ਵਿਧਾਇਕ ਪੰਡੋਰੀ ਨੇ ਬੀਬੀ ਕੁਲਦੀਪ ਕੌਰ ਨੂੰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਐਲਾਨਿਆ
Tuesday, Dec 02, 2025 - 06:33 PM (IST)
ਮਹਿਲ ਕਲਾਂ (ਹਮੀਦੀ)— ਹਲਕਾ ਮਹਿਲ ਕਲਾਂ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਨੇ ਜੰਗ ਸਿੰਘ ਪਾਰਕ ਮਹਿਲ ਕਲਾਂ ਵਿੱਚ ਵੱਖ-ਵੱਖ ਪੰਚਾਇਤਾਂ ਤੇ ਕਸਬੇ ਵਾਸੀਆਂ ਦੇ ਵੱਡੇ ਇਕੱਠ ਦੌਰਾਨ ਸਮਾਜ ਸੇਵੀ ਬੀਬੀ ਕੁਲਦੀਪ ਕੌਰ ਖੜਕੇਕੇ, ਪਤਨੀ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸਰਪੰਚ ਸਰਬਜੀਤ ਸਿੰਘ ਸ਼ੰਭੂ ਨੂੰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਐਲਾਨਿਆ। ਪੰਚਾਇਤਾਂ ਤੇ ਨਿਵਾਸੀਆਂ ਨੇ ਇਸ ਫ਼ੈਸਲੇ ਦਾ ਤਹਿ ਦਿਲੋਂ ਸਵਾਗਤ ਕਰਦੇ ਹੋਏ ਪੰਡੋਰੀ ਦਾ ਧੰਨਵਾਦ ਕੀਤਾ। ਇਸ ਮੌਕੇ ਵਿਧਾਇਕ ਪੰਡੋਰੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦੀ ਪੱਕੀ ਮੰਗ ਅਤੇ ਇਕਜੁੱਟ ਸਮਰਥਨ ਨੂੰ ਧਿਆਨ ਵਿੱਚ ਰੱਖਦਿਆਂ ਇਹ ਐਲਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਲੋਕ ਭਲਾਈ ਲਈ ਜੋ ਕੰਮ ਕੀਤੇ ਹਨ, ਉਹਨਾਂ ਦੀ ਬਦੌਲਤ ਹਰ ਵਰਗ ਦੇ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਪੰਡੋਰੀ ਨੇ ਦੱਸਿਆ ਕਿ ਪਹਿਲੀਆਂ ਸਰਕਾਰਾਂ ਨੇ ਪਿੰਡਾਂ ਦੇ ਵਿਕਾਸ ਵੱਲ ਸੰਜੀਦਗੀ ਨਹੀਂ ਦਿਖਾਈ, ਜਦਕਿ ਆਮ ਆਦਮੀ ਪਾਰਟੀ ਹਲਕਾ ਮਹਿਲ ਕਲਾਂ ਨੂੰ ਵਿਕਾਸ ਦਾ ਨਮੂਨਾ ਬਣਾਉਣ ਲਈ ਵਚਨਬੱਧ ਹੈ।
ਉਹਨਾਂ ਕਿਹਾ ਕਿ ਪੰਚਾਇਤਾਂ ਵੱਲੋਂ ਬੀਬੀ ਕੁਲਦੀਪ ਕੌਰ ਨੂੰ ਜਿਤਾਉਣ ਦਾ ਫ਼ੈਸਲਾ ਦੇਣ ਨਾਲ ਯਕੀਨ ਹੈ ਕਿ ਉਹ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੀਆਂ।ਇਸ ਮੌਕੇ ਬੀਬੀ ਕੁਲਦੀਪ ਕੌਰ ਨੇ ਉਮੀਦਵਾਰੀ ਲਈ ਚੁਣਨ ‘ਤੇ ਹਲਕਾ ਵਿਧਾਇਕ ਪੰਡੋਰੀ ਤੇ ਸਮੂਹ ਪੰਚਾਇਤਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਲੋਕਾਂ ਦੇ ਭਰੋਸੇ ’ਤੇ ਖਰਾ ਉਤਰਦੇ ਹੋਏ ਜ਼ੋਨ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦਿੱਤੀ ਜਾਵੇਗੀ ਅਤੇ ਹਰ ਵਰਗ ਦੇ ਕੰਮ ਇਮਾਨਦਾਰੀ ਨਾਲ ਕੀਤੇ ਜਾਣਗੇ।ਇਕੱਠ ਵਿੱਚ ਬਲਾਕ ਪ੍ਰਧਾਨ ਸਰਪੰਚ ਸਰਬਜੀਤ ਸਿੰਘ ਸ਼ੰਭੂ, ਐਨਆਰਆਈ ਗੋਬਿੰਦਰ ਸਿੰਘ ਸਿੱਧੂ, ਗੁਰਜੀਤ ਸਿੰਘ ਧਾਲੀਵਾਲ, ਸਰਪੰਚ ਬਲਵਿੰਦਰ ਸਿੰਘ ਬਾਜਵਾ, ਜਤਿੰਦਰਪਾਲ ਸਿੰਘ ਪੰਡੋਰੀ, ਪ੍ਰਦੀਪ ਸਿੰਘ ਰਾਏ ਕੁਤਬਾ, ਜਗਜੀਵਨ ਸਿੰਘ ਕਲਾਲ ਮਾਜਰਾ, ਨਿਰਭੈ ਸਿੰਘ, ਸੋਮਨਾਥ, ਧਰਮਪਾਲ ਸਿੰਘ, ਗੁਰਪ੍ਰੀਤ ਸ਼ਰਮਾ, ਰਘਵੀਰ ਸਿੰਘ, ਸਤੀਸ਼ ਕੁਮਾਰ, ਗੋਰਾ ਸਿੰਘ, ਮੈਡਮ ਰਮਨਦੀਪ ਕੌਰ, ਬ੍ਰਹਮ ਦੱਤ ਸਮੇਤ ਕਈ ਆਗੂ ਸ਼ਾਮਲ ਸਨ।
