ਸਾਮਰਾਜ ਵਿਰੋਧੀ ਦਿਵਸ ਮੌਕੇ ਮਹਿਲ ਕਲਾਂ ਵਿਚ ਫੂਕਿਆ ਸਾਮਰਾਜ ਦਾ ਪੁਤਲਾ

Monday, Mar 23, 2026 - 06:19 PM (IST)

ਸਾਮਰਾਜ ਵਿਰੋਧੀ ਦਿਵਸ ਮੌਕੇ ਮਹਿਲ ਕਲਾਂ ਵਿਚ ਫੂਕਿਆ ਸਾਮਰਾਜ ਦਾ ਪੁਤਲਾ

ਮਹਿਲ ਕਲਾਂ (ਹਮੀਦੀ) – ਸ਼ਹੀਦ-ਏ-ਆਜ਼ਮ ਸਵਾਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਥਾਪਰ ਦੇ ਸ਼ਹੀਦੀ ਦਿਵਸ ਮੌਕੇ ਸੰਯੁਕਤ ਮੋਰਚਾ, ਮਜ਼ਦੂਰ ਜੱਥੇਬੰਦੀਆਂ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਪਲੇਟਫਾਰਮ ਵੱਲੋਂ ਦੇਸ਼ ਭਰ ਵਿਚ ਸਾਮਰਾਜ ਵਿਰੋਧੀ ਦਿਵਸ ਮਨਾਉਣ ਦੇ ਸੱਦੇ ਤਹਿਤ ਮਹਿਲ ਕਲਾਂ ਵਿਖੇ ਦਾਣਾ ਮੰਡੀ ਵਿਚ ਸਾਮਰਾਜ ਦਾ ਪੁਤਲਾ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। 

ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਵਰਗਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਖੁਸ਼ੀਆ ਸਿੰਘ (ਜ਼ਿਲ੍ਹਾ ਸੈਕਟਰੀ ਏਟਕ) ਅਤੇ ਇੰਦਰਪਾਲ ਸਿੰਘ (ਸੂਬਾ ਪ੍ਰੈੱਸ ਸਕੱਤਰ ਭਾਕਿਯੂ ਡਕੌਂਦਾ) ਨੇ ਕਿਹਾ ਕਿ 23 ਮਾਰਚ ਸਿਰਫ਼ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਨਹੀਂ, ਸਗੋਂ ਉਨ੍ਹਾਂ ਸੁਪਨਿਆਂ ਅਨੁਸਾਰ ਸ਼ੋਸ਼ਣ-ਮੁਕਤ ਸਮਾਜ ਦੀ ਸਿਰਜਣਾ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਦਿਨ ਵੀ ਹੈ। ਉਨ੍ਹਾਂ ਕਿਹਾ ਕਿ ਸਾਮਰਾਜ ਵਿਰੋਧੀ ਦਿਵਸ ਮਨਾਉਂਦਿਆਂ ਲੋਕ ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ ਖ਼ਿਲਾਫ਼ ਜੰਗੀ ਨੀਤੀਆਂ ਦਾ ਡੱਟ ਕੇ ਵਿਰੋਧ ਕਰ ਰਹੇ ਹਨ ਅਤੇ ਇਸ ਜੰਗ ਨੂੰ ਤੁਰੰਤ ਰੋਕਣ ਦੀ ਮੰਗ ਕਰਦੇ ਹਨ।ਆਗੂਆਂ ਨੇ ਦੱਸਿਆ ਕਿ ਇਹ ਜੰਗ ਅਨੈਤਿਕ ਤੇ ਗੈਰ-ਕਾਨੂੰਨੀ ਹੈ ਜੋ ਅਮਰੀਕੀ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਥੋਪੀ ਗਈ ਹੈ ਅਤੇ ਖੁਦ ਅਮਰੀਕਾ ਦੇ ਵੱਡੇ ਹਿੱਸੇ ਦੇ ਲੋਕਾਂ ਵੱਲੋਂ ਵੀ ਇਸਦਾ ਸਮਰਥਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਵੱਲੋਂ ਇਜ਼ਰਾਈਲ ਅਤੇ ਉਸ ਦੀ ਲਾਬੀ ਦੇ ਦਬਾਅ ਹੇਠ ਇਹ ਜੰਗੀ ਮਾਹੌਲ ਬਣਾਇਆ ਗਿਆ ਹੈ, ਜਦਕਿ ਈਰਾਨ ਵੱਲੋਂ ਕੋਈ ਤੁਰੰਤ ਖ਼ਤਰਾ ਨਹੀਂ ਸੀ।ਇਸ ਮੌਕੇ ਬੋਲਣ ਵਾਲਿਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ‘ਤੇ ਵੀ ਤੀਖ਼ੇ ਸਵਾਲ ਉਠਾਉਂਦਿਆਂ ਕਿਹਾ ਕਿ ਮੋਦੀ ਸ਼ਾਸਨ ਦੌਰਾਨ ਅਮਰੀਕਾ-ਇਜ਼ਰਾਈਲ-ਭਾਰਤ ਧੁਰਾ ਮਜ਼ਬੂਤ ਹੋ ਰਿਹਾ ਹੈ, ਜੋ ਕਿ ਭਾਰਤ ਦੀ ਪੁਰਾਣੀ ਗੈਰ-ਪੱਖਪਾਤੀ ਵਿਦੇਸ਼ ਨੀਤੀ ਦੇ ਉਲਟ ਹੈ। ਉਨ੍ਹਾਂ ਦੋਸ਼ ਲਾਇਆ ਕਿ ਗਾਜ਼ਾ/ਫਲਸਤੀਨ, ਵੈਨੇਜ਼ੁਏਲਾ ਅਤੇ ਈਰਾਨ ਵਰਗੇ ਮੁੱਦਿਆਂ ‘ਤੇ ਭਾਰਤ ਸਰਕਾਰ ਦੀ ਚੁੱਪੀ ਚਿੰਤਾਜਨਕ ਹੈ, ਜਦਕਿ ਹੋਰ ਦੇਸ਼ ਖੁੱਲ੍ਹ ਕੇ ਸਾਮਰਾਜਵਾਦ ਦੇ ਵਿਰੁੱਧ ਆਪਣਾ ਮਤ ਪ੍ਰਗਟ ਕਰ ਰਹੇ ਹਨ।

ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਵੀ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਅਮਰੀਕੀ ਵਪਾਰ ਸਮਝੌਤੇ, ਬਿਜਲੀ ਸੋਧ ਬਿੱਲ, ਬੀਜ ਸੋਧ ਬਿੱਲ ਅਤੇ 4 ਕਿਰਤ ਕੋਡ ਸਮੇਤ ਸਾਰੇ ਕਾਰਪੋਰੇਟ ਪੱਖੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਨਾਲ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਦੇ ਹਿੱਤਾਂ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ।ਇਸ ਮੌਕੇ ਜਗਰਾਜ ਸਿੰਘ ਰਾਮਾ (ਮਜ਼ਦੂਰ ਆਗੂ), ਅੰਗਰੇਜ ਸਿੰਘ ਰਾਏਸਰ (ਬੀਕੇਯੂ ਡਕੌਂਦਾ), ਸਿਕੰਦਰ ਸਿੰਘ ਭੂਰੇ (ਜ਼ਿਲ੍ਹਾ ਆਗੂ), ਮਾਨ ਸਿੰਘ ਗੁਰਮ (ਮਜ਼ਦੂਰ ਆਗੂ), ਬਲਜਿੰਦਰ ਕੁਮਾਰ ਪ੍ਰਭੂ (ਡੀਟੀਐਫ ਆਗੂ), ਗਗਨ ਸਰਾਂ ਕੁਰੜ, ਦਰਸ਼ਨ ਸਿੰਘ ਪੰਡੋਰੀ (ਹੈੱਡਮਾਸਟਰ), ਅਮਰਜੀਤ ਸਿੰਘ ਮਹਿਲ ਖੁਰਦ, ਜਸਵੰਤ ਸੋਹੀ ਅਤੇ ਮਲਕੀਤ ਸਿੰਘ ਈਨਾ ਸਮੇਤ ਹੋਰ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ।


author

Anmol Tagra

Content Editor

Related News