ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਭਰਾ ਸੀਰਾ ਢਿੱਲੋਂ ਦਾ 14 ਸਾਲ ਪਹਿਲਾਂ ਦਾ ਸੁਫਨਾ ਪੂਰਾ ਕੀਤਾ

Sunday, Nov 24, 2024 - 05:49 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਹਲਕੇ ਤੋਂ ਨਵਨਿਯੁਕਤ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਪਣੇ ਛੋਟੇ ਭਰਾ ਹਰਿੰਦਰ ਸਿੰਘ ਸੀਰਾ ਢਿੱਲੋਂ ਦਾ 14 ਸਾਲ ਪਹਿਲਾਂ ਵਿਧਾਇਕ ਬਣਨ ਦਾ ਸੁੜਨਾ ਆਖਿਰ ਪੂਰਾ ਕਰ ਦਿੱਤਾ। ਇਹ ਕਾਮਯਾਬੀ ਸਿਰਫ ਸਿਆਸੀ ਸਫਲਤਾ ਨਹੀਂ, ਸਗੋਂ ਇਕ ਪਰਿਵਾਰ ਦੀ ਕਹਾਣੀ ਅਤੇ ਹਲਕੇ ਦੇ ਲੋਕਾਂ ਨਾਲ ਉਨ੍ਹਾਂ ਦੀ ਨਜ਼ਦੀਕੀ ਦਾ ਨਤੀਜਾ ਹੈ।

ਹਰਿੰਦਰ ਸਿੰਘ ਸੀਰਾ ਢਿੱਲੋਂ ਦੀ ਸਿਆਸੀ ਯਾਤਰਾ

ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਸਿਆਸਤ ਨਾਲ ਪਹਿਲਾਂ ਦੂਰ ਤੱਕ ਕੋਈ ਵਾਸਤਾ ਨਹੀਂ ਸੀ। ਉਹ ਆਪਣੇ ਟਰਾਂਸਪੋਰਟ ਦੇ ਪਰਿਵਾਰਕ ਕਾਰੋਬਾਰ ਵਿਚ ਮਸ਼ਰੂਫ ਸਨ। ਸਿਆਸਤ ਵਿਚ ਦਾਖਲਾ ਉਨ੍ਹਾਂ ਦੇ ਛੋਟੇ ਭਰਾ ਹਰਿੰਦਰ ਸਿੰਘ ਸੀਰਾ ਢਿੱਲੋਂ ਨੇ ਕੀਤਾ ਸੀ। ਸੀਰਾ ਢਿੱਲੋਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਉਨ੍ਹਾਂ ਨੇ ਹਲਕੇ ਵਿਚ ਕਾਂਗਰਸ ਪਾਰਟੀ ਲਈ ਮਜ਼ਬੂਤ ਬੇਸ ਬਣਾਈ। ਉਨ੍ਹਾਂ ਦੀ ਸਿਆਸੀ ਪਛਾਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕ਼ਰੀਬੀਆਂ ਵਿਚ ਹੁੰਦੀ ਸੀ। 2002 ਵਿੱਚ ਸੀਰਾ ਢਿੱਲੋਂ ਬਰਨਾਲਾ ਹਲਕੇ ਤੋਂ ਕਾਂਗਰਸ ਟਿਕਟ ਲਈ ਮਜ਼ਬੂਤ ਦਾਅਵੇਦਾਰ ਸਨ ਪਰ ਪਾਰਟੀ ਨੇ ਸੁਰਿੰਦਰ ਪਾਲ ਸਿੰਘ ਸੀਬਿਆਂ ਨੂੰ ਟਿਕਟ ਦੇ ਦਿੱਤੀ। ਸੀਰਾ ਢਿੱਲੋਂ ਨੇ ਪਾਰਟੀ ਫ਼ੈਸਲੇ ਨੂੰ ਸਵੀਕਾਰ ਕੀਤਾ ਪਰ 2007 ਵਿਚ ਜਦੋਂ ਪਾਰਟੀ ਨੇ ਉਨ੍ਹਾਂ ਦੀ ਥਾਂ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਤਾਂ ਸੀਰਾ ਢਿੱਲੋਂ ਨੇ ਚੁੱਪ ਰਹਿਣ ਦੀ ਬਜਾਏ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ।

ਸੀਰਾ ਢਿੱਲੋਂ ਦੀ ਅਚਾਨਕ ਮੌਤ

ਹਰਿੰਦਰ ਸਿੰਘ ਸੀਰਾ ਢਿੱਲੋਂ ਦੀ ਕੁਝ ਸਾਲ ਪਹਿਲਾਂ ਅਚਾਨਕ ਮੌਤ ਨੇ ਹਲਕੇ ਦੇ ਲੋਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਗਹਿਰਾਈ ਨਾਲ ਝੰਜੋੜ ਕੇ ਰੱਖ ਦਿੱਤਾ। ਸੀਰਾ ਢਿੱਲੋਂ ਦੇ ਸਿਆਸੀ ਸੁਫਨਿਆਂ ਨੂੰ ਜਾਰੀ ਰੱਖਣ ਦੀ ਜ਼ਿੰਮੇਵਾਰੀ ਅਖ਼ਿਰਕਾਰ ਉਨ੍ਹਾਂ ਦੇ ਵੱਡੇ ਭਰਾ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਸੰਭਾਲੀ।

ਕਾਲਾ ਢਿੱਲੋਂ ਦਾ ਸਿਆਸੀ ਦਾਖਲਾ

ਸਿਆਸਤ ਵਿਚ ਦਾਖਲਾ ਕਰਨ ਤੋਂ ਬਾਅਦ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਪਣੇ ਨਰਮ ਸੁਭਾਅ ਅਤੇ ਲੋਕਾਂ ਨਾਲ ਸਾਂਝ ਦੇ ਆਧਾਰ 'ਤੇ ਛੇਤੀ ਹੀ ਹਲਕੇ ਵਿਚ ਆਪਣੀ ਪਛਾਣ ਬਣਾਈ। 2017 ਵਿਚ ਜਦੋਂ ਗੁਰਮੀਤ ਸਿੰਘ ਮੀਤ ਹੇਅਰ ਨੇ ਆਮ ਆਦਮੀ ਪਾਰਟੀ ਵਲੋਂ ਚੋਣ ਜਿੱਤੀ, ਤਾਂ ਕਾਲਾ ਢਿੱਲੋਂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਹਿੱਸਾ ਬਣਦੇ ਹੋਏ ਮੀਤ ਹੇਅਰ ਦੀ ਚੋਣ ਮੁਹਿੰਮ ਦੀ ਅਗਵਾਈ ਕੀਤੀ।

ਸਿਆਸੀ ਪਾਰਟੀਆਂ ਦਾ ਬਦਲਾਅ ਅਤੇ ਵਾਪਸੀ

ਆਮ ਆਦਮੀ ਪਾਰਟੀ ਵਿਚ ਸੁਖਪਾਲ ਸਿੰਘ ਖਹਿਰਾ ਦੇ ਮਤਭੇਦ ਤੋਂ ਬਾਅਦ ਕਾਲਾ ਢਿੱਲੋਂ ਨੇ ਖਹਿਰਾ ਦੇ ਨਾਲ ਪਾਰਟੀ ਛੱਡ ਦਿੱਤੀ ਅਤੇ ਬਾਅਦ ਵਿਚ ਵਾਪਸ ਕਾਂਗਰਸ ਵਿਚ ਸ਼ਾਮਲ ਹੋ ਗਏ। ਕਾਂਗਰਸ ਨੇ ਉਨ੍ਹਾਂ 'ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੇ ਮਨੀਸ਼ ਬੰਸਲ ਦੀ ਚੋਣ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਈ।

ਜ਼ਿਮਨੀ ਚੋਣਾਂ ਵਿਚ ਕਾਮਯਾਬੀ

ਹਾਲ ਹੀ ਦੀਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਨੇ ਬਰਨਾਲਾ ਹਲਕੇ ਤੋਂ ਕਾਲਾ ਢਿੱਲੋਂ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ। ਇਹ ਪਾਰਟੀ ਲਈ ਇੱਕ ਮਹੱਤਵਪੂਰਨ ਫੈਸਲਾ ਸੀ, ਕਿਉਂਕਿ ਜ਼ਿਮਨੀ ਚੋਣਾਂ ਵਿਚ ਕਾਂਗਰਸ ਲਈ ਜਿੱਤ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਸੀ। ਕਾਲਾ ਢਿੱਲੋਂ ਨੇ ਇਸ ਫ਼ਰਜ਼ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਅਤੇ ਪਾਰਟੀ ਦੀ ਝੋਲੀ ਵਿਚ ਬਰਨਾਲਾ ਹਲਕੇ ਤੋਂ ਇੱਕਲੌਤੀ ਜਿੱਤ ਦਰਜ ਕਰਵਾਈ।

ਅਖੀਰਕਾਰ ਸੁਫ਼ਨੇ ਦਾ ਸਫਲ ਹੋਣਾ

ਕਾਲਾ ਢਿੱਲੋਂ ਨੇ ਸਿਰਫ ਆਪਣੇ ਭਰਾ ਹਰਿੰਦਰ ਸਿੰਘ ਸੀਰਾ ਦੇ ਵਿਧਾਇਕ ਬਣਨ ਦੇ ਸੁਫਨੇ ਨੂੰ ਹੀ ਨਹੀਂ ਸਾਕਾਰ ਕੀਤਾ, ਸਗੋਂ ਹਲਕੇ ਦੇ ਲੋਕਾਂ ਦੀ ਆਸ਼ਾਵਾਂ ਤੇ ਭਰੋਸੇ ਨੂੰ ਵੀ ਕਾਇਮ ਰੱਖਿਆ। ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਜਿੱਤ ਸਿਆਸੀ ਮੈਦਾਨ ਵਿਚ ਸਿਰਫ ਇਕ ਜਿੱਤ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰ ਦੀ ਸਿਆਸੀ ਕਿਰਿਆਸ਼ੀਲਤਾ, ਨਿਰਭਰਤਾ ਅਤੇ ਹਲਕੇ ਨਾਲ ਉਨ੍ਹਾਂ ਦੀ ਬੇਮਿਸਾਲ ਸਾਂਝ ਦਾ ਨਤੀਜਾ ਹੈ। ਇਹ ਕਹਾਣੀ ਸਿਆਸੀ ਸੰਘਰਸ਼ਾਂ ਅਤੇ ਲੋਕਾਂ ਦੇ ਸਹਿਯੋਗ ਦੀ ਇੱਕ ਜਵਲੰਤ ਮਿਸਾਲ ਬਣ ਗਈ ਹੈ।


Gurminder Singh

Content Editor

Related News