ਐਡ. ਹਰਗੋਬਿੰਦ ਸਿੰਘ ਬੱਗਾ ਬਣੇ ਪੰਜਾਬ-ਹਰਿਆਣਾ ਹਾਈ ਕੋਰਟ ਬਾਰ ਕੌਂਸਲ ਦੇ ਮੈਂਬਰ
Saturday, Dec 08, 2018 - 12:42 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਬਰਨਾਲਾ ਦੇ ਜੰਮਪਲ ਐਡਵੋਕੇਟ ਹਰਗੋਬਿੰਦ ਸਿੰਘ ਬੱਗਾ ਪੰਜਾਬ-ਹਰਿਆਣਾ ਹਾਈਕੋਰਟ ਦੇ ਬਾਰ ਕੌਂਸਲ ਦੇ ਮੈਂਬਰ ਚੁਣੇ ਗਏ ਹਨ। ਉਨ੍ਹਾਂ ਦੀ ਜਿੱਤ ’ਤੇ ਬਰਨਾਲਾ ਇਲਾਕੇ ’ਚ ਖੁਸ਼ੀ ਦੀ ਲਹਿਰ ਦੌਡ਼ ਗਈ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਕੋਈ ਬਰਨਾਲਾ ਦਾ ਜੰਮਪਲ ਬਾਰ ਕੌਂਸਲ ਦਾ ਮੈਂਬਰ ਚੁਣਿਆ ਗਿਆ ਹੈ। ਬਾਰ ਕੌਂਸਲ ਦੀ ਚੋਣ 5 ਸਾਲ ਬਾਅਦ ਹੁੰਦੀ ਹੈ। ਇਸ ਚੋਣ ’ਚ ਕੁੱਲ 107 ਮੈਂਬਰ ਖਡ਼੍ਹੇ ਸਨ, ਜਿਨ੍ਹਾਂ ’ਚੋਂ 25 ਮੈਂਬਰ ਚੁਣੇ ਜਾਣੇ ਸਨ। ਕੁੱਲ 45,000 ਵੋਟ ਸੀ, ਜਿਸ ’ਚ ਪੰਜਾਬ-ਹਰਿਆਣਾ ਅਤੇ ਚੰਡੀਗਡ਼੍ਹ ਦੇ ਵਕੀਲਾਂ ਨੇ ਆਪਣਾ ਮਤਦਾਨ ਕੀਤਾ। ਹਰਗੋਬਿੰਦ ਸਿੰਘ ਬੱਗਾ ਨੂੰ ਕੁੱਲ 1800 ਵੋਟਾਂ ਪਈਆਂ ਅਤੇ ਉਹ 11ਵੇਂ ਨੰਬਰ ’ਤੇ ਆਏ। ਇਸ ਤਰ੍ਹਾਂ ਉਹ ਬਾਰ ਕੌਂਸਲ ਦੇ ਮੈਂਬਰ ਚੁਣੇ ਗਏ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਹਰਗੋਬਿੰਦ ਸਿੰਘ ਬੱਗਾ ਨੇ ਕਿਹਾ ਕਿ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਕੌਂਸਲ ਦਾ ਕੰਮ ਵਕੀਲਾਂ ਦੇ ਲਾਇਸੈਂਸ ਬਣਾਉਣਾ ਅਤੇ ਜੋ ਵਕੀਲਾਂ ਖਿਲਾਫ ਸ਼ਿਕਾਇਤਾਂ ਆਉਂਦੀਆਂ ਹਨ ਉਨ੍ਹਾਂ ਨੂੰ ਸੁਣਨਾ ਹੁੰਦਾ ਹੈ। ਜੇਕਰ ਕੋਈ ਵਕੀਲ ਸ਼ਿਕਾਇਤ ’ਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਕੌਂਸਲ ਕੋਲ ਇਹ ਅਧਿਕਾਰ ਹੁੰਦਾ ਹੈ ਕਿ ਉਹ ਉਸ ਵਕੀਲ ਦਾ ਲਾਇਸੈਂਸ ਰੱਦ ਵੀ ਕਰ ਸਕਦੀ ਹੈ। ਉਨ੍ਹਾਂ ਦੀ ਜਿੱਤ ’ਤੇ ਖੁਸ਼ੀ ਪ੍ਰਗਟਾਉਂਦਿਆਂ ਐਡਵੋਕੇਟ ਰਾਜੀਵ ਲੂਬੀ ਨੇ ਕਿਹਾ ਕਿ ਹਰਗੋਬਿੰਦ ਸਿੰਘ ਬੱਗਾ ਦੀ ਜਿੱਤ ਬਰਨਾਲਾ ਸ਼ਹਿਰ ਲਈ ਮਾਣ ਦੀ ਗੱਲ ਹੈ।