ਟੋਲ ਪਲਾਜ਼ਾ ਸ਼ਿਫਟ ਕਰਨ ਨੂੰ ਲੈ ਕੇ ਤਿੱਖਾ ਵਿਰੋਧ, ਸੰਘਰਸ਼ ਦੀ ਚਿਤਾਵਨੀ
Saturday, Jan 27, 2024 - 11:55 AM (IST)
ਬਰਨਾਲਾ : ਬਰਨਾਲਾ-ਮੋਗਾ ਨੈਸ਼ਨਲ ਹਾਈਵੇ ’ਤੇ ਪਿੰਡ ਬਖਤਗੜ੍ਹ ਕੋਲ ਲੱਗ ਰਹੇ ਟੋਲ ਪਲਾਜ਼ੇ ਦੀ ਬਰਨਾਲਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਤਰਨਜੀਤ ਸਿੰਘ ਦੁੱਗਲ ਅਤੇ ਐੱਨ. ਆਰ. ਆਈ ਵਿੰਗ ਸਰਪੰਚ ਹਰਸਰਨ ਸਿੰਘ ਟੱਲੇਵਾਲ ਅਤੇ ਸਮੂਹ ਸਰਪੰਚਾਂ ਨੇ ਨਿਖੇਧੀ ਕੀਤੀ ਹੈ। ਇਸ ਟੋਲ ਪਲਾਜ਼ੇ ’ਤੇ ਬੋਲਦਿਆਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਬਖਤਗੜ੍ਹ ਦੇ ਸਰਪੰਚ ਅਤੇ ਪੰਚਾਇਤ ਯੂਨੀਅਨ ਬਰਨਾਲਾ ਦੇ ਪ੍ਰਧਾਨ ਤਰਨਜੀਤ ਸਿੰਘ ਦੁੱਗਲ ਅਤੇ ਐੱਨ.ਆਰ.ਆਈ ਸਰਪੰਚ ਹਰਸਰਨ ਸਿੰਘ ਟੱਲੇਵਾਲ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਪੰਜਾਬ ਅੰਦਰੋਂ ਟੋਲ ਪਲਾਜ਼ੇ ਬੰਦ ਕਰਨ ਦੇ ਐਲਾਨ ਕਰ ਰਹੀ ਹੈ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਸੰਘਰਸ਼ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਅੰਦਰ ਬਰਨਾਲਾ-ਬਾਜਾਖਾਨਾ ਰੋਡ ਪਿੰਡ ਜਗਜੀਤਪੁਰਾ (ਪੱਖੋ ਕੈਂਚੀਆਂ) ਬੰਦ ਕਰਵਾਇਆ ਸੀ। ਜਿਸ ਨੂੰ ਹੁਣ ਉਥੋਂ ਸ਼ਿਫਟ ਕਰਕੇ ਬਰਨਾਲਾ-ਮੋਗਾ ਨੈਸ਼ਨਲ ਹਾਈਵੇ ’ਤੇ ਪਿੰਡ ਬਖਤਗੜ੍ਹ ਕੋਲ ਲਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਬੰਦ ਕੀਤੇ ਟੋਲ ਪਲਾਜੇ ਤੋਂ ਸਿਰਫ 7 ਕਿਲੋਮੀਟਰ ਦੇ ਫਰਕ ਨਾਲ ਬਰਨਾਲਾ-ਮੋਗਾ ਰੋਡ ਉੱਪਰ ਪਿੰਡ ਬਖਤਗੜ੍ਹ ਕੋਲ ਸ਼ਿਫਟ ਕੀਤਾ ਜਾ ਰਿਹਾ ਹੈ। ਪਿੰਡ ਬਖਤਗੜ੍ਹ ਕੋਲ ਲੱਗ ਰਹੇ ਲੱਗ ਰਹੇ ਟੋਲ ਪਲਾਜ਼ੇ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਇਸ ਮਾਮਲੇ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਟੋਲ ਪਲਾਜ਼ੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਹੈ ਪਰ ਕੋਈ ਵੀ ਢੁਕਵਾਂ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਟੋਲ ਪਲਾਜ਼ਾ ਲੱਗਿਆ ਤਾਂ ਆਉਣ ਵਾਲੇ ਸਮੇਂ ਵਿਚ ਵੱਡਾ ਸੰਘਰਸ਼ ਕੀਤਾ ਜਾਵੇਗਾ।