ਸ਼ੇਖ ਹਸੀਨਾ ਦਾ ''ਤਾਨਾਸ਼ਾਹੀ'' ਰਵੱਈਆ ਬੰਗਲਾਦੇਸ਼ ਦੀ ਤ੍ਰਾਸਦੀ
Wednesday, Dec 28, 2016 - 07:12 AM (IST)
ਇਹ ਗੱਲ ਸਮਝ ''ਚ ਆਉਣ ਲਾਇਕ ਨਹੀਂ ਹੈ ਕਿ ਜਦੋਂ ਦੇਸ਼ ਆਜ਼ਾਦੀ ਦੇ ਜਸ਼ਨ ਵਿਚ ਲੱਗਾ ਹੈ ਤਾਂ ਹਿੰਦੂਆਂ ਦੇ ਮੰਦਿਰ ਅਤੇ ਉਨ੍ਹਾਂ ਦੀ ਜਾਇਦਾਦ ਨੂੰ ਤਹਿਸ-ਨਹਿਸ ਕਿਉਂ ਕੀਤਾ ਜਾ ਰਿਹਾ ਹੈ? 45 ਸਾਲ ਪਹਿਲਾਂ ਭਾਰਤ, ਜਿਥੋਂ ਦੀ ਜ਼ਿਆਦਾਤਰ ਆਬਾਦੀ ਹਿੰਦੂ ਹੈ, ਨੇ ਪੂਰਬੀ ਪਾਕਿਸਤਾਨ ਦੇ ਲੋਕਾਂ ਨੂੰ ਫੌਜ ਦੇ ਬੋਲਬਾਲੇ ਵਾਲੇ ਪੱਛਮੀ ਪਾਕਿਸਤਾਨ ਹੱਥੋਂ ਆਜ਼ਾਦ ਹੋਣ ''ਚ ਮਦਦ ਕੀਤੀ। ਦੋ ਹਜ਼ਾਰ ਤੋਂ ਜ਼ਿਆਦਾ ਭਾਰਤੀ ਫੌਜੀਆਂ ਅਤੇ ਅਫ਼ਸਰਾਂ ਨੇ ਇਸਲਾਮਾਬਾਦ ਵਿਰੁੱਧ ਲੜਾਈ ''ਚ ਜਾਨ ਦਿੱਤੀ।
ਖਾਸ ਗੱਲ ਇਹ ਹੈ ਕਿ ਸ਼ੇਖ ਹਸੀਨਾ ਉਸ ਸ਼ੇਖ ਮੁਜੀਬੁਰ ਰਹਿਮਾਨ ਦੀ ਧੀ ਹੈ, ਜਿਸ ਨੇ ਜਨ-ਅੰਦੋਲਨ ਸ਼ੁਰੂ ਕੀਤਾ ਅਤੇ ਇਸ ਖੇਤਰ ਨੂੰ ਮੁਕਤ ਕਰਵਾਇਆ। ਧਾਰਮਿਕ ਤਾਕਤਾਂ ਵਿਰੁੱਧ ਲੜਨ ਦੀ ਸ਼ੇਖ ਦੀ ਪਛਾਣ ''ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਇਹ ਵੱਖਰੀ ਗੱਲ ਹੈ ਕਿ ਸ਼ੇਖ ਨੇ ਕੱਟੜਪੰਥੀਆਂ ਵਿਰੁੱਧ ਕਾਰਵਾਈ ਦੀ ਵਰਤੋਂ ਵਿਰੋਧੀ ਪਾਰਟੀਆਂ ਵਿਰੁੱਧ ਲੜਨ ''ਚ ਕੀਤੀ।
ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਦੀ ਸ਼ਿਕਾਇਤ ਹੈ ਕਿ ਹਸੀਨਾ ਦੀ ਨਾਰਾਜ਼ਗੀ ਉਸ ਦੇ ਵਿਰੁੱਧ ਹੈ ਕਿਉਂਕਿ ਉਹੀ ਇਕੋ-ਇਕ ਬਦਲ ਹੈ। ਸ਼ਿਕਾਇਤ ਇਹ ਹੈ ਕਿ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਉਸ ਨੂੰ ਖਤਮ ਕਰਨ ਲਈ ਹਰ ਚਾਲ ਚੱਲ ਰਹੀ ਹੈ। ਇਥੋਂ ਤਕ ਕਿ ਇਹ ਅਫ਼ਵਾਹ ਵੀ ਫੈਲਾ ਦਿੱਤੀ ਗਈ ਹੈ ਕਿ ਬੀ. ਐੱਨ. ਪੀ. ਭਾਰਤ ਵਿਰੋਧੀ ਹੈ ਤਾਂ ਕਿ ਖਾਲਿਦਾ ਜ਼ਿਆ ਦਾ ਅਕਸ ਖਰਾਬ ਕਰ ਦਿੱਤਾ ਜਾਵੇ।
ਮੈਨੂੰ ਸ਼ੇਖ ਮੁਜੀਬੁਰ ਰਹਿਮਾਨ ਨਾਲ ਢਾਕਾ ''ਚ ਹੋਈ ਮੁਲਾਕਾਤ ਯਾਦ ਹੈ, ਜੋ ਅੱਜ ਬੰਗਲਾਦੇਸ਼ ਕਹੇ ਜਾਣ ਵਾਲੇ ਖੇਤਰ ਦੀ ਮੁਕਤੀ ਤੋਂ ਫੌਰਨ ਬਾਅਦ ਹੋਈ ਸੀ। ਮੈਂ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਬਹੁਤ ਜ਼ਿਆਦਾ ਭਾਰਤ ਵਿਰੋਧੀ ਭਾਵਨਾ ਹੈ। ਮੈਂ ਢਾਕਾ ਪ੍ਰੈੱਸ ਕਲੱਬ ''ਚ ਗਿਆ ਸੀ ਤੇ ਪੱਤਰਕਾਰਾਂ ਨੂੰ ਇਹ ਮਜ਼ਾਕ ਕਰਦਿਆਂ ਦੇਖਿਆ ਕਿ ਹਿਲਸਾ ਮੱਛੀ ਕੋਲਕਾਤਾ ਦੇ ਹੋਟਲਾਂ ਵਿਚ ਮਿਲਦੀ ਹੈ ਪਰ ਬੰਗਲਾਦੇਸ਼ ਵਿਚ ਨਹੀਂ। ਨਵੀਂ ਦਿੱਲੀ ਅਤੇ ਕੋਲਕਾਤਾ ਦੀ ਤਿੱਖੀ ਆਲੋਚਨਾ ਕੀਤੀ ਗਈ ਕਿ ਉਹ ਬੰਗਲਾਦੇਸ਼ ਦੀ ਮੁਕਤੀ ਦਾ ਫਾਇਦਾ ਉਠਾ ਰਹੇ ਹਨ।
ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ, ਜਿਨ੍ਹਾਂ ਨੇ ਭਾਰਤੀ ਫੌਜ ਦੀ ਅਗਵਾਈ ਕੀਤੀ ਸੀ, ਦਾ ਖਾਸ ਜ਼ਿਕਰ ਕੀਤਾ ਗਿਆ ਕਿ ਉਨ੍ਹਾਂ ਨੇ ਪੂਰਬੀ ਪਾਕਿਸਤਾਨ ਨਾਲ ਵਪਾਰ ਕਰਨ ਵਾਲੇ ਅਮੀਰ ਪੱਛਮੀ ਪਾਕਿਸਤਾਨੀਆਂ ਨੂੰ ਲੁੱਟਿਆ। ਸ਼ੇਖ ਮੁਜੀਬੁਰ ਰਹਿਮਾਨ ਨੇ ਮੈਨੂੰ ਕਿਹਾ ਕਿ ਬੰਗਾਲੀ ਇਕ ਗਲਾਸ ਪਾਣੀ ਦੇਣ ਵਾਲੇ ਦਾ ਅਹਿਸਾਨ ਵੀ ਨਹੀਂ ਭੁੱਲਦਾ।
ਸ਼ੇਖ ਦਾ ਕਹਿਣਾ ਸੀ, ''''ਤੁਹਾਡੇ ਦੇਸ਼ ਵਾਲਿਆਂ ਨੇ ਖੇਤਰ ਨੂੰ ਮੁਕਤ ਕਰਵਾਉਣ ਲਈ ਮੁਕਤੀ ਵਾਹਿਨੀ ਦੀ ਮਦਦ ਕੀਤੀ ਅਤੇ ਆਪਣੀ ਜਾਨ ਦਿੱਤੀ ਹੈ। ਬੰਗਲਾਦੇਸ਼ ''ਚ ਸੈਕੁਲਰਿਜ਼ਮ ਦੀਆਂ ਡੂੰਘੀਆਂ ਜੜ੍ਹਾਂ ਹਨ ਅਤੇ ਇਸ ਗੱਲ ਨੂੰ ਕਿਸੇ ਵੀ ਹਾਲਤ ਵਿਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।''''
ਪਰ ਹੈਰਾਨੀ ਦੀ ਗੱਲ ਹੈ ਕਿ ਬੰਗਲਾਦੇਸ਼ ਦੀ ਸੈਕੁਲਰ ਪਛਾਣ ''ਤੇ ਅੱਜ ਸਵਾਲ ਖੜ੍ਹੇ ਹੋ ਰਹੇ ਹਨ। ਜਮਾਤ-ਏ-ਇਸਲਾਮੀਆ, ਜੋ ਇਕ ਸਮੇਂ ਜਨਰਲ ਐੱਚ. ਐੱਮ. ਇਰਸ਼ਾਦ ਦੇ ਫੌਜੀ ਸ਼ਾਸਨ ਸਮੇਂ ਸਰਕਾਰ ਦਾ ਹਿੱਸਾ ਸੀ, ਸ਼ਾਸਨ ਕਰਨ ਦੇ ਇਸਲਾਮਿਕ ਢੰਗ ਨੂੰ ਹਰਮਨਪਿਆਰਾ ਬਣਾਉਣ ਦੀ ਭਰਪੂਰ ਕੋਸ਼ਿਸ਼ ਕਰ ਰਹੀ ਹੈ ਅਤੇ ਦੁਨੀਆ ਦੇ ਇਕ ਇਸਲਾਮਿਕ ਦੇਸ਼ ਨਾਲ ਨੇੜਲੇ ਸੰਬੰਧ ਬਣਾਉਣਾ ਚਾਹੁੰਦੀ ਹੈ। ਖੁਸ਼ਕਿਸਮਤੀ ਨਾਲ ਬੰਗਲਾਦੇਸ਼ ''ਚ ਇਸ ਨੂੰ ਅਮਲੀ ਤੌਰ ''ਤੇ ਕੋਈ ਸਮਰਥਨ ਪ੍ਰਾਪਤ ਨਹੀਂ ਹੈ।
ਪਰ ਸ਼ੇਖ ਹਸੀਨਾ ਦੀ ਬਦਨਾਮੀ ਕਾਰਨ ਬੰਗਲਾਦੇਸ਼ੀ ਨਾ ਸਿਰਫ ਭਾਰਤ ਵਿਰੋਧੀ, ਸਗੋਂ ਨਰਮ ਰੂਪ ''ਚ ਇਸਲਾਮਿਕ ਵੀ ਦਿਖਾਈ ਦਿੰਦੇ ਹਨ। ਉਹ ਮੁੱਖ ਵਿਰੋਧੀ ਪਾਰਟੀ ਦੀ ਨੇਤਾ ਖਾਲਿਦਾ ਜ਼ਿਆ ਦੇ ਸਮਰਥਕਾਂ ਨੂੰ ਮਿਟਾਉਣ ''ਚ ਰੁੱਝੇ ਹੋਏ ਹਨ। ਇਸ ਲੜਾਈ ਵਿਚ ਬੇਗਮ ਜ਼ਿਆ ਦੇ ਸਮਰਥਕਾਂ ਨੂੰ ਵੀ ਫਿਰਕੂ ਦੱਸਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਖਦੇੜਿਆ ਜਾ ਰਿਹਾ ਹੈ।
ਹੁਣ ਸ਼ੇਖ ਹਸੀਨਾ ਦੀ ਚਿੰਤਾ ਜੜ੍ਹਾਂ ਜਮਾਉਣ ਦੀ ਅਤੇ ਸੱਤਾ ਨਾ ਛੱਡਣ ਦੀ ਹੈ। ਵਿਰੋਧੀ ਪਾਰਟੀਆਂ ਖੁੱਲ੍ਹ ਕੇ ਕਹਿ ਰਹੀਆਂ ਹਨ ਕਿ ਉਹ ਸ਼ਾਇਦ ਉਨ੍ਹਾਂ ਨੂੰ ਹਟਾ ਸਕਣ ''ਚ ਸਫਲ ਨਹੀਂ ਹੋਣਗੀਆਂ ਕਿਉਂਕਿ ਉਹ ਕਦੇ ਨਿਰਪੱਖ ਚੋਣਾਂ ਨਹੀਂ ਹੋਣ ਦੇਵੇਗੀ। ਉਹ ਪਹਿਲਾਂ ਤੋਂ ਹੀ ਖਾਨਦਾਨੀ ਸ਼ਾਸਨ ਦੀ ਚਰਚਾ ਕਰਨ ਲੱਗੀ ਹੈ ਅਤੇ ਅਮਰੀਕਾ ਵਿਚ ਰਹਿੰਦੇ ਆਪਣੇ ਬੇਟੇ ਨਾਲ ਸਰਕਾਰ ਦੇ ਸਾਰੇ ਮਾਮਲਿਆਂ ਨੂੰ ਲੈ ਕੇ ਸਲਾਹ-ਮਸ਼ਵਰਾ ਕਰ ਰਹੀ ਹੈ।
ਇਸੇ ਸੋਚ ਅਨੁਸਾਰ ਪ੍ਰਧਾਨ ਮੰਤਰੀ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਵਿਚ ਅਹਿਮ ਥਾਵਾਂ ''ਤੇ ਆਪਣੇ ਸਮਰਥਕਾਂ ਦੀ ਨਿਯੁਕਤੀ ਕਰ ਰਹੀ ਹੈ, ਇਸ ਦੇ ਬਾਵਜੂਦ ਕਿ ਉਨ੍ਹਾਂ ਕੋਲ ਯੋਗਤਾ ਅਤੇ ਡਿਗਰੀ ਨਹੀਂ ਹੈ। ਇਸ ਪ੍ਰਕਿਰਿਆ ''ਚ ਉਹ ਯੋਗਤਾ ''ਤੇ ਆਧਾਰਿਤ ਸਿੱਖਿਆ ਵਿਵਸਥਾ ਨੂੰ ਬਰਬਾਦ ਕਰ ਰਹੀ ਹੈ ਪਰ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸੈਕੁਲਰਿਜ਼ਮ ਦੇ ਨਾਂ ''ਤੇ ਉਹ ਆਪਣੇ ਕਿਸੇ ਵੀ ਸਮਰਥਕ ਨੂੰ ਉੱਚੇ ਅਹੁਦੇ ''ਤੇ ਬਿਠਾ ਸਕਦੀ ਹੈ।
ਇਕ ਕਾਨੂੰਨ ਬਣਾਉਣ ''ਤੇ ਵਿਚਾਰ ਹੋ ਰਿਹਾ ਹੈ, ਜਿਸ ''ਚ ਉਨ੍ਹਾਂ ਦੇ ਪਿਤਾ ਜਾਂ ਉਨ੍ਹਾਂ ਦੇ ਸ਼ਾਸਨ ਨੂੰ ਚੁਣੌਤੀ ਦੇਣ ਵਾਲੇ ਨੂੰ ''ਦੇਸ਼ਧ੍ਰੋਹੀ'' ਸਮਝਿਆ ਜਾਵੇਗਾ। ਬਿਨਾਂ ਸ਼ੱਕ ਲੋਕਤੰਤਰਿਕ ਰਵਾਇਤ ਨੂੰ ਦੇਖਣ ਦਾ ਇਹ ਅਜੀਬ ਢੰਗ ਹੈ ਪਰ ਇਕ ਵਾਰ ਇਹ ਕਾਨੂੰਨ ਬਣ ਜਾਂਦਾ ਹੈ ਤਾਂ ਬੰਗਲਾਦੇਸ਼ ''ਚ ਕੋਈ ਵੀ ਹੈਰਾਨੀਜਨਕ ਗੱਲ ਹੋ ਸਕਦੀ ਹੈ। ਆਉਣ ਵਾਲੇ ਦਿਨਾਂ ''ਚ ਵਿਰੋਧੀ ਪਾਰਟੀਆਂ, ਜੋ ਅੱਜ ਉਨ੍ਹਾਂ ਦਾ ਖਾਸ ਨਿਸ਼ਾਨਾ ਹਨ, ਦੀ ਕੋਈ ਆਵਾਜ਼ ਨਹੀਂ ਉੱਠੇਗੀ। ਮਾਹੌਲ ਜ਼ਿਆਦਾ ਤਾਨਾਸ਼ਾਹੀ ਵਾਲਾ ਬਣ ਜਾਵੇਗਾ ਅਤੇ ਬਹੁਤ ਘੱਟ ਲੋਕ ਰਹਿ ਜਾਣਗੇ, ਜੋ ਸਰਕਾਰ ਨੂੰ ਸਵਾਲ ਕਰ ਸਕਣਗੇ।
ਆਪਣੇ ਸਾਰੇ ਕੰਮਾਂ ''ਚ ਸ਼ੇਖ ਹਸੀਨਾ ਦੇਸ਼ ਦਾ ਕਲਿਆਣ ਭੁੱਲ ਚੁੱਕੀ ਹੈ। ਜਦੋਂ ਬੰਗਲਾਦੇਸ਼ ਆਪਣਾ ਆਜ਼ਾਦੀ ਦਿਵਸ ਮਨਾ ਰਿਹਾ ਹੈ, ਇਸ ਸਮੱਸਿਆ ਦਾ ਵੀ ਸਾਹਮਣਾ ਕਰ ਰਿਹਾ ਹੈ ਕਿ ਆਰਥਿਕ ਵਿਕਾਸ ਦੇ ਜ਼ਰੀਏ ਲੋਕਾਂ ਨੂੰ ਲਾਭ ਦਿਵਾਉਣ ''ਚ ਸਰਕਾਰ ਕਿੰਨੀ ਸਫਲ ਹੋ ਰਹੀ ਹੈ। ਬਦਕਿਸਮਤੀ ਨਾਲ ਅਜਿਹਾ ਨਹੀਂ ਹੈ। ਪ੍ਰਧਾਨ ਮੰਤਰੀ ਆਪਣੀ ਪ੍ਰਾਪਤੀ ਇਸੇ ''ਚ ਗਿਣਦੀ ਹੈ ਕਿ ਉਸ ਨੇ ਆਪਣੇ ਪੱਕੇ ਸਮਰਥਕਾਂ ਨੂੰ ਕਿੰਨੇ ਅਹੁਦੇ ਦਿੱਤੇ ਹਨ।
ਨਿਆਂ ਪਾਲਿਕਾ ਹੁਣ ਆਜ਼ਾਦ ਨਹੀਂ ਹੈ। ਭਾਰਤ ਵਿਚ ਜੱਜਾਂ ਨੂੰ ਚੁਣਨ ਲਈ ਜਿਸ ਤਰ੍ਹਾਂ ਕੋਲੇਜੀਅਮ ਹੈ, ਉਥੇ ਨਹੀਂ ਹੈ। ਸਰਕਾਰ ਉਨ੍ਹਾਂ ਨੂੰ ਸਿੱਧੇ ਨਿਯੁਕਤ ਕਰਦੀ ਹੈ। ਜਿਸ ਤਰ੍ਹਾਂ ਬੰਗਲਾਦੇਸ਼ ਦੇ ਪਹਿਲੇ ਵਿਦੇਸ਼ ਮੰਤਰੀ ਕਮਾਲ ਹੁਸੈਨ, ਜੋ ਹੁਣੇ-ਹੁਣੇ ਨਵੀਂ ਦਿੱਲੀ ''ਚ ਸਨ, ਦਾ ਕਹਿਣਾ ਹੈ ਕਿ ਡਵੀਜ਼ਨ ਬੈਂਚਾਂ ''ਚ ਆਜ਼ਾਦ ਜੱਜਾਂ ਦੇ ਹੋਣ ਦੇ ਬਾਵਜੂਦ ਕੁਝ ਲੋਕ ਸੱਤਾ ਵੱਲ ਝੁਕੇ ਦਿਖਾਈ ਦਿੰਦੇ ਹਨ, ਉਹ ਅਜਿਹਾ ਵਰਤਾਓ ਕਰਦੇ ਹਨ, ਜਿਵੇਂ ਮੋਢੇ ਉਪਰੋਂ ਕੋਈ ਉਨ੍ਹਾਂ ਦੇ ਕੰਮ ''ਤੇ ਨਜ਼ਰ ਰੱਖ ਰਿਹਾ ਹੋਵੇ। ਇਸੇ ਕਾਰਨ ਉਨ੍ਹਾਂ ਦੇ ਫੈਸਲਿਆਂ ''ਚ ਇਕਪਾਸੜ ਝੁਕਾਅ ਹੁੰਦਾ ਹੈ, ਜੋ ਆਜ਼ਾਦ ਨਿਆਂ ਪਾਲਿਕਾ ਨੂੰ ਸ਼ੋਭਾ ਨਹੀਂ ਦਿੰਦਾ। ਹਿੰਦੂ ਜੱਜ ਦਬਾਅ ਮਹਿਸੂਸ ਕਰਦੇ ਹਨ।
ਮੈਨੂੰ ਢਾਕਾ ''ਚ ਸਾਡੇ ਹਾਈ ਕਮਿਸ਼ਨਰ ਸੁਬੀਰਮੱਲ ਦੱਤ ਨਾਲ ਹੋਈ ਮੁਲਾਕਾਤ ਯਾਦ ਆਉਂਦੀ ਹੈ। ਮੈਂ ਸ਼ਿਕਾਇਤ ਕੀਤੀ ਸੀ ਕਿ ਬੰਗਲਾਦੇਸ਼ ''ਚ ਹਿੰਦੂਆਂ ਦੀ ਦਸ਼ਾ ਚੰਗੀ ਨਹੀਂ ਹੋਵੇਗੀ, ਤਾਂ ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਭਾਰਤ ਤੋਂ ਮਦਦ ਮਿਲਣ ਤੋਂ ਪਹਿਲਾਂ ਇਸ ''ਤੇ ਚਰਚਾ ਕੀਤੀ ਗਈ ਸੀ। ਅਜਿਹਾ ਮੰਨਿਆ ਗਿਆ ਸੀ ਕਿ ਉਥੇ ਰਹਿਣ ਵਾਲੇ 10 ਲੱਖ ਹਿੰਦੂਆਂ ''ਚੋਂ ਬਹੁਤੇ ਭਾਰਤ ਪਲਾਇਨ ਕਰ ਜਾਣਗੇ ਅਤੇ ਜੋ ਇਥੇ ਰੁਕਣਗੇ, ਉਨ੍ਹਾਂ ''ਚੋਂ ਬਹੁਤ ਸਾਰੇ ਇਸਲਾਮ ਕਬੂਲ ਕਰ ਲੈਣਗੇ।
ਸ਼ਾਇਦ ਇਹ ਸੱਚ ਹੋਵੇ ਪਰ ਇਸ ਦੀ ਕਲਪਨਾ ਨਹੀਂ ਕੀਤੀ ਗਈ ਸੀ ਕਿ ਹਿੰਦੂਆਂ ਦੀ ਜਾਇਦਾਦ ਤੇ ਉਨ੍ਹਾਂ ਦੇ ਮੰਦਿਰਾਂ ਨੂੰ ਤਬਾਹ ਕੀਤਾ ਜਾਵੇਗਾ। ਇਹ ਅਸਲੀਅਤ ਕਿ ਭਾਰਤ ਵਿਚ 20 ਕਰੋੜ ਮੁਸਲਮਾਨ ਹਨ, ਬੰਗਲਾਦੇਸ਼ੀ ਮੁਸਲਮਾਨਾਂ ''ਤੇ ਅਸਰ ਪਾਵੇਗੀ ਕਿ ਉਹ ਨਵੀਂ ਦਿੱਲੀ ਅਤੇ ਭਾਰਤ ਦੀ ਹਿੰਦੂ ਆਬਾਦੀ ਨੂੰ ਦੂਰ ਕਰਨ ਵਾਲਾ ਕੋਈ ਵੀ ਕੰਮ ਨਹੀਂ ਕਰਨਗੇ।
ਬੰਗਲਾਦੇਸ਼ ਨੂੰ ਆਪਣੇ ਵਿਚਾਰਾਂ ਨੂੰ ਮੁੜ-ਸੁਰਜੀਤ ਕਰਨਾ ਪਵੇਗਾ—ਇਕ ਸੈਕੁਲਰ ਲੋਕਤੰਤਰਿਕ ਦੇਸ਼ ਦੇ ਅਕਸ ਨੂੰ। ਜਮਾਤ-ਏ-ਇਸਲਾਮੀਆ ਵਰਗੇ ਸੰਗਠਨ ਉਸ ਨੂੰ ਕੱਟੜਪੰਥ ਵੱਲ ਧੂਹਣਗੇ ਪਰ ਬੰਗਲਾਦੇਸ਼ ਦੇ ਰਾਸ਼ਟਰਪਿਤਾ ਸ਼ੇਖ ਮੁਜੀਬੁਰ ਰਹਿਮਾਨ ਦੇ ਦਿਮਾਗ ''ਚ ਇਹ ਗੱਲ ਨਹੀਂ ਸੀ। ਉਹ ਇਕ ਅਜਿਹਾ ਦੇਸ਼ ਬਣਾਉਣਾ ਚਾਹੁੰਦੇ ਸਨ, ਜੋ ਘੱਟਗਿਣਤੀਆਂ ਨਾਲ ਵਿਤਕਰਾ ਨਹੀਂ ਕਰੇਗਾ। ਸ਼ੇਖ ਹਸੀਨਾ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਉਹ ਉਨ੍ਹਾਂ ਦੇ ਨਕਸ਼ੇ-ਕਦਮਾਂ ''ਤੇ ਚੱਲਣਾ ਚਾਹੁੰਦੀ ਹੈ ਪਰ ਤਾਨਾਸ਼ਾਹ ਬਣ ਗਈ ਲੱਗਦੀ ਹੈ। ਬੰਗਲਾਦੇਸ਼ ਦੀ ਇਹੋ ਤ੍ਰਾਸਦੀ ਹੈ।
