ਇਕ ਸਮਾਜਿਕ ਕ੍ਰਾਂਤੀ ਹੈ ‘ਮਨ ਕੀ ਬਾਤ’

Monday, Apr 17, 2023 - 05:17 PM (IST)

ਇਕ ਸਮਾਜਿਕ ਕ੍ਰਾਂਤੀ ਹੈ ‘ਮਨ ਕੀ ਬਾਤ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯੂਨੀਵਰਸਲ ਤੌਰ ’ਤੇ ਇਕ ਅਸਾਧਾਰਨ ਪ੍ਰਤਿਭਾ ਦੇ ਧਨੀ ਬੁਲਾਰੇ ਦੇ ਰੂਪ ਵਿਚ ਸਵੀਕਾਰ ਕੀਤਾ ਜਾਂਦਾ ਹੈ, ਜੋ ਜਨਤਾ ਦੇ ਨਾਲ ਤਤਕਾਲ ਸੰਵਾਦ-ਸਬੰਧ ਸਥਾਪਿਤ ਕਰ ਸਕਦੇ ਹਨ। ਉਨ੍ਹਾਂ ਦੀ ਸ਼ਾਨਦਾਰ ਭਾਸ਼ਣ ਕਲਾ, ਇਸ ਅਨੋਖੀ ਸਮਰੱਥਾ ਦੀ ਸਿਰਫ਼ ਇਕ ਉਦਾਹਰਣ ਹੈ। ਜਿਸ ਲਗਨ ਦੇ ਨਾਲ ਉਹ ਬੋਲਦੇ ਹਨ, ਜਿਸ ਨਿਸ਼ਠਾ ਲਈ ਉਹ ਜਾਣੇ ਜਾਂਦੇ ਹਨ ਅਤੇ ਪਿਛਲੇ ਅੱਠ ਵਰ੍ਹਿਆਂ ਵਿਚ ਉਨ੍ਹਾਂ ਨੇ ਲੋਕਾਂ ਦੇ ਨਾਲ ਜੋ ਵਿਸ਼ਵਾਸ-ਆਧਾਰਿਤ ਸੰਵਾਦ ਸਬੰਧ ਬਣਾਏ ਹਨ, ਉਹ ਸਾਰੇ ਮਿਲ ਕੇ ਜਨ ਸੰਚਾਰਕ ਦੇ ਰੂਪ ਵਿਚ ਉਨ੍ਹਾਂ ਦੀ ਸਫਲਤਾ ਵਿਚ ਯੋਗਦਾਨ ਦਿੰਦੇ ਹਨ। ਉਨ੍ਹਾਂ ਦੇ ਸਮਾਵੇਸ਼ੀ ਦ੍ਰਿਸ਼ਟੀਕੋਣ ਨੂੰ ਦੇਸ਼ ਦੇ ਸਾਰੇ ਹਿੱਸਿਆਂ ਵਿਚ ਬੇਮਿਸਾਲ ਸਵੀਕਾਰਤਾ ਮਿਲੀ ਹੈ। ਇਹ ਪੀ. ਐੱਮ. ਮੋਦੀ ਦੇ ਵਿਕਾਸ ਦਾ ਲੋਕ-ਕੇਂਦਰਿਤ ਮਾਡਲ ਹੈ, ਜਿਸ ਨੇ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਆਮ ਲੋਕਾਂ ਦਾ ਹਰਮਨਪਿਅਾਰਾ ਬਣਾ ਦਿੱਤਾ ਹੈ। ਲੋਕਾਂ ਦੇ ਨਾਲ ਲਗਾਤਾਰ ਸੰਵਾਦ, ਜਿਸ ਨੂੰ ਅਸੀਂ ‘ਮਨ ਕੀ ਬਾਤ’ ਦੇ ਰੂਪ ਵਿਚ ਜਾਣਦੇ ਹਾਂ, ਇਸ ਨਾਲ ਜੁੜੇ ਉਨ੍ਹਾਂ ਦੇ ਵਿਚਾਰ ਨੂੰ ਹਲਕੇ ਜਾਂ ਸਾਧਾਰਨ ਪੱਧਰ ਦਾ ਕਿਹਾ ਜਾ ਸਕਦਾ ਹੈ।

‘ਮਨ ਕੀ ਬਾਤ’ ਪ੍ਰੋਗਰਾਮ ਨੂੰ ਅਕਤੂਬਰ, 2014 ਵਿਚ ਲਾਂਚ ਕੀਤਾ ਗਿਆ ਸੀ। ਵਰ੍ਹਿਆਂ ਤੋਂ ਇਹ ਮਹੀਨੇ ਦੇ ਆਖਰੀ ਐਤਵਾਰ ਦੇ ਦਿਨ ਲਈ ਨਿਯਤ ਕੀਤਾ ਗਿਆ ਹੈ। ਇਹ ਇਕ ਰੇਡੀਓ ਵਾਰਤਾ ਦੇ ਰੂਪ ਵਿਚ ਸ਼ੁਰੂ ਹੋਇਆ ਸੀ ਪਰ ਹੁਣ ਇਸ ਨੂੰ ਇਕੱਠੇ ਵੱਖ-ਵੱਖ ਪਲੇਟਫਾਰਮਾਂ ’ਤੇ ਕਈ ਭਾਸ਼ਾਵਾਂ ਵਿਚ ਪ੍ਰਸਾਰਿਤ ਕੀਤਾ ਜਾਂਦਾ ਹੈ। ‘ਮਨ ਕੀ ਬਾਤ’ ਤੋਂ ਪਤਾ ਚੱਲਦਾ ਹੈ ਕਿ ਮੋਦੀ ਦੀਆਂ 2 ਸ਼ਖਸੀਅਤਾਂ ਹਨ-ਮਜ਼ਬੂਤ, ਸ਼ਕਤੀਸ਼ਾਲੀ ਅਤੇ ਉਦੇਸ਼ਪੂਰਨ ਪ੍ਰਧਾਨ ਮੰਤਰੀ ਮੋਦੀ ਤੇ ਨਿਮਰ, ਦਿਆਲੂ ਅਤੇ ਪਰਿਵਾਰ ਦੇ ਕੋਮਲ ਪਿਤਾ। ਜੇਕਰ ਤੁਸੀਂ ਅੱਖਾਂ ਬੰਦ ਕਰ ਕੇ ‘ਮਨ ਕੀ ਬਾਤ’ ਸੁਣੋ ਤਾਂ ਤੁਸੀਂ ਸੋਚੋਗੇ ਕਿ ਮੋਦੀ ਜੀ ਪਿੰਡ ਦੀ ਚੌਪਾਲ ’ਤੇ ਬੈਠੇ ਹਨ, ਲੋਕਾਂ ਨਾਲ ਗੱਲਬਾਤ ਕਰ ਰਹੇ ਹਨ, ਉਨ੍ਹਾਂ ਦੀਆਂ ਗੱਲਾਂ ਸੁਣ ਰਹੇ ਹਨ, ਉਨ੍ਹਾਂ ਨਾਲ ਸੰਵਾਦ ਕਰ ਰਹੇ ਹਨ, ਜਿੱਥੇ ਜ਼ਰੂਰਤ ਹੋਵੇ ਉੱਥੇ ਗਿਆਨ ਭਰੀ ਸਲਾਹ ਦੇ ਰਹੇ ਹਨ ਜਾਂ ਕਿਸੇ ਮਿਸਾਲੀ ਕੰਮ ਲਈ ਕਿਸੇ ਦੀ ਤਾਰੀਫ ਕਰ ਰਹੇ ਹਨ। ਹਾਲ ਹੀ |ਚ ਉਨ੍ਹਾਂ ਨੇ ਹਾਦਸਾ ਪੀੜਤਾਂ ਦੇ ਪਰਿਵਾਰਾਂ ਨਾਲ ਆਪਣੀ ਗੱਲਬਾਤ ਸਾਂਝੀ ਕੀਤੀ, ਜਿਨ੍ਹਾਂ ਨੇ ਬਹਾਦਰੀ ਨਾਲ ਆਪਣੇ ਪਿਆਰਿਆਂ ਦੇ ਅੰਗਦਾਨ ਕਰਨ ਦੇ ਫੈਸਲੇ ਕੀਤੇ ਸਨ। ਮੋਦੀ ਜੀ ਨੇ ਉਸ ਗੱਲਬਾਤ ਦੀ ਵਰਤੋਂ ਅੰਗਦਾਨ ਦੇ ਨੇਕ ਵਿਚਾਰ ਨੂੰ ਹੁਲਾਰਾ ਦੇਣ ਲਈ ਕੀਤੀ।
ਅਜਿਹੀਆਂ ਕਈ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿਚ ਜਲਵਾਯੂ ਦੇ ਉਲਟ ਹਾਲਾਤ ਨਾਲ ਨਜਿੱਠਣ ਤੋਂ ਲੈ ਕੇ ਸਿਹਤ ਅਤੇ ਸਵੱਛਤਾ ਨਾਲ ਜੁੜੇ ਸਾਧਾਰਨ ਲੋਕਾਂ ਦੇ ਚੰਗੇ ਕਾਰਜਾਂ ਲਈ ਉਨ੍ਹਾਂ ਨੂੰ ਉਦਾਰ ਮਨ ਤੋਂ ਵਧਾਈ ਦੇਣਾ ਆਦਿ ਸ਼ਾਮਲ ਹੈ। ਪੀ. ਐੱਮ. ਮੋਦੀ ਦੀ ‘ਮਨ ਕੀ ਬਾਤ’ ਲਾਜ਼ਮੀ ਤੌਰ ’ਤੇ ਅਸਲੀ ਜੀਵਨ ਦੀਆਂ ਕਹਾਣੀਆਂ ਅਤੇ ਤਜਰਬਿਆਂ ਬਾਰੇ ਹੈ। ਅਜਿਹੀਆਂ ਕਹਾਣੀਆਂ, ਜੋ ਅਸਲੀ ਭਾਰਤ ਨੂੰ ਦਰਸਾਉਂਦੀਆਂ ਹਨ ਅਤੇ ਲੁਟੀਅਨਜ਼ ਦਿੱਲੀ ਦੀਆਂ ਸੁੰਘੜੀਆਂ ਹੱਦਾਂ ਤੋਂ ਪਰ੍ਹੇ ਹਨ। ਇਸੇ ਵਜ੍ਹਾ ਨਾਲ ‘ਮਨ ਕੀ ਬਾਤ’ ਦਾ ਹਰ ਐਪੀਸੋਡ ਬਹੁਤ ਜ਼ਿਆਦਾ ਲੋਕਪ੍ਰਿਯ ਹੁੰਦਾ ਹੈ ਅਤੇ ਇਸ ਨੂੰ ਲੱਖਾਂ ਪ੍ਰਤੀਕਿਰਿਆਵਾਂ ਮਿਲਦੀਆਂ ਹਨ। ਇਹ ਲੋਕਾਂ ਦੇ ਨਾਲ ਗੂੰਜਦਾ ਹੈ ਕਿਉਂਕਿ ਇਹ ਉਨ੍ਹਾਂ ਦੀਆਂ ਚਿੰਤਾਵਾਂ ਬਾਰੇ ਹੈ।

‘ਮਨ ਕੀ ਬਾਤ’ ਦਾ ਪਹਿਲਾ ਐਪੀਸੋਡ 3 ਅਕਤੂਬਰ, 2014 ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਇਹ 30 ਅਪ੍ਰੈਲ, 2023 ਨੂੰ 100 ਐਪੀਸੋਡ ਪੂਰੇ ਕਰੇਗਾ। ‘ਮਨ ਕੀ ਬਾਤ’ ਆਪਣੀ ਵਿਸ਼ਾ-ਵਸਤੂ, ਡਿਜ਼ਾਈਨ, ਗੱਲਬਾਤ ਅਤੇ ਆਮ ਲੋਕਾਂ ਤੇ ਸਮੁੱਚੇ ਤੌਰ ’ਤੇ ਸਮਾਜ ਦੇ ਨਾਲ ਸੰਵਾਦ ਕਰਨ ਦੇ ਆਧੁਨਿਕ ਤਰੀਕੇ ਦੇ ਮਾਮਲੇ ਵਿਚ ਬੇਮਿਸਾਲ ਹੈ। 262 ਰੇਡੀਓ ਸਟੇਸ਼ਨਾਂ ਅਤੇ 375 ਤੋਂ ਵੱਧ ਨਿੱਜੀ ਅਤੇ ਭਾਈਚਾਰਕ ਰੇਡੀਓ ਸਟੇਸ਼ਨਾਂ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਰੇਡੀਓ ਨੈੱਟਵਰਕ ‘ਆਲ ਇੰਡੀਆ ਰੇਡੀਓ’ ਦੇ ਮਾਧਿਅਮ ਨਾਲ ਭਾਰਤੀ ਪ੍ਰਧਾਨ ਮੰਤਰੀ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਤੌਰ ’ਤੇ ਵੰਨ-ਸੁਵੰਨਤਾ ਵਾਲੀ ਵਿਸ਼ਾਲ ਆਬਾਦੀ ਤੱਕ ਪਹੁੰਚਦੇ ਹਨ, ਉਨ੍ਹਾਂ ਨੂੰ ਨਾ ਸਿਰਫ਼ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਮੁੱਦਿਆਂ ’ਤੇ ਸਗੋਂ ਜਲਵਾਯੂ ਪਰਿਵਰਤਨ, ਵੇਸਟ ਮੈਨੇਜਮੈਂਟ, ਊਰਜਾ ਸੰਕਟ ਜਿਹੀਆਂ ਚੁਣੌਤੀਪੂਰਨ ਤੇ ਸਮੱਸਿਆਵਾਂ ’ਤੇ ਵੀ ਪ੍ਰੇਰਿਤ ਤੇ ਸਰਗਰਮ ਕਰਦੇ ਹਨ, ਜਿਨ੍ਹਾਂ ਦਾ ਦੁਨੀਆ ਅੱਜ ਸਾਹਮਣਾ ਕਰ ਰਹੀ ਹੈ। ਭਾਰਤੀ ਲੋਕ ਪ੍ਰਸਾਰਕ, ਪ੍ਰਸਾਰ ਭਾਰਤੀ ‘ਮਨ ਕੀ ਬਾਤ’ ਦਾ ਅਨੁਵਾਦ ਅਤੇ ਪ੍ਰਸਾਰਨ 52 ਭਾਸ਼ਾਵਾਂ/ਬੋਲੀਆਂ ਵਿਚ ਕਰਦਾ ਹੈ, ਜਿਸ ਵਿਚ 11 ਵਿਦੇਸ਼ੀ ਭਾਸ਼ਾਵਾਂ ਸ਼ਾਮਲ ਹਨ ਤਾਂ ਜੋ ਦੇਸ਼ ਦੇ ਸਭ ਤੋਂ ਦੂਰ-ਦੁਰਾਡੇ ਦੇ ਖੇਤਰਾਂ ਤੋਂ ਲੈ ਕੇ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਤੱਕ ਇਸ ਦੀ ਪਹੁੰਚ ਯਕੀਨੀ ਬਣ ਸਕੇ। ‘ਮਨ ਕੀ ਬਾਤ’ ਭਾਰਤ ਦਾ ਪਹਿਲਾ ਵਰਚੁਅਲ ਤੌਰ ’ਤੇ ਖੁਸ਼ਹਾਲ ਰੇਡੀਓ ਪ੍ਰੋਗਰਾਮ ਹੈ, ਜਿਸ ਨੂੰ ਟੀ. ਵੀ. ਚੈਨਲਾਂ ਵਲੋਂ ਇਕੱਠੇ ਪ੍ਰਸਾਰਿਤ ਕੀਤਾ ਜਾਂਦਾ ਹੈ।

ਦੂਰਦਰਸ਼ਨ ਨੈੱਟਵਰਕ ਦੇ 34 ਚੈਨਲ ਅਤੇ 100 ਤੋਂ ਵੱਧ ਨਿੱਜੀ ਸੈਟੇਲਾਈਟ ਟੀ. ਵੀ. ਚੈਨਲ ਇਸ ਆਧੁਨਿਕ ਪ੍ਰੋਗਰਾਮ ਨੂੰ ਦੇਸ਼ ਭਰ ਵਿਚ ਪ੍ਰਸਾਰਿਤ ਕਰਦੇ ਹਨ, ਜੋ ਸੰਚਾਰ ਦੇ ਇਸ ਰਵਾਇਤੀ ਮਾਧਿਅਮ ਪ੍ਰਤੀ ਇਕ ਨਵੀਂ ਰੁਚੀ ਅਤੇ ਜਾਗਰੂਕਤਾ ਪੈਦਾ ਕਰਦੇ ਹਨ। ਇੰਨੇ ਵਿਆਪਕ ਪ੍ਰਭਾਵ ਦੇ ਨਾਲ ‘ਮਨ ਕੀ ਬਾਤ’ ਨੂੰ ਇਕ ਸਮਾਜਿਕ ਕ੍ਰਾਂਤੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ (ਜੋ ਸਹੀ ਵੀ ਹੈ)। ਇਸ ਪ੍ਰੋਗਰਾਮ ਨੂੰ ਲੋਕ-ਭਾਈਵਾਲੀ ਨਾਲ ਠੋਸ ਆਧਾਰ ਪ੍ਰਾਪਤ ਹੁੰਦਾ ਹੈ। ‘ਮਨ ਕੀ ਬਾਤ’ ਦਾ ਮੁੱਖ ਉਦੇਸ਼ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਨਾਗਰਿਕਾਂ ਵਿਚਕਾਰ ਸਿੱਧਾ ਸੰਪਰਕ ਬਣਾਉਣਾ ਹੈ। ਹਰ ਮਹੀਨੇ ਪ੍ਰਧਾਨ ਮੰਤਰੀ ਨੂੰ ਦੇਸ਼ ਭਰ ਤੋਂ ਲੱਖਾਂ ਚਿੱਠੀਆਂ ਮਿਲਦੀਆਂ ਹਨ, ਜਿਨ੍ਹਾਂ ’ਤੇ ਉਹ ਪ੍ਰੋਗਰਾਮ ਦੌਰਾਨ ਚਾਨਣਾ ਪਾਉਂਦੇ ਹਨ। ਸ਼ੋਅ ਦੌਰਾਨ ਮਾਣਯੋਗ ਪ੍ਰਧਾਨ ਮੰਤਰੀ ਦਾ ਲੋਕਾਂ ਨਾਲ ਟੈਲੀਫੋਨ ’ਤੇ ਗੱਲਬਾਤ ਕਰਨਾ ਵੀ ਕੋਈ ਅਸਾਧਾਰਨ ਗੱਲ ਨਹੀਂ ਹੈ। ਚੁਣੇ ਹੋਏ ਨੇਤਾ ਅਤੇ ਜਨਤਾ ਵਿਚਕਾਰ ਸੰਚਾਰ ਦਾ ਅਜਿਹਾ ਤਰੀਕਾ ਲੋਕਤੰਤਰ ਅਤੇ ਸ਼ਾਸਨ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਬਹੁਤ ਮਜ਼ਬੂਤ ਕਰਦਾ ਹੈ।

8 ਸਾਲਾਂ ਵਿਚ ਆਪਣੇ 99 ਐਪੀਸੋਡਾਂ ਦੇ ਸਫਲ ਬਣਾਉਣ ਦੇ ਕ੍ਰਮ ’ਚ, ‘ਮਨ ਕੀ ਬਾਤ’ ਨੇ ਨਾ ਸਿਰਫ਼ ਮਹੱਤਵਪੂਰਨ ਮੁੱਦਿਆਂ ਬਾਰੇ ਜਨਤਾ ਵਿਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਗੋਂ ਉਨ੍ਹਾਂ ਨੂੰ ਸਮਾਜਿਕ ਅਤੇ ਰਾਸ਼ਟਰੀ ਹਿੱਤਾਂ ’ਤੇ ਕਾਰਵਾਈ ਕਰਨ ਲਈ ਪ੍ਰੇਰਿਤ ਕੀਤਾ ਹੈ। ਆਪਣੀ ਸ਼ੁਰੂਆਤ ਤੋਂ ਲੈ ਕੇ ‘ਮਨ ਕੀ ਬਾਤ’ ਪੂਰੇ ਦੇਸ਼ ’ਚ ਭਾਈਚਾਰਿਆਂ ਨੂੰ ਸ਼ਾਮਲ ਕਰਨ ਵਾਲੇ ਸਮਾਜਿਕ ਅੰਦੋਲਨਾਂ ਨੂੰ ਪ੍ਰੇਰਿਤ ਕਰਨ ਵਾਲੇ ਜਨ ਅੰਦੋਲਨ ਦੇ ਇਕ ਪ੍ਰਭਾਵਸ਼ਾਲੀ ਸਾਧਨ ਵਜੋਂ ਉੱਭਰਿਆ ਹੈ। ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ ਸਮਾਜਿਕ ਸੰਦੇਸ਼ ਕੁਝ ਘੰਟਿਆਂ ਵਿਚ ਇਕ ਸੋਸ਼ਲ ਮੀਡੀਆ ਰੁਝਾਨ ਅਤੇ ਕੁਝ ਹਫ਼ਤਿਆਂ ਵਿਚ ਇਕ ਜਨ ਅੰਦੋਲਨ ਬਣ ਜਾਂਦੇ ਹਨ। ਸਵੱਛ ਭਾਰਤ ਅਭਿਆਨ, ਬੇਟੀ ਬਚਾਓ ਬੇਟੀ ਪੜ੍ਹਾਓ, ਕੋਵਿਡ ਟੀਕਾਕਰਨ ਅਤੇ ਹਰ ਘਰ ਤਿਰੰਗਾ ਇਸ ਦੀਆਂ ਕੁਝ ਸ਼ਾਨਦਾਰ ਉਦਾਹਰਣਾਂ ਹਨ। ਹਾਲ ਹੀ ਵਿਚ ‘ਮਨ ਕੀ ਬਾਤ’ ਦੇ 88ਵੇਂ ਐਪੀਸੋਡ ਵਿਚ ਪ੍ਰਧਾਨ ਮੰਤਰੀ ਨੇ ਪਾਣੀ ਦੀ ਸੰਭਾਲ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਨਾਗਰਿਕਾਂ ਨੂੰ ਆਪਣੇ ਇਲਾਕੇ ਵਿਚ ਅੰਮ੍ਰਿਤ ਸਰੋਵਰ ਬਣਾਉਣ ਦੀ ਅਪੀਲ ਕੀਤੀ। ‘ਮਨ ਕੀ ਬਾਤ’ ਪ੍ਰੋਗਰਾਮ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਨੇ ਸਫਲਤਾਪੂਰਵਕ ਲੋਕ ਭਲਾਈ ਯੋਜਨਾਵਾਂ ਅਤੇ ਨੀਤੀਆਂ ਨੂੰ ਹਰ ਪੱਧਰ ’ਤੇ ਲੋਕਾਂ ਤੱਕ ਪਹੁੰਚਾਉਣ ਅਤੇ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਨੈੱਟਵਰਕ ਸਥਾਪਿਤ ਕੀਤਾ ਹੈ। ਇੰਨਾ ਹੀ ਨਹੀਂ, ਇਸ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਇਹ ਵੀ ਦੱਸਦੇ ਹਨ ਕਿ ਕਿਵੇਂ ਯੋਜਨਾਵਾਂ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਲਾਭਵੰਦ ਕਰਦੀਆਂ ਹਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਲਾਭਪਾਤਰੀ ਬਣਨ ਲਈ ਪ੍ਰੇਰਿਤ ਕਰਦੀਆਂ ਹਨ।

ਅਨੁਰਾਗ ਸਿੰਘ ਠਾਕੁਰ
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ


author

Anuradha

Content Editor

Related News