡ-ਸੈਟਰ ਹੋ ਸਕਦਾ ਹੈ। 
ਉਨ੍ਹਾਂ  ਕਿਹਾ, ‘‘ਹਿੰਦੂ ਰਾਸ਼ਟਰ ਦਾ ਅਰਥ ਇਹ ਨਹੀਂ ਕਿ ਇਥੇ ਮੁਸਲਮਾਨਾਂ ਲਈ ਕੋਈ ਥਾਂ ਨਹੀਂ ਹੈ। ਜਿਸ ਦਿਨ ਅਜਿਹਾ ਕਿਹਾ ਜਾਵੇਗਾ, ਹਿੰਦੂਤਵ ਦੀ ਕੋਈ ਹੋਂਦ ਨਹੀਂ ਰਹੇਗੀ। ਹਿੰਦੂਤਵ ਤਾਂ ‘ਵਸੁਧੈਵ ਕੁਟੁੰਬਕਮ’ (ਸਾਰੀ ਦੁਨੀਆ ਇਕ ਪਰਿਵਾਰ ਹੈ) ਦੀ ਗੱਲ ਕਰਦਾ ਹੈ।’’
ਇਥੇ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਸੰਘ ਦੇ ਮੁਖੀ ਨੇ ਸਰ ਸਈਅਦ ਅਹਿਮਦ ਖਾਨ ਦੇ ਇਕ ਸਮਾਗਮ ’ਚ ਦਿੱਤੇ ਭਾਸ਼ਣ ਦਾ ਹਵਾਲਾ ਦਿੱਤਾ, ਜੋ ਉਨ੍ਹਾਂ ਦੇ ‘ਪਹਿਲੇ ਮੁਸਲਿਮ ਬੈਰਿਸਟਰ’ ਬਣਨ ’ਤੇ ਉਨ੍ਹਾਂ ਦੇ ਸਨਮਾਨ ’ਚ ਆਰੀਆ ਸਮਾਜ ਭਾਈਚਾਰੇ ਨੇ ਆਯੋਜਿਤ ਕੀਤਾ ਸੀ।  ਸਈਅਦ  ਅਹਿਮਦ  ਖਾਨ  ਨੇ  ਉਦੋਂ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਅਾਂ ਕਿਹਾ ਸੀ ਕਿ ‘‘ਮੈਂ ਬਹੁਤ ਦੁਖੀ ਹਾਂ ਕਿ ਤੁਸੀਂ ਮੈਨੂੰ ਭਾਰਤ ਮਾਤਾ ਦੇ ਆਪਣੇ ਬੇਟਿਅਾਂ ’ਚੋਂ ਇਕ ਨਹੀਂ ਮੰਨਿਆ....।’’
ਸਈਅਦ ਅਹਿਮਦ ਦੇ ਸ਼ਬਦ ਨਾ ਸਿਰਫ ਭਾਰਤੀ ਮੁਸਲਮਾਨਾਂ ਲਈ ਅੱਖਾਂ ਖੋਲ੍ਹਣ ਵਾਲੇ ਹੋਣੇ ਚਾਹੀਦੇ ਹਨ, ਸਗੋਂ ਸਮਾਜ ਦੇ ਉਨ੍ਹਾਂ ਵਰਗਾਂ ਲਈ ਵੀ, ਜਿਹੜੇ ਭਾਰਤ ਦੀ ‘ਵੰਡਣ ਵਾਲੀ ਸੋਚ’ ਉੱਤੇ ਵਧ-ਫੁੱਲ ਰਹੇ ਹਨ। ਮੋਹਨ ਭਾਗਵਤ ਨੇ ਹਰ ਕਿਸੇ ਨੂੰ ਦੱਸਿਆ ਕਿ ਭਾਰਤੀ ਵਿਚਾਰ ਬਾਰੇ ਕਿਵੇਂ ਸੋਚਣਾ ਹੈ ਤੇ ਕਿਵੇਂ ਉਸ ਨੂੰ ਅਮਲ ’ਚ ਲਿਆਉਣਾ ਹੈ, ਜਿਸ ’ਤੇ 1981 ਤਕ ਅਣਵੰਡੇ ਭਾਰਤ ’ਚ ਅਮਲ ਕੀਤਾ ਜਾ ਰਿਹਾ ਹੈ। ਫਿਰ ਕਿਵੇਂ ਅਤੇ ਕਿੱਥੇ ਸਾਡੇ ਤੋਂ 1981 ਤੋਂ ਬਾਅਦ ਗਲਤੀ ਹੋ ਗਈ? ਇਤਿਹਾਸਕਾਰਾਂ ਦੀ ਨਵੀਂ ਪੀੜ੍ਹੀ ਵਲੋਂ ਇਸ ਦੀ ਜਾਂਚ ਅਤੇ ਉਦੇਸ਼ਪੂਰਨ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। 
ਦੂਜਾ, ਸੰਘ ਦੇ ਪੁਰਾਣੇ ਦਰਸ਼ਨ (ਫਿਲਾਸਫੀ) ’ਤੇ ਮੋਹਨ ਭਾਗਵਤ ਨੇ ਕਿਹਾ ਕਿ ਗੁਰੂ ਗੋਲਵਲਕਰ (ਸੰਘ ਦੇ ਦੂਜੇ ਸਰਸੰਘਚਾਲਕ) ਵਲੋਂ ਪ੍ਰਗਟਾਏ ਗਏ ਵਿਚਾਰ ਇਕ ਵਿਸ਼ੇਸ਼ ਸੰਦਰਭ ’ਚ ਦਿੱਤੇ ਗਏ ਭਾਸ਼ਣਾਂ ਦਾ ਸੰਗ੍ਰਹਿ ਹੈ ਅਤੇ ਇਹ ਵਿਚਾਰ ਹਮੇਸ਼ਾ ਜਾਇਜ਼ ਨਹੀਂ ਹੋ ਸਕਦਾ। ਸੰਘ ਕੱਟੜ ਨਹੀਂ ਹੈ। ਸਮਾਂ ਬਦਲਦਾ ਹੈ ਤੇ ਉਸੇ ਦੇ ਮੁਤਾਬਿਕ ਸਾਡੇ ਵਿਚਾਰ ਵੀ ਬਦਲ ਜਾਂਦੇ ਹਨ। ਡਾ. ਹੈਡਗੇਵਾਰ ਨੇ ਕਿਹਾ ਸੀ ਕਿ ਅਸੀਂ ਬਦਲਦੇ ਸਮੇਂ ਮੁਤਾਬਿਕ ਖ਼ੁਦ ਨੂੰ ਢਾਲਣ ਲਈ ਆਜ਼ਾਦ ਹਾਂ।
ਸੰਸਾਰਕ ਤੌਰ ’ਤੇ ਅਸੀਂ ਮਾਰਕਸਵਾਦ ਤੇ ਲੈਨਿਨਵਾਦ ਦੇ ਦਰਸ਼ਨ ਦਾ ਯੂਰਪੀਅਨ ਦੇਸ਼ਾਂ ’ਚ ਹਸ਼ਰ ਦੇਖਿਆ ਹੈ, ਜੋ ਆਪਣੇ ਵਿਚਾਰਾਂ ਨੂੰ ਲੈ ਕੇ ਉਦੋਂ ਕੱਟੜ ਸਨ। ਇਥੋਂ ਤਕ ਕਿ ਮਾਓਵਾਦ ਵੀ ਅੱਜ ਪੂੰਜੀਵਾਦ ਦੇ ਰਾਹ ਚੱਲ ਪਿਆ ਹੈ, ਹਾਲਾਂਕਿ ਇਸ ’ਚ ਆਜ਼ਾਦ ਦੁਨੀਆ ਵਾਲੀ ਨਿੱਜੀ ਆਜ਼ਾਦੀ ਨਹੀਂ ਹੈ। ਅਸੀਂ ਆਪਣੇ ਦੇਸ਼ ’ਚ ਮਾਰਕਸਵਾਦ ਦਾ ਹਸ਼ਰ ਦੇਖਿਆ ਹੈ, ਜੋ ਇਕ ਸ਼ਕਤੀਸ਼ਾਲੀ ਦਰਸ਼ਨ ਸੀ ਪਰ ਅੱਜ ਉਹ ਆਪਣੀ ਚਮਕ ਗੁਆ  ਬੈਠਾ ਹੈ। 
ਜਿਥੋਂ ਤਕ ਮਾਓਵਾਦ ਦੀ ਗੱਲ ਹੈ, ਇਹ ਘਟੀਆ  ਪ੍ਰਸ਼ਾਸਨ ਅਤੇ ਜ਼ਮੀਨੀ  ਪੱਧਰ ’ਤੇ ਸੁਧਾਰਾਂ ਦੀ ਘਾਟ ਦੀ ਉਸੇ ਪੁਰਾਣੀ ਕਹਾਣੀ ਦਾ ਇਕ ਹਿੱਸਾ ਹੈ। ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਅਧਿਕਾਰੀ ਇਸ ਤੱਥ ਨੂੰ ਅਣਡਿੱਠ ਕਰ ਰਹੇ ਹਨ ਕਿ ਨਕਸਲੀ (ਮਾਓਵਾਦੀ) ਸਾਡੇ ਆਪਣੇ ਹੀ ਲੋਕ ਹਨ। 
ਤੀਜਾ, ਸੰਘ ਪਰਿਵਾਰ ਦੇ ਇਕ ਵਰਗ ਦੀ ਸੋਚ ਦੇ ਉਲਟ ਮੋਹਨ ਭਾਗਵਤ ਨੇ ਇਹ ਸਪੱਸ਼ਟ ਕੀਤਾ ਹੈ ਕਿ ‘‘ਸੰਵਿਧਾਨ ਸਾਰੇ ਭਾਰਤੀਅਾਂ ਲਈ ਹੈ ਤੇ ਇਸ ਦੇ ਮੁਤਾਬਿਕ ਚੱਲਣਾ ਸਾਰਿਅਾਂ ਦਾ ਫਰਜ਼ ਹੈ। ਮੈਂ ਜੋ ਕਿਹਾ, ਉਹ ਸੰਵਿਧਾਨ ਦੇ ਅਨੁਸਾਰ ਹੈ। ਸੰਘ ਸਵਿਧਾਨ ਦੀ ਸਰਵਉੱਚਤਾ ਨੂੰ ਕਬੂਲ ਕਰਨ ਤੋਂ ਬਾਅਦ ਕੰਮ ਕਰਦਾ ਹੈ ਅਤੇ ਅਸੀਂ ਇਸ ਦਾ ਪੂਰਾ ਸਨਮਾਨ ਕਰਦੇ ਹਾਂ।’’
ਇਹ ਇਕ ਅਜਿਹੇ ਸੰਗਠਨ ਦੀ ਵਿਚਾਰਧਾਰਾ ’ਚ ਵੱਡੀ ਤਬਦੀਲੀ ਦਾ ਸੰਕੇਤ ਹੈ, ਜੋ ਆਮ ਤੌਰ ’ਤੇ 1976 ’ਚ ਸੰਵਿਧਾਨ ’ਚ ਸ਼ਾਮਿਲ ਕੀਤੇ ਗਏ ‘ਧਰਮ ਨਿਰਪੱਖਤਾ’ ਅਤੇ ‘ਸਮਾਜਵਾਦ’ ਸ਼ਬਦਾਂ ਨੂੰ ਲੈ ਕੇ ਆਪਣਾ ਸ਼ੱਕ ਪ੍ਰਗਟਾਉਂਦਾ ਸੀ। 
ਚੌਥਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਏ ਗਏ ‘ਕਾਂਗਰਸ ਮੁਕਤ ਭਾਰਤ’ ਦੇ ਸਟੈਂਡ ਦੇ ਬਿਲਕੁਲ ਉਲਟ ਸੰਘ ਦੇ ਮੁਖੀ ਨੇ ਅਸਲੀਅਤ ਅਤੇ ਖੁੱਲ੍ਹੇ ਦਿਲ ਨਾਲ ਆਜ਼ਾਦੀ ਸੰਗਰਾਮ ’ਚ ਕਾਂਗਰਸ ਦੀ ਭੂਮਿਕਾ/ਯੋਗਦਾਨ ਨੂੰ ਕਬੂਲਿਆ ਅਤੇ ਸਪੱਸ਼ਟ ਕੀਤਾ ਕਿ ‘‘ਅਸੀਂ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਭਾਰਤ ਦਾ ਵਿਚਾਰ ਰੱਖਦੇ ਹਾਂ, ਨਾ ਕਿ ‘ਮੁਕਤ’ ਦਾ।’’
ਇਸ ਸੰਦਰਭ ’ਚ ਮੋਹਨ ਭਾਗਵਤ ਨੇ ਕਿਹਾ ਕਿ ਸੰਘ ਆਪਣੀ ਵਿਚਾਰਧਾਰਾ ਲੋਕਾਂ ਜਾਂ ਸਿਆਸੀ ਪਾਰਟੀਅਾਂ ’ਤੇ ਠੋਸਣ ’ਚ ਦਿਲਚਸਪੀ ਨਹੀਂ ਰੱਖਦਾ ਅਤੇ ਨਾ ਹੀ ਇਹ ਕਿਸੇ ਨੂੰ ਰਿਮੋਟ ਨਾਲ ਕੰਟਰੋਲ ਕਰ ਰਿਹਾ ਹੈ। ਸੰਘ ਦੇ ਮੁਖੀ ਦੀ ਟਿੱਪਣੀ ਨੇ ਇਹ ਚਿੰਤਾਵਾਂ ਦੂਰ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿ ਮੋਦੀ ਸਰਕਾਰ ਨੂੰ ਨਾਗਪੁਰ ਤੋਂ ‘ਕੰਟਰੋਲ’ ਕੀਤਾ ਜਾ ਰਿਹਾ ਹੈ। 
ਉਨ੍ਹਾਂ ਕਿਹਾ ਕਿ ‘‘ਆਮ ਤੌਰ ’ਤੇ ਲੋਕ ਖਦਸ਼ਾ ਪ੍ਰਗਟਾਉਂਦੇ ਹਨ ਕਿ ਨਾਗਪੁਰ (ਸੰਘ ਦਾ ਹੈੱਡਕੁਆਰਟਰ) ਤੋਂ ਕੋਈ ਕਾਲ ਜ਼ਰੂਰ ਕਿਸੇ ਵਿਸ਼ੇਸ਼ ਫੈਸਲੇ (ਸਰਕਾਰ ਦਾ) ਲਈ ਹੋਵੇਗੀ ਪਰ ਇਹ ਗੱਲ ਬੇਬੁਨਿਆਦ ਹੈ। ਉਹ (ਭਾਜਪਾ ਨੇਤਾ) ਨਾ ਤਾਂ ਸਾਡੀ ਸਲਾਹ ’ਤੇ ਨਿਰਭਰ ਕਰਦੇ ਹਨ ਤੇ ਨਾ ਹੀ ਅਸੀਂ ਉਨ੍ਹਾਂ ਨੂੰ ਸਲਾਹ ਦਿੰਦੇ ਹਾਂ। ਜੇ ਉਨ੍ਹਾਂ ਨੂੰ ਕਿਸੇ ਸੁਝਾਅ/ਸਲਾਹ ਦੀ ਲੋੜ ਹੁੰਦੀ ਹੈ ਤੇ ਸਾਡੇ ਕੋਲ ਕੁਝ ਦੇਣ ਲਈ ਹੁੰਦਾ ਹੈ, ਤਾਂ ਅਸੀਂ ਦਿੰਦੇ ਹਾਂ।’’
ਇਤਿਹਾਸ ਨੂੰ ਦੇਖਦਿਅਾਂ ਮੋਹਨ ਭਾਗਵਤ ਦੇ ਦਾਅਵੇ ਨੂੰ ਹਜ਼ਮ ਕਰਨਾ ਮੁਸ਼ਕਿਲ ਹੈ। ਹਾਲਾਂਕਿ ਭਾਜਪਾ ਦੀ ਮੋਦੀ-ਸ਼ਾਹ ਜੋੜੀ ਆਪਣੇ ਤੌਰ ’ਤੇ ਆਜ਼ਾਦ ਹੋ ਕੇ ਕੰਮ ਕਰਨ ਲਈ ਜਾਣੀ ਜਾਂਦੀ ਹੈ ਤੇ ਇਸ ਨੇ ਹਾਲ ਹੀ ਦੇ ਵਰ੍ਹਿਅਾਂ ’ਚ ਕੁਝ ਅਹਿਮ ਮੁੱਦਿਅਾਂ ’ਤੇ ਸੰਘ ਦੀ ਸਲਾਹ ਨੂੰ ਅਣਡਿੱਠ ਕੀਤਾ ਹੈ। 
ਮੇਰਾ ਸਟੈਂਡ ਕਾਲਪਨਿਕ ਨਹੀਂ ਹੈ, ਸਗੋਂ ਇਹ ਸੰਘ ਪਰਿਵਾਰ ਦੀਅਾਂ ਅੰਦਰੂਨੀ ਸਰਗਰਮੀਅਾਂ ’ਤੇ ਆਧਾਰਿਤ ਹੈ। ਜੋ ਵੀ ਹੋਵੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕੌਣ ਸਵਾਲ ਉਠਾ ਸਕਦਾ ਹੈ, ਜਿਨ੍ਹਾਂ ਨੇ ਆਪਣਾ ਇਕ ਬਹੁਤ ਵੱਡਾ ਸਿਆਸੀ ਅਕਸ ਬਣਾ ਲਿਆ ਹੈ। ਮੈਂ ਪਾਠਕਾਂ ਨਾਲ ਸੰਘ ਦੀ ਨਵੀਂ ਵਿਚਾਰਧਾਰਾ ਨੂੰ ਸਿਰਫ ਇਸ ਉਦੇਸ਼ ਨਾਲ ਸਾਂਝੀ ਕੀਤਾ ਹੈ ਕਿ ਇਹ ਲੋਕਾਂ ਸਾਹਮਣੇ ਰੱਖੀ ਜਾਵੇ। ਹੁਣ  ਮੋਹਨ  ਭਾਗਵਤ ਦੇ ਇਹ ਵਿਚਾਰ  ਜ਼ਮੀਨੀ ਪੱਧਰ ’ਤੇ  ਲੋਕਾਂ ਦੀ ਕਚਹਿਰੀ ’ਚ ਪਰਖੇ ਜਾਣਗੇ। ਮੋਹਨ ਭਾਗਵਤ ਲਈ ਸਫਲਤਾ ਦੀ ਕਾਮਨਾ, ਜਿਨ੍ਹਾਂ ਨੇ ਘੱਟੋ-ਘੱਟ ਸੰਘ ਵਰਕਰਾਂ ਵਲੋਂ ਗਊ ਰੱਖਿਆ ਦੇ ਨਾਂ ’ਤੇ ਦੂਸ਼ਿਤ ਕੀਤੇ ਦੇਸ਼ ਦੇ ਮਾਹੌਲ ਦਰਮਿਆਨ ਨਵੇਂ ਵਿਚਾਰਾਂ ਨਾਲ ਅੱਗੇ ਆਉਣ ਦੀ ਹਿੰਮਤ ਦਿਖਾਈ। ਇਹ ਭਾਜਪਾ ਸਰਕਾਰ ਦੀ ਗੁਣਵੱਤਾ ਦੀਅਾਂ ਕਮੀਅਾਂ ਨੂੰ ਜ਼ਾਹਿਰ ਕਰਦਾ ਹੈ। 
ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਸੰਘ ਪਰਿਵਾਰ ਦੇ ਬਹੁਤੇ ਨੇਤਾ ਹਿੰਦੂਵਾਦ ਨੂੰ ਪੂੂਰੀ ਤਰ੍ਹਾਂ ਨਹੀਂ ਸਮਝਦੇ ਜਾਂ ਤੁਸੀਂ ਇਸ ਨੂੰ ‘ਹਿੰਦੂਤਵ’ ਵੀ ਕਹਿ ਸਕਦੇ ਹੋ। ਇਹ ਕੋਈ ਅਸਹਿਣਸ਼ੀਲ ਵਿਚਾਰ ਨਹੀਂ ਹੈ। ਇਹ ਆਪਣੀ ਤਾਕਤ ਸਹਿਣਸ਼ੀਲਤਾ ਵਾਲੀਅਾਂ ਆਪਣੀਅਾਂ ਉਦਾਰ ਜੜ੍ਹਾਂ ਤੋਂ ਪ੍ਰਾਪਤ ਕਰਦਾ ਹੈ। ਇਹ ਦਰਸ਼ਨ ਦੇ ਨਾਲ-ਨਾਲ ਕੰਮ ’ਚ ਵੀ ਲਚਕਦਾਰ ਹੈ। ਇਕ ਤਰ੍ਹਾਂ ਨਾਲ ਇਹ ਵਿਅਕਤੀ ਦੇ ਮੱਤਭੇਦ ਦੇ ਅਧਿਕਾਰ ਨੂੰ ਸਵੀਕਾਰ ਕਰਦਾ ਹੈ, ਬਸ਼ਰਤੇ ਅਸਹਿਮਤੀ ਨੂੰ ਦਲੀਲ ਨਾਲ ਪੇਸ਼ ਕੀਤਾ ਜਾਵੇ। 
ਮੈਂ ਪੂਰੀ ਨਿਮਰਤਾ ਨਾਲ ਕਹਾਂਗਾ ਕਿ ਹਿੰਦੂ ਦਰਸ਼ਨ ਉਦਾਰ, ਪ੍ਰਗਤੀਸ਼ੀਲ ਅਤੇ ਧਰਮ ਨਿਰਪੱਖ ਹੈ। ਧਰਮ ਨਿਰਪੱਖਤਾ ਦਾ ਮਤਲਬ ਮਜ਼੍ਹਬ ਨਹੀਂ ਹੁੰਦਾ। ਇਸ ਨੇ ਧਾਰਮਿਕ ਸਹਿਣਸ਼ੀਲਤਾ ਦੀ ਭਾਵਨਾ ਨੂੰ ਇਕ-ਦੂਜੇ ਦੇ ਸਨਮਾਨ ਅਤੇ ਸਮਝ ਦੇ ਆਧਾਰ ’ਤੇ ਪ੍ਰਤੀਬਿੰਬਤ ਕਰਨਾ ਹੁੰਦਾ ਹੈ, ਜੋ ਹਿੰਦੂਵਾਦ ਦੇ ਸੰਸਾਰਕ ਚਰਿੱਤਰ ਦਾ ਆਧਾਰ ਹਨ। 
ਮੇਰਾ ਇਕੋ-ਇਕ ਸੁਝਾਅ ਇਹ ਹੈ ਕਿ ਕ੍ਰਿਪਾ ਕਰਕੇ ਸਤੰਬਰ 1893 ਨੂੰ ‘ਪਾਰਲੀਆਮੈਂਟ ਆਫ ਰਿਲੀਜਨਸ’ ਵਿਚ ਦਿੱਤੇ ਗਏ ਸਵਾਮੀ ਵਿਵੇਕਾਨੰਦ ਦੇ ਸ਼ਿਕਾਗੋ ਵਾਲੇ ਭਾਸ਼ਣ ਨੂੰ ਪੜ੍ਹੋ ਤਾਂ ਤੁਹਾਨੂੰ ਹਿੰਦੂਵਾਦ ਦੀ ਅਸਲੀ ਤਾਕਤ ਬਾਰੇ ਪਤਾ ਲੱਗੇਗਾ। ਖੁਸ਼ਕਿਸਮਤੀ ਨਾਲ ਮੋਦੀ ਵੀ ਆਪਣੇ ਭਾਸ਼ਣਾਂ ’ਚ ਸਵਾਮੀ ਵਿਵੇਕਾਨੰਦ ਦੀਅਾਂ ਕਸਮਾਂ ਖਾਂਦੇ ਹਨ। 
ਲੋਕਾਂ ਸਾਹਮਣੇ ਹੁਣ ਅਸਲੀ ਚੁਣੌਤੀ ਜ਼ਮੀਨੀ ਪੱਧਰ ’ਤੇ ਵਾਅਦਿਅਾਂ ਅਤੇ ਕਾਰਵਾਈਅਾਂ ਦਾ ਈਮਾਨਦਾਰੀ ਨਾਲ ਪ੍ਰੀਖਣ ਕਰਨ ਦੀ ਹੈ। ਇਸ ਦਰਮਿਆਨ ਮੈਂ ਮੋਹਨ ਭਾਗਵਤ ਵਲੋਂ ਹਿੰਦੂਤਵ ਦੇ ਸੰਘ ਬ੍ਰਾਂਡ ’ਤੇ ਪਾਈ ਨਵੀਂ ਰੋਸ਼ਨੀ ਲਈ ਉਨ੍ਹਾਂ ਨੂੰ ਸਲਾਮ ਕਰਦਾ ਹਾਂ, ਜੋ ਅੱਜ ਭਾਰਤ ਦੀ ਲੋੜ ਹੈ। 
 


Related News