ਰਾਫੇਲ ਖਰੀਦ ਸਮਝੌਤੇ ਦੇ ਮੁੱਦੇ ’ਤੇ ਕਾਂਗਰਸ ਕਰ ਰਹੀ ਹੈ ਦੇਸ਼ ਦੀ ਜਨਤਾ ਨੂੰ ਗੁਮਰਾਹ : ਸ਼ੰਟੀ
Friday, Dec 21, 2018 - 03:28 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਵਲੋਂ ਰਾਫੇਲ ਡੀਲ ਸਬੰਧੀ ਦੇਸ਼ ਦੀ ਸੁਰੱਖਿਆ ਨਾਲ ਖਿਲਵਾਡ਼ ਕਰਨ ਅਤੇ ਜਨਤਾ ਨਾਲ ਗੰਭੀਰ ਝੂਠ ਬੋਲਣ ਦੇ ਵਿਰੋਧ ਵਿਚ ਅੱਜ ਭਾਰਤੀ ਜਨਤਾ ਪਾਰਟੀ ਨੇ ਜ਼ਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੀ ਅਗਵਾਈ ’ਚ ਇਕ ਮੰਗ ਪੱਤਰ ਡੀ. ਸੀ. ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਿਆ। ਗੱਲਬਾਤ ਕਰਦਿਆਂ ਯਾਦਵਿੰਦਰ ਸ਼ੰਟੀ ਨੇ ਦੱਸਿਆ ਕਿ ਰਾਫੇਲ ਖਰੀਦ ਸਮਝੌਤੇ ਦੇ ਮੁੱਦੇ ’ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਬੇਬੁਨਿਆਦ ਤੱਥਹੀਣ ਨਿਰਆਧਾਰ ਪ੍ਰਸ਼ਨ ਖਡ਼੍ਹਾ ਕਰ ਕੇ ਗਲਤ ਪ੍ਰਚਾਰ ਕਰਦਿਆਂ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਹੈ, ਜਿਸ ਸਬੰਧੀ ਮਾਣਯੋਗ ਸੁਪਰੀਮ ਕੋਰਟ ਵਿਚ ਚਾਰ ਯਾਚੀਕਾਵਾਂ ਦਾਖਲ ਕੀਤੀਆਂ ਗਈਆਂ। ਇਨ੍ਹਾਂ ਯਾਚੀਕਾਵਾਂ ਵਿਚ ਨਿਰਣੈ ਪ੍ਰਕਿਰਿਆ, ਕੀਮਤ ਅਤੇ ਆਫਸੈੱਟ ਪਾਰਟਨਰ ਨੂੰ ਲੈ ਕੇ ਵਿਸ਼ੇ ਪ੍ਰਮੁੱਖਤਾ ਨਾਲ ਚੁੱਕੇ ਗਏ ਸਨ। ਪਿਛਲੀ 14 ਦਸੰਬਰ ਨੂੰ ਮਾਣਯੋਗ ਸਪੁਰੀਮ ਕੋਰਟ ਨੇ ਸਾਰੀਆਂ ਯਾਚੀਕਾਵਾਂ ’ਤੇ ਸੁਣਵਾਈ ਦੌਰਾਨ ਇਸ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਯਮਾਂ ਦੇ ਅਨੁਸਾਰ ਪਾਇਆ। ਇਸ ਨਿਰਣੈ ਨੇ ਇਹ ਸੰਦੇਸ਼ ਵੀ ਦਿੱਤਾ ਕਿ ਰਾਸ਼ਟਰੀ ਸੁਰੱਖਿਆ ਨਾਲ ਜੁਡ਼ੇ ਵਿਸ਼ਿਆਂ ਨੂੰ ਸਿਰਫ ਸੰਦੇਸ਼ ਅਤੇ ਗੁੰਮਰਾਹਕੁੰਨ ਖਬਰਾਂ ਦੇ ਆਧਾਰ ’ਤੇ ਅਦਾਲਤ ਵਿਚ ਮੰਗ ਦਾ ਉਪਯੋਗ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਸਮਝੌਤੇ ’ਤੇ ਕਿਸੇ ਪ੍ਰਕਾਰ ਦਾ ਕੋਈ ਸੰਦੇਸ਼ ਕਰਨ ਦਾ ਕੋਈ ਠੋਸ ਆਧਾਰ ਨਜ਼ਰ ਨਹੀਂ ਆਉਂਦਾ ਹੈ ਅਤੇ ਵਾਯੂ ਸੈਨਾ ਨੂੰ ਵੀ ਅਜਿਹੇ ਜਹਾਜ਼ਾਂ ਦੀ ਜ਼ਰੂਰਤ ਹੈ ਅਤੇ ਇਸ ਜ਼ਰੂਰਤ ਦੀ ਪੂਰਤੀ ਦੇ ਲਈ ਹੋਈ ਇਸ ਖਰੀਦ ਪ੍ਰਕਿਰਿਆ ਵਿਚ ਤੈਅ ਮਾਨਕਾਂ ਦਾ ਪਾਲਣ ਕੀਤਾ ਗਿਆ ਹੈ। ਇਸ ਮੌਕੇ ਭਾਜਪਾ ਆਗੂ ਨੀਰਜ ਜਿੰਦਲ, ਰਜਿੰਦਰ ਉਪਲ, ਸੁਭਾਸ਼ ਮੱਕਡ਼ਾ, ਦਰਸ਼ਨ ਨੈਣੇਵਾਲ, ਰੋਹਨ ਸਿੰਗਲਾ, ਕੁਲਦੀਪ ਮਿੱਤਲ, ਗੁਰਸ਼ਰਨ ਸਿੰਘ, ਸੰਦੀਪ ਜੇਠੀ ਮੰਡਲ ਪ੍ਰਧਾਨ, ਪੰਪੋਸ਼ ਕੌਲ, ਧੀਰਜ ਕੁਮਾਰ ਦੱਧਾਹੂਰ, ਸੋਹਨ ਮਿੱਤਲ, ਅਰਚਨਾ ਦੱਤ, ਸੁਖਵੰਤ ਸਿੰਘ ਧਨੌਲਾ, ਸ਼ੀਤਲ ਠੇਕੇਦਾਰ, ਸੋਮਨਾਥ ਸਹੌਰੀਆ, ਕੁਲਦੀਪ ਸਹੌਰੀਆ ਆਦਿ ਹਾਜ਼ਰ ਸਨ।