‘ਬਾਏ-ਬਾਏ ਪੱਪੂ ਅਤੇ ਹੈਲੋ ਰਾਹੁਲ ਗਾਂਧੀ’

12/16/2018 6:51:21 AM

ਪਰਟੀ ਬਹੁਤ ਰੋਮਾਂਚਿਤ ਸੀ, ਜਿਸ ਨੇ ਬੁੱਧਵਾਰ ਸਵੇਰੇ ਮੈਨੂੰ ਫੋਨ ਕਰ ਦਿੱਤਾ ਅਤੇ ਲੰਮਾ ਸਾਹ ਲੈਂਦਿਆਂ ਮੇਰੇ ਨਾਲ ਗੱਲ ਕੀਤੀ, ‘‘ਹੁਣ ਤੁਸੀਂ ਉਸ ਨੂੰ ‘ਪੱਪੂ’ ਨਹੀਂ ਕਹਿ ਸਕਦੇ। ਇਨ੍ਹਾਂ ਚੋਣਾਂ ਨਾਲ ਉਸ ਨੇ ਆਪਣੇ ਸਿਆਸੀ ਪੈਰ ਜਮਾ ਲਏ ਹਨ ਅਤੇ ਉਨ੍ਹਾਂ ’ਤੇ ਖੜ੍ਹਾ ਹੋ ਗਿਆ ਹੈ।’’
ਮੈਂ ਸ਼ਾਇਦ ਹੀ ਕਦੇ ਪਾਰਟੀ ਨੂੰ ਕਿਸੇ ਸਿਆਸੀ ਮੁੱਦੇ ਬਾਰੇ ਇੰਨੀ ਜ਼ੋਰਦਾਰ ਆਵਾਜ਼ ਉਠਾਉਂਦੇ ਦੇਖਿਆ ਸੀ ਕਿਉਂਕਿ ਆਮ ਤੌਰ ’ਤੇ ਉਸ ਦੀ ਅਜਿਹੇ ਮਾਮਲਿਆਂ ’ਚ ਦਿਲਚਸਪੀ ਨਹੀਂ ਹੁੰਦੀ। ਫਿਰ ਵੀ ਉਸ ਦੀ ਗੱਲ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ। 
ਕੀ ਉਹ ਸਹੀ ਸੀ? ਤਿੰਨ ਹਿੰਦੀ-ਭਾਸ਼ੀ ਸੂਬਿਆਂ ਦੇ ਚੋਣ ਨਤੀਜਿਆਂ ਤੋਂ ਬਾਅਦ ਕੀ ਰਾਹੁਲ ਗਾਂਧੀ ਦੇ ਅਕਸ ’ਚ ਤਬਦੀਲੀ ਆਈ ਹੈ? ਕੀ ਇਨ੍ਹਾਂ ਚੋਣਾਂ ’ਚ ਜਿੱਤ ਨਾਲ ਉਸ ਨੇ ਆਪਣੀ ਸਿਆਸੀ ਭਰੋਸੇਯੋਗਤਾ ਬਣਾ ਲਈ ਹੈ? ਮੇਰਾ ਛੋਟਾ ਜਿਹਾ ਜਵਾਬ ‘ਹਾਂ’ ਹੋਵੇਗਾ ਪਰ ਮੈਂ ਇਸ ਨੂੰ ਵਿਸਥਾਰ ਨਾਲ ਦੱਸਣਾ ਚਾਹਾਂਗਾ :
ਸਿਹਰਾ ਰਾਹੁਲ ਗਾਂਧੀ ਨੂੰ 
ਹਾਲਾਂਕਿ ਮਿਜ਼ੋਰਮ ’ਚ ਕਾਂਗਰਸ ਦੀ ਕਰਾਰੀ ਹਾਰ ਹੋਈ ਤੇ ਤੇਲੰਗਾਨਾ ’ਚ ਵੀ ਉਸ ਨੂੰ ਸ਼ਰਮਿੰਦਾ ਹੋਣਾ ਪਿਆ, ਫਿਰ ਵੀ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ ਪਾਰਟੀ ਦੇ ਮੁੜ ਸੁਰਜੀਤ ਹੋਣ ਦਾ ਬਹੁਤਾ ਸਿਹਰਾ ਰਾਹੁਲ ਗਾਂਧੀ ਨੂੰ ਹੀ ਜਾਂਦਾ ਹੈ। ਯਕੀਨੀ ਤੌਰ ’ਤੇ ਉਨ੍ਹਾਂ ਨੂੰ ਇਹ ਸਿਹਰਾ ਮੱਧ ਪ੍ਰਦੇਸ਼ ’ਚ ਕਮਲਨਾਥ ਤੇ ਜਯੋਤਿਰਾਦਿੱਤਿਆ ਸਿੰਧੀਆ ਜਾਂ ਰਾਜਸਥਾਨ ’ਚ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਜਾਂ ਛੱਤੀਸਗੜ੍ਹ ’ਚ ਭੂਪੇਸ਼ ਬਘੇਲ ਅਤੇ ਟੀ. ਐੱਸ. ਸਿੰਹਦੇਵ ਨਾਲ ਸਾਂਝਾ ਕਰਨਾ ਪਵੇਗਾ ਪਰ ਤੁਸੀਂ ਰਾਹੁਲ ਦੀ ਕੇਂਦਰੀ ਭੂਮਿਕਾ ਦੀ ਮਹੱਤਤਾ ਤੋਂ ਇਨਕਾਰ ਨਹੀਂ ਕਰ ਸਕਦੇ। 
ਜੇ ਕਾਂਗਰਸ ਹਾਰ ਜਾਂਦੀ ਤਾਂ ਉਸ ਦਾ ਦੋਸ਼ ਵੀ ਰਾਹੁਲ ’ਤੇ ਹੀ ਮੜ੍ਹਿਆ ਜਾਣਾ ਸੀ। ਇਸ ਲਈ ਹੁਣ ਜਿੱਤ ਦਾ ਸਿਹਰਾ ਵੀ ਉਨ੍ਹਾਂ ਨੂੰ ਹੀ ਜਾਣਾ ਚਾਹੀਦਾ ਹੈ। ਰਾਹੁਲ ਗਾਂਧੀ ਦੀ ਪ੍ਰਚਾਰ ਮੁਹਿੰਮ ’ਚ 3 ਗੱਲਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ’ਚੋਂ ਪਹਿਲੀ ਹੈ ਉਨ੍ਹਾਂ ਦੀ ਲਗਨ। 
ਅਕਤੂਬਰ ਤੋਂ ਲੈ ਕੇ ਉਨ੍ਹਾਂ ਨੇ ਇਨ੍ਹਾਂ ਪੰਜਾਂ ਸੂਬਿਆਂ ’ਚ 82 ਰੈਲੀਆਂ ਨੂੰ ਸੰਬੋਧਨ ਕੀਤਾ, ਜਦਕਿ ਇਸ ਦੇ ਮੁਕਾਬਲੇ ਨਰਿੰਦਰ ਮੋਦੀ ਨੇ 31 ਰੈਲੀਆਂ  ਨੂੰ ਸੰਬੋਧਨ ਕੀਤਾ। ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ’ਚ ਰੋਡ ਸ਼ੋਅ ਕੀਤੇ ਤਾਂ ਮਿਜ਼ੋਰਮ ’ਚ ਜਨ-ਸਭਾਵਾਂ ਵੀ ਕੀਤੀਆਂ। ਇਸ ਨਾਲ ਉਨ੍ਹਾਂ ਦਾ ਅਪ੍ਰਪੱਕ ਜਾਂ ਥੋੜ੍ਹਚਿਰੇ ਸਿਆਸਤਦਾਨ ਵਾਲਾ ਅਕਸ ਮਿਟ ਗਿਆ। 
ਹਮਲਿਆਂ ’ਚ ਤਿੱਖਾਪਣ
ਰਾਹੁਲ ਗਾਂਧੀ ਦੀ ਪ੍ਰਚਾਰ ਮੁਹਿੰਮ ਦਾ ਦੂਜਾ ਬਿੰਦੂ ਪ੍ਰਧਾਨ ਮੰਤਰੀ ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਉਨ੍ਹਾਂ ਦੇ ਹਮਲੇ ਦਾ ਤਿੱਖਾਪਣ ਸੀ। ਚੌਕੀਦਾਰ ਨੂੰ ‘ਚੋਰ’ ਕਹਿਣਾ ਸਿਰਫ ਇਕ ਗੱਲ ਸੀ ਤੇ ਜੇ ਕਿਸੇ ਨੂੰ ਇਹ ਚੰਗੀ ਨਹੀਂ ਵੀ ਲੱਗੀ ਤਾਂ ਤੁਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਇਹ ਗੱਲ ਆਪਣਾ ਕੰਮ ਕਰ ਗਈ। 
ਜਿਸ ਚੀਜ਼ ਨੇ ਤਾਰਾਂ ਨੂੰ ਡੂੰਘਾਈ ਤੋਂ ਛੇੜਿਆ, ਉਹ ਸੀ ਰਾਹੁਲ ਗਾਂਧੀ ਦਾ ਨੋਟਬੰਦੀ, ਜੀ. ਐੱਸ. ਟੀ., ਬੇਰੋਜ਼ਗਾਰੀ, ਦਿਹਾਤੀ ਖੇਤਰਾਂ ’ਚ ਨਿਰਾਸ਼ਾ ਤੇ ਰਾਫੇਲ ਮੁੱਦੇ ’ਤੇ ਜ਼ੋਰ ਦੇਣਾ। ਇਨ੍ਹਾਂ ਵਿਸ਼ਿਆਂ ਨੂੰ ਤਿਆਰ ਤੇ ਪ੍ਰਤੀਕਿਰਿਆਸ਼ੀਲ ਸਰੋਤੇ ਮਿਲ ਗਏ। 
ਰਾਹੁਲ ਗਾਂਧੀ ਦੀ ਪ੍ਰਚਾਰ ਮੁਹਿੰਮ ਦਾ ਇਹ ਤੀਜਾ ਤੱਤ ਸੀ, ਜੋ ਸੁਝਾਉਂਦਾ ਹੈ ਕਿ ਉਹ ਸਮਝਦੇ ਸਨ ਕਿ ਭਾਜਪਾ ਦਾ ਵਿਰੋਧੀ ਹੋਣ ਨਾਲ ਨਤੀਜੇ ਮਿਲਣਗੇ, ਨਾ ਕਿ ਕਾਂਗਰਸ ਦੇ ਪੱਖ ’ਚ ਪ੍ਰਚਾਰ ਕਰਨ ਨਾਲ। 
ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ ਕਰਨ ਅਤੇ ਛੱਤੀਸਗੜ੍ਹ ’ਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ’ਚ ਜ਼ਿਕਰਯੋਗ ਵਾਧਾ ਕਰਨ ਦੇ ਉਨ੍ਹਾਂ ਦੇ ਵਾਅਦੇ ਨੇ ਬਿਨਾਂ ਸ਼ੱਕ ਲੱਖਾਂ ਕਿਸਾਨਾਂ ਨੂੰ ਕਾਂਗਰਸ ਦੇ ਪੱਖ ’ਚ ਵੋਟ ਪਾਉਣ ਲਈ ਪ੍ਰੇਰਿਤ ਕੀਤਾ। 
ਰਾਹੁਲ ਉਹੀ ਤਜਵੀਜ਼ ਰੱਖ ਰਹੇ ਸਨ, ਜਿਸ ਦੀ ਲੋਕ ਉਮੀਦ ਕਰਦੇ ਸਨ। ਇਹ ਕਹਿਣਾ ਸਹੀ ਹੋਵੇਗਾ ਕਿ ਉਨ੍ਹਾਂ ਨੇ ਹਾਂ-ਪੱਖੀ ਤੌਰ ’ਤੇ ਵੋਟਰਾਂ ਨੂੰ ਆਕਰਸ਼ਿਤ ਕੀਤਾ। ਇਸ ਦੀ ਬਜਾਏ ਕਿ ਉਹ ਕੀ ਚਾਹੁੰਦੇ ਹਨ, ਲੋਕਾਂ ਨੇ ਆਪਣੀ ਲੋੜ ਲਈ ਉਨ੍ਹਾਂ ਨੂੰ ਵੋਟ ਦਿੱਤੀ।
ਰਾਮ ਮੰਦਰ ਦਾ ਮੁੱਦਾ ਕੰਮ ਨਹੀਂ ਆਇਆ
ਹਾਲਾਂਕਿ ਰਾਹੁਲ ਗਾਂਧੀ  ਦੇ ਨਰਮ ਹਿੰਦੂਤਵ ਨਾਲ ਮੰਦਰਾਂ ’ਚ ਜਾਣ ਬਾਰੇ ਅਸੀਂ ਕੀ ਕਹਿ ਸਕਦੇ ਹਾਂ? ਕੀ ਇਸ ਨਾਲ ਉਨ੍ਹਾਂ ਚਿੰਤਾਵਾਂ ਦਾ ਹੱਲ ਹੋ ਗਿਆ ਕਿ ਕਾਂਗਰਸ ਮੁਸਲਿਮ ਸਮਰਥਕ ਜਾਂ ਹਿੰਦੂ ਵਿਰੋਧੀ ਹੈ? ਕੀ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੀ ਉਸ ਝਿਜਕ ਨੂੰ ਖਤਮ ਕਰ ਦਿੱਤਾ, ਜੋ ਉਹ ਕਾਂਗਰਸ ਨੂੰ ਵੋਟ ਦੇਣ ’ਚ ਮਹਿਸੂਸ ਕਰਦੇ ਸਨ? 
ਜੇ ਕੋਈ ਇਸ ਬਾਰੇ ਯਕੀਨੀ ਤੌਰ ’ਤੇ ਨਹੀਂ ਵੀ ਕਹਿ ਸਕਦਾ, ਇਨ੍ਹਾਂ ਦੌÇਰਿਆਂ ਨੇ ਕਾਂਗਰਸ ਦੀਆਂ ਸੰਭਾਵਨਾਵਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਤੇ ਨਾ ਹੀ ਅਜਿਹਾ ਨਜ਼ਰ ਆਇਆ ਕਿ ਰਾਹੁਲ ਨੇ ਘੱਟਗਿਣਤੀ ਵੋਟਰਾਂ ਨੂੰ ਪਾਰਟੀ ਤੋਂ ਦੂਰ ਕਰ ਦਿੱਤਾ ਹੈ। ਇਸ ਲਈ ਨਰਮ ਹਿੰਦੂਤਵ ਜਾਰੀ ਰਹੇਗਾ। 
ਫਿਰ ਵੀ ਇਕ ਹੋਰ ਚੀਜ਼ ਸੱਚ ਹੈ ਕਿ ਭਾਜਪਾ ਤੇ ਸੰਘ ਪਰਿਵਾਰ ਦਾ ਰਾਮ ਮੰਦਰ ਦੀ ਤੁਰੰਤ ਉਸਾਰੀ ਕਰਵਾਉਣ ’ਤੇ ਜ਼ੋਰ ਸਪੱਸ਼ਟ ਤੌਰ ’ਤੇ ਸਿਆਸੀ ਲਾਭ ਨਹੀਂ ਦੇ ਸਕਿਆ। ਇਸ ਨੇ ਹਿੰਦੀ ਪੱਟੀ ਵਾਲੇ ਵੋਟਰਾਂ ਨੂੰ ਭਾਜਪਾ ਨੂੰ ਵੋਟ ਦੇਣ ਲਈ ਪ੍ਰੇਰਿਤ ਨਹੀਂ ਕੀਤਾ। 
ਸੱਚ ਇਹ ਹੈ ਕਿ ਬਹੁਤੇ ਹਿੰਦੂ ਰਾਮ ਮੰਦਰ ਦਾ ਸਵਾਗਤ ਕਰਨਗੇ ਪਰ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ  ’ਚ ਉਨ੍ਹਾਂ ਨੇ ਇਸ ਨੂੰ ਆਪਣੇ ਦਿਮਾਗ ’ਚ ਰੱਖ ਕੇ ਵੋਟ ਨਹੀਂ ਦਿੱਤੀ, ਉਨ੍ਹਾਂ ਨੂੰ ਹੋਰ ਦੁਨਿਆਵੀ ਮੁੱਦਿਆਂ ਨੇ ਪ੍ਰੇਰਿਤ ਕੀਤਾ।
ਹਾਂ, ਪਰਟੀ ਬਿਲਕੁਲ ਸਹੀ ਹੈ ਅਤੇ ਇਹ ਕਹਿਣ ਦਾ ਸਮਾਂ ਹੈ ਕਿ ‘‘ਬਾਏ-ਬਾਏ ਪੱਪੂ ਅਤੇ ਹੈਲੋ, ਰਾਹੁਲ ਗਾਂਧੀ।’’

 


Related News