ਉੱਚੀਆਂ ਵਿਆਜ ਦਰਾਂ ਹਾਸਲ ਕਰਨ ਲਈ ਚੀਨੀਆਂ ਨੇ ਅਪਣਾਇਆ ਨਵਾਂ ਤਰੀਕਾ

06/23/2023 6:22:42 PM

ਚੀਨ ਦੇ 6 ਬੈਂਕਾਂ ਨੇ ਆਪਣੀਆਂ ਵਿਆਜ ਦਰਾਂ ’ਚ ਕਟੌਤੀ ਕੀਤੀ ਹੈ ਕਿਉਂਕਿ ਉਸ ਦੀ ਅਰਥਵਿਵਸਥਾ ਬਦਹਾਲੀ ਦੇ ਕੰਢੇ ’ਤੇ ਹੈ। 8 ਜੂਨ ਨੂੰ ਚੀਨ ਦੇ ਚਾਈਨਾ ਕੰਸਟਰੱਕਸ਼ਨ ਬੈਂਕ, ਆਈ. ਸੀ. ਬੀ. ਸੀ., ਐਗਰੀਕਲਚਰਲ ਬੈਂਕ ਆਫ ਚਾਈਨਾ, ਪੋਸਟਲ ਸੇਵਿੰਗਸ ਬੈਂਕ ਆਫ ਚਾਈਨਾ, ਬੈਂਕ ਆਫ ਕਮਿਊਨੀਕੇਸ਼ਨਜ਼ ਅਤੇ ਬੈਂਕ ਆਫ ਚਾਈਨਾ ਨੇ ਇਕੱਠੇ ਆਪਣੀਆਂ ਵਿਆਜ ਦਰਾਂ ਨੂੰ ਘਟਾਉਣ ਦਾ ਫੈਸਲਾ ਲਿਆ।

ਇਨ੍ਹਾਂ ਬੈਂਕਾਂ ਨੇ ਘੱਟ ਮਿਆਦ, ਦਰਮਿਆਨੀ ਮਿਆਦ ਅਤੇ ਲੰਬੀ ਮਿਆਦ ਦੇ ਬੈਂਕਾਂ ਲਈ ਆਪਣੀਆਂ ਵਿਆਜ ਦਰਾਂ ਨੂੰ ਘਟਾਇਆ ਹੈ। ਇਨ੍ਹਾਂ ਬੈਂਕਾਂ ਨੇ 2 ਸਾਲ ਦੀ ਮਿਆਦ ਲਈ ਜਮ੍ਹਾ ਕਰਵਾਈ ਗਈ ਧਨ ਰਾਸ਼ੀ ’ਤੇ 10 ਬੇਸਿਸ ਅੰਕਾਂ ਦੀ ਗਿਰਾਵਟ ਦੇ ਨਾਲ ਵਿਆਜ ਦਰ ਨੂੰ 2.05 ਫੀਸਦੀ ਕੀਤਾ ਹੈ। ਉੱਥੇ ਹੀ 3 ਅਤੇ 5 ਸਾਲ ਦੀ ਜਮ੍ਹਾ ਰਾਸ਼ੀ ਲਈ 15 ਬੇਸਿਸ ਪੁਆਇੰਟ ਨੂੰ ਘਟਾ ਕੇ ਵਿਆਜ ਦਰਾਂ ਨੂੰ 2.45 ਫੀਸਦੀ ’ਤੇ ਰੱਖਿਆ ਗਿਆ ਹੈ। ਲੰਬੀ ਮਿਆਦ ਦੀ ਜਮ੍ਹਾ ਰਾਸ਼ੀ ’ਤੇ ਆਈ. ਸੀ. ਬੀ. ਸੀ. ਅਤੇ ਐਗਰੀਕਲਚਰਲ ਬੈਂਕ ਆਫ ਚਾਈਨਾ ਵੱਲੋਂ ਆਪਣੀਆਂ ਵਿਆਜ ਦਰਾਂ ਘਟਾਉਣ ਤੋਂ ਬਾਅਦ ਇਨ੍ਹਾਂ ਬੈਂਕਾਂ ਨੇ ਮੌਜੂਦਾ ਜਮ੍ਹਾ ਧਨ ਰਾਸ਼ੀ ’ਤੇ ਵੀ 0.25 ਫੀਸਦੀ ਅਤੇ 0.2 ਫੀਸਦੀ ਵਿਆਜ ਦਰਾਂ ਘਟਾਈਆਂ ਹਨ।

10 ਜੂਨ ਨੂੰ ਇਕਨਾਮਿਕ ਆਬਜ਼ਰਵਰ ਦੀ ਰਿਪੋਰਟ ਮੁਤਾਬਕ ਚੀਨ ’ਚ ਬੈਂਕਾਂ ਵਲੋਂ ਆਪਣੀਆਂ ਵਿਆਜ ਦਰਾਂ ਨੂੰ ਘਟਾਉਣ ਦੇ ਬਾਵਜੂਦ ਚੀਨੀ ਆਮ ਜਨਤਾ ਆਪਣੇ ਪੈਸਿਆਂ ਨੂੰ ਬੈਂਕਾਂ ’ਚ ਜਮ੍ਹਾ ਕਰਵਾਉਣ ’ਚ ਜ਼ਿਆਦਾ ਦਿਲਚਸਪੀ ਦਿਖਾ ਰਹੀ ਹੈ। ਇਹ ਲੋਕ ਬੈਂਕਾਂ ਤੋਂ ਜ਼ਿਆਦਾ ਵਿਆਜ ਦਰਾਂ ਲੈਣ ਲਈ ‘ਕਰਾਸ ਸਿਟੀ ਡਿਪਾਜ਼ਿਟ’ ਵਰਗੀ ਤਕਨੀਕ ਦਾ ਸਹਾਰਾ ਲੈ ਰਹੇ ਹਨ ਜਿਸ ਨਾਲ ਮੁਸ਼ਕਲ ਦੀ ਇਸ ਘੜੀ ’ਚ ਵੀ ਇਹ ਲੋਕ ਬੈਂਕਾਂ ਤੋਂ ਜ਼ਿਆਦਾ ਵਿਆਜ ਦਰਾਂ ਲੈ ਸਕਣ ਅਤੇ ਆਪਣੀ ਜਮ੍ਹਾ ਰਾਸ਼ੀ ਨੂੰ ਸੁਰੱਖਿਅਤ ਰੱਖ ਸਕਣ।

ਇਕ ਤਾਜ਼ਾ ਆਰਥਿਕ ਰਿਪੋਰਟ ਮੁਤਾਬਕ ਇਸ ਸਮੇਂ ਚੀਨ ’ਚ ਸਾਲ 1995 ਅਤੇ ਇਸ ਤੋਂ ਬਾਅਦ ਪੈਦਾ ਹੋਏ ਲੋਕ ਦੂਰ-ਦੁਰੇਡੇ ਦੇ ਸ਼ਹਿਰਾਂ ਤੋਂ ਸ਼ੰਘਾਈ ਆ ਕੇ ਇੱਥੇ ਆਪਣੇ ਪੈਸਿਆਂ ਨੂੰ ਬੈਂਕਾਂ ’ਚ ਜਮ੍ਹਾ ਕਰਵਾ ਰਹੇ ਹਨ। ਇਸ ਦੇ ਲਈ ਕਈ ਲੋਕ ਸਵੇਰੇ 5 ਵਜੇ ਤੋਂ ਪਹਿਲਾਂ ਉੱਠ ਕੇ ਆਪਣੇ ਸ਼ਹਿਰ ਤੋਂ ਚੱਲਣ ਵਾਲੀ ਪਹਿਲੀ ਬੁਲੇਟ ਟ੍ਰੇਨ ਲੈ ਕੇ ਸ਼ੰਘਾਈ ਪਹੁੰਚ ਰਹੇ ਹਨ। ਦਰਅਸਲ ਸ਼ੰਘਾਈ ਦੇ ਬੈਂਕ ਜਮ੍ਹਾ ਧਨ ਰਾਸ਼ੀ ’ਤੇ ਜ਼ਿਆਦਾ ਵਿਆਜ ਦਰਾਂ ਦੇ ਰਹੇ ਹਨ। ਇਸ ਲਈ ਸ਼ੰਘਾਈ ਤੋਂ ਲਗਭਗ 400-500 ਕਿਲੋਮੀਟਰ ਦੂਰ ਰਹਿਣ ਵਾਲੇ ਲੋਕ ਵੀ ਆਪਣੇ ਪੈਸਿਆਂ ਨੂੰ ਇੱਥੇ ਹੀ ਜਮ੍ਹਾ ਕਰਵਾ ਰਹੇ ਹਨ।

ਇਸ ਤੋਂ ਇਲਾਵਾ ਵੀ ਚੀਨੀ ਆਮ ਜਨਤਾ ਉਨ੍ਹਾਂ ਸ਼ਹਿਰਾਂ ਦਾ ਰੁਖ ਕਰ ਰਹੀ ਹੈ ਜਿੱਥੋਂ ਦੇ ਬੈਂਕ ਜ਼ਿਆਦਾ ਵਿਆਜ ਦਰਾਂ ਦੇ ਰਹੇ ਹਨ। ਇਨ੍ਹੀਂ ਦਿਨੀਂ ਸ਼ੰਘਾਈ ਅਤੇ ਦੂਜੇ ਸ਼ਹਿਰਾਂ ਦੇ ਬੈਂਕ ਹਾਲ ਸਵੇਰੇ ਬੈਂਕਾਂ ਦੇ ਖੁੱਲ੍ਹਣ ਤੋਂ ਪਹਿਲਾਂ ਹੀ ਲੋਕਾਂ ਦੀ ਚਹਿਲ-ਪਹਿਲ ਨਾਲ ਗੁਲਜ਼ਾਰ ਹਨ। ਇਹ ਸਾਰੇ ਲੋਕ ਆਪਣੀ ਜਮ੍ਹਾ ਧਨ ਰਾਸ਼ੀ ਨੂੰ ਬੈਂਕਾਂ ’ਚ ਸੁਰੱਖਿਆ ਜਮ੍ਹਾ ਕਰਵਾਉਣ ਲਿਆਏ ਹਨ ਕਿਉਂਕਿ ਇਨ੍ਹਾਂ ਦੇ ਸ਼ਹਿਰਾਂ ’ਚ ਬੈਂਕਾਂ ਨੇ ਆਪਣੀਆਂ ਵਿਆਜ ਦਰਾਂ ਨੂੰ ਡਿਗਾ ਿਦੱਤਾ ਹੈ। ਅਕਸਰ ਬੈਂਕ ਆਪਣੀਆਂ ਵਿਆਜ ਦਰਾਂ ਨੂੰ ਉਦੋਂ ਡਿਗਾਉਂਦੇ ਹਨ ਜਦੋਂ ਉਨ੍ਹਾਂ ਦੀ ਆਰਥਿਕ ਹਾਲਤ ਖਸਤਾ ਹੁੰਦੀ ਹੈ ਅਤੇ ਉਹ ਦੇਸ਼ ’ਚ ਜ਼ਿਆਦਾ ਮੁਦਰਾਸਫੀਤੀ ਨੂੰ ਨਹੀਂ ਵਧਾਉਣਾ ਚਾਹੁੰਦੇ ਪਰ ਇਸ ਦਾ ਅਸਰ ਪਹਿਲਾਂ ਤੋਂ ਸੁਸਤ ਅਰਥਵਿਵਸਥਾ ’ਤੇ ਪੈਂਦਾ ਹੈ ਜੋ ਘੱਟ ਵਿਆਜ ਦਰਾਂ ਤੋਂ ਬਾਅਦ ਹੋਰ ਸੁਸਤ ਹੋ ਜਾਂਦੀ ਹੈ।

ਪਿਛਲੇ 3 ਸਾਲਾਂ ਦੇ ਲਗਾਤਾਰ ਲੰਬੇ ਅਤੇ ਸਖਤ ਲਾਕਡਾਊਨ ਕਾਰਨ ਚੀਨੀਆਂ ਦੀ ਇਕ ਵੱਡੀ ਜਮਾਤ ਅੰਦਰ ਵੱਡਾ ਬਦਲਾਅ ਆਇਆ ਹੈ। ਇਸ ਦੌਰਾਨ ਲੱਖਾਂ ਚੀਨੀਆਂ ਦੀਆਂ ਨੌਕਰੀਆਂ ਚਲੀਆਂ ਗਈਆਂ। ਨੌਕਰੀਆਂ ਚਲੀਆਂ ਜਾਣ ਅਤੇ ਦੂਜਾ ਰੋਜ਼ਗਾਰ ਨਾ ਮਿਲਣ ਤੋਂ ਬਾਅਦ ਬਹੁਤ ਸਾਰੇ ਚੀਨੀਆਂ ਦੀ ਬਚੀ-ਖੁਚੀ ਬੱਚਤ ਵੀ ਰਹਿਣ ਅਤੇ ਖਾਣੇ ਦੇ ਖਰਚ ’ਚ ਚਲੀ ਗਈ। ਇਸ ਕਾਰਨ ਚੀਨੀ ਲੋਕਾਂ ਨੇ ਆਪਣੇ ਫਾਲਤੂ ਦੇ ਖਰਚਿਆਂ ’ਚ ਜ਼ਬਰਦਸਤ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ। ਉਹ ਹੁਣ ਆਪਣਾ ਪੈਸਾ ਬਚਾਉਣ ਦੀ ਜੁਗਤ ’ਚ ਲੱਗੇ ਰਹਿੰਦੇ ਹਨ। ਇਨ੍ਹੀਂ ਦਿਨੀਂ ਉਨ੍ਹਾਂ ਦਾ ਸਭ ਤੋਂ ਵੱਡਾ ਖਰਚ ਖਾਣੇ ’ਤੇ ਹੁੰਦਾ ਹੈ, ਕੱਪੜੇ, ਜੁੱਤੀਆਂ, ਜੀਵਨ ਜਿਊਣ ਦੀਆਂ ਦੂਜੀਆਂ ਜ਼ਰੂਰੀ ਚੀਜ਼ਾਂ ’ਤੇ ਉਹ ਨਾਂਹ ਦੇ ਬਰਾਬਰ ਖਰਚ ਕਰ ਰਹੇ ਹਨ।

ਲਾਕਡਾਊਨ ਦੌਰਾਨ ਚੀਨੀਆਂ ਨੂੰ ਬਹੁਤ ਵੱਡਾ ਸਬਕ ਮਿਲਿਆ ਹੈ। ਚੀਨੀਆਂ ਦੀ ਜੀਵਨ-ਸ਼ੈਲੀ ਅਤੇ ਖਰਚ-ਬੱਚਤ ’ਚ ਆਈਆਂ ਤਬਦੀਲੀਆਂ ਕਾਰਨ ਬੈਂਕਾਂ ਨੇ ਵੀ ਆਪਣੀ ਰਣਨੀਤੀ ’ਚ ਬਦਲਾਅ ਕੀਤਾ ਹੈ। ਇਸ ਦੇ ਤਹਿਤ ਉਹ ਉਨ੍ਹਾਂ ਚੀਨੀਆਂ ਨੂੰ ਇਸ ਗੱਲ ਲਈ ਉਤਸ਼ਾਹਿਤ ਕਰ ਰਹੇ ਹਨ ਜੋ ਇਨ੍ਹੀਂ ਦਿਨੀਂ ਨੌਕਰੀ ਕਰਦੇ ਹੋਏ ਛੋਟੀ ਬੱਚਤ ਕਰਨ ’ਚ ਦਿਲਚਸਪੀ ਦਿਖਾ ਰਹੇ ਹਨ। ਹਰ ਮਹੀਨੇ ਆਪਣੀ ਤਨਖਾਹ ’ਚੋਂ ਇਕ ਛੋਟੀ ਰਕਮ ਦੇ ਹਿੱਸੇ ਨੂੰ ਫਿਕਸਡ ਡਿਪਾਜ਼ਿਟ ’ਚ ਜਮ੍ਹਾ ਕਰਨ ਅਤੇ ਅਜਿਹਾ ਲਗਾਤਾਰ 12 ਮਹੀਨਿਆਂ ਤੱਕ ਕਰਨ, ਇਸ ਤੋਂ ਬਾਅਦ ਉਨ੍ਹਾਂ ਨੂੰ ਹਰ ਮਹੀਨੇ ਇਸ ਧਨ ਰਾਸ਼ੀ ਦੀ ਰਿਟਰਨ ਮਿਲਣ ਲੱਗੇਗੀ ਅਤੇ ਲਗਾਤਾਰ 3 ਸਾਲਾਂ ਤੱਕ ਇਸ ਤਰ੍ਹਾਂ ਦੀ ਬੱਚਤ ’ਤੇ ਚੀਨ ਦੇ ਕੁਝ ਬੈਂਕ 3 ਫੀਸਦੀ ਦੀ ਵਿਆਜ ਰਾਸ਼ੀ ਦੇ ਰਹੇ ਹਨ ਤਾਂ ਕੁਝ ਬੈਂਕਾਂ ਨੇ ਇਸ ਧਨ ਰਾਸ਼ੀ ’ਤੇ 3.55 ਫੀਸਦੀ ਦੀ ਿਵਆਜ ਰਾਸ਼ੀ ਦੇਣੀ ਤੈਅ ਕੀਤੀ ਹੈ।

ਮੌਜੂਦਾ ਹਾਲਾਤ ਤਹਿਤ ਪੈਸਿਆਂ ਦੀ ਬੱਚਤ ਕਰਨਾ ਢੇਰ ਸਾਰੇ ਚੀਨੀ ਲੋਕਾਂ ਦੀ ਲੋੜ ਬਣ ਗਿਆ ਹੈ। ਹਾਲਾਂਕਿ ਅਜਿਹੇ ’ਚ ਉਹ ਆਪਣਾ ਖਰਚ ਚਲਾਉਣ ਲਈ ਬਹੁਤ ਮੁਸ਼ਕਲ ਦੌਰ ’ਚੋਂ ਲੰਘ ਰਹੇ ਹਨ। ਚੀਨੀਆਂ ਦੀ ਇਸ ਤਰਸਯੋਗ ਹਾਲਤ ਦਾ ਸਿਹਰਾ ਕਮਿਊਨਿਸਟ ਪਾਰਟੀ ਦੇ ਸਿਰ ਬੱਝਦਾ ਹੈ ਜਿਸ ਨੇ ਬਿਨਾਂ ਦਿਮਾਗ ਲਗਾਏ ਅਜਿਹੀਆਂ ਸਖਤ ਨੀਤੀਆਂ ਬਣਾਈਆਂ ਜਿਨ੍ਹਾਂ ਨਾਲ ਚੀਨੀਆਂ ਨੂੰ ਦੋਪਾਸੜ ਆਰਥਿਕ ਨੁਕਸਾਨ ਝੱਲਣਾ ਪਿਆ।

ਪਹਿਲਾ-ਲਾਕਡਾਊਨ ਕਾਰਨ ਉਨ੍ਹਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਦੂਜਾ ਉਨ੍ਹਾਂ ਦੀ ਹੁਣ ਤੱਕ ਦੀ ਸਾਰੀ ਬੱਚਤ ਦੋ ਸਮੇਂ ਦੀ ਰੋਟੀ ਇਕੱਠੀ ਕਰਨ ’ਚ ਚਲੀ ਗਈ। ਚਾਈਨੀਜ਼ ਇਕਨਾਮਿਕ ਰਿਸਰਚ ਇੰਸਟੀਚਿਊਟ ਦਾ ਕਹਿਣਾ ਹੈ ਕਿ ਇਸ ਸਮੇਂ ਚੀਨੀ ਲੋਕਾਂ ਦਾ ਨਾ ਤਾਂ ਬਾਜ਼ਾਰ ’ਤੇ ਭਰੋਸਾ ਜੰਮ ਸਕਿਆ ਹੈ ਅਤੇ ਨਾ ਹੀ ਆਪਣੀ ਕਮਿਊਨਿਸਟ ਸਰਕਾਰ ’ਤੇ।

ਇਕ ਸਮੇਂ ਚੀਨ ਦੀ ਉਦਯੋਗਿਕ ਵਿਕਾਸ ਰਫਤਾਰ ਉਸ ਦੀ ਤੇਜ਼ ਆਰਥਿਕ ਤਰੱਕੀ ਦਾ ਸੂਚਕ ਸੀ ਜੋ ਇਸ ਸਮੇਂ ਖੁਦ ਦੀ ਹੋਂਦ ਨੂੰ ਬਚਾਈ ਰੱਖਣ ਲਈ ਸੰਘਰਸ਼ ਕਰ ਰਹੀ ਹੈ। ਘੱਟ ਉਦਯੋਗ ਧੰਦਿਆਂ ਦਾ ਮਤਲਬ ਹੈ ਘੱਟ ਰੋਜ਼ਗਾਰ ਅਤੇ ਘੱਟ ਨਿਵੇਸ਼, ਇਸ ਲਈ ਬੈਂਕਾਂ ਵੱਲੋਂ ਮਹਿੰਗਾਈ ਨੂੰ ਕਾਬੂ ’ਚ ਕਰਨ ਲਈ ਘਟਾਈਆਂ ਗਈਆਂ ਿਵਆਜ ਦਰਾਂ ਦਾ ਚੀਨ ਦੀ ਡਿੱਗਦੀ ਅਰਥਵਿਵਸਥਾ ’ਤੇ ਕੋਈ ਅਸਰ ਨਹੀਂ ਪੈਣ ਵਾਲਾ।


Manoj

Content Editor

Related News