ਅਰਥਚਾਰੇ ਨੂੰ ਹੁਲਾਰਾ ਦੇਣ ਲਈ ਕਿਸਾਨੀ ਤੇ ਇੰਡਸਟਰੀ ਨੂੰ ਪ੍ਰਫੁੱਲਿਤ ਕਰਨਾ ਜ਼ਰੂਰੀ : ਬਾਵਾ

08/26/2019 4:48:58 PM

ਸੰਗਰੂਰ(ਵਿਵੇਕ ਸਿੰਧਵਾਨੀ, ਪ੍ਰਵੀਨ) : ''ਪੰਜਾਬ ਦਾ ਅਰਥਚਾਰਾ ਕਿਸਾਨੀ ਅਤੇ ਇੰਡਸਟਰੀ 'ਤੇ ਨਿਰਭਰ ਕਰਦਾ ਹੈ। ਲੋੜ ਹੈ ਕਿ ਪੰਜਾਬ ਦੀ ਕਿਸਾਨੀ ਤੇ ਇੰਡਸਟਰੀ ਨੂੰ ਉਤਸ਼ਾਹਤ ਕੀਤਾ ਜਾਵੇ ।'' ਇਹ ਵਿਚਾਰ ਫੋਕਲ ਪੁਆਇੰਟ ਸੰਗਰੂਰ ਵਿਖੇ ਇੰਡਸਟਰੀ ਡਿਵੈੱਲਪਮੈਂਟ ਕਾਰਪੋਰੇਸ਼ਨ ਪੰਜਾਬ ਦੇ ਨਵ-ਨਿਯੁਕਤ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਆਪਣੀ ਪਲੇਠੀ ਸੰਗਰੂਰ ਫੇਰੀ ਸਮੇਂ ਰੱਖੇ ਸਨਮਾਨ ਸਮਾਰੋਹ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਬਾਵਾ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਇਥੇ ਪਹਿਲਾਂ ਕਿਸਾਨਾਂ ਨੂੰ ਸਹਿਯੋਗ ਦਿੱਤਾ ਜਾਵੇ। ਇਸ ਦੇ ਨਾਲ ਖੇਤੀ 'ਤੇ ਆਧਾਰਤ ਇੰਡਸਟਰੀ ਲਾ ਕੇ ਅਰਥਚਾਰੇ ਨੂੰ ਹੁਲਾਰਾ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ 'ਚ ਇੰਡਸਟਰੀ ਲੱਗੇਗੀ ਤਾਂ ਪਿੰਡਾਂ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਇੰਡਸਟਰੀ 'ਚ ਟੈਕਨੀਕਲ ਤੇ ਨਾਨ-ਟੈਕਨੀਕਲ ਕਾਮਿਆਂ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪੰਜਾਬ ਅੰਦਰ ਇੰਡਸਟਰੀ ਨਾ ਲਿਆਂਦੀ ਤਾਂ ਪੰਜਾਬ ਦਾ ਨੌਜਵਾਨ ਤੇ ਸਰਮਾਇਆ ਸਭ ਵਿਦੇਸ਼ਾਂ ਵਿਚ ਚਲਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਿਦੇਸ਼ੀ ਕੰਪਨੀਆਂ ਨਾਲ ਪੰਜਾਬ ਅੰਦਰ ਪੈਸਾ ਲਾਉਣ ਲਈ ਗੱਲਬਾਤ ਕਰ ਰਹੇ ਹਨ। ਉਹ ਵੀ ਇਥੇ ਇੰਡਸਟਰੀ ਲਾਉਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਕ ਸਕੀਮ ਪੰਜਾਬ ਅੰਦਰ ਅਸੀਂ ਲਾਗੂ ਕਰਨ ਜਾ ਰਹੇ ਹਾਂ। ਉਸ 'ਚ ਇਕ ਕਲੱਸਟਰ ਬਣਾ ਕੇ ਕੋਈ ਛੋਟੀ ਇੰਡਸਟਰੀ ਲਾਉਣੀ ਹੋਵੇਗੀ। ਇਸ ਵਿਚ 13 ਕਰੋੜ ਰੁਪਏ ਖਰਚ ਹੋਣਗੇ ਤੇ ਕਲੱਸਟਰ ਬਣਾਉਣ ਵਾਲੇ ਲੋਕ 10 ਪ੍ਰਤੀਸ਼ਤ ਪੂੰਜੀ ਆਪਣੇ ਹਿੱਸੇ ਦੀ ਖਰਚ ਕਰੇਗੀ। ਇਸ ਨਾਲ ਬਹੁਤ ਸਾਰੇ ਨੌਜਵਾਨਾਂ ਨੂੰ ਕੰਮ ਮਿਲੇਗਾ ਅਤੇ ਮੁਨਾਫਾ ਹੋਵੇਗਾ।

ਇਸ ਸਮੇਂ ਇੰਜੀਨੀਅਰ ਜਗਦੀਪ ਸਿੰਘ ਗੁਜਰਾਂ ਦੀ ਅਗਵਾਈ ਹੇਠ ਵਿਨੋਦ ਕੁਮਾਰ ਮੇਲਾ ਰਾਮ ਦੀ ਹੱਟੀ, ਰਾਜ ਕੁਮਾਰ ਟੋਨੀ, ਸੇਵਾ ਮੁਕਤ ਵਧੀਕ ਡਿਪਟੀ ਕਮਿਸ਼ਨਰ ਪ੍ਰੀਤਮ ਸਿੰਘ ਜੌਹਲ ਤੇ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ, ਸਾਬਕਾ ਕੌਂਸਲਰ ਕਾਂਗੜਾ ਨੇ ਬਾਵਾ ਦਾ ਸਨਮਾਨ ਕੀਤਾ। ਇਸ ਸਮਾਗਮ ਸਮੇਂ ਅਕਾਲੀ ਆਗੂ ਤੇ ਪੰਜਾਬ ਰੋਡਵੇਜ਼ ਦੇ ਸਾਬਕਾ ਵਾਈਸ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਨੇ ਵੀ ਸ਼ਿਰਕਤ ਕੀਤੀ ।


cherry

Content Editor

Related News