ਅਨੰਤਨਾਗ ਆਪ੍ਰੇਸ਼ਨ ਬੇਸ਼ੱਕ ਖਤਮ ਪਰ ਜੰਗ ਅਜੇ ਜਾਰੀ

09/23/2023 6:37:19 PM

ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ’ਚ ਕੋਕਰਨਾਗ ਦੇ ਦੂਰ-ਦੁਰਾਡੇ ਜੰਗਲੀ ਇਲਾਕੇ ’ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਦਾ ਜਾਇਜ਼ਾ ਲੈਣ ਪਿੱਛੋਂ ਕਸ਼ਮੀਰ ਜ਼ੋਨ ਦੇ ਏ. ਡੀ. ਜੀ. ਪੀ. ਵਿਜੇ ਕੁਮਾਰ ਨੇ 19 ਸਤੰਬਰ ਨੂੰ ਦੱਸਿਆ ਕਿ 7 ਦਿਨਾਂ ਤੋਂ ਚੱਲ ਰਿਹਾ ਅੱਤਵਾਦੀਆਂ ਨਾਲ ਮੁਕਾਬਲਾ 2 ਅੱਤਵਾਦੀਆਂ ਦੇ ਮਾਰੇ ਜਾਣ ਨਾਲ ਹੀ ਖਤਮ ਹੋ ਗਿਆ।

ਉਨ੍ਹਾਂ ਨੇ ਅਨੰਤਨਾਗ ’ਚ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁਕਾਬਲੇ ਦੌਰਾਨ ਸਾਡੇ ਕੋਲ 2-3 ਅੱਤਵਾਦੀਆਂ ਬਾਰੇ ਸੂਚਨਾ ਸੀ। ਉਨ੍ਹਾਂ ’ਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਕਮਾਂਡਰ ਉੱਜੈਨ ਖਾਨ ਦੀ ਲਾਸ਼ ਮਿਲਣ ਦੀ ਪੁਸ਼ਟੀ ਹੋਈ ਹੈ ਅਤੇ ਦੂਜੇ ਦੀ ਲਾਸ਼ ਅਜੇ ਬਰਾਮਦ ਕਰਨੀ ਬਾਕੀ ਹੈ ਜਿਸ ਲਈ ਤਲਾਸ਼ੀ ਮੁਹਿੰਮ ਜਾਰੀ ਰਹੇਗੀ।

ਉੱਤਰੀ ਕਮਾਨ ਦੇ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਅਤੇ 15 ਕੋਰ ਕਮਾਂਡਰ ਦੇ ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਮੌਕੇ ’ਤੇ ਪਹੁੰਚ ਕੇ ਆਪ੍ਰੇਸ਼ਨ ਦਾ ਜਾਇਜ਼ਾ ਲਿਆ ਜੋ ਕਿ 19 ਸਤੰਬਰ ਨੂੰ 7ਵੇਂ ਦਿਨ ’ਚ ਪੁੱਜ ਗਿਆ ਸੀ। ਇਹ ਮੇਰਾ ਨਿੱਜੀ ਅਨੁਭਵ ਹੈ ਕਿ ਅਤਿਆਧੁਨਿਕ ਹਥਿਆਰਾਂ, ਸੰਚਾਰ ਸਾਧਨਾਂ ਨਾਲ ਲੈਸ ਹੋ ਕੇ ਜੰਗਲੀ ਵਾਰਫੇਅਰ ਬਾਰੇ ਸਖਤ ਸਿਖਲਾਈ ਪ੍ਰਾਪਤ ਕਰਨ ਦੇ ਨਾਲ ਇਲਾਕੇ ਦੀ ਵੀ ਪੂਰੀ ਜਾਣਕਾਰੀ ਰੱਖਣ ਵਾਲੇ ਅੱਤਵਾਦੀਆਂ ਨੂੰ ਫੌਜ ਵੱਲੋਂ ਪਿੱਛਾ ਕਰਨ ਵਾਲੀ ਸੂਚਨਾ ਜ਼ਰੂਰ ਲੱਗ ਗਈ ਹੋਵੇਗੀ।

ਫੌਜੀ ਸ਼ੀਸ਼ੇ ਤੋਂ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਅੱਤਵਾਦੀਆਂ ਨੇ ਬੜੀ ਤੇਜ਼ੀ ਨਾਲ ਉਸ ਇਲਾਕੇ ’ਚ ਘਾਤ ਲਾ ਲਈ ਹੋਵੇਗੀ ਜਿੱਥੋਂ ਸਾਡੀ ਫੌਜ ਨੇ ਲੰਘਣਾ ਸੀ। ਜਿਵੇਂ ਹੀ ਸੰਯੁਕਤ ਬਲਾਂ ਨੇ ਅੱਤਵਾਦੀਆਂ ਦੀ ਖੋਜ ’ਚ ਸੰਘਣੇ ਜੰਗਲਾਂ ਵੱਲ ਵਧਣਾ ਸ਼ੁਰੂ ਕੀਤਾ ਤਾਂ ਘਾਤ ਲਾ ਕੇ ਬੈਠੇ ਅੱਤਵਾਦੀਆਂ ਨੇ ਲਗਾਤਾਰ ਜ਼ੋਰਦਾਰ ਗੋਲਾਬਾਰੀ ਸ਼ੁਰੂ ਕਰ ਦਿੱਤੀ।

19 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫਸਰ ਆਪਣੇ ਬਹਾਦਰ ਜਵਾਨਾਂ ਨਾਲ ਬੜੀ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਮੋਰਚੇ ਸੰਭਾਲੀ ਬੈਠੇ ਸਨ। ਅੱਤਵਾਦੀਆਂ ਦਾ ਮੁਕਾਬਲਾ ਕਰਦੇ ਹੋਏ ਕਰਨਲ ਮਨਪ੍ਰੀਤ ਸਿੰਘ ਸ਼ਹੀਦ ਹੋ ਗਏ। ਉਸ ਦੇ ਨਾਲ ਹੀ 13 ਸਤੰਬਰ ਨੂੰ ਮੇਜਰ ਆਸ਼ੀਸ਼ ਧੌਨਕ ਅਤੇ ਪੁਲਸ ਦੇ ਡੀ. ਐੱਸ. ਪੀ. ਹਮਾਯੂੰ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ ਜੋ ਕਿ ਬਾਅਦ ’ਚ ਦਮ ਤੋੜ ਗਏ।

ਪੰਜਾਬ ਦਾ ਇਕ ਹੋਰ ਜਵਾਨ ਪ੍ਰਦੀਪ ਸਿੰਘ ਜੋ ਕਿ ਮੁਕਾਬਲੇ ਦੌਰਾਨ ਲਾਪਤਾ ਹੋ ਗਿਆ ਸੀ, ਉਸ ਦੀ ਲਾਸ਼ ਵੀ 18 ਸਤੰਬਰ ਨੂੰ ਬਰਾਮਦ ਹੋਈ। ਵਰਨਣਯੋਗ ਹੈ ਕਿ ਅਜੇ ਕੋਕਰਨਾਗ ਦਾ ਆਪ੍ਰੇਸ਼ਨ ਜਾਰੀ ਸੀ ਤਾਂ ਬਾਰਾਮੁੱਲਾ ਦੇ ਉੜੀ ਖੇਤਰ ’ਚ ਐੱਲ. ਓ. ਸੀ. ਦੇ ਨੇੜੇ 16 ਸਤੰਬਰ ਨੂੰ ਫੌਜ ਦੇ ਜਾਂਬਾਜ਼ ਸੂਰਮਿਆਂ ਨੇ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਾਲੇ ਪਾਸਿਓਂ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ 3 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ।

ਫੌਜ ਦੀ 161 ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਪੀ. ਐੱਮ. ਐੱਸ. ਢਿੱਲੋਂ ਨੇ ਬਾਰਾਮੁੱਲਾ ’ਚ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਕੋਲੋਂ 5 ਕਿਲੋ ਆਈ. ਈ. ਡੀ., 2 ਏ. ਕੇ. ਅਸਾਲਟ ਰਾਈਫਲਜ਼, 7 ਗ੍ਰੇਨੇਡ, ਪਿਸਟਲ ਅਤੇ 46 ਹਜ਼ਾਰ ਰੁਪਏ ਇੰਡੀਅਨ ਕਰੰਸੀ ਅਤੇ ਹੋਰ ਵੀ ਜੰਗੀ ਸਾਮਾਨ ਬਰਾਮਦ ਕੀਤਾ।

ਬਾਜ਼ ਵਾਲੀ ਨਜ਼ਰ : 5 ਅਗਸਤ 2019 ਨੂੰ ਧਾਰਾ-370 ਹਟਾਉਣ ਪਿੱਛੋਂ ਅਤੇ ਜੰਮੂ-ਕਸ਼ਮੀਰ ਨੂੰ 2 ਕੇਂਦਰ ਸ਼ਾਸਿਤ ਸੂਬਿਆਂ ’ਚ ਤਬਦੀਲ ਕਰਨ ਨਾਲ ਖੁਸ਼ਹਾਲੀ ਦੀ ਕਿਰਨ ਦਿਖਾਈ ਦੇਣ ਲੱਗੀ ਹੈ। ਸਰਕਾਰੀ ਸੂਤਰਾਂ ਮੁਤਾਬਕ ਅੱਤਵਾਦੀ ਸਰਗਰਮੀਆਂ ’ਚ 32 ਫੀਸਦੀ ਕਮੀ ਆਈ ਹੈ ਅਤੇ ਬੀਤੇ ਸਾਲ ਲਗਭਗ 1.88 ਕਰੋੜ ਸੈਲਾਨੀਆਂ ਨੇ ਵਾਦੀ-ਏ-ਕਸ਼ਮੀਰ ਦਾ ਆਨੰਦ ਮਾਣਿਆ ਹੈ। ਕਾਰੋਬਾਰ ’ਚ ਫਿਰ ਵਾਧਾ ਹੋਣਾ ਸੁਭਾਵਿਕ ਹੈ ਜੋ ਕਿ ਗੁਆਂਢੀ ਮੁਲਕ ਨੂੰ ਰਾਸ ਨਹੀਂ ਆ ਰਿਹਾ ਹੈ।

ਜ਼ਿਕਰਯੋਗ ਹੈ ਕਿ ਜਨਵਰੀ 2021 ਤੇ 30 ਮਈ 2023 ਦਰਮਿਆਨ 24 ਸੁਰੱਖਿਆ ਬਲਾਂ ਅਤੇ 75 ਨਾਗਰਿਕਾਂ ਨੂੰ ਪੀਰ ਪੰਜਾਲ ਰੇਂਜ ਦੇ ਦੋਵਾਂ ਪਾਸੇ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ ਜਿਨ੍ਹਾਂ ’ਚ 1 ਜਨਵਰੀ ਨੂੰ ਅੱਤਵਾਦੀਆਂ ਨੇ ਰਾਜੌਰੀ ਦੇ ਪਿੰਡ ਡਾਂਗਰੀ ’ਚ 7 ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਿਆ। ਫਿਰ 20 ਅਪ੍ਰੈਲ ਨੂੰ ਪੁੰਛ ਦੇ ਖੇਤਰ ’ਚ 5 ਸੁਰੱਖਿਆ ਮੁਲਾਜ਼ਮ ਅਤੇ 5 ਮਈ ਨੂੰ ਫਿਰ 5 ਜਵਾਨ ਕਾਂਡੀ ਰਾਜੌਰੀ ’ਚ ਮਾਰੇ ਗਏ।

ਸਾਲ 2022 ’ਚ ਟਾਰਗੈੱਟ ਮੌਤਾਂ ਵੀ ਹੋਈਆਂ। ਇਹ ਅੰਕੜੇ ਸਿੱਧ ਕਰਦੇ ਹਨ ਕਿ ਪਾਕਿਸਤਾਨ ਦੇ ਦਿਸ਼ਾ-ਨਿਰਦੇਸ਼ਾਂ ਨਾਲ ਅੱਤਵਾਦੀਆਂ ਨੇ ਪੀਰ ਪੰਜਾਲ ਦੇ ਉੱਤਰੀ ਅਤੇ ਦੱਖਣੀ ਇਲਾਕੇ ’ਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਆਪ੍ਰੇਸ਼ਨ ਅਨੰਤਨਾਗ ’ਚ ਮੈਨੂੰ ਤਾਂ ਖੁਫੀਆ ਤੰਤਰ ’ਚ ਵੀ ਕਮੀਆਂ ਨਜ਼ਰ ਆਉਂਦੀਆਂ ਹਨ ਅਤੇ ਅੱਤਵਾਦੀਆਂ ਨੂੰ ਸਥਾਨਕ ਹਮਾਇਤ ਜ਼ਰੂਰ ਪ੍ਰਾਪਤ ਹੋਵੇਗੀ।

ਕੋਕਰਨਾਗ ਖੇਤਰ ’ਚ ਨਾ ਤਾਂ ਕੁਦਰਤੀ ਚਸ਼ਮਿਆਂ ਦੀ ਘਾਟ ਹੈ ਅਤੇ ਨਾ ਹੀ ਫਲ-ਫਰੂਟ ਦੀ। ਹਥਿਆਰ ਅਤੇ ਗੋਲਾ-ਬਾਰੂਦ ਵੀ ਉੱਥੇ ਕਾਫੀ ਹੋਵੇਗਾ। ਇਸ ਲਈ ਭਾਰਤੀ ਫੌਜ ਕੋਲ ਅਤਿ- ਆਧੁਨਿਕ ਹਥਿਆਰ, ਹੈਲੀਕਾਪਟਰ ਅਤੇ ਪੈਰਾਸ਼ੂਟਰ ਕਮਾਂਡੋ ਫੋਰਸ ਵੀ ਹੋਣੀ ਚਾਹੀਦੀ ਹੈ ਤਾਂ ਕਿ 2-3 ਅੱਤਵਾਦੀਆਂ ਨਾਲ ਨਜਿੱਠਣ ਲਈ 7 ਦਿਨ ਨਾ ਲੱਗਣ।

ਬ੍ਰਿਗੇ. ਕੁਲਦੀਪ ਸਿੰਘ ਕਾਹਲੋਂ (ਰਿਟਾ.)


Rakesh

Content Editor

Related News