ਬਾਗੜੀਆਂ ''ਚ ਨਸ਼ੇ ਦੀ ਓਵਰਡੋਜ਼ ਕਾਰਣ ਬੇਹੋਸ਼ ਹੋਇਆ ਨਾਬਾਲਗ, ਪਿੰਡ ਵਾਸੀਆਂ ''ਚ ਮਚੀ ਹਾਹਾਕਾਰ
Wednesday, Jun 07, 2023 - 12:35 PM (IST)

ਅਮਰਗੜ੍ਹ (ਸ਼ੇਰਗਿੱਲ) : ਪੰਜਾਬ ਸਰਕਾਰ ਤੇ ਪੁਲਸ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਰੋਜ਼ਾਨਾ ਕੀਤੇ ਜਾਂਦੇ ਸਰਚ ਆਪ੍ਰੇਸ਼ਨਾਂ ਦੇ ਬਾਵਜੂਦ ਪੰਜਾਬ ’ਚ ਨਸ਼ੇ ਦਾ ਕਾਰੋਬਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿੰਡ ਬਾਗੜੀਆਂ ਵਿਖੇ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਸਮਾਰਟ ਸਕੂਲ ਦੇ ਨਜ਼ਦੀਕ ਸਵੇਰੇ 11 ਕੁ ਵਜੇ ਇਕ ਨਾਬਾਲਗ ਮੁੰਡਾ ਜਿਸ ਉਮਰ 16 ਸਾਲ ਕਰੀਬ ਦੱਸੀ ਜਾ ਰਹੀ ਹੈ, ਝਾੜੀਆਂ ’ਚ ਨਸ਼ੇ ਦੀ ਓਵਰਡੋਜ਼ ਦੇ ਕਾਰਨ ਬੇਹੋਸ਼ ਪਿਆ ਮਿਲਿਆ। ਇਸ ਦੌਰਾਨ ਰਾਹਗੀਰਾਂ ਤੇ ਪਿੰਡ ਵਾਸੀਆਂ ਨੇ ਉਸ ’ਤੇ ਪਾਣੀ ਪਾ ਕੇ ਉਸਨੂੰ ਹੋਸ਼ ’ਚ ਲਿਆਂਦਾ। ਪ੍ਰਤੱਖਦਰਸ਼ੀ ਪਿੰਡ ਵਾਸੀ ਜਗਜੀਤ ਸਿੰਘ, ਕਾਮਰੇਡ ਹਰਮੀਤ ਸਿੰਘ, ਰਣਜੀਤ ਸਿੰਘ, ਜਸਦੇਵ ਸਿੰਘ , ਕਰਮਜੀਤ ਸਿੰਘ ਤੇ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਨਾਲ ਦੋ ਮੁੰਡੇ ਹੋਰ ਸੀ ਜਿਹੜੇ ਇਸ ਨੂੰ ਛੱਡ ਕੇ ਭੱਜ ਗਏ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਲੋਕਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਇਨ੍ਹਾਂ ਨੂੰ ਰੋਕਣ ਵਾਲਿਆਂ ਨੂੰ ਧਮਕੀਆਂ ਤੱਕ ਦੇਣ ਲੱਗ ਜਾਂਦੇ ਹਨ।
ਇਹ ਵੀ ਪੜ੍ਹੋ- ਅਮਰੀਕਾ ਤੋਂ ਆਏ ਸ਼ਖ਼ਸ ਤੋਂ ਸੁਣੋ ਖੇਤੀ ਦੇ ਨੁਕਤੇ, ਦੱਸਿਆ ਕਿਉਂ ਵਧੇਰੇ ਤਰੱਕੀ ਕਰ ਰਹੇ ਨੇ ਵਿਦੇਸ਼ੀ ਕਿਸਾਨ
ਕੀ ਕਹਿਣਾ ਹੈ ਪਿੰਡ ਦੇ ਸਰਪੰਚ ਤੇ ਪ੍ਰਸ਼ਾਸਨ ਦਾ
ਇਸ ਮੌਕੇ ਪਹੁੰਚੇ ਥਾਣਾ ਅਮਰਗੜ੍ਹ ਦੇ ਐੱਸ. ਐੱਚ. ਓ. ਨੇ ਕਿਹਾ ਕਿ ਅਸੀਂ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰ ਰਹੇ ਹਾਂ ਪਰ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੂੰ ਵੀ ਪੁਲਸ ਦਾ ਸਾਥ ਦੇਣਾ ਚਾਹੀਦਾ ਹੈ, ਜਿਸ ਨਾਲ ਨਸ਼ਾ ਸਮੱਗਲਰਾਂ ਨੂੰ ਫੜਿਆ ਜਾ ਸਕੇ। ਪਿੰਡ ਦੇ ਸਰਪੰਚ ਚਰਨਜੀਤ ਕੌਰ ਦੇ ਪਤੀ ਜਸਵੰਤ ਸਿੰਘ ਦਾ ਕਹਿਣਾ ਸੀ ਕਿ ਅਸੀਂ ਪੁਲਸ ਪ੍ਰਸ਼ਾਸਨ ਦਾ ਸਾਥ ਦੇਣ ਲਈ ਤਿਆਰ ਹਾਂ। ਇਸ ਸਮੇਂ ਹੋਸ਼ ’ਚ ਆਉਣ ’ਤੇ ਨਸ਼ੇ ਵਾਲੇ ਨੌਜਵਾਨ ਨੇ ਮੀਡੀਆ ਸਾਹਮਣੇ ਮੰਨਿਆ ਕਿ ਉਹ ਨਾਭਾ, ਦੁਲੱਦੀ ਦਾ ਰਹਿਣ ਵਾਲਾ ਹੈ ਤੇ ਉਸ ਵੱਲੋਂ ਨਸ਼ਾ ਬਾਗੜੀਆਂ ਦੀ ਇਕ ਔਰਤ ਤੋਂ ਲਿਆ ਗਿਆ ਹੈ। ਉੱਥੇ ਹੀ ਜਦੋਂ ਪੁਲਸ ਮੰਡੇ ਨਾਲ ਉਕਤ ਔਰਤ ਦੇ ਘਰ ਪਹੁੰਚੀ ਤਾਂ ਉਹ ਘਰੋਂ ਫ਼ਰਾਰ ਹੋ ਚੁੱਕੀ ਸੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ੇ ’ਤੇ ਕਾਬੂ ਪਾਵੇ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਖੋਹ ਲਈਆਂ ਦੋ ਘਰਾਂ ਦੀਆਂ ਖ਼ੁਸ਼ੀਆਂ, ਜੀਜਾ-ਸਾਲੇਹਾਰ ਦੀ ਦਰਦਨਾਕ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।