ਭਗਵਾਨ ਵਾਲਮੀਕਿ ਮੰਦਰ 'ਤੇ ਚੋਰਾਂ ਨੇ ਬੋਲਿਆ ਧਾਵਾ, ਕੀਤੀ ਬੇਅਦਬੀ

Sunday, Aug 23, 2020 - 01:57 PM (IST)

ਭਵਾਨੀਗੜ੍ਹ (ਕਾਂਸਲ,ਵਿਕਾਸ, ਸੰਜੀਵ): ਸਥਾਨਕ ਸ਼ਹਿਰ ਦੇ ਨਗਰ ਕੌਂਸਲ ਚੌਂਕ ਵਿਖੇ ਸਥਿਤ ਭਗਵਾਨ ਵਾਲਮੀਕਿ ਜੀ ਦੇ ਪੁਰਾਣੇ ਮੰਦਰ 'ਚ ਚੋਰਾਂ ਨੇ ਚੋਰੀ ਦੀ ਘਟਨਾਂ ਨੂੰ ਅੰਜ਼ਾਮ ਦਿੰਦਿਆਂ ਮੰਦਰ ਦੀ ਗੋਲਕ ਤੋੜ ਕੇ ਚੜ੍ਹਾਵੇ ਵਾਲੀ ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਗੋਪਾਲ ਪਤੰਗਾ ਸੇਵਾਦਾਰ, ਪ੍ਰਗਟ ਸਿੰਘ ਗਮੀ ਕਲਿਆਣ ਕੌਮੀ ਪ੍ਰਧਾਨ ਸੈਂਟਰਲ ਵਾਲਮੀਕਿ ਸਭਾ ਇੰਡੀਆ, ਸਮਸ਼ੇਰ ਸਿੰਘ ਬੱਬੂ, ਨਾਹਰ ਸਿੰਘ ਨਾਰੀ ਕੌਂਸਲਰ, ਅਮਰਜੀਤ ਸਿੰਘ ਗੋਗਲੀ, ਧਰਮਵੀਰ, ਗੁਰਮੇਲ ਸਿੰਘ, ਗੁਰਮੀਤ ਸਿੰਘ ਸਮੇਤ ਭਾਈਚਾਰੇ ਦੇ ਵੱਡੀ ਗਿਣਤੀ 'ਚ ਇਕੱਠੇ ਹੋਏ ਵਿਅਕਤੀਆਂ ਨੇ ਸਖ਼ਤ ਰੋਸ ਜਾਹਿਰ ਕਰਦਿਆਂ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਨਗਰ ਕੌਂਸਲ ਚੌਂਕ ਵਿਖੇ ਸਥਿਤ ਭਗਵਾਨ ਵਾਲਮੀਕਿ ਜੀ ਦੇ ਪੁਰਾਣੇ ਮੰਦਰ 'ਚੋਂ ਮੰਦਰ ਦੀ ਗੋਲਕ ਤੋੜ ਕੇ ਸਾਰੀ ਨਕਦੀ ਅਤੇ ਇਕ ਟਰੰਕ ਜਿਸ 'ਚ ਸ੍ਰੀ ਰਮਾਇਣ ਜੀ, ਭਗਵਾਨ ਵਾਲਮੀਕਿ ਜੀ ਦੇ ਜੀਵਨ ਨਾਲ ਸਬੰਧਤ ਹੋਰ ਧਾਰਮਿਕ ਗ੍ਰੰਥ ਅਤੇ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਹੋਰ ਜ਼ਰੂਰੀ ਦਸਤਾਵੇਜ ਸਨ, ਚੋਰੀ ਕਰ ਲਏ ਸਨ। ਉਨ੍ਹਾਂ ਦੱਸਿਆ ਕਿ ਗੋਲਕ 'ਚ 10 ਤੋਂ 15 ਹਜ਼ਾਰ ਰੁਪਏ ਦੇ ਕਰੀਬ ਦੀ ਨਕਦੀ ਚੋਰੀ ਹੋਈ ਹੈ। ਉਨ੍ਹਾਂ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ। ਉਨ੍ਹਾਂ ਰੋਸ ਜਾਹਿਰ ਕੀਤਾ ਕਿ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਇਸ ਸ਼ਰਾਰਤੀ ਅਨਸਰ ਨੇ ਮੰਦਰ 'ਚੋਂ ਪਵਿੱਤਰ ਗ੍ਰੰਥ ਸ੍ਰੀ ਰਮਾਇਣ ਜੀ ਨੂੰ ਚੋਰੀ ਕਰਕੇ ਅਤੇ ਆਪਣੇ ਘਰ 'ਚ ਸੁੱਟ ਕੇ ਸ੍ਰੀ ਰਮਾਇਣ ਜੀ ਦੀ ਬੇਅਦਬੀ ਕੀਤੀ ਹੈ। ਇਸ ਲਈ ਉਨ੍ਹਾਂ ਮੰਗ ਕੀਤੀ ਕਿ ਇਸ ਵਿਅਕਤੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਉਹ ਪੁਲਸ ਨੂੰ ਨਾਲ ਲਿਜਾ ਕੇ ਉਕਤ ਵਿਅਕਤੀ ਦੇ ਘਰੋਂ ਪਿੰਡ ਫਤਿਹਗੜ੍ਹ ਭਾਦਸੋਂ ਤੋਂ ਸ੍ਰੀ ਰਮਾਇਣ ਜੀ ਅਤੇ ਹੋਰ ਦਸਤਾਵੇਜ ਲੈ ਕੇ ਆਏ ਹਨ ਅਤੇ ਹੁਣ ਸ੍ਰੀ ਰਮਾਇਣ ਜੀ ਨੂੰ ਮੰਦਰ 'ਚ ਦੁਬਾਰਾ ਸਥਾਪਿਤ ਕੀਤਾ ਜਾ ਰਿਹਾ ਹੈ।

PunjabKesari

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਬ-ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਪਿੰਡ ਫਤਿਹਗੜ੍ਹ ਭਾਦਸੋਂ ਤੋਂ ਕਿਸੇ ਵਿਅਕਤੀ ਨੇ ਫੋਨ ਕਰਕੇ ਪੁਲਸ ਨੂੰ ਦੱਸਿਆ ਕਿ ਇੱਥੇ ਪਿੰਡ ਦੇ ਇਕ ਘਰ 'ਚ ਕੁਝ ਧਾਰਮਿਕ ਗ੍ਰੰਥ ਅਤੇ ਭਗਵਾਨ ਵਾਲਮੀਕਿ ਮੰਦਰ ਭਵਾਨੀਗੜ੍ਹ ਦੇ ਨਾਮ ਦੀਆਂ ਲੈਟਰਪੈਂਡਾਂ ਵੈਗਰਾਂ ਡਿੱਗੀਆਂ ਪਈਅੰ ਹਨ। ਤਾਂ ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਇਨ੍ਹਾਂ ਸਾਰੇ ਦਸਤਾਵੇਜਾਂ ਅਤੇ ਧਾਰਮਿਕ ਗ੍ਰੰਥਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਚੋਰੀ ਦੀ ਉਕਤ ਘਟਨਾ ਲਈ ਜਿੰਮੇਵਾਰ ਵਿਅਕਤੀ ਜਤਿੰਦਰ ਸਿੰਘ ਵਾਸੀ ਫਤਿਹਗੜ੍ਹ ਭਾਦਸੋਂ ਵਿਰੁੱਧ ਮਾਮਲਾ ਦਰਜ ਕਰਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਰੁੱਧ ਪਹਿਲਾਂ ਵੀ ਚੋਰੀ ਦਾ ਮਾਮਲਾ ਦਰਜ ਹੈ ਅਤੇ ਇਹ ਥੋੜ੍ਹਾ ਸਮਾਂ ਪਹਿਲਾਂ ਹੀ ਜ਼ਮਾਨਤ  'ਤੇ ਰਿਹਾਅ ਹੋ ਕੇ ਆਇਆ ਹੈ।

PunjabKesari


Shyna

Content Editor

Related News