ਇਕ ਆਦਰਸ਼ ਸਿਆਸਤਦਾਨ ਅਤੇ ਭਾਰਤ ਦੇ ''ਨਵਰਤਨ'' ਅਟਲ ਬਿਹਾਰੀ ਵਾਜਪਾਈ

Saturday, Dec 24, 2016 - 05:01 AM (IST)

ਇਕ ਆਦਰਸ਼ ਸਿਆਸਤਦਾਨ ਅਤੇ ਭਾਰਤ ਦੇ ''ਨਵਰਤਨ'' ਅਟਲ ਬਿਹਾਰੀ ਵਾਜਪਾਈ
ਭਾਰਤ ਵਿਚ ਜੀਵਨ ਦੀਆਂ ਕਦਰਾਂ-ਕੀਮਤਾਂ ਤੋਂ ਅਛੂਤੀ ਸਿਆਸਤ ਨੂੰ ਸਿਰਫ ਸੱਤਾ ਦੀ ਖੇਡ ਮੰਨਿਆ ਗਿਆ ਹੈ | ਇਥੇ ਰਾਜਨੀਤੀ ਅਤੇ ਰਾਜਨੇਤਾ ਨੂੰ ਹੀ ਲੋਕ-ਜੀਵਨ ਦਾ ਆਦਰਸ਼ ਮੰਨਿਆ ਜਾਂਦਾ ਹੈ | ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇਸ਼ ਦੇ ਇਕ ਆਦਰਸ਼ ਸਿਆਸਤਦਾਨ ਹੋਏ ਹਨ | ਕੱਲ ਉਹ ਉਮਰ ਦੇ 93ਵੇਂ ਵਰ੍ਹੇ ਵਿਚ ਦਾਖਲ ਹੋ ਰਹੇ ਹਨ | 
25 ਦਸੰਬਰ 1924 ਨੂੰ ਗਵਾਲੀਅਰ ''ਚ ਇਕ ਅਧਿਆਪਕ ਦੇ ਘਰ ਜਨਮੇ ਅਟਲ ਬਿਹਾਰੀ ਵਾਜਪਾਈ ਨੂੰ ਆਪਣੇ ਪਰਿਵਾਰ ਦੇ ਅਧਿਆਤਮਕ ਮਾਹੌਲ ਵਿਚ ਪਲਣ-ਵਧਣ ਦਾ ਮੌਕਾ ਮਿਲਿਆ | ਉਨ੍ਹਾਂ ਦੀ ਸਾਤਵਿਕ ਸੋਚ ਅਤੇ ਵਤੀਰੇ ਨੂੰ ਹੋਰ ਧਾਰ ਉਦੋਂ ਮਿਲੀ, ਜਦੋਂ ਉਹ ਵਿਦਿਆਰਥੀ ਜੀਵਨ ਵਿਚ ਹੀ ਸੰਘ ਦੀ ਸ਼ਾਖਾ ਵਿਚ ਜਾਣ ਲੱਗ ਪਏ | ਸੰਘ ਵਲੋਂ ਮਿਲੀ ਦੇਸ਼ਭਗਤੀ ਦੀ ਪ੍ਰੇਰਨਾ ਨੇ ਉਨ੍ਹਾਂ ਨੂੰ ਹੌਲੀ-ਹੌਲੀ ਸਮਾਜ ਪ੍ਰਤੀ ਸਮਰਪਣ ਦੇ ਰਾਹ ''ਤੇ ਤੋਰ ਦਿੱਤਾ | 
ਕਾਲਜ ਦੀ ਪੜ੍ਹਾਈ ਦੌਰਾਨ ਹੀ ਉਹ 1942 ''ਚ ''ਅੰਗਰੇਜ਼ੋ ਭਾਰਤ ਛੱਡੋ'' ਅੰਦੋਲਨ ਵਿਚ ਸ਼ਾਮਿਲ ਹੋ ਗਏ ਤੇ ਜੇਲ ਵੀ ਗਏ | ਫਿਰ ਜੇਲ ''ਚੋਂ ਰਿਹਾਅ ਹੋਣ ਤੋਂ ਬਾਅਦ ਉਹ ਮੁੜ ਸੰਘ ਦੀ ਧਾਰਾ ''ਚ ਆ ਗਏ ਤੇ ਕਾਨਪੁਰ ''ਚ ਕਾਨੂੰਨ ਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਤੋਂ ਬਾਅਦ ਸੰਘ ਦੇ ਕੁਲਵਕਤੀ ਪ੍ਰਚਾਰਕ ਬਣ ਗਏ | ਅੱਜ ਉਹ ਗੰਭੀਰ ਬੀਮਾਰੀ ਕਾਰਨ ਤੁਰਨ-ਫਿਰਨ ਦੇ ਅਸਮਰੱਥ ਹਨ ਅਤੇ ਲੱਖਾਂ ਸਰੋਤਿਆਂ ਨੂੰ ਮੰਤਰ-ਮੁਗਧ ਕਰਨ ਵਾਲੇ ਭਾਸ਼ਣ ਦੇਣ ਵਾਲੀ ਉਨ੍ਹਾਂ ਦੀ ਜ਼ੁਬਾਨ ਵੀ ਖਾਮੋਸ਼ ਹੈ | 
ਉਨ੍ਹਾਂ ਦੇ 6 ਦਹਾਕਿਆਂ ਦੇ ਸਮਾਜਿਕ ਤੇ ਸਿਆਸੀ ਜੀਵਨ ਦੀ ਕੁਝ ਝਲਕ ਪੇਸ਼ ਕਰਨਾ ਅੱਜ ਢੁੱਕਵਾਂ ਹੋਵੇਗਾ | ਸੰਘ ਦੇ ਪ੍ਰਚਾਰਕ ਬਣਨ ਤੋਂ ਬਾਅਦ ਉਨ੍ਹਾਂ ਨੇ ਪੰ. ਦੀਨਦਿਆਲ ਉਪਾਧਿਆਏ ਨਾਲ ਲਖਨਊ ''ਚ ਰਹਿ ਕੇ ਕਈ ਸਾਲ ਸੰਘ ਦੇ ਮਾਸਿਕ, ਹਫਤਾਵਾਰੀ ਰਸਾਲਿਆਂ ਅਤੇ ਰੋਜ਼ਾਨਾ ਅਖ਼ਬਾਰਾਂ ''ਚ ਸੰਪਾਦਨ ਦਾ ਕੰਮ ਵੀ ਕੀਤਾ | 1951 ''ਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਵਲੋਂ ਭਾਰਤੀ ਜਨਸੰਘ ਦੀ ਸਥਾਪਨਾ ''ਚ ਇਕ ਸਹਿਯੋਗੀ ਮੈਂਬਰ ਅਤੇ ਉਨ੍ਹਾਂ ਦੇ ਨਿੱਜੀ ਸਕੱਤਰ ਬਣੇ ਤੇ ਇਥੋਂ ਉਨ੍ਹਾਂ ਦੀ ਸਿਆਸੀ ਯਾਤਰਾ ਸ਼ੁਰੂ ਹੋਈ |
1957 ''ਚ ਵਾਜਪਾਈ ਲੋਕ ਸਭਾ ਦੇ ਮੈਂਬਰ ਚੁਣੇ ਗਏ | ਉਦੋਂ ਉਹ ਸਿਰਫ 33 ਸਾਲਾਂ ਦੇ ਸਨ | ਉਦੋਂ ਤੋਂ ਉਹ ਚਾਰ ਦਹਾਕਿਆਂ ਤਕ ਸੰਸਦ ਮੈਂਬਰ ਰਹਿ ਕੇ ਆਪਣੀ ਪਾਰਟੀ ਤੇ ਸਮਾਜ ''ਚ ਚੇਤਨਾ ਸ਼ਕਤੀ ਜਗਾਉਣ ਦਾ ਕੰਮ ਕਰਦੇ ਰਹੇ | 1968 ਤੋਂ 1973 ਤਕ ਉਹ ਭਾਰਤੀ ਜਨਸੰਘ ਦੇ ਪ੍ਰਧਾਨ ਵੀ ਰਹੇ | 
1975 ''ਚ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਲਗਾਈ ਗਈ ਐਮਰਜੈਂਸੀ ਦੌਰਾਨ ਉਹ 2 ਸਾਲ ਨਜ਼ਰਬੰਦ ਰਹੇ | ਫਰਵਰੀ 1977 ''ਚ ਐਮਰਜੈਂਸੀ ਵਾਪਿਸ ਲਏ ਜਾਣ ''ਤੇ ਰਿਹਾਅ ਹੋਏ ਵਾਜਪਾਈ ਨੇ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਜਨਤਾ ਪਾਰਟੀ ਦੀ ਸਥਾਪਨਾ ਕੀਤੀ ਤੇ ਉਦੋਂ ਹੋਈਆਂ ਲੋਕ ਸਭਾ ਚੋਣਾਂ ਵਿਚ ਭਾਰੀ ਜਿੱਤ ਪ੍ਰਾਪਤ ਕੀਤੀ | ਮੋਰਾਰਜੀ ਦੇਸਾਈ ਦੀ ਅਗਵਾਈ ਹੇਠ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਸ਼੍ਰੀ ਵਾਜਪਾਈ ਉਸ ''ਚ ਵਿਦੇਸ਼ ਮੰਤਰੀ ਬਣਾਏ ਗਏ |
 ਵਿਦੇਸ਼ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ ਗੁਆਂਢੀ ਦੇਸ਼ਾਂ ਨਾਲ ਵਿਗੜੇ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਅਤੇ ਇਸੇ ਉਦੇਸ਼ ਨਾਲ ਉਹ ਚੀਨ ਤੇ ਪਾਕਿਸਤਾਨ ਦੀ ਯਾਤਰਾ ''ਤੇ ਵੀ ਗਏ | ਵਿਦੇਸ਼ ਮੰਤਰੀ ਹੁੰਦਿਆਂ ਸੰਯੁਕਤ ਰਾਸ਼ਟਰ ਦੇ ਸੰਮੇਲਨ ''ਚ ਪਹਿਲੀ ਵਾਰ ਉਨ੍ਹਾਂ ਨੇ ਹਿੰਦੀ ''ਚ ਭਾਸ਼ਣ ਦਿੱਤਾ | ਬਦਕਿਸਮਤੀ ਨਾਲ 3 ਸਾਲਾਂ ਅੰਦਰ ਹੀ ਜਨਤਾ ਪਾਰਟੀ ਟੁੱਟ ਗਈ ਤੇ ਜਨਸੰਘ ਦੇ ਮੈਂਬਰਾਂ ਨੇ 1980 ''ਚ ਸ਼੍ਰੀ ਵਾਜਪਾਈ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਗਠਨ ਕੀਤਾ | 
1984 ''ਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਸਿਰਫ 2 ਮੈਂਬਰ ਚੁਣੇ ਗਏ ਸਨ ਪਰ ਮਈ 1996 ਵਿਚ ਹੋਈਆਂ ਚੋਣਾਂ ''ਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਤੇ ਸ਼੍ਰੀ ਵਾਜਪਾਈ ਨੇ 16 ਮਈ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ | 
ਉਹ ਸਰਕਾਰ ਸਿਰਫ 13 ਦਿਨ ਚੱਲੀ ਸੀ | ਫਿਰ 1998 ''ਚ ਭਾਜਪਾ ਦੇ ਸਭ ਤੋਂ ਵੱਡੀ ਪਾਰਟੀ ਬਣਨ ''ਤੇ ਵਾਜਪਾਈ ਨੇ ਗੱਠਜੋੜ ਸਰਕਾਰ ਬਣਾਈ, ਜੋ 13 ਮਹੀਨੇ ਚੱਲੀ ਤੇ ਭਰੋਸੇ ਦੀ ਵੋਟ ''ਚ 1 ਵੋਟ ਨਾਲ ਹਾਰ ਗਈ ਸੀ | 1999 ''ਚ ਉਨ੍ਹਾਂ ਨੇ 23 ਪਾਰਟੀਆਂ ''ਤੇ ਆਧਾਰਿਤ ਗੱਠਜੋੜ ਸਰਕਾਰ ਬਣਾਈ, ਜੋ ਪੂਰੇ 5 ਸਾਲ ਚੱਲੀ | 
ਇਨ੍ਹਾਂ ਪੰਜ ਸਾਲਾਂ ''ਚ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੀ ਸੀ ਤੇ ਦੇਸ਼ ''ਚ ਫਿਰਕੂ ਸਦਭਾਵਨਾ ਵਧੀ ਸੀ | ਸੂਚਨਾ ਤਕਨਾਲੋਜੀ ਦਾ ਵਿਕਾਸ ਅਤੇ ਸੜਕਾਂ ਦਾ ਜਾਲ ਦੇਸ਼ ''ਚ ਵਿਛਣਾ ਵਾਜਪਾਈ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ ਸਨ ਪਰ ਬਦਕਿਸਮਤੀ ਨਾਲ 2004 ਦੀਆਂ ਚੋਣਾਂ ''ਚ ਭਾਜਪਾ ਹਾਰ ਗਈ ਤੇ ਲੋਕਾਂ ਨੇ ਸ਼੍ਰੀ ਵਾਜਪਾਈ ਨੂੰ ਦੁਬਾਰਾ ਸੱਤਾ ''ਚ ਆਉਣ ਦਾ ਮੌਕਾ ਨਹੀਂ ਦਿੱਤਾ | 
ਜ਼ਿਕਰਯੋਗ ਹੈ ਕਿ 1998 ''ਚ 13 ਮਹੀਨਿਆਂ ਦੀ ਸਰਕਾਰ ਦੌਰਾਨ ਵਾਜਪਾਈ ਨੇ ਪੋਖਰਣ ਪ੍ਰਮਾਣੂ ਧਮਾਕਾ ਕਰਕੇ ਦੁਨੀਆ ਭਰ ਦੇ ਦੇਸ਼ਾਂ ਨੂੰ ਹੈਰਾਨ ਕਰ ਦਿੱਤਾ ਸੀ | ਅਮਰੀਕਾ ਨੇ ਤਾਂ ਅਨਾਜ ਤੇ ਹੋਰ ਸਹਾਇਤਾ ਬੰਦ ਕਰ ਦੇਣ ਦੀ ਧਮਕੀ ਦੇ ਦਿੱਤੀ ਸੀ ਪਰ ਵਾਜਪਾਈ ਨੇ ਇਸ ਦੀ ਪਰਵਾਹ ਨਹੀਂ ਕੀਤੀ | 
ਇਸੇ ਦੌਰਾਨ ਪਾਕਿਸਤਾਨ ਨੇ ਕਾਰਗਿਲ ''ਤੇ ਹਮਲਾ ਕਰ ਦਿੱਤਾ ਪਰ ਸਾਡੇ ਜਵਾਨਾਂ ਨੇ ਪਾਕਿਸਤਾਨੀ ਫੌਜੀਆਂ/ਅੱਤਵਾਦੀਆਂ ਦੀਆਂ ਧੱਜੀਆਂ ਉਡਾ ਦਿੱਤੀਆਂ | ਇਸ ਤੋਂ ਘਬਰਾਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਅੱਗੇ ਤਰਲੇ ਕੀਤੇ ਤਾਂ ਅਮਰੀਕੀ ਰਾਸ਼ਟਰਪਤੀ ਨੇ ਸ਼੍ਰੀ ਵਾਜਪਾਈ ਨੂੰ ਗੱਲਬਾਤ ਲਈ ਅਮਰੀਕਾ ਸੱਦਿਆ ਪਰ ਉਨ੍ਹਾਂ ਨੇ ਦੇਸ਼ ਤੇ ਫੌਜ ਦੀ ਸਾਖ ਨੂੰ ਬਰਕਰਾਰ ਰੱਖਦਿਆਂ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ | 
ਆਪਣੇ ਪੂਰੇ ਸਿਆਸੀ ਜੀਵਨ ''ਚ ਵਾਜਪਾਈ ਨੂੰ ''ਮੈਂ'' ਅਤੇ ''ਮੇਰਾ'' ਦੀ ਤੁੱਛ ਭਾਵਨਾ ਛੂਹ ਤਕ ਨਹੀਂ ਸਕੀ ਤੇ ਨਾ ਹੀ ਉਨ੍ਹਾਂ ਨੂੰ ਸੱਤਾ ਦਾ ਗ਼ਰੂਰ ਚੜਿ੍ਹਆ | ਸੰਸਦ ਮੈਂਬਰ ਜਾਂ ਪ੍ਰਧਾਨ ਮੰਤਰੀ ਹੁੰਦੇ ਹੋਏ ਵੀ ਉਨ੍ਹਾਂ ਨੇ ਕਦੇ ਵਿਰੋਧੀਆਂ ਪ੍ਰਤੀ ਦਿਲ ਵਿਚ ਮਾੜੀ ਭਾਵਨਾ ਨਹੀਂ ਰੱਖੀ, ਕਦੇ ਅਪਸ਼ਬਦ ਨਹੀਂ ਬੋਲੇ | ਇਸੇ ਕਾਰਨ ਕਾਂਗਰਸੀ ਤੇ ਕਮਿਊਨਿਸਟ ਨੇਤਾ ਉਨ੍ਹਾਂ ਦੇ ਇਸ ਰਵੱਈਏ ਤੋਂ ਖੁਸ਼ ਹੋ ਕੇ ਕਹਿੰਦੇ ਸਨ ਕਿ ''''ਵਾਜਪਾਈ ਇਕ ਚੰਗਾ ਆਦਮੀ ਹੈ ਪਰ ਗਲਤ ਪਾਰਟੀ ''ਚ ਆ ਗਿਆ ਹੈ |''''
ਵਾਜਪਾਈ ਦੀਆਂ ਦੇਸ਼ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ 1992 ਵਿਚ ਉਨ੍ਹਾਂ ਨੂੰ ''ਪਦਮ ਵਿਭੂਸ਼ਣ'' ਨਾਲ ਨਿਵਾਜਿਆ ਗਿਆ ਤੇ 1994 ''ਚ ਉਹ ਸਰਵਸ੍ਰੇਸ਼ਠ ਸੰਸਦ ਮੈਂਬਰ ਚੁਣੇ ਗਏ | 2015 ''ਚ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵਾਜਪਾਈ ਦੇ ਘਰ ਜਾ ਕੇ ਉਨ੍ਹਾਂ ਨੂੰ ''ਭਾਰਤ ਰਤਨ'' ਦੇ ਕੇ ਨਿਵਾਜਿਆ | ਵਾਜਪਾਈ ਸ਼ਾਇਦ ਆਪਣੀ ਇਕ ਕਵਿਤਾ ਦੀਆਂ ਇਨ੍ਹਾਂ ਲਾਈਨਾਂ ਦੀ ਖ਼ੁਦ ਮਿਸਾਲ ਹਨ :
ਧਰਤੀ ਕੋ ਬੋਨੋਂ ਕੀ ਜ਼ਰੂਰਤ ਨਹੀਂ
ਊਾਚੇ ਕੱਦ ਕੇ ਇਨਸਾਨੋਂ ਕੀ ਜ਼ਰੂਰਤ ਹੈ
ਹੇ ਪ੍ਰਭੂ, ਮੁਝੇ ਇਤਨੀ ਊਚਾਈ ਕਭੀ ਨਾ ਦੇਨਾ 
ਕਿ ਗ਼ੈਰੋਂ ਕੋ ਗਲੇ ਲਗਾ ਨਾ ਸਕੂੰ
ਮੁਝੇ ਇਤਨੀ ਰੁਖਾਈ ਮਤ ਦੇਨਾ |
ਕੱਲ 25 ਦਸੰਬਰ ਨੂੰ ਉਨ੍ਹਾਂ ਦੇ ਜਨਮ ਦਿਨ ''ਤੇ ਉਨ੍ਹਾਂ ਦੀ ਸਿਹਤ ''ਚ ਸੁਧਾਰ ਦੀ ਕਾਮਨਾ ਕਰਦਿਆਂ ਇਸ ''ਨਵਰਤਨ'' ਨੂੰ ਪ੍ਰਣਾਮ ਹੈ |

Related News