ਆਸਟ੍ਰੇਲੀਆ ''ਚ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਅਡਾਨੀ ਸਮੂਹ ਦੀਆਂ ਮੁਸ਼ਕਿਲਾਂ
Saturday, Aug 11, 2018 - 07:09 AM (IST)

ਅਡਾਨੀ ਸਮੂਹ ਦੀ ਆਸਟ੍ਰੇਲੀਆਈ ਕੋਲਾ ਖਾਨ ਅਤੇ ਰੇਲ ਯੋਜਨਾ ਦੇ ਸੰਕਟ ਅਜੇ ਟਲੇ ਨਹੀਂ ਹਨ। ਆਸਟ੍ਰੇਲੀਆ ਦੇ ਕੁਈਂਸਲੈਂਡ ਸੂਬੇ ਵਿਚ ਕਾਰਮਾਈਕਲ ਮਾਈਨਿੰਗ ਨੇੜੇ ਜ਼ਮੀਨ ਦੇ ਮਾਲਕਾਂ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਨਾਲ ਇਸ ਯੋਜਨਾ 'ਤੇ ਸੰਕਟ ਵਧ ਗਿਆ ਹੈ।
ਹਾਲਾਂਕਿ ਇਸ ਮਾਮਲੇ ਵਿਚ ਫੈਸਲਾ ਛੇਤੀ ਆਉਣ ਦੀ ਉਮੀਦ ਹੈ ਪਰ ਅਡਾਨੀ ਸਮੂਹ ਦੀ ਪਹਿਲੀ ਕੌਮਾਂਤਰੀ ਯੋਜਨਾ ਦੀਆਂ ਮੁਸ਼ਕਿਲਾਂ ਇਥੇ ਹੀ ਖਤਮ ਨਹੀਂ ਹੁੰਦੀਆਂ। ਸੰਨ 2010 ਵਿਚ ਇਸ ਮਾਈਨਿੰਗ ਲਈ ਜਗ੍ਹਾ ਅਕਵਾਇਰ ਕਰਨ ਤੋਂ ਲੈ ਕੇ ਹੁਣ ਤਕ ਕੰਪਨੀ ਇਥੇ ਕੋਈ ਖੋਦਾਈ ਨਹੀਂ ਕਰ ਸਕੀ ਹੈ।
ਕਾਰਮਾਈਕਲ ਯੋਜਨਾ ਦੇ ਤਹਿਤ ਨਾਰਥ ਗੈਲਿਲੀ ਬੇਸਿਨ 'ਚ ਥਰਮਲ ਕੋਲ ਮਾਈਨਿੰਗ ਅਤੇ ਮਾਈਨਿੰਗ ਵਾਲੀ ਜਗ੍ਹਾ ਤੋਂ ਲੈ ਕੇ ਐਬਟ ਪੁਆਇੰਟ ਬੰਦਰਗਾਹ ਤਕ 388 ਕਿਲੋਮੀਟਰ ਲੰਮੀ ਰੇਲ ਲਾਈਨ ਯੋਜਨਾ ਸ਼ਾਮਿਲ ਹੈ। ਇਸ ਮਾਈਨਿੰਗ ਨੂੰ ਘੱਟੋ-ਘੱਟ 16 ਅਰਬ ਡਾਲਰ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਣਾ ਹੈ। ਅਡਾਨੀ ਸਮੂਹ ਹੁਣ ਤਕ ਮਾਈਨਿੰਗ 'ਤੇ 1.1 ਅਰਬ ਆਸਟ੍ਰੇਲੀਆਈ ਡਾਲਰ, ਰੇਲ ਲਾਈਨ 'ਤੇ 0.2 ਅਰਬ ਆਸਟ੍ਰੇਲੀਆਈ ਡਾਲਰ ਅਤੇ 5 ਕਰੋੜ ਟਨ ਸਮਰੱਥਾ ਵਾਲੀ ਬੰਦਰਗਾਹ 'ਤੇ 1.8 ਅਰਬ ਆਸਟ੍ਰੇਲੀਆਈ ਡਾਲਰ ਨਿਵੇਸ਼ ਕਰ ਚੁੱਕਾ ਹੈ।
ਚੌਗਿਰਦੇ ਦੀ ਚਿੰਤਾ ਕਰਨ ਵਾਲੇ ਸਮੂਹਾਂ ਅਤੇ ਹੋਰਨਾਂ ਮਾਹਿਰਾਂ ਦਾ ਕਹਿਣਾ ਹੈ ਕਿ ਮੌਜੂਦਾ ਸੱਤਾਧਾਰੀ ਪਾਰਟੀ ਅਡਾਨੀ ਸਮੂਹ ਨੂੰ ਇਸ ਪ੍ਰਾਜੈਕਟ ਲਈ ਰੈਗੂਲੇਸ਼ਨਜ਼ ਅਤੇ ਹੋਰ ਮਨਜ਼ੂਰੀਆਂ ਹਾਸਿਲ ਕਰਨ ਵਿਚ ਮਦਦ ਕਰ ਰਹੀ ਹੈ। ਅਡਾਨੀ ਸਮੂਹ ਨੇ ਸਥਾਨਕ ਅਥਾਰਿਟੀਆਂ ਨਾਲ ਭੋਂ-ਪ੍ਰਾਪਤੀ ਸਮਝੌਤੇ 'ਤੇ ਦਸਤਖਤ ਕੀਤੇ ਸਨ ਪਰ ਮਾਮਲਾ ਹੁਣ ਅਦਾਲਤ ਵਿਚ ਪਹੁੰਚ ਚੁੱਕਾ ਹੈ।
ਅਡਾਨੀ ਸਮੂਹ ਦਾ ਕਹਿਣਾ ਹੈ ਕਿ ਉਹ ਪ੍ਰਾਜੈਕਟ ਲਈ ਅਜੇ ਵੀ ਵਚਨਬੱਧ ਹੈ ਅਤੇ ਕਾਨੂੰਨੀ ਮੋਰਚੇ 'ਤੇ ਪੂਰੀ ਤਰ੍ਹਾਂ ਆਸਵੰਦ ਹੈ। ਅਡਾਨੀ ਸਮੂਹ ਦੇ ਬੁਲਾਰੇ ਨੇ ਕਿਹਾ ਕਿ ''ਅਸੀਂ ਇਸ ਪ੍ਰਾਜੈਕਟ ਲਈ 112 ਮਨਜ਼ੂਰੀਆਂ ਹਾਸਿਲ ਕੀਤੀਆਂ ਹਨ ਅਤੇ ਅਦਾਲਤ ਵਿਚ ਸਾਰੀਆਂ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕਰਦਿਆਂ ਅੱਜ ਇਸ ਸਥਿਤੀ ਤਕ ਪਹੁੰਚੇ ਹਾਂ। ਅਸੀਂ ਅਦਾਲਤ ਵਿਚ ਬੰਦਰਗਾਹ (ਇਸ ਪ੍ਰਾਜੈਕਟ ਦੇ ਤਹਿਤ ਵਿਕਸਿਤ ਹੋਣ ਵਾਲੀ) ਨਾਲ ਸਬੰਧਤ ਤਿੰਨ ਚੁਣੌਤੀਆਂ ਦਾ ਵੀ ਸਫਲਤਾਪੂਰਵਕ ਸਾਹਮਣਾ ਕੀਤਾ ਹੈ।''
ਵਾਂਗਾਨ ਐਂਡ ਜਾਗਾਲਿੰਗਾਊ (ਡਬਲਯੂ. ਐਂਡ ਜੇ.) ਖੇਤਰ ਦੇ ਰਵਾਇਤੀ ਜ਼ਮੀਨ ਮਾਲਕਾਂ ਨੇ ਕਾਰਮਾਈਕਲ ਮਾਈਨਿੰਗ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਸੀ। ਸੰਨ 2012 ਤੋਂ ਹੀ ਉਨ੍ਹਾਂ ਦਾ ਦਾਅਵਾ ਰਿਹਾ ਹੈ ਕਿ ਅਡਾਨੀ ਸਮੂਹ ਨਾਲ ਜ਼ਮੀਨ ਦੀ ਵਰਤੋਂ ਦੇ ਸਮਝੌਤੇ ਨੂੰ ਸਮੂਹਿਕ ਮੀਟਿੰਗ ਵਿਚ 4 ਵਾਰ ਖਾਰਿਜ ਕੀਤਾ ਜਾ ਚੁੱਕਾ ਹੈ। ਡਬਲਯੂ. ਐਂਡ ਜੇ. ਨੇਟਿਵ ਟਾਈਟਲ ਦੇ 5 ਮੈਂਬਰਾਂ ਨੇ ਅਗਸਤ 2017 ਵਿਚ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਜੇ ਅਡਾਨੀ ਸਮੂਹ ਦੀ ਜਿੱਤ ਹੁੰਦੀ ਹੈ ਤਾਂ ਉਸ ਦੀ ਅਗਲੀ ਸਮੱਸਿਆ ਵਿੱਤੀ ਵਿਵਸਥਾ ਨੂੰ ਲੈ ਕੇ ਹੋਵੇਗੀ।
ਇਕ ਵਿਸ਼ਲੇਸ਼ਕ ਨੇ ਕਿਹਾ ਹੈ ਕਿ ''ਇਹ 10 ਸਾਲਾ ਪ੍ਰਾਜੈਕਟ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਕੰਪਨੀ ਸਮੇਤ ਕੋਈ ਵੀ ਇਸ ਨੂੰ ਲੈ ਕੇ ਫਿਲਹਾਲ ਉਤਸ਼ਾਹਿਤ ਹੋਵੇਗਾ।''
ਸੂਤਰਾਂ ਨੇ ਦੱਸਿਆ ਕਿ ਅਡਾਨੀ ਸਮੂਹ ਆਪਣੇ ਕੋਲਾ ਮਾਈਨਿੰਗ ਪ੍ਰਾਜੈਕਟ ਦੇ ਵਿੱਤ ਪੋਸ਼ਣ ਲਈ ਅਜੇ ਤਕ ਕੋਈ ਸਮਝੌਤਾ ਨਹੀਂ ਕਰ ਸਕਿਆ ਹੈ। ਅਡਾਨੀ ਗਰੁੱਪ ਆਸਟ੍ਰੇਲੀਆ ਦੇ ਕੰਟਰੀ ਹੈੱਡ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੈਕੁਮਾਰ ਜਨਕਰਾਜ ਨੇ ਪਿਛਲੇ ਸਾਲ ਕਿਹਾ ਸੀ ਕਿ ਉਨ੍ਹਾਂ ਦੀ ਕੰਪਨੀ ਵਲੋਂ ਪ੍ਰਮੁੱਖ ਗਲੋਬਲ ਫਾਇਨਾਂਸਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਆਸਟ੍ਰੇਲੀਆ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ''ਜਾਪਾਨ ਦੇ ਦੋ ਪ੍ਰਮੁੱਖ ਬੈਂਕ—ਨਿਪੋਨ ਲਾਈਫ ਅਤੇ ਦਾਈਚੀ ਲਾਈਫ ਨੇ ਇਸ ਪ੍ਰਾਜੈਕਟ ਲਈ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਚੀਨ ਤੋਂ ਉਧਾਰ ਰਕਮ ਮਿਲ ਜਾਵੇਗੀ ਪਰ ਚੀਨ ਦੇ ਚਾਰ ਪ੍ਰਮੁੱਖ ਫਾਇਨਾਂਸਰਾਂ ਨੇ ਵੀ ਇਸ ਪ੍ਰਾਜੈਕਟ ਨਾਲ ਜੁੜਨ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ।''
ਉਨ੍ਹਾਂ ਇਹ ਵੀ ਦੱਸਿਆ ਕਿ ਨਵੇਂ ਰਾਸ਼ਟਰਪਤੀ ਦੇ ਤਹਿਤ ਦੱਖਣੀ ਕੋਰੀਆਈ ਸਰਕਾਰ ਨੇ ਇਕ ਅਜਿਹੀ ਰਣਨੀਤੀ ਅਪਣਾਈ ਹੈ, ਜੋ ਉਥੋਂ ਦੇ ਪ੍ਰਮੁੱਖ ਬੈਂਕਾਂ ਨੂੰ ਇੰਨੇ ਵੱਡੇ ਕੋਲਾ ਪ੍ਰਾਜੈਕਟ ਨੂੰ ਧਨ ਮੁਹੱਈਆ ਕਰਵਾਉਣ ਤੋਂ ਰੋਕਦੀ ਹੈ, ਜਿਸ ਨਾਲ ਕਥਿਤ ਤੌਰ 'ਤੇ ਚੌਗਿਰਦੇ ਸਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਪਿਛਲੇ ਮਹੀਨੇ ਆਸਟ੍ਰੇਲੀਆ ਦੀ ਸੱਤਾਧਾਰੀ ਲਿਬਰਲ ਪਾਰਟੀ ਉਪ-ਚੋਣਾਂ ਵਿਚ ਦਾਅ 'ਤੇ ਲੱਗੀਆਂ ਸਾਰੀਆਂ 5 ਸੀਟਾਂ ਹਾਰ ਗਈ। ਇਥੇ ਵੀ ਆਮ ਚੋਣਾਂ ਲੱਗਭਗ ਉਸੇ ਸਮੇਂ ਹੋਣੀਆਂ ਹਨ, ਜਦੋਂ ਭਾਰਤ ਵਿਚ ਆਮ ਚੋਣਾਂ ਹੋਣਗੀਆਂ। ਦੁਨੀਆ ਭਰ ਵਿਚ ਚੌਗਿਰਦਾ ਸਮੂਹ ਅਡਾਨੀ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਲਈ ਸਰਕਾਰ ਦੀ ਆਲੋਚਨਾ ਕਰ ਰਹੇ ਹਨ।
ਜੇ ਅਗਲੇ ਸਾਲ ਚੋਣਾਂ ਵਿਚ ਲਿਬਰਲ ਪਾਰਟੀ ਹਾਰ ਜਾਂਦੀ ਹੈ ਤਾਂ ਇਹ ਅਡਾਨੀ ਸਮੂਹ ਦੇ ਪ੍ਰਾਜੈਕਟਾਂ ਲਈ ਇਕ ਬਹੁਤ ਵੱਡਾ ਝਟਕਾ ਹੋਵੇਗਾ ਕਿਉਂਕਿ ਅਜੇ ਕੁਝ ਅਹਿਮ ਪ੍ਰਵਾਨਗੀਆਂ ਮਿਲਣੀਆਂ ਬਾਕੀ ਹਨ। ਇਸ ਕਾਰਨ ਪ੍ਰਾਜੈਕਟ ਦਾ ਭਵਿੱਖ ਸਰਕਾਰ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਅਜਿਹੀ ਆਸ ਹੈ ਕਿ ਵਿਰੋਧੀ ਧਿਰ ਆਸਟ੍ਰੇਲੀਅਨ ਲੇਬਰ ਪਾਰਟੀ ਇਸ ਪ੍ਰਾਜੈਕਟ ਨੂੰ ਇਕ ਵੱਡਾ ਸਿਆਸੀ ਮੁੱਦਾ ਬਣਾਏਗੀ।
ਹਾਲਾਂਕਿ ਅਡਾਨੀ ਸਮੂਹ ਦੇ ਬੁਲਾਰੇ ਦਾ ਕਹਿਣਾ ਹੈ ਕਿ ਕੰਪਨੀ ਨੂੰ ਕੁਈਂਸਲੈਂਡ ਦੀ ਸਰਕਾਰ ਵਲੋਂ ਕੋਲਾ ਮਾਈਨਿੰਗ ਲਈ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਕਰਨ ਦੇ ਲਾਇਸੈਂਸ ਦੇ ਦਿੱਤੇ ਗਏ ਹਨ ਪਰ ਸੂਤਰਾਂ ਦਾ ਦਾਅਵਾ ਹੈ ਕਿ ਸਾਲਾਨਾ 12 ਅਰਬ ਲਿਟਰ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਘੱਟੋ-ਘੱਟ 20 ਅਰਬ ਡਾਲਰਾਂ ਦੀ ਲੋੜ ਪਵੇਗੀ। ਦੇਸ਼ ਵਿਚ ਨਿਊ ਸਾਊਥ ਵੇਲਜ਼ ਇਲਾਕੇ ਵਿਚ ਸੋਕਾ ਪਿਆ ਹੋਇਆ ਹੈ, ਜਿਸ ਬਾਰੇ ਵਿਰੋਧੀ ਧਿਰ ਕਈ ਵਾਰ ਆਵਾਜ਼ ਉਠਾ ਚੁੱਕੀ ਹੈ।
ਕੋਲੇ ਦੀਆਂ ਕੀਮਤਾਂ ਵਿਸ਼ਵ ਬਾਜ਼ਾਰ ਵਿਚ ਰਿਕਾਰਡ 110 ਡਾਲਰ ਪ੍ਰਤੀ ਟਨ ਨੂੰ ਛੂਹ ਚੁੱਕੀਆਂ ਹਨ ਪਰ ਬਾਜ਼ਾਰ ਵਿਚ ਮੰਗ ਘੱਟ ਰਹਿਣ ਦਾ ਖਦਸ਼ਾ ਹੈ। ਜਿੱਥੇ ਹੋਰ ਕਈ ਦੇਸ਼ ਕੋਲੇ ਦੇ ਮੁਕਾਬਲੇ ਜ਼ਿਆਦਾ ਚੌਗਿਰਦਾ-ਮਿੱਤਰ ਬਦਲਾਂ ਨੂੰ ਅਪਣਾ ਰਹੇ ਹਨ, ਉਸ ਨੂੰ ਦੇਖਦਿਆਂ ਕਾਰਮਾਈਕਲ ਵਰਗੇ ਪ੍ਰਾਜੈਕਟਾਂ ਦੇ ਭਵਿੱਖ ਨੂੰ ਅਨਿਸ਼ਚਿਤਤਾ ਵਜੋਂ ਦੇਖਿਆ ਜਾ ਰਿਹਾ ਹੈ। (ਬੀਐੱਸ)