ਫੂਡ ਸੇਫਟੀ ਵਿਭਾਗ ਵੱਲੋਂ ਭਰੇ ਸੈਂਪਲਾਂ ਦੀ ਆਈ ਜਾਂਚ ਰਿਪੋਰਟ ’ਤੇ ਉੱਠਣ ਲੱਗੇ ਸਵਾਲ

Thursday, Jan 05, 2023 - 11:44 AM (IST)

ਫੂਡ ਸੇਫਟੀ ਵਿਭਾਗ ਵੱਲੋਂ ਭਰੇ ਸੈਂਪਲਾਂ ਦੀ ਆਈ ਜਾਂਚ ਰਿਪੋਰਟ ’ਤੇ ਉੱਠਣ ਲੱਗੇ ਸਵਾਲ

ਮਾਲੇਰਕੋਟਲਾ (ਸ਼ਹਾਬੂਦੀਨ/ਭੁਪੇਸ਼) : ਮਾਲੇਰਕੋਟਲਾ ਸਮੇਤ ਪੰਜਾਬ ਭਰ ’ਚ ਦੁਧਾਰੂ ਪਸ਼ੂਆਂ ਤੋਂ ਹੁੰਦੀ ਦੁੱਧ ਦੀ ਸੀਮਿਤ ਪੈਦਾਵਾਰ ਤੋਂ ਕਈ ਗੁਣਾ ਵੱਧ ਦੁੱਧ ਦੀ ਹੁੰਦੀ ਵਿਕਰੀ ਤੇ ਖ਼ਪਤ ਜਿੱਥੇ ਸਿੱਧੇ ਤੌਰ ’ਤੇ ਸੂਬੇ ’ਚ ਵੱਡੀ ਪੱਧਰ ’ਤੇ ਨਕਲੀ ਅਤੇ ਮਿਲਾਵਟੀ ਦੁੱਧ ਤਿਆਰ ਹੋਣ ਦੀ ਸਪੱਸ਼ਟ ਗਵਾਹੀ ਭਰਦੀ ਹੈ । ਅਜਿਹੀ ਸਥਿਤੀ ’ਚ ਮਾਲੇਰਕੋਟਲਾ ਜ਼ਿਲ੍ਹੇ ਦੇ ਫੂਡ ਸੇਫਟੀ ਵਿਭਾਗ ਵੱਲੋਂ ਖਾਣ-ਪੀਣ ਵਾਲੀਆਂ ਵਸਤੂਆਂ ਖਾਸਕਰ ਦੁੱਧ ਤੋਂ ਬਣਨ ਵਾਲੇ ਖਾਦ ਪਦਾਰਥਾਂ ਦੇ ਭਰੇ ਗਏ ਸੈਂਪਲਾਂ ਦਾ 99 ਫ਼ੀਸਦੀ ਪਾਸ ਹੋਣਾ ਕਈ ਤਰ੍ਹਾਂ ਦੇ ਕਥਿਤ ਸ਼ੰਕੇ ਖੜ੍ਹੇ ਕਰਦਾ ਹੋਇਆਂ ਚੋਰ-ਚੋਰ ਮੌਸੇਰੇ ਭਰਾ ਵਾਲੀ ਕਹਾਵਤ ਨੂੰ ਕਥਿਤ ਸੱਚ ਸਾਬਿਤ ਕਰਦਾ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ- ਬਹਾਨੇ ਨਾਲ ਫੈਕਟਰੀ ਬੁਲਾਏ ਮਾਲਕ, ਫਿਰ ਘਾਤ ਲਾ ਕੇ ਬੈਠੇ 20 ਵਿਅਕਤੀਆਂ ਨੇ ਬੋਲ ਦਿੱਤਾ ਧਾਵਾ

ਫੂਡ ਸੇਫਟੀ ਵਿਭਾਗ ਵੱਲੋਂ ਪਿਛਲੇ ਦਿਨਾਂ ’ਚ ਫਾਸਟ ਫੂਡ, ਮਠਿਆਈਆਂ, ਡੇਅਰੀਆਂ, ਰੈਸਟੋਰੈਂਟਾਂ, ਕਰਿਆਣਾ, ਬੇਕਰੀ ਅਤੇ ਕਨਫੈਕਸ਼ਨਰੀ ਆਦਿ ਖਾਦ ਪਦਾਰਥਾਂ ਦੀਆਂ ਦੁਕਾਨਾਂ ਦੇ ਭਰੇ ਗਏ ਸੈਂਪਲਾਂ ’ਚੋਂ ਸਿਰਫ਼ ਇਕ ਡੇਅਰੀ ਦੇ ਪਨੀਰ ਦਾ ਸੈਂਪਲ ਹੀ ਅਣਸੇਫ ਕਰਾਰ ਦਿੱਤਾ ਗਿਆ ਹੈ, ਜਦਕਿ ਬਾਕੀ ਦੇ ਸਾਰੇ ਸੈਂਪਲਾਂ ਦੀ ਰਿਪੋਰਟ ਨੂੰ ਸਬੰਧਤ ਵਿਭਾਗ ਨੇ ਪਾਸ ਦੱਸਿਆ ਹੈ। ਇਨ੍ਹਾਂ ਪਾਸ ਰਿਪੋਰਟਾਂ ਮੁਤਾਬਕ ਤਾਂ ਮਾਲੇਰਕੋਟਲਾ ’ਚ ਸਾਰਾ ਕੁਝ ਸ਼ੁੱਧ ਹੀ ਵਿਕ ਰਿਹਾ ਹੈ। ਫਿਰ ਬੀਮਾਰੀਆਂ ਕਿਥੋਂ ਆ ਰਹੀਆਂ ਹਨ, ਇਹ ਸਮਝ ਤੋਂ ਬਾਹਰ ਹੈ। ਸਾਡੇ ਸਮਾਜ ’ਚ ਇਹ ਗੱਲ ਵੀ ਆਮ ਹੀ ਕਹੀ ਸੁਣੀ ਜਾਂਦੀ ਹੈ ਕਿ ਦੁੱਧ ਦੀ ਸੀਮਿਤ ਪੈਦਾਵਾਰ ਹੋਣ ਕਾਰਨ ਖਪਤ ਹੁੰਦੇ ਕਈ ਗੁਣਾ ਜ਼ਿਆਦਾ ਦੁੱਧ ਦੀ ਪੂਰਤੀ ਡੇਅਰੀਆਂ ਅਤੇ ਦੁੱਧ ਸੈਂਟਰਾਂ ਵਾਲਿਆਂ ਵੱਲੋਂ ਮਿਲਾਵਟ ਅਤੇ ਕੈਮੀਕਲਾਂ ਨਾਲ ਤਿਆਰ ਕੀਤੇ ਜਾਂਦੇ ਦੁੱਧ ਨਾਲ ਹੁੰਦੀ ਹੈ।

ਸੈਂਪਲ ਜਾਂਚ ਲੈਬ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ’ਚ

ਹੁਣ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਨਕਲੀ ਦੁੱਧ ਤੋਂ ਬਣੇ ਖਾਦ ਪਦਾਰਥਾਂ ਦੇ ਸੈਂਪਲ ਸਰਕਾਰੀ ਲੈਬ ’ਚ ਕਿਹੜੇ ਪੈਮਾਨੇ ਨਾਲ ਚੈੱਕ ਕੀਤੇ ਜਾਂਦੇ ਹਨ, ਜਿਹੜੇ 100 ’ਚੋਂ 99 ਫ਼ੀਸਦੀ ਪਾਸ ਹੀ ਹੁੰਦੇ ਹਨ। ਅਜਿਹੀ ਸਥਿਤੀ ’ਚ ਕਿਤੇ ਨਾ ਕਿਤੇ ਸਰਕਾਰ ਦੀ ਖਰੜ ਸ਼ਹਿਰ ’ਚ ਸਥਿਤ ਸੈਂਪਲ ਜਾਂਚ ਲੈਬ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ’ਚ ਆ ਜਾਂਦੀ ਹੈ, ਜਿੱਥੇ ਜਾਂਚ ਲਈ ਆਏ ਜ਼ਿਆਦਤਰ ਸੈਂਪਲ ਮਿਕਸ ਬਰਾਂਡੇਡ ਜਾਂ ਸਬ ਸਟੈਂਡਰਡ ਹੀ ਪਾਏ ਜਾਂਦੇ ਹਨ। ਸ਼ਹਿਰ ’ਚ ਕੁਝ ਇਕ ਦੁਕਾਨਦਾਰ ਪੂਰੀ ਸ਼ੁੱਧਤਾ ਦਾ ਦਾਅਵਾ ਕਰਦੇ ਹੋਏ ਦੁੱਧ 70 ਰੁਪਏ ਅਤੇ ਪਨੀਰ 360 ਰੁਪਏ ਕਿਲੋ ਵੇਚਦੇ ਹਨ ਅਤੇ ਕਹਿੰਦੇ ਹਨ ਕਿ ਇਸ ਤੋਂ ਘੱਟ ਰੇਟ ’ਤੇ ਸ਼ੁੱਧ ਦੁੱਧ ਤੇ ਪਨੀਰ ਦੁਕਾਨਦਾਰ ਨੂੰ ਪੈਂਦਾ ਹੀ ਨਹੀਂ ਜਦਕਿ ਦੂਜੇ ਪਾਸੇ ਬਹੁ ਗਿਣਤੀ ਲੋਕ ਦੁੱਧ 60-65 ਰੁਪਏ ਕਿਲੋ ਅਤੇ ਪਨੀਰ 300 ਰੁਪਏ ਦੇ ਕਰੀਬ ਵੀ ਵੇਚ ਰਹੇ ਹਨ। ਸ਼ੁੱਧਤਾ ਦਾ ਦਾਅਵਾ ਦੋਵੇਂ ਕਰ ਰਹੇ ਹਨ। ਜੇਕਰ ਸ਼ਹਿਰ ’ਚ ਸਾਰੇ ਖਾਦ ਪਦਾਰਥ ਵਿਕੇਰਤਾ ਦੁਕਾਨਦਾਰ ਸ਼ੁੱਧ ਪਦਾਰਥ ਹੀ ਵੇਚਦੇ ਹਨ ਤਾਂ ਸੈਂਪਲ ਟੀਮ ਦੇ ਬਾਜ਼ਾਰਾਂ ’ਚ ਆਉਣ ਦਾ ਪਤਾ ਲੱਗਦੇ ਹੀ ਬਹੁਤੇ ਦੁਕਾਨਦਾਰ ਸ਼ਟਰ ਸੁੱਟ ਕੇ ਕਿਉਂ ਭੱਜ ਜਾਂਦੇ ਹਨ।

ਕੀ ਕਹਿੰਦੇ ਹਨ ਫੂਡ ਸੇਫਟੀ ਵਿਭਾਗ ਦੇ ਅੰਕੜੇ

ਫੂਡ ਸੇਫਟੀ ਵਿਭਾਗ ਦੇ ਅੰਕੜਿਆਂ ਮੁਤਾਬਕ ਜਨਵਰੀ 2022 ਤੋਂ ਹੁਣ ਤੱਕ ਕੁੱਲ 160 ਖਾਣ-ਪੀਣ ਵਾਲੇ ਪਦਾਰਥਾਂ ਦੀ ਸੈਂਪਲਿੰਗ ਕੀਤੀ ਗਈ ਸੀ, ਜਿਨ੍ਹਾਂ ’ਚ ਡੇਅਰੀਆਂ ਨਾਲ ਸਬੰਧਤ 46 ਸੈਂਪਲ, ਮਠਿਆਈਆਂ ਨਾਲ ਸਬੰਧਤ 40 ਸੈਂਪਲ, ਰੈਸਟੋਰੈਂਟ, ਹੋਟਲਾਂ ਅਤੇ ਫਾਸਟ ਫੂਡ ਨਾਲ ਸਬੰਧਤ 17 ਸੈਂਪਲ, ਕਰਿਆਣੇ ਨਾਲ ਸਬੰਧਤ 34 ਸੈਂਪਲ, ਬੈਕਰੀਜ਼, ਕਨਫੈਕਸ਼ਰੀ ਅਤੇ ਨਮਕੀਨ ਆਦਿ ਦੁਕਾਨਾਂ ਤੋਂ 22 ਸੈਂਪਲ ਲਏ ਗਏ ਸਨ। ਅਸਿਟੈਂਟ ਕਮਿਸ਼ਨਰ ਫੂਡ ਸੇਫਟੀ ਰਾਖੀ ਵਿਨਾਇਕ ਦੇ ਦੱਸਣ ਮੁਤਾਬਕ ਇਨ੍ਹਾਂ ਸੈਂਪਲਾਂ ਦੀ ਸਾਹਮਣੇ ਆਈ ਜਾਂਚ ਰਿਪੋਰਟ ਮੁਤਾਬਕ 18 ਸੈਂਪਲ ਸਬ ਸਟੈਂਡਰਡਰ, 6 ਸੈਂਪਲ ਮਿਕਸਬਰਾਂਡੇਡ ਪਾਏ ਗਏ ਜਦਕਿ ਸਥਾਨਕ ਕੋਰਟ ਰੋਡ ’ਤੇ ਸਥਿਤ ਡੇਅਰੀ ਦਾ 1 ਪਨੀਰ ਵਾਲਾ ਸੈਂਪਲ ਅਣਸੇਫ ਪਾਇਆ ਗਿਆ ਹੈ, ਜੋ ਕਿ ਮਾਮਲਾ ਕਾਰਵਾਈ ਅਧੀਨ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News