ਆਖਿਰ ਚੀਨ ਨੂੰ ਗੋਡੇ ਟੇਕਣੇ ਹੀ ਪਏ

Friday, May 03, 2019 - 03:46 AM (IST)

ਯੋਗੇਂਦਰ ਯੋਗੀ
ਆਖਿਰ ਵਿਸ਼ਵ ਭਾਈਚਾਰੇ ਸਾਹਮਣੇ ਗੋਡੇ ਟੇਕਦਿਆਂ ਚੀਨ ਨੇ ਬਦਨਾਮ ਅੱਤਵਾਦੀ ਸਰਗਣੇ ਮਸੂਦ ਅਜ਼ਹਰ ਦੇ ਮਾਮਲੇ ’ਚ ਸੰਯੁਕਤ ਰਾਸ਼ਟਰ ’ਚ ਵੀਟੋ ਤੋਂ ਤਕਨੀਕੀ ਵਿਵਸਥਾ ਹਟਾ ਲਈ ਤੇ ਇਸ ਨਾਲ ਮਸੂਦ ਨੂੰ ਕੌਮਾਂਤਰੀ ਅੱਤਵਾਦੀ ਕਰਾਰ ਦਿੱਤਾ ਜਾ ਸਕਿਆ। ਪਿਛਲੇ ਇਕ ਮਹੀਨੇ ’ਚ ਇਹ ਤੀਜਾ ਮੌਕਾ ਹੈ, ਜਦੋਂ ਚੀਨ ਦੂਜੇ ਦੇਸ਼ਾਂ ’ਤੇ ਆਪਣੀ ਧੌਂਸ ਨਹੀਂ ਜਮਾ ਸਕਿਆ, ਉਲਟਾ ਉਸ ਨੂੰ ਹੀ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਪਹਿਲਾਂ ਚੀਨ ਦੇ ਵਿਰੋਧ ਨੂੰ ਅਣਡਿੱਠ ਕਰਦਿਆਂ ਅਮਰੀਕੀ ਸਮੁੰਦਰੀ ਫੌਜ ਦੇ ਜੰਗੀ ਬੇੜੇ ਤਾਇਵਾਨ ਜਲਡਮਰੂ ਮੱਧ ’ਚੋਂ ਹੋ ਕੇ ਲੰਘੇ। ਚੀਨ ਅਤੇ ਤਾਇਵਾਨ ਨੂੰ ਅੱਡ ਕਰਨ ਵਾਲੇ 180 ਕਿਲੋਮੀਟਰ ਲੰਮੇ ਜਲਡਮਰੂ ਮੱਧ ’ਤੇ ਚੀਨ ਆਪਣਾ ਦਾਅਵਾ ਕਰਦਾ ਰਿਹਾ ਹੈ ਪਰ ਚੀਨ ਦੀ ਨਾਰਾਜ਼ਗੀ ਦੀ ਪਰਵਾਹ ਕੀਤੇ ਬਿਨਾਂ ਅਮਰੀਕਾ ਨੇ ਕਿਹਾ ਕਿ ਇਸ ਖੇਤਰ ’ਚੋਂ ਲੰਘਣਾ ਇਹ ਦਰਸਾਉਂਦਾ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ’ਚ ਆਵਾਜਾਈ ਨੂੰ ਕੋਈ ਨਹੀਂ ਰੋਕ ਸਕਦਾ।

ਚੀਨ ਨੇ ਹੁਣੇ ਜਿਹੇ ਆਪਣੀ ਖਾਹਿਸ਼ੀ ਯੋਜਨਾ ‘ਬੈਲਟ ਐਂਡ ਰੋਡ’ ਲਈ ਆਯੋਜਿਤ ਕੀਤੇ ਗਏ ਸੰਮੇਲਨ ਤੋਂ ਪਹਿਲਾਂ ਭਾਰਤੀ ਇਤਰਾਜ਼ਾਂ ਦੇ ਮੱਦੇਨਜ਼ਰ ਇਸ ਯੋਜਨਾ ਦੇ ਨਕਸ਼ੇ ਨਾਲ ਅਰੁਣਾਚਲ ਪ੍ਰਦੇਸ਼ ਅਤੇ ਪਾਕਿਸਤਾਨ ਦੇ ਹਿੱਸੇ ਵਾਲੇ ਕਸ਼ਮੀਰ ਨੂੰ ਭਾਰਤ ਦੇ ਨਕਸ਼ੇ ’ਚ ਦਿਖਾਇਆ। ਚੀਨ ਦਾ ਇਹ ਕਦਮ ਕਿਸੇ ਹੈਰਾਨੀ ਤੋਂ ਘੱਟ ਨਹੀਂ ਹੈ। ਭਾਰਤ ਨੇ ‘ਬੈਲਟ ਐਂਡ ਰੋਡ’ ਯੋਜਨਾ ਦੇ ਮੁੱਖ ਸਹਿਯੋਗੀ ਚੀਨ-ਪਾਕਿ ਆਰਥਿਕ ਗਲਿਆਰੇ ਦੇ ਵਿਰੋਧ ’ਚ ਦੂਜੀ ਵਾਰ ਸੰਮੇਲਨ ਦਾ ਬਾਈਕਾਟ ਕੀਤਾ। ਚੀਨ ਨਹੀਂ ਚਾਹੁੰਦਾ ਸੀ ਕਿ ਸੰਮੇਲਨ ਦੇ ਐਨ ਮੌਕੇ ’ਤੇ ਭਾਰਤ ਵਲੋਂ ਇਸ ਮਾਮਲੇ ’ਚ ਕੋਈ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਜਾਵੇ। ਭਾਰਤ ਦੇ ਇਸ ਯੋਜਨਾ ਨਾਲ ਨਾ ਜੁੜਨ ਕਰ ਕੇ ਚੀਨ ਕਈ ਦੇਸ਼ਾਂ ਦੀਆਂ ਨਜ਼ਰਾਂ ’ਚ ਸ਼ੱਕੀ ਬਣ ਗਿਆ ਹੈ। ਇਸ ਸੰਮੇਲਨ ’ਚ ਬਹੁਤ ਸਾਰੇ ਦੇਸ਼ਾਂ ਨੇ ਸ਼ਿਰਕਤ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਚੀਨ ਕਿਤੇ ਉਨ੍ਹਾਂ ਨੂੰ ਵੀ ਸ਼੍ਰੀਲੰਕਾ ਵਾਂਗ ਆਪਣਾ ਆਰਥਿਕ ਗੁਲਾਮ ਨਾ ਬਣਾ ਲਵੇ। ਚੀਨ ਦੀ ਦੂਰਰਸ ਆਰਥਿਕ ਨੀਤੀ ਤੋਂ ਘਬਰਾ ਕੇ ਮਲੇਸ਼ੀਆ ਨੇ ਵੀ ਇਸ ਯੋਜਨਾ ਨੂੰ ਸੀਮਤ ਕਰ ਦਿੱਤਾ ਹੈ।

ਉਈਗਰ ਮੁਸਲਮਾਨਾਂ ਨਾਲ ਵਧੀਕੀਆਂ

ਚੀਨ ਨੂੰ ਤੀਜਾ ਝਟਕਾ ਲੱਗਾ ਉਈਗਰ ਮੁਸਲਮਾਨਾਂ ਨਾਲ ਕੀਤੀਆਂ ਜਾਣ ਵਾਲੀਆਂ ਵਧੀਕੀਆਂ ਨੂੰ ਲੈ ਕੇ ਅਮਰੀਕਾ ਦੀ ਖੁੱਲ੍ਹੀ ਆਲੋਚਨਾ ਨਾਲ। ਇਸ ਮੁੱਦੇ ’ਤੇ ਅਮਰੀਕਾ ਨੇ ਚੀਨ ਨੂੰ ਚੰਗੀ ਝਾੜ ਪਾਈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਦੁਨੀਆ ਮੁਸਲਮਾਨਾਂ ਪ੍ਰਤੀ ਚੀਨ ਦੇ ਪਾਖੰਡ ਦਾ ਜੋਖ਼ਮ ਨਹੀਂ ਉਠਾ ਸਕਦੀ। ਚੀਨ ਅੱਤਵਾਦ ਨੂੰ ਲੈ ਕੇ ਇਸ ਲਈ ਵੀ ਬੇਨਕਾਬ ਹੋ ਗਿਆ ਕਿ ਇਕ ਪਾਸੇ ਉਹ ਉਈਗਰ ਮੁਸਲਮਾਨਾਂ ਨੂੰ ਅੱਤਵਾਦੀ ਦੱਸ ਕੇ ਕੁਚਲਣ ਲੱਗਾ ਹੋਇਆ ਹੈ ਤਾਂ ਦੂਜੇ ਪਾਸੇ ਪਾਕਿਸਤਾਨ ’ਚ ਲੁਕੇ ਬੈਠੇ ਕੌਮਾਂਤਰੀ ਅੱਤਵਾਦੀ ਸਰਗਣੇ ਦਾ ਬਚਾਅ ਕਰ ਰਿਹਾ ਸੀ। ‘ਹਿਊਮਨ ਰਾਈਟ ਵਾਚ’ ਨੇ ਵੀ ਉਈਗਰ ਮੁਸਲਮਾਨਾਂ ਉੱਤੇ ਚੀਨ ਦੀਆਂ ਦਮਨਕਾਰੀ ਨੀਤੀਆਂ ਦੀ ਨਿੰਦਾ ਕੀਤੀ ਹੈ ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਚਿੱਠੀ ਲਿਖ ਕੇ ਚੀਨ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਸੰਯੁਕਤ ਰਾਸ਼ਟਰ ਨੇ ਇਸ ਪਾਸਿਓਂ ਅੱਖਾਂ ਮੀਚੀਆਂ ਹੋਈਆਂ ਹਨ ਤੇ ਉਸ ਨੇ ਇਕ ਵਾਰ ਵੀ ਇਸ ’ਤੇ ਚੀਨ ਦੀ ਨਿੰਦਾ ਨਹੀਂ ਕੀਤੀ। ਇਸ ਦੇ ਉਲਟ ਬਰਮਾ (ਮਿਆਂਮਾਰ) ਵਿਚ ਰੋਹਿੰਗਿਆ ਮੁਸਲਮਾਨਾਂ ਨਾਲ ਵਧੀਕੀਆਂ ਨੂੰ ਲੈ ਕੇ ਸੰਯੁਕਤ ਰਾਸ਼ਟਰ ਖੂਬ ਸਰਗਰਮ ਰਿਹਾ ਤੇ ਉਸ ਨੇ ਇਕ ਵਫਦ ਜਾਂਚ ਲਈ ਵੀ ਉਥੇ ਭੇਜਿਆ ਸੀ।

ਅੱਤਵਾਦੀ ਸਰਗਣੇ ਮਸੂਦ ਅਜ਼ਹਰ ਦੇ ਮਾਮਲੇ ’ਚ ਚਾਰੇ ਪਾਸਿਓਂ ਘਿਰਨ ਤੋਂ ਬਾਅਦ ਹੀ ਮਜਬੂਰੀ ’ਚ ਚੀਨ ਸਹੀ ਰਾਹ ’ਤੇ ਆਇਆ। ਬ੍ਰਿਟੇਨ, ਅਮਰੀਕਾ ਤੇ ਫਰਾਂਸ ਨੇ ਚੀਨ ਦੇ ਵੀਟੋ ’ਤੇ ਜੁਆਬ-ਤਲਬੀ ਕੀਤੀ ਤਾਂ ਚੀਨ ਭਾਰੀ ਦਬਾਅ ’ਚ ਆ ਗਿਆ ਤੇ ਉਸ ਨੂੰ ਲੱਗਣ ਲੱਗਾ ਕਿ ਭਾਰਤ ਨਾਲ ਨਜਿੱਠਣ ਦੇ ਇਸ ਤਰੀਕੇ ਕਾਰਨ ਉਹ ਪੂਰੀ ਦੁਨੀਆ ਦੀਆਂ ਅੱਖਾਂ ’ਚ ਰੜਕ ਰਿਹਾ ਹੈ। ਭਾਰਤ ਨਾਲ ਖੁਣਸ ਕੱਢਣ ਲਈ ਚੀਨ ਨੇ ਹੁਣ ਤਕ ਮਸੂਦ ਨੂੰ ਮੋਹਰਾ ਬਣਾਇਆ ਹੋਇਆ ਸੀ। ਇਹ ਕੂਟਨੀਤੀ ਚੀਨ ਲਈ ਉਲਟੀ ਪੈ ਗਈ ਅਤੇ ਉਸ ਦੇ ਸਾਹਮਣੇ ਵਿਸ਼ਵ ਭਾਈਚਾਰੇ ਨਾਲੋਂ ਅਲੱਗ-ਥਲੱਗ ਹੋਣ ਦਾ ਖਤਰਾ ਪੈਦਾ ਹੋ ਗਿਆ। ਇਹੋ ਵਜ੍ਹਾ ਰਹੀ ਕਿ ਚੀਨ ਪਾਕਿਸਤਾਨ ਦੇ ਦਬਾਅ ਦੇ ਬਾਵਜੂਦ ਮਸੂਦ ਅਜ਼ਹਰ ਨੂੰ ਹਮਾਇਤ ਦੇਣ ਦੀ ਕੂਟਨੀਤੀ ’ਤੇ ਕਾਇਮ ਨਹੀਂ ਰਹਿ ਸਕਿਆ। ਪਾਕਿਸਤਾਨ ਦੀ ਇਸ ਮੁੱਦੇ ’ਤੇ ਪਹਿਲਾਂ ਹੀ ਕਾਫੀ ਥੂ-ਥੂ ਹੋ ਚੁੁੱਕੀ ਹੈ ਅਤੇ ਅੱਤਵਾਦੀਆਂ ਨੂੰ ਲੈ ਕੇ ਉਹ ਕਈ ਤਰ੍ਹਾਂ ਦੀਆਂ ਆਰਥਿਕ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ। ਚੀਨ ਨੂੰ ਹੁਣ ਇਹ ਗੱਲ ਸਮਝ ਆਉਣ ਲੱਗੀ ਹੈ ਕਿ ਜੇਕਰ ‘ਬੈਲਟ ਐਂਡ ਰੋਡ’ ਵਰਗੇ ਪ੍ਰਾਜੈਕਟ ’ਚ ਹੋਰਨਾਂ ਦੇਸ਼ਾਂ ਦੀ ਭਰੋਸੇਯੋਗਤਾ ਬਣਾਈ ਰੱਖਣੀ ਹੈ ਤਾਂ ਦੁਨੀਆ ਦੀ ਆਵਾਜ਼ ਨੂੰ ਨਕਾਰਿਆ ਨਹੀਂ ਜਾ ਸਕਦਾ। ਜੇ ਇਸ ਮਾਮਲੇ ’ਚ ਚੀਨ ਅੜਿਆ ਰਹਿੰਦਾ ਤਾਂ ਯਕੀਨੀ ਤੌਰ ’ਤੇ ਵੀਟੋ ਪਾਵਰ ਵਾਲੇ ਹੋਰਨਾਂ ਦੇਸ਼ਾਂ ਨਾਲ ਚੀਨ ਦੇ ਰਿਸ਼ਤਿਆਂ ’ਚ ਕੁੜੱਤਣ ਪੈਦਾ ਹੋ ਜਾਂਦੀ।

ਸਿਰਫ ਭਾਰਤ ਨਾਲ ਦੁਸ਼ਮਣੀ ਰੱਖਣ ਤੇ ਪਾਕਿਸਤਾਨ ਨੂੰ ਖੁਸ਼ ਕਰਨ ਦੀ ਚੀਨ ਇੰਨੀ ਵੱਡੀ ਕੀਮਤ ਨਹੀਂ ਚੁਕਾ ਸਕਦਾ। ਹੁਣ ਚੀਨ ਦੇ ਬੈਕਫੁੱਟ ’ਤੇ ਆਉਣ ਨਾਲ ਅੱਤਵਾਦ ਨੂੰ ਲੈ ਕੇ ਭਾਰਤ ਵਲੋਂ ਦੁਨੀਆ ’ਚ ਚਲਾਈ ਜਾ ਰਹੀ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ। ਅਮਰੀਕਾ ਅਤੇ ਯੂਰਪੀ ਦੇਸ਼ ਅੱਤਵਾਦ ਦਾ ਸੇਕ ਝੱਲ ਚੁੱਕੇ ਹਨ, ਇਸੇ ਲਈ ਭਾਰਤ ਦੀ ਆਵਾਜ਼ ਸੁਣੀ ਗਈ ਹੈ। ਹੁਣ ਦੇਖਣਾ ਇਹੋ ਹੈ ਕਿ ਚੀਨ ਉਈਗਰ ਮੁਸਲਮਾਨਾਂ ਸਮੇਤ ਹੋਰਨਾਂ ਮੁੱਦਿਆਂ ’ਤੇ ਕਦੋਂ ਤਕ ਦੁਨੀਆ ਦੀ ਗੱਲ ਅਣਸੁਣੀ ਕਰਦਾ ਹੈ? ਦੇਰ-ਸਵੇਰ ਚੀਨ ਨੂੰ ਹੋਰਨਾਂ ਵਿਵਾਦਪੂਰਨ ਮੁੱਦਿਆਂ ’ਤੇ ਵੀ ਆਪਣਾ ਰੁਖ਼ ਬਦਲਣਾ ਪਵੇਗਾ ਕਿਉਂਕਿ ਪੂਰੀ ਦੁਨੀਆ ਦੀ ਅਣਦੇਖੀ ਕਰ ਕੇ ਉਹ ਕਿਸੇ ਵੀ ਹਾਲਤ ’ਚ ਤਰੱਕੀ ਨਹੀਂ ਕਰ ਸਕਦਾ।
 


Bharat Thapa

Content Editor

Related News